ਡਾਇਬਟੀਜ਼ ਦਾ ਖਤਰਾ ਸਿਰਫ਼ ਮਿੱਠੇ ਨਾਲ ਨਹੀਂ, ਰੋਜ਼ਾਨਾ ਦੀਆਂ ਇਹ ਆਦਤਾਂ ਵੀ ਵਧਾ ਸਕਦੀਆਂ ਹਨ ਬਲੱਡ ਸ਼ੂਗਰ ਦੀ ਸਮੱਸਿਆ
ਸਿਰਫ਼ ਮਿੱਠਾ ਖਾਣਾ ਹੀ ਨਹੀਂ, ਸਗੋਂ ਰੋਜ਼ਾਨਾ ਦੀਆਂ ਕੁਝ ਆਦਤਾਂ ਵੀ ਟਾਈਪ-2 ਡਾਇਬਟੀਜ਼ ਦਾ ਖਤਰਾ ਵਧਾ ਸਕਦੀਆਂ ਹਨ।
Publish Date: Tue, 06 Oct 2026 12:30 PM (IST)
Updated Date: Tue, 06 Oct 2026 12:31 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਡਾਇਬਟੀਜ਼ ਇੱਕ ਅਜਿਹੀ ਬਿਮਾਰੀ ਹੈ, ਜਿਸ ਨੂੰ ਆਉਣ ਵਾਲੇ ਸਮੇਂ ’ਚ ਲੋਕਾਂ ਲਈ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ। ਇਸ ’ਚ ਚਿੰਤਾ ਦੀ ਗੱਲ ਇਹ ਹੈ ਕਿ ਭਾਰਤ ਡਾਇਬਟੀਜ਼ ਕੈਪੀਟਲ ਦਾ ਟਾਈਟਲ ਲੈਂਦੇ ਹੋਏ ਸਭ ਤੋਂ ਅੱਗੇ ਖੜ੍ਹਾ ਹੈ। ਇਸ ਦੇ ਕਾਰਨਾਂ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਲੋਕਾਂ ਦੀ ਜੀਵਨਸ਼ੈਲੀ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ, ਫਿਰ ਚਾਹੇ ਉਹ ਰਹਿਣ-ਸਹਿਣ ਹੋਵੇ ਜਾਂ ਖਾਣ-ਪੀਣ। ਅਜਿਹੇ ’ਚ ਆਓ ਰੋਜ਼ਾਨਾ ਦੀਆਂ ਉਨ੍ਹਾਂ ਆਦਤਾਂ 'ਤੇ ਨਜ਼ਰ ਮਾਰੀਏ, ਜੋ ਅੱਗੇ ਚੱਲ ਕੇ ਟਾਈਪ-2 ਡਾਇਬਟੀਜ਼ ਦਾ ਕਾਰਨ ਬਣ ਸਕਦੀਆਂ ਹਨ।
ਪੈਕਟ ਵਾਲਾ ਖਾਣਾ ਜ਼ਿਆਦਾ ਖਾਣਾ ਪੈਕਟ ਵਾਲੇ ਤੇ ਪ੍ਰੋਸੈਸਡ ਖਾਣੇ ਦਾ ਜ਼ਿਆਦਾ ਸੇਵਨ ਟਾਈਪ-2 ਡਾਇਬਟੀਜ਼ ਦੇ ਨਾਲ-ਨਾਲ ਡਿਪ੍ਰੈਸ਼ਨ ਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵੀ ਵਧਾ ਸਕਦਾ ਹੈ। ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਿਨ ਦੀਆਂ ਰਿਪੋਰਟਾਂ ਮੁਤਾਬਕ, ਜੇਕਰ ਤੁਸੀਂ ਪ੍ਰੋਸੈਸਡ ਪੈਕਟ ਵਾਲੇ ਖਾਣੇ ਦੀ ਖਪਤ ’ਚ 10% ਵਾਧਾ ਕਰਦੇ ਹੋ, ਤਾਂ ਡਾਇਬਟੀਜ਼ ਦਾ ਖਤਰਾ 15% ਤੱਕ ਵਧ ਸਕਦਾ ਹੈ।
ਸਵੇਰੇ ਦਾ ਨਾਸ਼ਤਾ ਨਾ ਕਰਨਾ ਸਾਲ 2019 ’ਚ ਦ ਜਰਨਲ ਆਫ਼ ਨਿਊਟ੍ਰੀਸ਼ਨ ’ਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ, ਜੋ ਲੋਕ ਅਕਸਰ ਆਪਣਾ ਰੋਜ਼ਾਨਾ ਨਾਸ਼ਤਾ ਛੱਡ ਦਿੰਦੇ ਹਨ, ਉਨ੍ਹਾਂ ’ਚ ਭਵਿੱਖ ’ਚ ਟਾਈਪ-2 ਡਾਇਬਟੀਜ਼ ਦਾ ਖਤਰਾ ਵੱਧ ਹੋ ਸਕਦਾ ਹੈ। ਇਸ ਦਾ ਇੱਕ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਨਾਸ਼ਤਾ ਨਾ ਕਰਨ ਨਾਲ ਸਰੀਰ ਦੀਆਂ ਕੋਸ਼ਿਕਾਵਾਂ ਇਨਸੁਲਿਨ ਹਾਰਮੋਨ ਪ੍ਰਤੀ ਠੀਕ ਤਰ੍ਹਾਂ ਪ੍ਰਤੀਕਿਰਿਆ ਨਹੀਂ ਕਰਦੀਆਂ।
ਇੱਕੋ ਥਾਂ 'ਤੇ 30 ਮਿੰਟ ਤੋਂ ਵੱਧ ਬੈਠੇ ਰਹਿਣਾ ਡਾਕਟਰ ਰੋਜ਼ਾਨਾ ਕਸਰਤ ਕਰਨ ਦੀ ਸਲਾਹ ਐਵੇਂ ਹੀ ਨਹੀਂ ਦਿੰਦੇ। ਇੱਕੋ ਥਾਂ 'ਤੇ ਲੰਬੇ ਸਮੇਂ ਤੱਕ ਬੈਠੇ ਰਹਿਣਾ ਤੇ ਸਰੀਰ ਨੂੰ ਸਰਗਰਮ ਨਾ ਰੱਖਣਾ ਸਿੱਧੇ ਤੌਰ 'ਤੇ ਟਾਈਪ-2 ਡਾਇਬਟੀਜ਼ ਦਾ ਖਤਰਾ ਵਧਾ ਸਕਦਾ ਹੈ। ਅੱਜ ਦੇ ਕਾਰਪੋਰੇਟ ਕਲਚਰ ’ਚ ਲੈਪਟਾਪ ਤੇ ਕੰਪਿਊਟਰ ਦੇ ਸਾਹਮਣੇ ਲੰਬੇ ਸਮੇਂ ਤੱਕ ਬੈਠਣਾ ਲੋਕਾਂ ਦੀ ਆਦਤ ਬਣ ਗਿਆ ਹੈ, ਜਿਸ ਨੂੰ ਸਮੇਂ ਸਿਰ ਸੁਧਾਰਨਾ ਫਾਇਦੇਮੰਦ ਹੈ।
ਪੂਰੀ ਨੀਂਦ ਨਾ ਲੈਣਾ ਨੀਂਦ ਤੇ ਟਾਈਪ-2 ਡਾਇਬਟੀਜ਼ ਦੇ ਵਿਚਕਾਰ ਸਬੰਧ ਬਾਰੇ ਸਾਲ 2022 ’ਚ ਡਾਇਬਟੀਜ਼ ਕੇਅਰ ਜਰਨਲ ’ਚ ਅਧਿਐਨ ਪ੍ਰਕਾਸ਼ਿਤ ਹੋਇਆ ਸੀ। ਲਗਭਗ 3 ਲੱਖ ਲੋਕਾਂ 'ਤੇ ਕੀਤੇ ਗਏ ਅਧਿਐਨ ’ਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਸੌਣ ’ਚ ਪਰੇਸ਼ਾਨੀ ਹੁੰਦੀ ਹੈ ਜਾਂ ਜਿਨ੍ਹਾਂ ਦਾ ਸਲੀਪ ਸਾਈਕਲ ਵਿਗੜਿਆ ਹੋਇਆ ਹੈ, ਉਨ੍ਹਾਂ ’ਚ ਡਾਇਬਟੀਜ਼ ਦਾ ਖਤਰਾ ਵੀ ਵੱਧ ਹੋ ਸਕਦਾ ਹੈ।
ਸਿਗਰਟਨੋਸ਼ੀ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (CDC) ਮੁਤਾਬਕ, ਸਿਗਰਟ ਪੀਣ ਵਾਲਿਆਂ ’ਚ ਹੋਰ ਲੋਕਾਂ ਦੇ ਮੁਕਾਬਲੇ ਡਾਇਬਟੀਜ਼ ਦਾ ਖਤਰਾ 30-40% ਤੱਕ ਵੱਧ ਹੋ ਸਕਦਾ ਹੈ। ਹਾਲਾਂਕਿ, ਮਾਹਿਰਾਂ ਨੂੰ ਇਸ ਬਾਰੇ ਅਜੇ ਤੱਕ ਕੋਈ ਸਿੱਧਾ ਕਾਰਨ-ਸਬੰਧ ਨਹੀਂ ਮਿਲਿਆ ਹੈ, ਪਰ ਸਿਗਰਟਨੋਸ਼ੀ ਦਾ ਤਣਾਅ ਨਾਲ ਸਬੰਧ ਜ਼ਰੂਰ ਦੱਸਿਆ ਗਿਆ ਹੈ।