ਮਾਂ ਬਣਨ ਦੀ ਖ਼ੁਸ਼ੀ ਪਿੱਛੇ ਲੁਕਿਆ ਡਿਪ੍ਰੈਸ਼ਨ, ਡਿਲੀਵਰੀ ਤੋਂ ਬਾਅਦ ਔਰਤਾਂ ਇਨ੍ਹਾਂ ਲੱਛਣਾਂ ਨੂੰ ਨਾ ਕਰਨ ਨਜ਼ਰਅੰਦਾਜ਼
ਪ੍ਰੈਗਨੈਂਸੀ ਤੇ ਡਿਲੀਵਰੀ ਤੋਂ ਬਾਅਦ ਔਰਤਾਂ ਦੀ ਮਾਨਸਿਕ ਸਿਹਤ ਵੱਲ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਹਾਰਮੋਨਲ ਬਦਲਾਅ ਤੇ ਨਵੀਆਂ ਜ਼ਿੰਮੇਵਾਰੀਆਂ ਕਾਰਨ ਤਣਾਅ ਵਧ ਸਕਦਾ ਹੈ।
Publish Date: Sat, 10 Oct 2026 12:31 PM (IST)
Updated Date: Sat, 10 Oct 2026 12:38 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਪ੍ਰੈਗਨੈਂਸੀ ਤੇ ਮਾਂ ਬਣਨਾ ਕਿਸੇ ਵੀ ਔਰਤ ਦੀ ਜ਼ਿੰਦਗੀ ਦਾ ਬੇਹੱਦ ਖ਼ੂਬਸੂਰਤ ਪੜਾਅ ਹੁੰਦਾ ਹੈ। ਹਾਲਾਂਕਿ, ਇਸ ਦੌਰਾਨ ਸਰੀਰ ’ਚ ਕਈ ਵੱਡੇ ਬਦਲਾਅ ਵੀ ਹੁੰਦੇ ਹਨ। ਹਾਰਮੋਨ ਦੇ ਪੱਧਰ ’ਚ ਤਬਦੀਲੀ ਆਉਂਦੀ ਹੈ, ਜਿਸ ਕਾਰਨ ਸਰੀਰਕ ਤੇ ਭਾਵਨਾਤਮਕ ਸਥਿਤੀ ਵੀ ਪ੍ਰਭਾਵਿਤ ਹੁੰਦੀ ਹੈ।
ਆਮ ਤੌਰ ’ਤੇ ਪ੍ਰੈਗਨੈਂਸੀ ਦੌਰਾਨ ਜਾਂ ਇਸ ਤੋਂ ਬਾਅਦ ਲੋਕ ਸਰੀਰਕ ਸਿਹਤ ਦਾ ਪੂਰਾ ਧਿਆਨ ਰੱਖਦੇ ਹਨ, ਪਰ ਔਰਤਾਂ ਦੀ ਮਾਨਸਿਕ ਸਿਹਤ ਬਾਰੇ ਬਹੁਤ ਘੱਟ ਗੱਲ ਕੀਤੀ ਜਾਂਦੀ ਹੈ। ਪ੍ਰੈਗਨੈਂਸੀ ਤੇ ਡਿਲੀਵਰੀ ਤੋਂ ਬਾਅਦ ਔਰਤਾਂ ਦੀ ਮਾਨਸਿਕ ਤੇ ਭਾਵਨਾਤਮਕ ਸਥਿਤੀ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।
ਘਬਰਾਹਟ, ਲਗਾਤਾਰ ਉਦਾਸੀ, ਨੀਂਦ ਆਉਣ ’ਚ ਦਿੱਕਤ, ਤਣਾਅ ਜਾਂ ਮਾਂ ਬਣਨ ਦੀਆਂ ਨਵੀਆਂ ਜ਼ਿੰਮੇਵਾਰੀਆਂ ਨਾਲ ਤਾਲਮੇਲ ਬਿਠਾਉਣ ’ਚ ਮੁਸ਼ਕਲ ਮਾਨਸਿਕ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ। ਇਸ ਲਈ ਇਨ੍ਹਾਂ ਲੱਛਣਾਂ ਦੀ ਸਮੇਂ ਸਿਰ ਪਛਾਣ ਕਰਨਾ ਜ਼ਰੂਰੀ ਹੈ, ਤਾਂ ਜੋ ਔਰਤ ਇਸ ਸਮੱਸਿਆ ਤੋਂ ਬਾਹਰ ਨਿਕਲ ਸਕੇ।
ਕਿਹੜੇ ਕਾਰਨਾਂ ਕਰਕੇ ਪ੍ਰਭਾਵਿਤ ਹੁੰਦੀ ਹੈ ਮਾਨਸਿਕ ਸਿਹਤ?
1. ਪ੍ਰੈਗਨੈਂਸੀ ਦੌਰਾਨ ਘਬਰਾਹਟ ਤੇ ਚਿੰਤਾ: ਬੱਚੇ ਦੇ ਵਿਕਾਸ, ਡਿਲੀਵਰੀ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਤੇ ਮਾਂ ਬਣਨ ਦੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਔਰਤ ਦੇ ਮਨ ’ਚ ਡਰ ਤੇ ਚਿੰਤਾ ਬਣੀ ਰਹਿ ਸਕਦੀ ਹੈ।
2. ਅਨੀਮੀਆ: ਪ੍ਰੈਗਨੈਂਸੀ ਦੌਰਾਨ ਹੀਮੋਗਲੋਬਿਨ ਦੀ ਕਮੀ ਕਾਰਨ ਕਮਜ਼ੋਰੀ, ਥਕਾਵਟ ਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜੋ ਭਾਵਨਾਤਮਕ ਸਿਹਤ ’ਤੇ ਵੀ ਅਸਰ ਪਾਉਂਦੀਆਂ ਹਨ।
3. ਪ੍ਰੈਗਨੈਂਸੀ ਦੌਰਾਨ ਹੋਣ ਵਾਲੀਆਂ ਪੇਚੀਦਗੀਆਂ: ਹਾਈ ਬਲੱਡ ਪ੍ਰੈਸ਼ਰ, ਪ੍ਰੀ-ਇਕਲੈਂਪਸੀਆ ਜਾਂ ਗਰਭ ਅਵਸਥਾ ਦੌਰਾਨ ਹੋਣ ਵਾਲੀ ਸ਼ੂਗਰ (ਜੈਸਟੇਸ਼ਨਲ ਡਾਇਬਟੀਜ਼) ਵਰਗੀਆਂ ਸਥਿਤੀਆਂ ’ਚ ਮਾਨਸਿਕ ਤਣਾਅ ਵੀ ਵਧ ਸਕਦਾ ਹੈ। ਅਜਿਹੇ ਮਾਮਲਿਆਂ ’ਚ ਲਗਾਤਾਰ ਡਾਕਟਰੀ ਦੇਖਭਾਲ ਦੀ ਲੋੜ ਹੁੰਦੀ ਹੈ।
4. ਜਣੇਪੇ ਦੇ ਦਰਦ ਦਾ ਡਰ: ਡਿਲੀਵਰੀ ਦੌਰਾਨ ਹੋਣ ਵਾਲਾ ਦਰਦ, ਉਸ ਸਮੇਂ ਆਉਣ ਵਾਲੀਆਂ ਮੁਸ਼ਕਲਾਂ ਜਾਂ ਬੱਚੇ ਦੀ ਸਿਹਤ ਨੂੰ ਲੈ ਕੇ ਡਰ ਔਰਤ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ।
5. ਨੀਂਦ ਦੀ ਕਮੀ: ਪ੍ਰੈਗਨੈਂਸੀ ਦੌਰਾਨ ਸਰੀਰ ’ਚ ਹੋਣ ਵਾਲੇ ਬਦਲਾਅ ਤੇ ਵਾਰ-ਵਾਰ ਪਿਸ਼ਾਬ ਆਉਣ ਕਾਰਨ ਨੀਂਦ ਪੂਰੀ ਨਹੀਂ ਹੁੰਦੀ। ਡਿਲੀਵਰੀ ਤੋਂ ਬਾਅਦ ਬੱਚੇ ਨੂੰ ਦੁੱਧ ਪਿਲਾਉਣ ਜਾਂ ਉਸ ਦੀ ਦੇਖਭਾਲ ਲਈ ਵਾਰ-ਵਾਰ ਜਾਗਣਾ ਪੈਂਦਾ ਹੈ। ਇਸ ਕਾਰਨ ਮਾਨਸਿਕ ਤਣਾਅ ਵਧ ਸਕਦਾ ਹੈ।
6. ਪੋਸਟਪਾਰਟਮ ਡਿਪ੍ਰੈਸ਼ਨ: ਬੱਚੇ ਦੇ ਜਨਮ ਤੋਂ ਬਾਅਦ ਕਈ ਔਰਤਾਂ ਪੋਸਟਪਾਰਟਮ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਹਨ। ਡਿਲੀਵਰੀ ਤੋਂ ਬਾਅਦ ਲਗਾਤਾਰ ਉਦਾਸ ਰਹਿਣਾ, ਵਾਰ-ਵਾਰ ਰੋਣ ਨੂੰ ਦਿਲ ਕਰਨਾ, ਚਿੜਚਿੜਾਪਣ, ਬੱਚੇ ਨਾਲ ਲਗਾਅ ਮਹਿਸੂਸ ਨਾ ਹੋਣਾ ਜਾਂ ਨਿਰਾਸ਼ਾ ਵਰਗੀਆਂ ਭਾਵਨਾਵਾਂ ਨੂੰ ਸਿਰਫ਼ ਥਕਾਵਟ ਸਮਝ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
7. ਪੋਸਟਪਾਰਟਮ ਐਂਗਜ਼ਾਇਟੀ: ਬੱਚੇ ਦੀ ਸਿਹਤ ਨੂੰ ਲੈ ਕੇ ਹਮੇਸ਼ਾ ਡਰ ਜਾਂ ਚਿੰਤਾ ਬਣੀ ਰਹਿਣਾ ਵੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ।
8. ਬੱਚੇ ਨੂੰ ਦੁੱਧ ਪਿਲਾਉਣ ਤੇ ਸਰੀਰ ਦੀ ਰਿਕਵਰੀ ਦੀਆਂ ਮੁਸ਼ਕਲਾਂ: ਡਿਲੀਵਰੀ ਤੋਂ ਬਾਅਦ ਸਰੀਰ ’ਚ ਦਰਦ, ਸਰੀਰਕ ਬਦਲਾਅ ਤੇ ਬੱਚੇ ਨੂੰ ਦੁੱਧ ਪਿਲਾਉਣ ’ਚ ਆਉਣ ਵਾਲੀਆਂ ਪਰੇਸ਼ਾਨੀਆਂ ਔਰਤਾਂ ਦਾ ਤਣਾਅ ਵਧਾ ਸਕਦੀਆਂ ਹਨ।
ਡਾਕਟਰ ਨਾਲ ਕਦੋਂ ਸੰਪਰਕ ਕਰਨਾ ਚਾਹੀਦਾ ਹੈ?
- ਜੇ ਪ੍ਰੈਗਨੈਂਸੀ ਦੌਰਾਨ ਜਾਂ ਡਿਲੀਵਰੀ ਤੋਂ ਬਾਅਦ ਕਿਸੇ ਔਰਤ ’ਚ ਹੇਠ ਲਿਖੇ ਲੱਛਣ ਦਿਖਾਈ ਦੇਣ, ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
- ਲਗਾਤਾਰ ਉਦਾਸ ਰਹਿਣਾ ਜਾਂ ਘਬਰਾਹਟ ਮਹਿਸੂਸ ਕਰਨਾ।
- ਵਾਰ-ਵਾਰ ਰੋਣਾ ਜਾਂ ਬਹੁਤ ਜ਼ਿਆਦਾ ਚਿੜਚਿੜਾਪਣ ਮਹਿਸੂਸ ਕਰਨਾ।
- ਰੋਜ਼ਾਨਾ ਦੇ ਕੰਮਾਂ ’ਚ ਦਿਲਚਸਪੀ ਖ਼ਤਮ ਹੋ ਜਾਣਾ।
- ਨੀਂਦ ਨਾ ਆਉਣਾ।
- ਆਪਣੇ ਜਾਂ ਬੱਚੇ ਦੀ ਦੇਖਭਾਲ ਨਾ ਕਰ ਸਕਣਾ।
ਕਿਵੇਂ ਕੀਤੀ ਜਾ ਸਕਦੀ ਹੈ ਮਦਦ?
- ਪ੍ਰੈਗਨੈਂਸੀ ਦੌਰਾਨ ਤੇ ਬੱਚੇ ਦੇ ਜਨਮ ਤੋਂ ਬਾਅਦ ਹੋਣ ਵਾਲੇ ਨਿਯਮਤ ਸਿਹਤ ਜਾਂਚ ਦੇ ਦੌਰਿਆਂ ’ਚ ਮਾਨਸਿਕ ਸਿਹਤ ਬਾਰੇ ਵੀ ਗੱਲ ਹੋਣੀ ਚਾਹੀਦੀ ਹੈ। ਡਾਕਟਰਾਂ ਨੂੰ ਔਰਤ ਦੀ ਸਰੀਰਕ ਸਿਹਤ ਦੇ ਨਾਲ-ਨਾਲ ਉਸ ਦੀ ਮਾਨਸਿਕ ਸਥਿਤੀ ਬਾਰੇ ਵੀ ਜਾਣਕਾਰੀ ਲੈਣੀ ਚਾਹੀਦੀ ਹੈ, ਤਾਂ ਜੋ ਸਮੱਸਿਆ ਦੀ ਸਮੇਂ ਸਿਰ ਪਛਾਣ ਕੀਤੀ ਜਾ ਸਕੇ।
- ਪ੍ਰੈਗਨੈਂਸੀ ਤੇ ਡਿਲੀਵਰੀ ਤੋਂ ਬਾਅਦ ਪਤੀ ਤੇ ਪਰਿਵਾਰ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਘਰ ਦੇ ਕੰਮਾਂ ਤੇ ਬੱਚੇ ਦੀ ਦੇਖਭਾਲ ’ਚ ਮਦਦ ਕਰੋ, ਤਾਂ ਜੋ ਨਵੀਂ ਮਾਂ ਨੂੰ ਆਰਾਮ ਕਰਨ ਦਾ ਸਮਾਂ ਮਿਲ ਸਕੇ। ਇਸ ਦੇ ਨਾਲ ਹੀ ਉਸ ਦੀਆਂ ਗੱਲਾਂ ਧਿਆਨ ਨਾਲ ਸੁਣੋ ਤੇ ਉਸ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ।
- ਸਿਹਤਮੰਦ ਖਾਣਾ, ਲੋੜੀਂਦਾ ਆਰਾਮ, ਹਲਕੀ ਸਰੀਰਕ ਕਸਰਤ ਤੇ ਤਣਾਅ ਘਟਾਉਣ ਵਾਲੀਆਂ ਤਕਨੀਕਾਂ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ’ਚ ਮਦਦ ਕਰ ਸਕਦੀਆਂ ਹਨ।
(ਡਾ. ਮਧੁਲਿਕਾ ਸਿੰਘ, ਸੀਨੀਅਰ ਕੰਸਲਟੈਂਟ ਪ੍ਰਸੂਤੀ ਤੇ ਗਾਇਨੀਕੋਲੋਜੀ ਮਾਹਿਰ ਤੇ ਬਾਂਝਪਨ ਮਾਹਿਰ, ਅੰਕੁਰਾ ਹਸਪਤਾਲ ਫਾਰ ਵੂਮੈਨ ਐਂਡ ਚਿਲਡਰਨ, ਔਂਧ, ਪੁਣੇ)