ਬੱਚੇ ਦੇ ਜਨਮ ਤੋਂ ਬਾਅਦ ਦਾ ਪਹਿਲਾ ਮਹੀਨਾ ਬੱਚੇ ਅਤੇ ਮਾਪਿਆਂ, ਦੋਵਾਂ ਲਈ ਬਹੁਤ ਹੀ ਨਾਜ਼ੁਕ ਅਤੇ ਭਾਵੁਕ ਹੁੰਦਾ ਹੈ। ਇਨ੍ਹਾਂ ਸ਼ੁਰੂਆਤੀ 30 ਦਿਨਾਂ ਨੂੰ ਨਿਓਨੇਟਲ ਪੀਰੀਅਡ ਹਾ ਜਾਂਦਾ ਹੈ, ਜਿਸ ਦੌਰਾਨ ਸ਼ਿਸ਼ੂ ਨੂੰ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ। ਪਹਿਲੀ ਵਾਰ ਮਾਤਾ-ਪਿਤਾ ਬਣੇ ਜੋੜਿਆਂ ਲਈ ਇਹ ਕਾਫੀ ਸਵਾਲਾਂ ਭਰਿਆ ਹੋ ਸਕਦਾ ਹੈ ਕਿ ਬੱਚੇ ਨੂੰ ਫੀਡ ਕਿਵੇਂ ਕਰਵਾਈਏ, ਨਹਾਉਣਾ ਚਾਹੀਦਾ ਹੈ ਜਾਂ ਨਹੀਂ, ਬੱਚਾ ਠੀਕ ਤਰ੍ਹਾਂ ਸਾਹ ਲੈ ਰਿਹਾ ਹੈ ਜਾਂ ਨਹੀਂ।

ਪੋਸ਼ਣ ਅਤੇ ਬ੍ਰੈਸਟਫੀਡਿੰਗ ਦੀ ਮਹੱਤਤਾ
ਸ਼ਿਸ਼ੂ ਦੇ ਬਿਹਤਰ ਵਿਕਾਸ ਲਈ ਬ੍ਰੈਸਟਫੀਡ ਕਰਵਾਉਣਾ ਸਭ ਤੋਂ ਜ਼ਰੂਰੀ ਹੈ। ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਪੋਸ਼ਣ ਦਾ ਸਭ ਤੋਂ ਵਧੀਆ ਸਰੋਤ ਹੈ ਅਤੇ ਪਹਿਲੇ ਛੇ ਮਹੀਨਿਆਂ ਤੱਕ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਇਹ ਨਾ ਸਿਰਫ਼ ਬੱਚੇ ਦਾ ਭਾਰ ਵਧਾਉਣ ਵਿੱਚ ਮਦਦ ਕਰਦਾ ਹੈ, ਸਗੋਂ ਉਸ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵੀ ਵਧਾਉਂਦਾ ਹੈ ਅਤੇ ਦਿਮਾਗ ਦੇ ਵਿਕਾਸ ਵਿੱਚ ਸਹਾਇਕ ਹੁੰਦਾ ਹੈ। ਜੇਕਰ ਬ੍ਰੈਸਟਫੀਡਿੰਗ ਵਿੱਚ ਕੋਈ ਮੁਸ਼ਕਲ ਆ ਰਹੀ ਹੋਵੇ, ਤਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਨੀਂਦ ਅਤੇ ਸੁਰੱਖਿਆ
ਨਵਜੰਮੇ ਬੱਚੇ ਦਿਨ ਵਿੱਚ ਲਗਪਗ 16 ਤੋਂ 18 ਘੰਟੇ ਸੌਂਦੇ ਹਨ, ਜੋ ਕਿ ਛੋਟੇ-ਛੋਟੇ ਵਕਫ਼ਿਆਂ ਵਿੱਚ ਹੁੰਦਾ ਹੈ। ਬੱਚੇ ਨੂੰ ਹਮੇਸ਼ਾ ਸਖ਼ਤ ਗੱਦੇ 'ਤੇ ਪਿੱਠ ਦੇ ਭਾਰ ਲਿਟਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਡਨ ਇਨਫੈਂਟ ਡੈਥ ਸਿੰਡਰੋਮ ਦਾ ਖ਼ਤਰਾ ਘੱਟ ਹੋ ਜਾਂਦਾ ਹੈ ਅਤੇ ਬੱਚਾ ਸੁਰੱਖਿਅਤ ਰਹਿੰਦਾ ਹੈ।
ਸਵੱਛਤਾ ਅਤੇ ਇਨਫੈਕਸ਼ਨ ਤੋਂ ਬਚਾਅ
ਸ਼ਿਸ਼ੂ ਦੀ ਚਮੜੀ ਅਤੇ ਸਰੀਰ ਬਹੁਤ ਸੰਵੇਦਨਸ਼ੀਲ ਹੁੰਦੇ ਹਨ। ਇਨਫੈਕਸ਼ਨ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ:
ਅੰਬਲੀਕਲ ਕਾਰਡ ਦੀ ਦੇਖਭਾਲ: ਜਨਮ ਦੇ ਪਹਿਲੇ ਹਫ਼ਤੇ ਵਿੱਚ ਇਸ ਨੂੰ ਸਾਫ਼ ਅਤੇ ਸੁੱਕਾ ਰੱਖੋ ਜਦੋਂ ਤੱਕ ਕਿ ਇਹ ਕੁਦਰਤੀ ਤੌਰ 'ਤੇ ਝੜ ਨਾ ਜਾਵੇ। ਸ਼ੁਰੂਆਤ ਵਿੱਚ ਬੱਚੇ ਨੂੰ ਸਿਰਫ਼ ਸਪੰਜ ਬਾਥ ਦੇਣਾ ਹੀ ਬਿਹਤਰ ਹੁੰਦਾ ਹੈ।
ਹੱਥ ਧੋਣਾ: ਬੱਚੇ ਨੂੰ ਛੂਹਣ ਤੋਂ ਪਹਿਲਾਂ ਹਮੇਸ਼ਾ ਆਪਣੇ ਹੱਥ ਚੰਗੀ ਤਰ੍ਹਾਂ ਧੋਵੋ। ਘਰ ਵਿੱਚ ਆਉਣ ਵਾਲੇ ਮਹਿਮਾਨਾਂ ਦੀ ਗਿਣਤੀ ਸੀਮਤ ਰੱਖੋ ਅਤੇ ਬਿਮਾਰ ਲੋਕਾਂ ਨੂੰ ਬੱਚੇ ਤੋਂ ਦੂਰ ਰੱਖੋ।
ਡਾਇਪਰ ਮੈਨੇਜਮੈਂਟ: ਚਮੜੀ ਨੂੰ ਸਾਫ਼, ਸੁੱਕਾ ਅਤੇ ਰੈਸ਼-ਫ੍ਰੀ ਰੱਖਣ ਲਈ ਵਾਰ-ਵਾਰ ਡਾਇਪਰ ਬਦਲੋ। ਡਾਕਟਰ ਦੀ ਸਲਾਹ 'ਤੇ ਹਲਕੀ ਬੈਰੀਅਰ ਕਰੀਮ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਕੰਗਾਰੂ ਕੇਅਰ
ਸ਼ਿਸ਼ੂ ਲਈ ਕੰਗਾਰੂ ਕੇਅਰ ਨੂੰ ਬੇਹੱਦ ਜ਼ਰੂਰੀ ਮੰਨਿਆ ਜਾਂਦਾ ਹੈ। ਬੱਚੇ ਨੂੰ ਆਪਣੀ ਚਮੜੀ ਨਾਲ ਲਗਾ ਕੇ ਰੱਖਣ ਨੂੰ ਕੰਗਾਰੂ ਕੇਅਰ ਕਹਿੰਦੇ ਹਨ। ਇਹ ਤਕਨੀਕ ਬੱਚੇ ਨੂੰ ਗਰਮ ਰੱਖਣ, ਬ੍ਰੈਸਟਫੀਡਿੰਗ ਵਿੱਚ ਸੁਧਾਰ ਕਰਨ ਅਤੇ ਮਾਪਿਆਂ ਤੇ ਬੱਚੇ ਦੇ ਵਿਚਕਾਰ ਭਾਵਨਾਤਮਕ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੀ ਹੈ। ਇਸ ਨਾਲ ਬੱਚੇ ਦੇ ਸਾਹ ਲੈਣ ਦੀ ਪ੍ਰਕਿਰਿਆ ਅਤੇ ਭਾਰ ਵਿੱਚ ਵੀ ਸੁਧਾਰ ਹੁੰਦਾ ਹੈ।
ਵੈਕਸੀਨੇਸ਼ਨ ਅਤੇ ਤਾਪਮਾਨ ਦਾ ਧਿਆਨ
ਨਵਜੰਮੇ ਬੱਚੇ ਆਪਣੇ ਸਰੀਰ ਦਾ ਤਾਪਮਾਨ ਖ਼ੁਦ ਕੰਟਰੋਲ ਨਹੀਂ ਕਰ ਸਕਦੇ। ਉਨ੍ਹਾਂ ਨੂੰ ਵੱਡਿਆਂ ਦੇ ਮੁਕਾਬਲੇ ਕੱਪੜਿਆਂ ਦੀ ਇੱਕ ਵਾਧੂ ਪਰਤ ਪਹਿਨਾਉਣੀ ਚਾਹੀਦੀ ਹੈ, ਪਰ ਧਿਆਨ ਰਹੇ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਕੱਪੜਿਆਂ ਵਿੱਚ ਨਾ ਲਪੇਟੋ। ਇਸ ਤੋਂ ਇਲਾਵਾ, ਜਨਮ ਦੇ ਪਹਿਲੇ 30 ਦਿਨਾਂ ਵਿੱਚ BCG, ਹੈਪੇਟਾਈਟਿਸ B ਅਤੇ OPV ਵਰਗੇ ਟੀਕੇ ਡਾਕਟਰ ਦੀ ਨਿਗਰਾਨੀ ਵਿੱਚ ਲਗਵਾਉਣਾ ਜ਼ਰੂਰੀ ਹੈ। ਟੀਕਾਕਰਨ ਬੱਚੇ ਨੂੰ ਗੰਭੀਰ ਇਨਫੈਕਸ਼ਨਾਂ ਤੋਂ ਬਚਾਉਣ ਲਈ ਬਹੁਤ ਮਹੱਤਵਪੂਰਨ ਹੈ।
ਡਾਕਟਰ ਦੀ ਸਲਾਹ ਕਦੋਂ ਲਈਏ?
ਮਾਪਿਆਂ ਨੂੰ ਕੁਝ ਖਾਸ ਸੰਕੇਤਾਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਜੇਕਰ ਬੱਚਾ ਦੁੱਧ ਘੱਟ ਪੀਵੇ, ਉਸ ਨੂੰ ਬੁਖਾਰ ਹੋਵੇ, ਸਾਹ ਲੈਣ ਵਿੱਚ ਦਿੱਕਤ ਹੋਵੇ, ਚਮੜੀ ਪੀਲੀ ਪੈ ਜਾਵੇ, ਉਹ ਬਹੁਤ ਜ਼ਿਆਦਾ ਰੋਵੇ ਜਾਂ ਪਿਸ਼ਾਬ ਘੱਟ ਕਰੇ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।