ਕੈਂਸਰ ਸਿਰਫ਼ ਤੰਬਾਕੂ-ਸ਼ਰਾਬ ਨਾਲ ਨਹੀਂ ਹੁੰਦਾ! ਸਰੀਰ ’ਚ ਲੁਕੇ ਇਹ 5 ਇਨਫੈਕਸ਼ਨ ਵੀ ਵਧਾਉਂਦੇ ਹਨ ਬਿਮਾਰੀ ਦਾ ਖ਼ਤਰਾ ਇੱਕ ਨਵੀਂ ਰਿਪੋਰਟ ਮੁਤਾਬਕ ਦੁਨੀਆ ਭਰ ’ਚ ਕੈਂਸਰ ਦੇ ਹਰ ਅੱਠਵੇਂ ਮਾਮਲੇ ਦਾ ਕਾਰਨ ਇਨਫੈਕਸ਼ਨ ਹੈ। ਸਾਲ 2024 ’ਚ ਇਨਫੈਕਸ਼ਨ ਕਾਰਨ ਕੈਂਸਰ ਦੇ 23 ਲੱਖ ਨਵੇਂ ਮਾਮਲੇ ਸਾਹਮਣੇ ਆਏ।
Publish Date: Thu, 01 Oct 2026 02:58 PM (IST)
Updated Date: Thu, 01 Oct 2026 03:02 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜਦੋਂ ਅਸੀਂ ਕੈਂਸਰ ਦੇ ਕਾਰਨਾਂ ਬਾਰੇ ਸੋਚਦੇ ਹਾਂ ਤਾਂ ਸਭ ਤੋਂ ਪਹਿਲਾਂ ਤੰਬਾਕੂ, ਸ਼ਰਾਬ, ਖ਼ਰਾਬ ਲਾਈਫਸਟਾਈਲ ਜਾਂ ਖ਼ਾਨਦਾਨੀ ਬਿਮਾਰੀਆਂ ਦਾ ਖ਼ਿਆਲ ਆਉਂਦਾ ਹੈ। ਹਾਲਾਂਕਿ, ਕੀ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਆਮ ਜਿਹਾ ਵਾਇਰਸ ਜਾਂ ਬੈਕਟੀਰੀਆ ਵੀ ਤੁਹਾਨੂੰ ਕੈਂਸਰ ਦਾ ਸ਼ਿਕਾਰ ਬਣਾ ਸਕਦਾ ਹੈ?
ਮਸ਼ਹੂਰ ਮੈਡੀਕਲ ਜਰਨਲ 'ਦਿ ਲੈਂਸੇਟ ਔਨਕੋਲੋਜੀ' ਦੀ ਇੱਕ ਤਾਜ਼ਾ ਰਿਪੋਰਟ ਨੇ ਮੈਡੀਕਲ ਜਗਤ ਦਾ ਧਿਆਨ ਖਿੱਚਿਆ ਹੈ। ਇਸ ਸਟੱਡੀ ਦੇ ਅੰਕੜਿਆਂ ਮੁਤਾਬਕ ਦੁਨੀਆ ਭਰ ’ਚ ਕੈਂਸਰ ਦੇ ਹਰ ਅੱਠਵੇਂ ਮਾਮਲੇ ਦੇ ਪਿੱਛੇ ਅਸਲ ’ਚ ਇੱਕ ਇਨਫੈਕਸ਼ਨ ਹੈ।
ਇਨਫੈਕਸ਼ਨ ਨੂੰ ਹਲਕੇ ’ਚ ਲੈਣ ਦੀ ਨਾ ਕਰੋ ਗਲਤੀ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (IARC) ਨੇ ਆਪਣੀ ਹਾਲੀਆ ਰਿਸਰਚ ’ਚ ਪਾਇਆ ਕਿ ਸਾਲ 2024 ’ਚ ਦੁਨੀਆ ਭਰ ’ਚ 23 ਲੱਖ ਨਵੇਂ ਕੈਂਸਰ ਮਰੀਜ਼ ਸਿਰਫ਼ ਇਨਫੈਕਸ਼ਨ ਕਾਰਨ ਸਾਹਮਣੇ ਆਏ। ਸੌਖੀ ਭਾਸ਼ਾ ’ਚ ਸਮਝੀਏ ਤਾਂ ਦੁਨੀਆ ਦੇ ਕੁੱਲ ਕੈਂਸਰ ਮਾਮਲਿਆਂ ’ਚੋਂ 12 ਫੀਸਦੀ ਦੇ ਪਿੱਛੇ ਸਿੱਧੇ ਤੌਰ ’ਤੇ ਇਨਫੈਕਸ਼ਨ ਦੀ ਭੂਮਿਕਾ ਸੀ।
ਇਹ 5 ਖ਼ਤਰਨਾਕ ਵਾਇਰਸ ਤੇ ਬੈਕਟੀਰੀਆ ਬਣ ਰਹੇ ਹਨ ਵੱਡਾ ਖ਼ਤਰਾ ਰਿਸਰਚਰਾਂ ਨੇ 12 ਅਜਿਹੇ ਸੰਕ੍ਰਾਮਕ ਤੱਤਾਂ ਦੀ ਜਾਂਚ ਕੀਤੀ, ਜੋ ਇਨਸਾਨਾਂ ’ਚ ਕੈਂਸਰ ਦਾ ਕਾਰਨ ਬਣ ਸਕਦੇ ਹਨ। ਇਨ੍ਹਾਂ ’ਚੋਂ 5 ਨਾਮ ਅਜਿਹੇ ਹਨ, ਜਿਨ੍ਹਾਂ ਨਾਲ ਸਭ ਤੋਂ ਵੱਧ ਕੈਂਸਰ ਦੇ ਮਾਮਲੇ ਜੁੜੇ ਹਨ:
ਐੱਚ. ਪਾਇਲੋਰੀ (H. pylori): ਇਹ ਬੈਕਟੀਰੀਆ ਪੇਟ ’ਚ ਪਾਇਆ ਜਾਂਦਾ ਹੈ ਤੇ ਸਭ ਤੋਂ ਵੱਡੇ ਖ਼ਤਰਿਆਂ ’ਚੋਂ ਇੱਕ ਹੈ। ਇਸ ਨਾਲ ਲਗਭਗ 7.60 ਲੱਖ ਕੈਂਸਰ ਦੇ ਮਾਮਲੇ ਜੁੜੇ ਪਾਏ ਗਏ।
ਐੱਚਪੀਵੀ (HPV): ਇਹ ਵਾਇਰਸ ਸਰਵਾਈਕਲ ਕੈਂਸਰ ਦਾ ਮੁੱਖ ਕਾਰਨ ਹੈ। ਇਸ ਤੋਂ ਇਲਾਵਾ ਇਹ ਪ੍ਰਾਈਵੇਟ ਪਾਰਟਸ ਤੇ ਸਿਰ-ਗਰਦਨ ਦੇ ਕੈਂਸਰ ਨਾਲ ਵੀ ਜੁੜਿਆ ਹੈ। ਇਸ ਵਾਇਰਸ ਨਾਲ ਕਰੀਬ 7.50 ਲੱਖ ਕੈਂਸਰ ਦੇ ਮਾਮਲੇ ਜੁੜੇ ਸਨ।
ਹੈਪੇਟਾਈਟਿਸ ਬੀ (HBV): ਮੁੱਖ ਤੌਰ 'ਤੇ ਲਿਵਰ ਕੈਂਸਰ ਨਾਲ ਜੁੜੇ ਇਸ ਵਾਇਰਸ ਕਾਰਨ ਲਗਭਗ 3.60 ਲੱਖ ਮਾਮਲੇ ਸਾਹਮਣੇ ਆਏ।
ਐਪਸਟਾਈਨ-ਬਾਰ ਵਾਇਰਸ (EBV): ਪੇਟ ਤੇ ਗਲੇ ਦੇ ਆਲੇ-ਦੁਆਲੇ ਦੇ ਕੈਂਸਰ ਤੋਂ ਇਲਾਵਾ ਕੁਝ ਖ਼ਾਸ ਕਿਸਮ ਦੇ ਲਿੰਫੋਮਾ ਨਾਲ ਜੁੜੇ ਇਸ ਵਾਇਰਸ ਕਾਰਨ 2.60 ਲੱਖ ਮਾਮਲੇ ਦਰਜ ਕੀਤੇ ਗਏ।
ਹੈਪੇਟਾਈਟਿਸ ਸੀ (HCV): ਇਸ ਵਾਇਰਸ ਨਾਲ ਲਗਭਗ 1.60 ਲੱਖ ਕੈਂਸਰ ਦੇ ਮਾਮਲੇ ਜੁੜੇ ਪਾਏ ਗਏ, ਜਿਨ੍ਹਾਂ ’ਚ ਸਭ ਤੋਂ ਵੱਧ ਮਾਮਲੇ ਲਿਵਰ ਕੈਂਸਰ ਦੇ ਸਨ।
ਸਰੀਰ ’ਚ ਇਨਫੈਕਸ਼ਨ ਕੈਂਸਰ ਕਿਵੇਂ ਬਣ ਜਾਂਦਾ ਹੈ?
ਇੱਥੇ ਇੱਕ ਗੱਲ ਸਮਝਣਾ ਬਹੁਤ ਜ਼ਰੂਰੀ ਹੈ ਕਿ ਹਰ ਇਨਫੈਕਸ਼ਨ ਕੈਂਸਰ ’ਚ ਨਹੀਂ ਬਦਲਦਾ। ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਇਨਫੈਕਸ਼ਨ ਸਰੀਰ ’ਚ ਕਿੰਨੇ ਸਮੇਂ ਤੋਂ ਮੌਜੂਦ ਹੈ ਤੇ ਤੁਹਾਡਾ ਇਮਿਊਨ ਸਿਸਟਮ ਕਿਵੇਂ ਕੰਮ ਕਰ ਰਿਹਾ ਹੈ।
ਜਦੋਂ ਕੋਈ ਇਨਫੈਕਸ਼ਨ ਸਰੀਰ ’ਚ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ ਤਾਂ ਇਹ ਸਾਡੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਸਕਦਾ ਹੈ। ਇਸ ਨਾਲ ਸਰੀਰ ’ਚ ਲਗਾਤਾਰ ਸੋਜ ਬਣੀ ਰਹਿੰਦੀ ਹੈ। ਇਹ ਪੁਰਾਣੀ ਸੋਜ ਹੌਲੀ-ਹੌਲੀ ਕੋਸ਼ਿਕਾਵਾਂ ’ਚ ਅਜਿਹੇ ਬਦਲਾਅ ਕਰ ਸਕਦੀ ਹੈ, ਜੋ ਅੱਗੇ ਚੱਲ ਕੇ ਕੈਂਸਰ ਦਾ ਰੂਪ ਲੈ ਸਕਦੇ ਹਨ। ਉਦਾਹਰਨ ਵਜੋਂ, ਹੈਪੇਟਾਈਟਿਸ ਲਿਵਰ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਦਕਿ ਐੱਚ. ਪਾਇਲੋਰੀ ਪੇਟ ’ਚ ਲਗਾਤਾਰ ਸੋਜ ਪੈਦਾ ਕਰ ਸਕਦਾ ਹੈ।
ਗਰੀਬ ਤੇ ਵਿਕਾਸਸ਼ੀਲ ਦੇਸ਼ਾਂ 'ਤੇ ਵੱਡਾ ਖ਼ਤਰਾ IARC ਦੀ ਵਿਗਿਆਨੀ ਡਾ. ਹੈਰਿਏਟ ਰੁਮਗੇ ਨੇ ਇੱਕ ਚਿੰਤਾਜਨਕ ਗੱਲ ਵੀ ਦੱਸੀ। ਉਨ੍ਹਾਂ ਮੁਤਾਬਕ ਇਨਫੈਕਸ਼ਨ ਕਾਰਨ ਹੋਣ ਵਾਲੇ ਇਨ੍ਹਾਂ ਕੈਂਸਰਾਂ ਦਾ 77 ਫੀਸਦੀ ਬੋਝ ਘੱਟ ਤੇ ਮੱਧਮ ਆਮਦਨ ਵਾਲੇ ਦੇਸ਼ਾਂ 'ਤੇ ਹੈ। ਇਸ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਦੇਸ਼ਾਂ ’ਚ ਸਮੇਂ ਸਿਰ ਜਾਂਚ, ਟੀਕਾਕਰਨ ਤੇ ਇਲਾਜ ਦੀਆਂ ਸਹੂਲਤਾਂ ’ਚ ਅਜੇ ਵੀ ਕਾਫ਼ੀ ਕਮੀ ਹੈ।
ਕੀ ਹੈ ਬਚਾਅ ਦਾ ਰਸਤਾ? ਚੰਗੀ ਗੱਲ ਇਹ ਹੈ ਕਿ ਇਨ੍ਹਾਂ ਇਨਫੈਕਸ਼ਨਾਂ ਤੇ ਇਨ੍ਹਾਂ ਨਾਲ ਜੁੜੇ ਕੁਝ ਕੈਂਸਰਾਂ ਨੂੰ ਸਹੀ ਸਮੇਂ 'ਤੇ ਰੋਕਣ ਦੇ ਤਰੀਕੇ ਮੌਜੂਦ ਹਨ।
ਵੈਕਸੀਨ ਹੈ ਪ੍ਰਭਾਵਸ਼ਾਲੀ: ਐੱਚਪੀਵੀ ਤੇ ਹੈਪੇਟਾਈਟਿਸ ਬੀ ਦੋਵਾਂ ਲਈ ਪ੍ਰਭਾਵਸ਼ਾਲੀ ਵੈਕਸੀਨ ਉਪਲਬਧ ਹਨ, ਜੋ ਸਰਵਾਈਕਲ ਤੇ ਲਿਵਰ ਕੈਂਸਰ ਦੇ ਖ਼ਤਰੇ ਨੂੰ ਘਟਾਉਣ ’ਚ ਮਦਦ ਕਰ ਸਕਦੀਆਂ ਹਨ।
ਸਹੀ ਇਲਾਜ: ਹੈਪੇਟਾਈਟਿਸ ਸੀ ਲਈ ਭਾਵੇਂ ਕੋਈ ਵੈਕਸੀਨ ਨਹੀਂ ਹੈ, ਪਰ ਪ੍ਰਭਾਵਸ਼ਾਲੀ ਐਂਟੀਵਾਇਰਲ ਦਵਾਈਆਂ ਨਾਲ ਇਸ ਇਨਫੈਕਸ਼ਨ ਦਾ ਇਲਾਜ ਕੀਤਾ ਜਾ ਸਕਦਾ ਹੈ।
ਨਿਯਮਿਤ ਸਕ੍ਰੀਨਿੰਗ: ਸਮੇਂ-ਸਮੇਂ 'ਤੇ ਜਾਂਚ ਕਰਵਾਉਣ ਨਾਲ ਕੈਂਸਰ ਬਣਨ ਤੋਂ ਪਹਿਲਾਂ ਹੀ ਖ਼ਤਰੇ ਨੂੰ ਪਛਾਣਨ ਤੇ ਲੋੜੀਂਦਾ ਇਲਾਜ ਕਰਨ ’ਚ ਮਦਦ ਮਿਲ ਸਕਦੀ ਹੈ।
ਕੁੱਲ ਮਿਲਾ ਕੇ, ਜੇ ਅਸੀਂ ਬੁਨਿਆਦੀ ਸਿਹਤ ਸਹੂਲਤਾਂ, ਟੀਕਾਕਰਨ, ਨਿਯਮਿਤ ਜਾਂਚ ਤੇ ਇਨਫੈਕਸ਼ਨ ਕੰਟਰੋਲ 'ਤੇ ਧਿਆਨ ਦੇਈਏ ਤਾਂ ਇਨਫੈਕਸ਼ਨ ਨਾਲ ਜੁੜੇ ਕੈਂਸਰ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।