Gel Nail Polish Ban: ਬੈਨ ਹੋਇਆ ਜੈੱਲ ਨੇਲ ਪਾਲਿਸ਼ ’ਚ ਇਸਤੇਮਾਲ ਹੋਣ ਵਾਲਾ ਕੈਮੀਕਲ, ਜਾਣੋ ਭਾਰਤੀਆਂ ਨੂੰ ਕਿੰਨਾ ਹੈ ਰਿਸਕ
ਅਜਿਹੇ ’ਚ, ਤੁਹਾਡੇ ਮਨ ’ਚ ਵੀ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਆਖ਼ਰ ਇਹ ਕੈਮੀਕਲ ਇੰਨਾ ਖ਼ਤਰਨਾਕ ਕਿਉਂ ਮੰਨਿਆ ਜਾ ਰਿਹਾ ਹੈ ਅਤੇ ਕੀ ਭਾਰਤ ਵਿੱਚ ਵੀ ਨੇਲ ਸੈਲੂਨ ਜਾਣ ਵਾਲਿਆਂ ਨੂੰ ਸਾਵਧਾਨ ਹੋਣ ਦੀ ਲੋੜ ਹੈ? ਆਓ, ਇਸ ਆਰਟੀਕਲ ’ਚ ਡਿਟੇਲ ਵਿੱਚ ਸਮਝਦੇ ਹਾਂ।
Publish Date: Thu, 27 Aug 2026 12:40 PM (IST)
Updated Date: Thu, 27 Aug 2026 12:47 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਕੀ ਤੁਸੀਂ ਵੀ ਆਪਣੇ ਨਹੁੰਆਂ ਨੂੰ ਖ਼ੂਬਸੂਰਤ ਅਤੇ ਲੰਬੇ ਸਮੇਂ ਤੱਕ ਚਮਕਦਾਰ ਬਣਾਈ ਰੱਖਣ ਲਈ ਅਕਸਰ 'ਜੇਲ੍ਹ ਮੈਨੀਕਿਓਰ' ਕਰਵਾਉਂਦੀਆਂ ਹੋ? ਜੇ ਹਾਂ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ।
ਬ੍ਰਿਟੇਨ ਨੇ ਹਾਲ ਹੀ ’ਚ ਜੈੱਲ ਨੇਲ ਪਾਲਿਸ਼ ’ਚ ਇਸਤੇਮਾਲ ਹੋਣ ਵਾਲੇ ਇੱਕ ਖ਼ਾਸ ਕੈਮੀਕਲ ਟੀ.ਪੀ.ਓ. (TPO) 'ਤੇ ਪਾਬੰਦੀ ਲਾ ਦਿੱਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਯੂਰਪੀ ਸੰਘ ਵੀ ਇਸ 'ਤੇ ਪਾਬੰਦੀ ਲਾ ਚੁੱਕਾ ਹੈ।
ਅਜਿਹੇ ’ਚ, ਤੁਹਾਡੇ ਮਨ ’ਚ ਵੀ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਆਖ਼ਰ ਇਹ ਕੈਮੀਕਲ ਇੰਨਾ ਖ਼ਤਰਨਾਕ ਕਿਉਂ ਮੰਨਿਆ ਜਾ ਰਿਹਾ ਹੈ ਅਤੇ ਕੀ ਭਾਰਤ ਵਿੱਚ ਵੀ ਨੇਲ ਸੈਲੂਨ ਜਾਣ ਵਾਲਿਆਂ ਨੂੰ ਸਾਵਧਾਨ ਹੋਣ ਦੀ ਲੋੜ ਹੈ? ਆਓ, ਇਸ ਆਰਟੀਕਲ ’ਚ ਡਿਟੇਲ ਵਿੱਚ ਸਮਝਦੇ ਹਾਂ।
TPO ਆਖ਼ਰ ਹੈ ਕੀ ਅਤੇ ਇਹ ਕਿਵੇਂ ਕੰਮ ਕਰਦਾ ਹੈ?
TPO ਦਾ ਪੂਰਾ ਨਾਮ Trimethylbenzoyl diphenylphosphine oxide ਹੈ। ਇਸ ਨੂੰ ਇੱਕ 'ਫੋਟੋ-ਇਨੀਸ਼ੀਏਟਰ' ਕਿਹਾ ਜਾਂਦਾ ਹੈ। ਆਸਾਨ ਭਾਸ਼ਾ ’ਚ ਸਮਝੀਏ ਤਾਂ, ਜਦੋਂ ਤੁਸੀਂ ਨਹੁੰਆਂ 'ਤੇ ਜੈੱਲ ਪਾਲਿਸ਼ ਲਗਵਾਉਣ ਤੋਂ ਬਾਅਦ ਆਪਣੇ ਹੱਥ ਨੂੰ ਯੂ.ਵੀ. ਜਾਂ ਐੱਲ.ਈ.ਡੀ. ਲੈਂਪ ਦੇ ਹੇਠਾਂ ਰੱਖਦੀਆਂ ਹੋ ਤਾਂ ਇਹ ਕੈਮੀਕਲ ਲਾਈਟ ਦੇ ਸੰਪਰਕ ’ਚ ਆਉਂਦਿਆਂ ਹੀ ਪਾਲਿਸ਼ ਨੂੰ ਤੁਰੰਤ ਸੁਕਾ ਕੇ ਸਖ਼ਤ ਕਰ ਦਿੰਦਾ ਹੈ।
ਦੁਨੀਆ ਭਰ ਦੇ ਨੇਲ ਸੈਲੂਨਾਂ ’ਚ ਇਸਦਾ ਜੰਮ ਕੇ ਇਸਤੇਮਾਲ ਹੁੰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਸਿਰਫ਼ ਨੇਲ ਪਾਲਿਸ਼ ’ਚ ਹੀ ਨਹੀਂ, ਸਗੋਂ ਕੱਪੜਿਆਂ, ਖਿਡੌਣਿਆਂ, ਗੱਦਿਆਂ, ਫ਼ੂਡ ਪੈਕੇਜਿੰਗ ਵਾਲੇ ਪਲਾਸਟਿਕ ਅਤੇ ਇੱਥੋਂ ਤੱਕ ਕਿ ਡੈਂਟਿਸਟਾਂ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਲਾਈਟ-ਕਿਓਰਡ ਰੇਜਿਨ ’ਚ ਵੀ ਪਾਇਆ ਜਾਂਦਾ ਹੈ।
ਬ੍ਰਿਟੇਨ ਅਤੇ ਯੂਰਪੀ ਸੰਘ ਨੇ ਕਿਉਂ ਲਗਾਈ ਪਾਬੰਦੀ?
ਬ੍ਰਿਟੇਨ ਨੇ 15 ਅਗਸਤ ਤੋਂ TPO ਵਾਲੀ ਨੇਲ ਪਾਲਿਸ਼ ਦੇ ਨਿਰਮਾਣ ਅਤੇ ਵਿਕਰੀ 'ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ। ਸੈਲੂਨ ਮਾਲਕਾਂ ਨੂੰ ਆਪਣਾ ਬਚਿਆ ਹੋਇਆ ਪੁਰਾਣਾ ਸਟਾਕ ਖ਼ਤਮ ਕਰਨ ਲਈ ਅਗਲੇ ਸਾਲ 14 ਫ਼ਰਵਰੀ ਤੱਕ ਦੀ ਮੋਹਲਤ ਦਿੱਤੀ ਗਈ ਹੈ ਪਰ ਉਹ ਨਵਾਂ ਮਾਲ ਨਹੀਂ ਮੰਗਾ ਸਕਦੇ। ਇਸ ਤੋਂ ਪਹਿਲਾਂ 2025 ’ਚ ਯੂਰਪੀ ਸੰਘ ਨੇ ਵੀ ਕਾਸਮੈਟਿਕ ਉਤਪਾਦਾਂ ’ਚ ਇਸਨੂੰ ਇਹ ਕਹਿ ਕੇ ਬੈਨ ਕਰ ਦਿੱਤਾ ਸੀ ਕਿ ਇਹ ਕਾਰਸਿਨੋਜੈਨਿਕ, ਮਿਊਟਾਜੈਨਿਕ ਜਾਂ ਰੀਪ੍ਰੋਟੌਕਸਿਕ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਦੱਸ ਦਈਏ, ਇਸਨੂੰ ਬੈਨ ਕਰਨ ਦੀ ਮੁੱਖ ਵਜ੍ਹਾ ਪਸ਼ੂਆਂ 'ਤੇ ਹੋਏ ਪ੍ਰੀਖਣ ਹਨ। ਚੂਹਿਆਂ 'ਤੇ ਹੋਏ ਟੈਸਟ ਵਿੱਚ ਸਾਹਮਣੇ ਆਇਆ ਕਿ ਜਦੋਂ ਉਨ੍ਹਾਂ ਨੂੰ ਇਸਦੀ ਭਾਰੀ ਖ਼ੁਰਾਕ ਦਿੱਤੀ ਗਈ ਤਾਂ ਉਨ੍ਹਾਂ ਦੇ ਲਿਵਰ ਅਤੇ ਕਿਡਨੀ ਨੂੰ ਨੁਕਸਾਨ ਪਹੁੰਚਿਆ। ਇਸ ਤੋਂ ਇਲਾਵਾ, ਨਰ ਚੂਹਿਆਂ ਦੇ ਪ੍ਰਜਨਨ ਅੰਗਾਂ 'ਤੇ ਵੀ ਇਸ ਦਾ ਬਹੁਤ ਬੁਰਾ ਅਸਰ ਦਿਖਿਆ। ਹਾਲਾਂਕਿ, ਬੈਕਟੀਰੀਆ ਅਤੇ ਹੈਮਸਟਰ-ਸੈੱਲ 'ਤੇ ਹੋਏ ਪ੍ਰੀਖਣਾਂ ਵਿੱਚ ਇਸ ਦਾ ਕੋਈ ਡੀ.ਐੱਨ.ਏ. ਜਾਂ ਜੈਨੇਤਿਕ ਖ਼ਤਰਾ ਨਹੀਂ ਮਿਲਿਆ। ਫਿਰ ਵੀ, ਪ੍ਰਜਨਨ ਸ਼ਕਤੀ ਨੂੰ ਨੁਕਸਾਨ ਪਹੁੰਚਾਉਣ ਦੇ ਡਰ ਤੋਂ ਇਸ ਨੂੰ ਕਾਸਮੈਟਿਕਸ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।
ਕੀ ਤੁਹਾਨੂੰ ਡਰਨ ਦੀ ਲੋੜ ਹੈ?
ਜੋ ਗਾਹਕ ਕਦੇ-ਕਦੇ ਜੈੱਲ ਮੈਨੀਕਿਓਰ ਕਰਵਾਉਂਦੇ ਹਨ, ਉਨ੍ਹਾਂ ਲਈ ਖ਼ਤਰਾ ਬਹੁਤ ਘੱਟ ਹੈ ਕਿਉਂਕਿ ਉਨ੍ਹਾਂ ਦਾ ਐਕਸਪੋਜਰ ਸੁਰੱਖਿਅਤ ਸੀਮਾ ਤੋਂ ਬਹੁਤ ਹੇਠਾਂ ਹੁੰਦਾ ਹੈ। ਅਸਲੀ ਚਿੰਤਾ ਉਨ੍ਹਾਂ ਸੈਲੂਨ ਕਰਮਚਾਰੀਆਂ ਲਈ ਹੈ, ਜੋ ਹਰ ਦਿਨ ਇਸ ਕੈਮੀਕਲ ਦੇ ਸੰਪਰਕ ਵਿੱਚ ਆਉਂਦੇ ਹਨ। ਲਗਾਤਾਰ ਇਸ ਨੂੰ ਲਗਾਉਣ, ਬੁਰਸ਼ ਕਰਨ ਜਾਂ ਉੱਡੇਲਣ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਇਸ ਕੈਮੀਕਲ ਦੇ ਜਾਣ ਦਾ ਜੋਖ਼ਮ ਬਹੁਤ ਜ਼ਿਆਦਾ ਹੁੰਦਾ ਹੈ।
ਭਾਰਤ ਵਿੱਚ ਕੀ ਹੈ TPO ਦਾ ਹਾਲ?
ਜਿੱਥੇ ਇੱਕ ਪਾਸੇ ਯੂਰਪ ਅਤੇ ਬ੍ਰਿਟੇਨ ਵਿੱਚ ਇਸ 'ਤੇ ਸਖ਼ਤੀ ਵਰਤੀ ਜਾ ਰਹੀ ਹੈ, ਉੱਥੇ ਹੀ ਭਾਰਤ ਅਤੇ ਅਮਰੀਕਾ ਵਿੱਚ ਇਸ ਕੈਮੀਕਲ 'ਤੇ ਫਿਲਹਾਲ ਕੋਈ ਪਾਬੰਦੀ ਨਹੀਂ ਹੈ। ਭਾਰਤ ਦੇ 'ਕਾਸਮੈਟਿਕਸ ਨਿਯਮ, 2020' ਵਿੱਚ TPO ਨੂੰ ਕੰਟਰੋਲ ਜਾਂ ਪ੍ਰਤੀਬੰਧਿਤ ਸਮੱਗਰੀ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਇਸ ਦਾ ਸਿੱਧਾ ਮਤਲਬ ਹੈ ਕਿ ਭਾਰਤੀ ਸੈਲੂਨਾਂ ਵਿੱਚ ਵਿਕਣ ਵਾਲੇ ਅਤੇ ਇਸਤੇਮਾਲ ਹੋਣ ਵਾਲੇ ਯੂ.ਵੀ./ਐੱਲ.ਈ.ਡੀ. ਜੈੱਲ ਸਿਸਟਮ ’ਚ ਅੱਜ ਵੀ ਧੜੱਲੇ ਨਾਲ TPO ਦਾ ਇਸਤੇਮਾਲ ਹੋ ਰਿਹਾ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਘਰ 'ਤੇ ਲਗਾਈ ਜਾਣ ਵਾਲੀ ਆਮ ਨੇਲ ਪਾਲਿਸ਼, ਜੋ ਬਿਨਾਂ UV ਲੈਂਪ ਦੇ ਸੁੱਕ ਜਾਂਦੀ ਹੈ, ਉਹ ਲਾਈਟ-ਐਕਟੀਵੇਟਿਡ ਫ਼ਾਰਮੂਲੇ 'ਤੇ ਕੰਮ ਨਹੀਂ ਕਰਦੀਆਂ, ਇਸ ਲਈ ਉਹ TPO ਦੇ ਖ਼ਤਰੇ ਤੋਂ ਪੂਰੀ ਤਰ੍ਹਾਂ ਬਾਹਰ ਹਨ।
ਕੰਪਨੀਆਂ ਨੇ ਪੇਸ਼ ਕੀਤਾ TPO ਦਾ ਨਵਾਂ ਬਦਲ
ਬ੍ਰਿਟੇਨ ਅਤੇ ਯੂਰਪੀ ਬਾਜ਼ਾਰਾਂ ਲਈ ਨੇਲ ਪਾਲਿਸ਼ ਬਣਾਉਣ ਵਾਲੀਆਂ ਕੰਪਨੀਆਂ ਨੇ ਹੁਣ TPO ਦਾ ਇੱਕ ਸੁਰੱਖਿਅਤ ਬਦਲ ਲੱਭ ਲਿਆ ਹੈ, ਜਿਸ ਨੂੰ 'TPO-L' ਕਿਹਾ ਜਾਂਦਾ ਹੈ। ਇਹ ਕੈਮੀਕਲ ਵੀ ਯੂ.ਵੀ. ਲੈਂਪ ਦੇ ਹੇਠਾਂ ਪਾਲਿਸ਼ ਨੂੰ ਸਖ਼ਤ ਕਰਨ ਦਾ ਕੰਮ ਕਰਦਾ ਹੈ ਪਰ ਇਸ ਨੂੰ ਸਿਹਤ ਲਈ ਘੱਟ ਖ਼ਤਰਨਾਕ ਮੰਗਿਆ ਗਿਆ ਹੈ। ਵਿਦੇਸ਼ਾਂ ਵਿੱਚ ਹੁਣ ਜੈੱਲ ਪਾਲਿਸ਼ ਦੀਆਂ ਬੋਤਲਾਂ 'ਤੇ 'TPO-free' ਦੇ ਲੇਬਲ ਦੇਖਣ ਨੂੰ ਮਿਲ ਰਹੇ ਹਨ, ਜੋ ਗਾਹਕਾਂ ਲਈ ਇੱਕ ਸੁਰੱਖਿਅਤ ਬਦਲ ਪੇਸ਼ ਕਰਦੇ ਹਨ।