ਬ੍ਰੈਸਟ ’ਚ ਖੁਜਲੀ ਨੂੰ ਐਲਰਜੀ ਸਮਝ ਕੇ ਨਾ ਕਰੋ ਨਜ਼ਰਅੰਦਾਜ਼, ਕੈਂਸਰ ਦੇ ਇਨ੍ਹਾਂ ਦੁਰਲੱਭ ਲੱਛਣਾਂ ਨਾਲ ਵੀ ਹੋ ਸਕਦਾ ਹੈ ਸਬੰਧ ਬ੍ਰੈਸਟ ’ਚ ਖੁਜਲੀ ਹੋਣਾ ਕੈਂਸਰ ਦੇ ਦੁਰਲੱਭ ਲੱਛਣਾਂ ਦਾ ਸੰਕੇਤ ਹੋ ਸਕਦਾ ਹੈ। ਅਜਿਹੀ ਸਥਿਤੀ ’ਚ ਡਾਕਟਰ ਦੀ ਸਲਾਹ ਲੈਣੀ ਬਹੁਤ ਮਹੱਤਵਪੂਰਨ ਹੈ।
Publish Date: Fri, 09 Oct 2026 01:31 PM (IST)
Updated Date: Fri, 09 Oct 2026 01:34 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਬ੍ਰੈਸਟ ’ਚ ਖੁਜਲੀ ਹੋਣਾ ਇੱਕ ਆਮ ਸਮੱਸਿਆ ਹੈ, ਜੋ ਖੁਸ਼ਕ ਚਮੜੀ, ਐਲਰਜੀ, ਜ਼ਿਆਦਾ ਪਸੀਨਾ ਆਉਣ, ਜਲਣ ਤੇ ਚਮੜੀ ਦੀ ਲਾਗ ਕਾਰਨ ਹੋ ਸਕਦੀ ਹੈ। ਜ਼ਿਆਦਾਤਰ ਮਾਮਲਿਆਂ ’ਚ ਇਹ ਚਿੰਤਾ ਦਾ ਵਿਸ਼ਾ ਨਹੀਂ ਹੁੰਦਾ, ਪਰ ਜੇ ਖੁਜਲੀ ਲੰਬੇ ਸਮੇਂ ਤੱਕ ਬਣੀ ਰਹੇ ਤੇ ਇਸ ਦੇ ਨਾਲ ਚਮੜੀ ਜਾਂ ਨਿੱਪਲ ’ਚ ਬਦਲਾਅ ਆਉਣ, ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਆਓ, ਵਿਸਥਾਰ ਨਾਲ ਜਾਣਦੇ ਹਾਂ ਕਿ ਬ੍ਰੈਸਟ ’ਚ ਖੁਜਲੀ ਕਦੋਂ ਚਿੰਤਾ ਦਾ ਕਾਰਨ ਬਣ ਸਕਦੀ ਹੈ ਤੇ ਕਿਹੜੇ ਲੱਛਣਾਂ ਨੂੰ ਅਣਡਿੱਠਾ ਨਹੀਂ ਕਰਨਾ ਚਾਹੀਦਾ।
ਬ੍ਰੈਸਟ ਕੈਂਸਰ ’ਚ ਖੁਜਲੀ ਦੀ ਸਮੱਸਿਆ ਕਿੰਨੀ ਆਮ ਹੈ? ਸਿਰਫ਼ ਖੁਜਲੀ ਹੋਣਾ ਬ੍ਰੈਸਟ ਕੈਂਸਰ ਦਾ ਸੰਕੇਤ ਨਹੀਂ ਹੈ। ਹਾਲਾਂਕਿ, ਜੇ ਲਗਾਤਾਰ ਖੁਜਲੀ ਦੇ ਨਾਲ ਲਾਲੀ, ਨਿੱਪਲ ’ਚ ਬਦਲਾਅ ਜਾਂ ਚਮੜੀ ਦਾ ਮੋਟਾ ਤੇ ਪੇਪੜੀਦਾਰ ਹੋਣਾ ਵਰਗੇ ਲੱਛਣ ਦਿਖਾਈ ਦੇਣ, ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਲਈ ਸਮੇਂ ਸਿਰ ਇਨ੍ਹਾਂ ਸੰਕੇਤਾਂ ਦੀ ਪਛਾਣ ਕਰਨਾ ਜ਼ਰੂਰੀ ਹੈ।
ਕੈਂਸਰ ਹਮੇਸ਼ਾ ਗੰਢ ਦੇ ਰੂਪ ’ਚ ਹੀ ਨਹੀਂ ਹੁੰਦਾ ਲੋਕਾਂ ’ਚ ਇਹ ਗ਼ਲਤਫ਼ਹਿਮੀ ਹੈ ਕਿ ਬ੍ਰੈਸਟ ਕੈਂਸਰ ਹੋਣ ’ਤੇ ਛਾਤੀ ’ਚ ਗੰਢ ਬਣਦੀ ਹੈ, ਜਦਕਿ ਇਸ ਦੇ ਕਈ ਹੋਰ ਲੱਛਣ ਵੀ ਹੁੰਦੇ ਹਨ, ਜਿਨ੍ਹਾਂ ਵੱਲ ਅਕਸਰ ਧਿਆਨ ਨਹੀਂ ਜਾਂਦਾ। ਇਨ੍ਹਾਂ ’ਚ ਛਾਤੀ ਦੇ ਆਕਾਰ ’ਚ ਬਦਲਾਅ, ਚਮੜੀ ’ਤੇ ਟੋਏ ਪੈਣਾ, ਚਮੜੀ ਦੀ ਬਣਤਰ ਸੰਤਰੇ ਦੇ ਛਿਲਕੇ ਵਰਗੀ ਹੋਣਾ, ਨਿੱਪਲ ਦਾ ਅੰਦਰ ਵੱਲ ਮੁੜਨਾ, ਨਿੱਪਲ ’ਚੋਂ ਰਸ ਨਿਕਲਣਾ, ਲਗਾਤਾਰ ਦਰਦ ਤੇ ਸੋਜ ਵਰਗੇ ਲੱਛਣ ਸ਼ਾਮਲ ਹਨ। ਇਹ ਵੀ ਧਿਆਨ ’ਚ ਰੱਖਣਾ ਚਾਹੀਦਾ ਹੈ ਕਿ ਕਈ ਵਾਰ ਇਹ ਲੱਛਣ ਗੈਰ-ਕੈਂਸਰ ਵਾਲੀਆਂ ਸਮੱਸਿਆਵਾਂ ਕਾਰਨ ਵੀ ਹੋ ਸਕਦੇ ਹਨ। ਇਸ ਲਈ ਸਹੀ ਜਾਣਕਾਰੀ ਤੇ ਜਾਂਚ ਲਈ ਡਾਕਟਰ ਨਾਲ ਸੰਪਰਕ ਕਰਨਾ ਜ਼ਰੂਰੀ ਹੈ।
ਸ਼ੁਰੂਆਤੀ ਪੜਾਅ ’ਚ ਬ੍ਰੈਸਟ ਕੈਂਸਰ ਆਮ ਚਮੜੀ ਦੀ ਸਮੱਸਿਆ ਵਰਗਾ ਦਿਖ ਸਕਦਾ ਹੈ ਬ੍ਰੈਸਟ ਕੈਂਸਰ ਦੇ ਕੁਝ ਦੁਰਲੱਭ ਰੂਪ ਸ਼ੁਰੂਆਤੀ ਪੜਾਅ ’ਚ ਚਮੜੀ ਦੀ ਆਮ ਸਮੱਸਿਆ ਵਰਗੇ ਦਿਖਾਈ ਦੇ ਸਕਦੇ ਹਨ। ਉਦਾਹਰਨ ਵਜੋਂ, ਬ੍ਰੈਸਟ ਦਾ ਪੇਜੇਟ ਰੋਗ (Paget’s Disease) ਖੁਜਲੀ, ਲਾਲੀ, ਜਲਣ ਤੇ ਚਮੜੀ ’ਤੇ ਪੇਪੜੀਆਂ ਬਣਨ ਦਾ ਕਾਰਨ ਬਣ ਸਕਦਾ ਹੈ।
ਕਈ ਵਾਰ ਇਨ੍ਹਾਂ ਲੱਛਣਾਂ ਨੂੰ ਐਗਜ਼ੀਮਾ ਜਾਂ ਐਲਰਜੀ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਛਾਤੀ ’ਚ ਸੋਜ: ਬ੍ਰੈਸਟ ਕੈਂਸਰ ਦਾ ਦੁਰਲੱਭ ਪਰ ਤੇਜ਼ੀ ਨਾਲ ਫੈਲਣ ਵਾਲਾ ਰੂਪ
ਇਨਫਲਾਮੇਟਰੀ ਬ੍ਰੈਸਟ ਕੈਂਸਰ (Inflammatory Breast Cancer) ਇੱਕ ਦੁਰਲੱਭ ਪਰ ਤੇਜ਼ੀ ਨਾਲ ਫੈਲਣ ਵਾਲਾ ਕੈਂਸਰ ਹੈ। ਇਹ ਛਾਤੀ ’ਚ ਸੋਜ, ਲਾਲੀ ਤੇ ਚਮੜੀ ਦੇ ਮੋਟੇ ਹੋਣ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ, ਛਾਤੀ ਦੀ ਬਾਹਰੀ ਚਮੜੀ ਸੰਤਰੇ ਦੇ ਛਿਲਕੇ ਵਰਗੀ ਦਿਖਾਈ ਦੇ ਸਕਦੀ ਹੈ। ਅਜਿਹੇ ਮਾਮਲਿਆਂ ’ਚ ਕੈਂਸਰ ਦੀ ਮੌਜੂਦਗੀ ਲਈ ਗੰਢ ਹੋਣੀ ਲਾਜ਼ਮੀ ਨਹੀਂ ਹੈ। ਇਹ ਲੱਛਣ ਚਮੜੀ ਦੀ ਲਾਗ ਵਰਗੇ ਦਿਖਾਈ ਦੇ ਸਕਦੇ ਹਨ। ਇਸ ਲਈ ਅਜਿਹੇ ਬਦਲਾਅ ਹੋਣ ’ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਬ੍ਰੈਸਟ ’ਚ ਖੁਜਲੀ ਦਾ ਮਤਲਬ ਹਮੇਸ਼ਾ ਕੈਂਸਰ ਨਹੀਂ ਹੁੰਦਾ ਇਹ ਗੱਲ ਧਿਆਨ ’ਚ ਰੱਖਣੀ ਜ਼ਰੂਰੀ ਹੈ ਕਿ ਬ੍ਰੈਸਟ ’ਚ ਖੁਜਲੀ ਹੋਣ ਦਾ ਮਤਲਬ ਹਮੇਸ਼ਾ ਕੈਂਸਰ ਨਹੀਂ ਹੁੰਦਾ। ਕਈ ਵਾਰ ਚਮੜੀ ਦੇ ਖੁਸ਼ਕ ਹੋਣ ਕਾਰਨ ਵੀ ਖੁਜਲੀ ਹੋ ਸਕਦੀ ਹੈ, ਜਿਸ ’ਚ ਮਾਇਸਚਰਾਈਜ਼ਰ ਦੀ ਵਰਤੋਂ ਨਾਲ ਰਾਹਤ ਮਿਲ ਸਕਦੀ ਹੈ। ਹਾਲਾਂਕਿ, ਜੇ ਇਸ ਦੇ ਬਾਵਜੂਦ ਲੰਬੇ ਸਮੇਂ ਤੱਕ ਖੁਜਲੀ, ਲਾਲੀ, ਦਰਦ ਜਾਂ ਸੋਜ ਬਣੀ ਰਹੇ, ਤਾਂ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਡਾ. ਵੈਸ਼ਾਲੀ ਜਮਰੇ, ਐਂਡਰੋਮੀਡਾ ਕੈਂਸਰ ਹਸਪਤਾਲ ਦੇ ਬ੍ਰੈਸਟ ਓਨਕੋਲੋਜੀ ਵਿਭਾਗ ’ਚ ਸਰਜੀਕਲ ਓਨਕੋਲੋਜੀ ਦੀ ਡਾਇਰੈਕਟਰ ਹਨ।