- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲ ਹੀ ’ਚ ਹੋਏ ਇੱਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਹਵਾ ’ਚ ਮੌਜੂਦ PM 2.5 ਪ੍ਰਦੂਸ਼ਣ ਰਿਊਮੈਟਾਇਡ ਆਰਥਰਾਈਟਿਸ ਦੇ ਲੱਛਣਾਂ ਨੂੰ ਗੰਭੀਰ ਬਣਾ ਸਕਦਾ ਹੈ।

ਪ੍ਰੇਟ੍ਰ, ਨਵੀਂ ਦਿੱਲੀ : ਕੀ ਹਵਾ ’ਚ ਮੌਜੂਦ ਪ੍ਰਦੂਸ਼ਣ ਤੁਹਾਡੇ ਜੋੜਾਂ ਦੀ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਿਹਾ ਹੈ? ਹਾਲ ਹੀ ’ਚ ਹੋਈ ਇੱਕ ਤਾਜ਼ਾ ਸਟੱਡੀ ’ਚ ਇਹ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਹਵਾ ’ਚ ਮੌਜੂਦ PM 2.5 ਪ੍ਰਦੂਸ਼ਣ ਦੇ ਸੰਪਰਕ ’ਚ ਆਉਣ ਨਾਲ ਰਿਊਮੈਟਾਇਡ ਆਰਥਰਾਈਟਿਸ ਦੀ ਬਿਮਾਰੀ ਤੇ ਇਸ ਦੇ ਲੱਛਣ ਗੰਭੀਰ ਰੂਪ ’ਚ ਵੱਧ ਸਕਦੇ ਹਨ।
ਕੀ ਹੈ ਰਿਊਮੈਟਾਇਡ ਆਰਥਰਾਈਟਿਸ?
ਇਹ ਲੰਬੇ ਸਮੇਂ ਤੱਕ ਰਹਿਣ ਵਾਲੀ ਇੱਕ ਆਟੋਇਮਿਊਨ ਬਿਮਾਰੀ ਹੈ। ਇਸ ਬਿਮਾਰੀ ’ਚ ਵਿਅਕਤੀ ਦੀ ਆਪਣੀ ਹੀ ਇਮਿਊਨ ਸਿਸਟਮ ਗਲਤੀ ਨਾਲ ਸਿਹਤਮੰਦ ਕੋਸ਼ਿਕਾਵਾਂ ’ਤੇ ਹਮਲਾ ਕਰਨ ਲੱਗਦੀ ਹੈ। ਇਸ ਦੇ ਨਤੀਜੇ ਵਜੋਂ ਜੋੜਾਂ ’ਚ ਗੰਭੀਰ ਸੋਜ ਆ ਜਾਂਦੀ ਹੈ ਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ।
1,000 ਤੋਂ ਵੱਧ ਮਰੀਜ਼ਾਂ ’ਤੇ ਹੋਇਆ ਗਹਿਰਾ ਅਧਿਐਨ
ਇਹ ਮਹੱਤਵਪੂਰਨ ਰਿਸਰਚ ਸਿਓਲ ਨੈਸ਼ਨਲ ਯੂਨੀਵਰਸਿਟੀ ਕਾਲਜ ਆਫ਼ ਮੈਡੀਸਨ ਦੇ ਖੋਜਕਰਤਾਵਾਂ ਵੱਲੋਂ ਕੀਤੀ ਗਈ ਹੈ। ਇਸ ਖੋਜ ਲਈ ਦੱਖਣੀ ਕੋਰੀਆ ਦੇ ਇੱਕ ਮੈਡੀਕਲ ਸੈਂਟਰ ’ਚ ਰਿਊਮੈਟਾਇਡ ਆਰਥਰਾਈਟਿਸ ਤੋਂ ਪੀੜਤ 1,000 ਤੋਂ ਵੱਧ ਮਰੀਜ਼ਾਂ ਦਾ ਵਿਸਥਾਰ ਨਾਲ ਅਧਿਐਨ ਕੀਤਾ ਗਿਆ।
ਖੋਜ ਦੌਰਾਨ ਹਵਾ ਪ੍ਰਦੂਸ਼ਣ ਦੇ ਸੰਪਰਕ ਦਾ ਅੰਦਾਜ਼ਾ ਲਗਾਉਣ ਲਈ ਛੇ ਮੁੱਖ ਪ੍ਰਦੂਸ਼ਕਾਂ ਦੀ ਮਾਤਰਾ ਦੀ ਵਰਤੋਂ ਕੀਤੀ ਗਈ, ਜਿਨ੍ਹਾਂ ’ਚ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ, ਓਜ਼ੋਨ, ਕਾਰਬਨ ਮੋਨੋਆਕਸਾਈਡ, PM 10 ਤੇ PM 2.5 ਸ਼ਾਮਲ ਸਨ। ਇਨ੍ਹਾਂ ਸਾਰੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ PM 2.5 ਨੂੰ ਰਿਊਮੈਟਾਇਡ ਆਰਥਰਾਈਟਿਸ ਨੂੰ ਵਧਾਉਣ ਵਾਲਾ ਇੱਕ ਮੁੱਖ ਕਾਰਕ ਮੰਨਿਆ ਗਿਆ ਹੈ।
ਸਿਗਰਟਨੋਸ਼ੀ ਤੋਂ ਇਲਾਵਾ ਮੌਸਮ ਤੇ ਪ੍ਰਦੂਸ਼ਣ ਵੀ ਜ਼ਿੰਮੇਵਾਰ
ਖੋਜਕਰਤਾਵਾਂ ਨੇ ਸਪੱਸ਼ਟ ਕੀਤਾ ਹੈ ਕਿ ਸਿਗਰਟਨੋਸ਼ੀ ਇਸ ਬਿਮਾਰੀ ਦੇ ਖਤਰੇ ਨੂੰ ਵਧਾਉਣ ਵਾਲਾ ਇੱਕ ਜਾਣਿਆ-ਪਛਾਣਿਆ ਕਾਰਨ ਹੈ। ਹਾਲਾਂਕਿ, ਇਸ ਤੋਂ ਇਲਾਵਾ ਵੀ ਕਈ ਚੀਜ਼ਾਂ ਇਸ ’ਤੇ ਅਸਰ ਪਾਉਂਦੀਆਂ ਹਨ। ਜਲਵਾਯੂ ਨਾਲ ਜੁੜੇ ਕਾਰਕ—ਜਿਵੇਂ ਹਵਾ, ਤਾਪਮਾਨ ਤੇ ਨਮੀ—ਦੇ ਨਾਲ-ਨਾਲ ਸਿਲਿਕਾ ਵਰਗੇ ਪ੍ਰਦੂਸ਼ਕ ਤੱਤ ਵੀ ਇਸ ਆਟੋਇਮਿਊਨ ਸਥਿਤੀ ਨੂੰ ਪੈਦਾ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਸਿਹਤ ਮਾਹਿਰਾਂ ਤੇ ਨੀਤੀ-ਨਿਰਮਾਤਾਵਾਂ ਲਈ ਚੇਤਾਵਨੀ
ਇਹ ਮਹੱਤਵਪੂਰਨ ਖੋਜ ਮਸ਼ਹੂਰ ਮੈਡੀਕਲ ਜਰਨਲ ਐਨਲਸ ਆਫ਼ ਦ ਰਿਊਮੈਟਿਕ ਡਿਜ਼ੀਜ਼ ’ਚ ਪ੍ਰਕਾਸ਼ਿਤ ਹੋਈ ਹੈ। ਇਸ ਰਿਸਰਚ ਦੇ ਨਤੀਜਿਆਂ ਨੇ ਸਿਹਤ ਸੇਵਾ ਪ੍ਰਦਾਤਾਵਾਂ ਤੇ ਨੀਤੀ-ਨਿਰਮਾਤਾਵਾਂ ਲਈ ਇੱਕ ਵੱਡਾ ਸੰਦੇਸ਼ ਦਿੱਤਾ ਹੈ। ਖੋਜ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਹੁਣ ਸਬੰਧਤ ਅਧਿਕਾਰੀਆਂ ਤੇ ਸਿਹਤ ਕਰਮਚਾਰੀਆਂ ਲਈ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਹਵਾ ਪ੍ਰਦੂਸ਼ਣ ਦਾ ਬਿਮਾਰੀ ਦੇ ਪ੍ਰਬੰਧਨ ਤੇ ਇਲਾਜ ’ਤੇ ਕੀ ਪ੍ਰਭਾਵ ਪੈ ਸਕਦਾ ਹੈ।