- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਕ ਕੁੱਤਾ ਆਪਣੀ ਮਾਲਕਣ ਦੇ ਕੈਂਸਰ ਨੂੰ ਸੁੰਘ ਕੇ ਪਛਾਣ ਲੈਂਦਾ ਹੈ। ਕੁੱਤੇ ਅਸਲ ’ਚ ਅਜਿਹਾ ਕਰ ਸਕਦੇ ਹਨ ਜਾਂ ਨਹੀਂ, ਇਸ ਦਾ ਪਤਾ ਲਗਾਉਣ ਲਈ ਭਾਰਤ ਦਾ ਇੱਕ ਹੈਲਥ-ਟੈਕ ਸਟਾਰਟਅੱਪ ਟ੍ਰੇਨ ਕੀਤੇ ਕੁੱਤਿਆਂ ਤੇ ਏਆਈ ਦੀ ਮਦਦ ਲੈ ਰਿਹਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੁੱਤਿਆਂ ਦੀ ਸੁੰਘਣ ਦੀ ਸਮਰੱਥਾ ਬਹੁਤ ਤੇਜ਼ ਹੁੰਦੀ ਹੈ। ਇਸ ਲਈ ਤੁਸੀਂ ਵੇਖਿਆ ਹੋਵੇਗਾ ਕਿ ਚੋਰੀ ਆਦਿ ਦੇ ਸੁਰਾਗ ਲੱਭਣ ਲਈ ਉਨ੍ਹਾਂ ਦੀ ਇਸ ਸਮਰੱਥਾ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਕੀ ਉਹ ਕੈਂਸਰ ਵਰਗੀ ਬਿਮਾਰੀ ਦਾ ਵੀ ਸੁੰਘ ਕੇ ਪਤਾ ਲਗਾ ਸਕਦੇ ਹਨ? ਹਾਲੀਵੁੱਡ ਦੀ ਫ਼ਿਲਮ ‘ਦ ਆਰਟ ਆਫ਼ ਰੇਸਿੰਗ ਇਨ ਦ ਰੇਨ’ ’ਚ ਵੀ ਇਹ ਦਿਖਾਇਆ ਗਿਆ ਹੈ ਕਿ ਇੱਕ ਕੁੱਤਾ ਆਪਣੀ ਮਾਲਕਣ ਦੇ ਕੈਂਸਰ ਨੂੰ ਸੁੰਘ ਕੇ ਪਛਾਣ ਲੈਂਦਾ ਹੈ। ਕੁੱਤੇ ਅਸਲ ’ਚ ਅਜਿਹਾ ਕਰ ਸਕਦੇ ਹਨ ਜਾਂ ਨਹੀਂ, ਇਸ ਦਾ ਪਤਾ ਲਗਾਉਣ ਲਈ ਭਾਰਤ ਦਾ ਇੱਕ ਹੈਲਥ-ਟੈਕ ਸਟਾਰਟਅੱਪ ਟ੍ਰੇਨ ਕੀਤੇ ਕੁੱਤਿਆਂ ਤੇ ਏਆਈ ਦੀ ਮਦਦ ਲੈ ਰਿਹਾ ਹੈ। ਹਾਲਾਂਕਿ, ਫਿਲਹਾਲ ਇਹ ਤਕਨੀਕ ਕਿਸੇ ਮੈਡੀਕਲ ਡਾਇਗਨੋਸਿਸ ਲਈ ਤਿਆਰ ਨਹੀਂ ਹੈ, ਪਰ ਕੈਂਸਰ ਦੀ ਪਛਾਣ ’ਚ ਇਸਨੂੰ ਇੱਕ ਮਦਦਗਾਰ ਸਾਧਨ ਮੰਨਿਆ ਜਾ ਰਿਹਾ ਹੈ। ਆਓ ਜਾਣਦੇ ਹਾਂ ਇਸ ਬਾਰੇ।
ਸਰੀਰ ਦੀ ਗੰਧ ਤੇ ਕੁੱਤਿਆਂ ਦੀ ਸੁੰਘਣ ਦੀ ਸਮਰੱਥਾ
ਇਹ ਗੱਲ ਅਸੀਂ ਕਾਫ਼ੀ ਸਮੇਂ ਤੋਂ ਜਾਣਦੇ ਹਾਂ ਕਿ ਕੋਈ ਵੀ ਬਿਮਾਰੀ ਸਰੀਰ ਦੇ ਰਸਾਇਣਕ ਸਿਗਨੇਚਰ (Chemical Signature) ’ਚ ਬਦਲਾਅ ਕਰ ਸਕਦੀ ਹੈ। ਸਾਡੇ ਸਰੀਰ ਦੇ ਅੰਦਰ ਹੋਣ ਵਾਲੀਆਂ ਪ੍ਰਕਿਰਿਆਵਾਂ ਵੋਲੇਟਾਈਲ ਆਰਗੈਨਿਕ ਕੰਪਾਊਂਡਸ (VOCs) ਪੈਦਾ ਕਰਦੀਆਂ ਹਨ, ਜੋ ਸਾਹ, ਪਸੀਨੇ, ਪਿਸ਼ਾਬ ਤੇ ਸਰੀਰ ਦੇ ਹੋਰ ਤਰਲ ਪਦਾਰਥਾਂ ਰਾਹੀਂ ਬਾਹਰ ਨਿਕਲਦੇ ਹਨ। ਕੈਂਸਰ ਇਨ੍ਹਾਂ ਪ੍ਰਕਿਰਿਆਵਾਂ ’ਚ ਬਦਲਾਅ ਕਰਦਾ ਹੈ, ਜਿਸ ਕਾਰਨ ਸਰੀਰ ’ਚੋਂ ਨਿਕਲਣ ਵਾਲੇ ਇਨ੍ਹਾਂ ਕੰਪਾਊਂਡਸ ’ਚ ਵੀ ਤਬਦੀਲੀ ਆ ਜਾਂਦੀ ਹੈ। ਕੁੱਤੇ ਆਪਣੀ ਬੇਹੱਦ ਤੇਜ਼ ਸੁੰਘਣ ਦੀ ਸਮਰੱਥਾ ਲਈ ਜਾਣੇ ਜਾਂਦੇ ਹਨ। ਇਸੇ ਸਮਰੱਥਾ ਨੂੰ ਹੁਣ ਮੈਡੀਕਲ ਖੇਤਰ ’ਚ ਵਰਤਣ ਲਈ ਇੱਕ ਖਾਸ ਤਕਨੀਕ ਤਿਆਰ ਕੀਤੀ ਜਾ ਰਹੀ ਹੈ।
ਇਹ ਤਕਨੀਕ ਕਿਵੇਂ ਕੰਮ ਕਰਦੀ ਹੈ?
ਇਸ ਦੀ ਸ਼ੁਰੂਆਤੀ ਪ੍ਰਕਿਰਿਆ ਕਾਫ਼ੀ ਸਧਾਰਣ ਹੈ। ਇੱਕ ਵਿਅਕਤੀ ਨੂੰ ਲਗਭਗ 10 ਮਿੰਟ ਤੱਕ ਕਾਟਨ ਦਾ ਮਾਸਕ ਪਹਿਨ ਕੇ ਆਮ ਤੌਰ ’ਤੇ ਗੱਲਬਾਤ ਕਰਨ ਤੇ ਡੂੰਘੇ ਸਾਹ ਲੈਣ ਲਈ ਕਿਹਾ ਜਾਂਦਾ ਹੈ। ਮਾਸਕ ਵਿਅਕਤੀ ਦੇ ਸਾਹ ’ਚ ਮੌਜੂਦ ਕੰਪਾਊਂਡਸ ਨੂੰ ਇਕੱਠਾ ਕਰ ਲੈਂਦਾ ਹੈ। ਇਸ ਤੋਂ ਬਾਅਦ ਮਾਸਕ ਨੂੰ ਲੈਬ ’ਚ ਭੇਜਿਆ ਜਾਂਦਾ ਹੈ, ਜਿੱਥੇ ਟ੍ਰੇਨ ਕੀਤੇ ਕੁੱਤੇ ਇਸਨੂੰ ਸੁੰਘਦੇ ਹਨ। ਇਸ ਦੌਰਾਨ ਕੁੱਤਿਆਂ ਨੂੰ ਇੱਕ ਖਾਸ ਸੂਟ ਪਹਿਨਾਇਆ ਜਾਂਦਾ ਹੈ, ਜੋ ਸੁੰਘਣ ਸਮੇਂ ਉਨ੍ਹਾਂ ਦੀ ਦਿਮਾਗੀ ਗਤੀਵਿਧੀ, ਦਿਲ ਦੀ ਧੜਕਨ, ਸਾਹ ਲੈਣ ਦੀ ਗਤੀ ਤੇ ਬਾਡੀ ਲੈਂਗਵੇਜ ਨੂੰ ਰਿਕਾਰਡ ਕਰਦਾ ਹੈ। ਇਹ ਸਾਰਾ ਡਾਟਾ ਏਆਈ ਮਾਡਲ ’ਚ ਪਾਇਆ ਜਾਂਦਾ ਹੈ, ਜੋ ਇੱਕ VOC ਰਿਸਕ ਸਕੋਰ ਤਿਆਰ ਕਰਦਾ ਹੈ।
ਕੈਂਸਰ ਦੀ ਪਛਾਣ ’ਚ ਸਫਲਤਾ ਦੇ ਅੰਕੜੇ
ਇਸ ਸਾਲ ਅਪ੍ਰੈਲ ’ਚ Journal of Clinical Oncology ’ਚ ਪ੍ਰਕਾਸ਼ਿਤ ਇੱਕ ਸਟਡੀ ਦੇ ਮੁਤਾਬਕ, ਇਸ ਸਿਸਟਮ ਨੇ 10 ’ਚੋਂ 9 ਕੈਂਸਰ ਦੇ ਮਾਮਲਿਆਂ ਦੀ ਸਹੀ ਪਛਾਣ ਕੀਤੀ। ਇਸ ਦੇ ਨਾਲ ਹੀ, ਜਿਨ੍ਹਾਂ ਲੋਕਾਂ ਨੂੰ ਕੈਂਸਰ ਨਹੀਂ ਸੀ, ਉਨ੍ਹਾਂ ’ਚ ਵੀ 10 ’ਚੋਂ 9 ਮਾਮਲਿਆਂ ਦੀ ਸਹੀ ਪਛਾਣ ਕੀਤੀ ਗਈ। ਇਹ ਸਟੱਡੀ ਕਰਨਾਟਕ ਦੇ 6 ਹਸਪਤਾਲਾਂ ’ਚ 3,000 ਤੋਂ ਵੱਧ ਲੋਕਾਂ ’ਤੇ ਕੀਤੀ ਗਈ। ਇਸ ’ਚ ਆਖਰੀ ਟੈਸਟਿੰਗ ਗਰੁੱਪ ਦੇ 283 ਮਰੀਜ਼ਾਂ ’ਚ ਬਾਇਓਪਸੀ ਰਾਹੀਂ ਪਹਿਲਾਂ ਹੀ ਕੈਂਸਰ ਦੀ ਪੁਸ਼ਟੀ ਹੋ ਚੁੱਕੀ ਸੀ। ਇਸ ਸਟਡੀ ’ਚ ਸਭ ਤੋਂ ਖਾਸ ਗੱਲ ਇਹ ਰਹੀ ਕਿ ਕੈਂਸਰ ਦੇ ਸਾਰੇ ਪੜਾਵਾਂ (Stages) ’ਚ ਇਸ ਤਕਨੀਕ ਦਾ ਪ੍ਰਦਰਸ਼ਨ ਲਗਭਗ ਇੱਕੋ ਜਿਹਾ ਰਿਹਾ।