- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਅਧਿਐਨ ਇਸ ਉਦੇਸ਼ ਨਾਲ ਕੀਤਾ ਗਿਆ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਜਦੋਂ ਲੋਕ ਰਾਤ ਦੇ ਸਮੇਂ ਬਹੁਤ ਜ਼ਿਆਦਾ ਰੌਸ਼ਨੀ ਦੇ ਸੰਪਰਕ ’ਚ ਆਉਂਦੇ ਹਨ ਤਾਂ ਸਮੇਂ ਦੇ ਨਾਲ ਇਸ ਦਾ ਦਿਲ ’ਤੇ ਕੀ ਅਸਰ ਪੈਂਦਾ ਹੈ।

ਪੀਟੀਆਈ, ਨਵੀਂ ਦਿੱਲੀ : ਰਾਤ ਦੇ ਸਮੇਂ ਰੌਸ਼ਨੀ ਦੇ ਸੰਪਰਕ ’ਚ ਆਉਣ ਨਾਲ ਦਿਲ ਦੀ ਬਣਤਰ ਤੇ ਕੰਮਕਾਜ ’ਚ ਸੰਭਾਵਿਤ ਤੌਰ ’ਤੇ ਨੁਕਸਾਨਦੇਹ ਬਦਲਾਅ ਹੋ ਸਕਦੇ ਹਨ। ਨਵੀਂ ਖੋਜ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਅਮਰੀਕਾ ਦੀ ਟੂਲੇਨ ਯੂਨੀਵਰਸਿਟੀ ਦੇ ਪ੍ਰਸਿੱਧ ਚੇਅਰ ਤੇ ਪ੍ਰੋਫੈਸਰ ਤੇ ਇਸ ਖੋਜ ਦੇ ਮੁੱਖ ਲੇਖਕ ਲੂ ਕਿਊ ਨੇ ਕਿਹਾ ਕਿ ਇਹ ਅਧਿਐਨ ਇਸ ਉਦੇਸ਼ ਨਾਲ ਕੀਤਾ ਗਿਆ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਜਦੋਂ ਲੋਕ ਰਾਤ ਦੇ ਸਮੇਂ ਬਹੁਤ ਜ਼ਿਆਦਾ ਰੌਸ਼ਨੀ ਦੇ ਸੰਪਰਕ ’ਚ ਆਉਂਦੇ ਹਨ ਤਾਂ ਸਮੇਂ ਦੇ ਨਾਲ ਇਸ ਦਾ ਦਿਲ ’ਤੇ ਕੀ ਅਸਰ ਪੈਂਦਾ ਹੈ।
ਇਹ ਅਧਿਐਨ ਹਾਲ ਹੀ ’ਚ ਯੂਰਪੀਅਨ ਹਾਰਟ ਜਰਨਲ ’ਚ ਪ੍ਰਕਾਸ਼ਿਤ ਹੋਇਆ ਹੈ। ਇਸ ’ਚ 11,017 ਭਾਗੀਦਾਰਾਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਗਿਆ। ਇਨ੍ਹਾਂ ਲੋਕਾਂ ਨੇ ਇੱਕ ਹਫ਼ਤੇ ਤੱਕ ਆਪਣੀ ਕਲਾਈ ’ਤੇ ਇੱਕ ਸੈਂਸਰ ਪਹਿਨਿਆ ਸੀ, ਜਿਸ ਰਾਹੀਂ ਰਾਤ ਦੇ ਸਮੇਂ ਰੌਸ਼ਨੀ ਦੇ ਪੱਧਰ ਨੂੰ ਮਾਪਿਆ ਗਿਆ।
ਰੌਸ਼ਨੀ ਦਾ ਸੰਪਰਕ ਲਗਭਗ ਪੂਰੇ ਹਨੇਰੇ (0 ਲਕਸ) ਤੋਂ ਲੈ ਕੇ 3 ਲਕਸ ਤੱਕ ਸੀ। 3 ਲਕਸ ਲਗਭਗ ਉਸ ਹਲਕੀ ਰੌਸ਼ਨੀ ਦੇ ਬਰਾਬਰ ਹੈ, ਜੋ ਬੈੱਡਸਾਈਡ ਟੇਬਲ ’ਤੇ ਪਏ ਫੋਨ ਦੀ ਸਕਰੀਨ ਜਾਂ ਦਰਵਾਜ਼ੇ ਦੀ ਦਰਾਰ ਰਾਹੀਂ ਬਾਹਰੋਂ ਆ ਰਹੀ ਹਾਲਵੇਅ ਲਾਈਟ ਤੋਂ ਮਿਲਦੀ ਹੈ।
ਤਿੰਨ ਸਾਲਾਂ ਦੇ ਫਾਲੋਅਪ ਤੋਂ ਬਾਅਦ ਹਰੇਕ ਭਾਗੀਦਾਰ ਦਾ ਕਾਰਡੀਓਵੈਸਕੁਲਰ ਮੈਗਨੈਟਿਕ ਰੇਜ਼ੋਨੈਂਸ (MRI) ਸਕੈਨ ਕੀਤਾ ਗਿਆ, ਤਾਂ ਜੋ ਉਨ੍ਹਾਂ ਦੇ ਦਿਲ ਦੀ ਬਣਤਰ ਤੇ ਕੰਮਕਾਜ ’ਚ ਸੰਭਾਵਿਤ ਬਦਲਾਅ ਦੀ ਜਾਂਚ ਕੀਤੀ ਜਾ ਸਕੇ।
ਜ਼ਿਆਦਾ ਰੌਸ਼ਨੀ ਦੇ ਸੰਪਰਕ ’ਚ ਰਹਿਣਾ ਨੁਕਸਾਨਦੇਹ
ਲੇਖਕਾਂ ਨੇ ਲਿਖਿਆ ਕਿ ਰਾਤ ਨੂੰ 3 ਲਕਸ ਤੋਂ ਵੱਧ ਰੌਸ਼ਨੀ ਦੇ ਸੰਪਰਕ ’ਚ ਰਹਿਣਾ, ਬਿਲਕੁਲ ਰੌਸ਼ਨੀ ਨਾ ਹੋਣ ਦੀ ਤੁਲਨਾ ’ਚ, ਖੱਬੇ ਵੈਂਟ੍ਰਿਕਲ ਦੀ ਸੰਕੇਂਦ੍ਰਿਤ ਹਾਈਪਰਟ੍ਰੋਫੀ ਤੇ ਦਿਲ ਦੇ ਕੰਮਕਾਜ ’ਚ ਸ਼ੁਰੂਆਤੀ ਗਿਰਾਵਟ ਨਾਲ ਜੁੜਿਆ ਹੋਇਆ ਸੀ। ਇਸ ’ਚ ਲੰਬਾਈ ਦੇ ਹਿਸਾਬ ਨਾਲ ਖੱਬੇ ਵੈਂਟ੍ਰਿਕਲ ਦੇ ਪੁੰਜ ’ਚ 2.4 ਫ਼ੀਸਦੀ ਵਾਧਾ, ਔਸਤ ਕੰਧ ਦੀ ਮੋਟਾਈ ’ਚ 1.5 ਫ਼ੀਸਦੀ ਵਾਧਾ ਤੇ ਮਾਇਓਕਾਰਡੀਅਲ ਸੰਕੁਚਨ ਅੰਸ਼ ’ਚ 1.9 ਫ਼ੀਸਦੀ ਕਮੀ ਸ਼ਾਮਲ ਸੀ।
ਨਤੀਜਿਆਂ ਤੋਂ ਪਤਾ ਲੱਗਾ ਕਿ ਜਿਹੜੇ ਲੋਕ ਰਾਤ ਨੂੰ ਸਭ ਤੋਂ ਵੱਧ ਰੌਸ਼ਨੀ ਦੇ ਸੰਪਰਕ ’ਚ ਰਹਿੰਦੇ ਸਨ, ਉਨ੍ਹਾਂ ਦੇ ਦਿਲ ਦੇ ਖੱਬੇ ਚੈਂਬਰ ਦੀਆਂ ਕੰਧਾਂ ਮੋਟੀਆਂ ਹੋ ਗਈਆਂ, ਜਿਸ ਨਾਲ ਵੈਂਟ੍ਰਿਕਲ ਦੇ ਅੰਦਰਲੀ ਜਗ੍ਹਾ ਘੱਟ ਹੋ ਗਈ। ਖੋਜਕਰਤਾਵਾਂ ਨੂੰ ਇਹ ਸੰਕੇਤ ਵੀ ਮਿਲੇ ਕਿ ਦਿਲ ਦੀ ਧੜਕਣ ਦੌਰਾਨ ਇਸ ਦੇ ਸੁੰਗੜਨ ਤੇ ਫੈਲਣ ਦੀ ਸਮਰੱਥਾ ਘੱਟ ਹੋ ਗਈ ਸੀ, ਜੋ ਦਿਲ ਦੇ ਠੀਕ ਤਰ੍ਹਾਂ ਕੰਮ ਨਾ ਕਰਨ ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ।
ਦਿਲ ਦੀ ਬਣਤਰ ’ਚ ਬਦਲਾਅ
ਲੂ ਨੇ ਕਿਹਾ ਕਿ ਇਹ ਆਪਣੀ ਕਿਸਮ ਦਾ ਪਹਿਲਾ ਅਧਿਐਨ ਹੈ ਤੇ ਇਹ ਦਰਸਾਉਂਦਾ ਹੈ ਕਿ ਰਾਤ ਨੂੰ ਜ਼ਿਆਦਾ ਰੌਸ਼ਨੀ ਦੇ ਸੰਪਰਕ ’ਚ ਰਹਿਣ ਦਾ ਸਬੰਧ ‘ਕਾਰਡੀਅਕ ਰੀਮਾਡਲਿੰਗ’ ਨਾਲ ਹੋ ਸਕਦਾ ਹੈ। ਇਸ ’ਚ ਦਿਲ ਦੀ ਬਣਤਰ ਤੇ ਇਸ ਦੇ ਕੰਮ ਕਰਨ ਦੇ ਤਰੀਕੇ ’ਚ ਬਦਲਾਅ ਆਉਂਦਾ ਹੈ ਤੇ ਆਮ ਤੌਰ ’ਤੇ ਇਹ ਲੰਬੇ ਸਮੇਂ ਤੱਕ ਰਹਿਣ ਵਾਲੇ ਤਣਾਅ ਜਾਂ ਦਿਲ ਨੂੰ ਹੋਏ ਨੁਕਸਾਨ ਕਾਰਨ ਹੁੰਦਾ ਹੈ।
ਮੁੱਖ ਲੇਖਕ ਨੇ ਕਿਹਾ ਕਿ ਇਹ ਸਾਡੇ ਸਰੀਰ ਦਾ ਉਸ ਤਣਾਅ ਅਨੁਸਾਰ ਖੁਦ ਨੂੰ ਢਾਲਣ ਦਾ ਇੱਕ ਤਰੀਕਾ ਹੈ, ਪਰ ਆਖ਼ਰਕਾਰ ਇਸ ਨਾਲ ਦਿਲ ਕਮਜ਼ੋਰ ਹੋ ਸਕਦਾ ਹੈ ਤੇ ਹਾਰਟ ਫੇਲੀਅਰ ਦੀ ਸਥਿਤੀ ਪੈਦਾ ਹੋ ਸਕਦੀ ਹੈ।
ਰਾਤ ਦੇ ਸਮੇਂ ਦੀ ਰੌਸ਼ਨੀ ਇੱਕ ਸੰਭਾਵਿਤ ਵਾਤਾਵਰਣੀ ਜੋਖ਼ਮ
ਕਾਰਡੀਓਵੈਸਕੁਲਰ ਬਿਮਾਰੀਆਂ, ਜਿਨ੍ਹਾਂ ’ਚ ਦਿਲ ਦੀਆਂ ਬਿਮਾਰੀਆਂ ਤੇ ਸਟ੍ਰੋਕ ਸ਼ਾਮਲ ਹਨ, ਮੌਤ ਦੇ ਪ੍ਰਮੁੱਖ ਕਾਰਨਾਂ ’ਚੋਂ ਇੱਕ ਹਨ। ਰਾਤ ਦੇ ਸਮੇਂ ਦੀ ਰੌਸ਼ਨੀ ਨੂੰ ਇਨ੍ਹਾਂ ਲਈ ਇੱਕ ਸੰਭਾਵਿਤ ਵਾਤਾਵਰਣੀ ਜੋਖ਼ਮ ਕਾਰਕ ਵਜੋਂ ਪਛਾਣਿਆ ਗਿਆ ਹੈ।
ਖੋਜਕਰਤਾਵਾਂ ਨੇ ਕਿਹਾ ਕਿ ਉਮਰ ਜਾਂ ਜੈਨੇਟਿਕਸ ਦੇ ਉਲਟ, ਰਾਤ ਦੇ ਸਮੇਂ ਰੌਸ਼ਨੀ ਦੇ ਸੰਪਰਕ ’ਚ ਆਉਣਾ ਇੱਕ ਅਜਿਹਾ ਬਦਲਣਯੋਗ ਜੋਖ਼ਮ ਕਾਰਕ ਹੈ, ਜਿਸ ’ਤੇ ਜ਼ਿਆਦਾਤਰ ਲੋਕ ਕਾਬੂ ਪਾ ਸਕਦੇ ਹਨ। ਇਸ ਲਈ ਸਿਰਫ਼ ਸਕ੍ਰੀਨ ਬੰਦ ਕਰਨਾ, ਸੌਣ ਤੋਂ ਪਹਿਲਾਂ ਪਰਦੇ ਖਿੱਚ ਦੇਣਾ ਜਾਂ ਅੱਖਾਂ ’ਤੇ ਮਾਸਕ ਪਾ ਕੇ ਸੌਣਾ ਵਰਗੇ ਕਦਮ ਚੁੱਕੇ ਜਾ ਸਕਦੇ ਹਨ।
ਕਿਊ ਨੇ ਕਿਹਾ ਕਿ ਰੌਸ਼ਨੀ ਪ੍ਰਦੂਸ਼ਣ ਕਾਰਡੀਓਵੈਸਕੁਲਰ ਬਿਮਾਰੀਆਂ ਲਈ ਇੱਕ ਨਵੇਂ ਜੋਖ਼ਮ ਕਾਰਕ ਵਜੋਂ ਉਭਰ ਰਿਹਾ ਹੈ। ਇਹ ਅਧਿਐਨ ਤੇ ਹੋਰ ਖੋਜਾਂ ਤੋਂ ਮਿਲੇ ਸਬੂਤ ਦਿਲ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਰਾਤ ਦੇ ਸਮੇਂ ਰੌਸ਼ਨੀ ਦੇ ਸੰਪਰਕ ਨੂੰ ਘਟਾਉਣ ਨੂੰ ਇੱਕ ਸੰਭਾਵਿਤ ਰਣਨੀਤੀ ਵਜੋਂ ਦਰਸਾਉਂਦੇ ਹਨ।