- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਰ ’ਚ ਤਾਂ ਸਾਨੂੰ ਫ਼ਸਟ-ਏਡ ਆਸਾਨੀ ਨਾਲ ਮਿਲ ਜਾਂਦੀ ਹੈ, ਪਰ ਬਾਹਰ ਜਾਂਦੇ ਸਮੇਂ, ਖ਼ਾਸ ਕਰਕੇ ਦਫ਼ਤਰ ਜਾਂ ਸਫ਼ਰ ਦੌਰਾਨ ਜੇਕਰ ਤਬੀਅਤ ਖ਼ਰਾਬ ਹੋ ਜਾਵੇ ਤਾਂ ਪਰੇਸ਼ਾਨੀ ਵੱਧ ਸਕਦੀ ਹੈ। ਐਮਰਜੈਂਸੀ ਲਈ ਕੁਝ ਚੀਜ਼ਾਂ ਆਪਣੇ ਕੋਲ ਰੱਖਣੀਆਂ ਜ਼ਰੂਰੀ ਹਨ

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਦਿਨ ਭਰ ਦੀ ਭੱਜਦੌੜ ’ਚ ਸੱਟ ਲੱਗਣਾ, ਸਿਰਦਰਦ ਤੇ ਬੁਖਾਰ ਵਰਗੀਆਂ ਸਰੀਰਕ ਸਮੱਸਿਆਵਾਂ ਆਮ ਹਨ। ਘਰ ’ਚ ਤਾਂ ਸਾਨੂੰ ਫ਼ਸਟ-ਏਡ ਆਸਾਨੀ ਨਾਲ ਮਿਲ ਜਾਂਦੀ ਹੈ, ਪਰ ਬਾਹਰ ਜਾਂਦੇ ਸਮੇਂ, ਖ਼ਾਸ ਕਰਕੇ ਦਫ਼ਤਰ ਜਾਂ ਸਫ਼ਰ ਦੌਰਾਨ ਜੇਕਰ ਤਬੀਅਤ ਖ਼ਰਾਬ ਹੋ ਜਾਵੇ ਤਾਂ ਪਰੇਸ਼ਾਨੀ ਵੱਧ ਸਕਦੀ ਹੈ। ਅਜਿਹੇ ’ਚ ਆਓ ਜਾਣਦੇ ਹਾਂ ਉਹ 8 ਫ਼ਸਟ-ਏਡ ਚੀਜ਼ਾਂ, ਜੋ ਐਮਰਜੈਂਸੀ ਲਈ ਘਰ ਤੋਂ ਦਫ਼ਤਰ ਜਾਂ ਸਫ਼ਰ ਤੱਕ ਹਮੇਸ਼ਾ ਆਪਣੇ ਕੋਲ ਰੱਖਣੀਆਂ ਚਾਹੀਦੀਆਂ ਹਨ।
ਐਂਟੀਸੈਪਟਿਕ ਕ੍ਰੀਮ ਜਾਂ ਲਿਕਵਿਡ
ਸੱਟ ਲੱਗਣ ਦੀ ਸਥਿਤੀ ’ਚ ਇਨਫੈਕਸ਼ਨ ਤੋਂ ਬਚਣ ਲਈ ਬੀਟਾਡੀਨ ਜਾਂ ਕੋਈ ਹੋਰ ਐਂਟੀਸੈਪਟਿਕ ਕ੍ਰੀਮ ਦੇ ਨਾਲ ਬੈਗ ’ਚ ਐਂਟੀਸੈਪਟਿਕ ਲਿਕਵਿਡ ਦੀ ਇੱਕ ਛੋਟੀ ਬੋਤਲ ਵੀ ਰੱਖੋ।
ਪੇਨਕਿਲਰ
ਕਈ ਵਾਰ ਮੌਸਮ ਬਦਲਣ ਜਾਂ ਇਨਫੈਕਸ਼ਨ ਕਾਰਨ ਬੁਖਾਰ, ਸਰੀਰ ’ਚ ਦਰਦ ਜਾਂ ਮਾਸਪੇਸ਼ੀਆਂ ’ਚ ਖਿਚਾਅ ਮਹਿਸੂਸ ਹੋ ਸਕਦਾ ਹੈ। ਅਜਿਹੇ ’ਚ ਬੈਗ ’ਚ ਆਪਣੀ ਵਰਤੋਂ ਲਈ 2-3 ਪੇਨਕਿਲਰ ਗੋਲੀਆਂ ਰੱਖਣਾ ਫ਼ਾਇਦੇਮੰਦ ਹੋ ਸਕਦਾ ਹੈ। ਦਵਾਈ ਹਮੇਸ਼ਾ ਲੇਬਲ ਜਾਂ ਡਾਕਟਰ ਦੀ ਸਲਾਹ ਅਨੁਸਾਰ ਹੀ ਲਓ।
ਕਾਟਨ
ਕਾਟਨ ਇੱਕ ਅਜਿਹੀ ਜ਼ਰੂਰੀ ਚੀਜ਼ ਹੈ ਜਿਸ ਤੋਂ ਬਿਨਾਂ ਫ਼ਸਟ-ਏਡ ਕਿੱਟ ਅਧੂਰੀ ਰਹਿੰਦੀ ਹੈ। ਸੱਟ ਲੱਗਣ ਤੋਂ ਲੈ ਕੇ ਖੂਨ ਦਾ ਵਹਾਅ ਰੋਕਣ ਤੇ ਦਵਾਈ ਜਾਂ ਮਲ੍ਹਮ ਲਗਾਉਣ ਤੱਕ ਕਈ ਕੰਮਾਂ ’ਚ ਰੂਈ ਦੀ ਵਰਤੋਂ ਹੁੰਦੀ ਹੈ। ਇਸ ਲਈ ਦਵਾਈਆਂ ਦੇ ਨਾਲ ਕਾਟਨ ਵੀ ਬੈਗ ’ਚ ਜ਼ਰੂਰ ਰੱਖੋ।
ਐਸੀਡਿਟੀ ਦੀ ਦਵਾਈ
ਕੁਝ ਲੋਕਾਂ ਨੂੰ ਬਾਹਰ ਦਾ ਖਾਣਾ ਖਾਣ ਕਾਰਨ ਅਕਸਰ ਐਸੀਡਿਟੀ, ਛਾਤੀ ’ਚ ਜਲਨ ਜਾਂ ਪੇਟ ਦਰਦ ਦੀ ਸਮੱਸਿਆ ਰਹਿੰਦੀ ਹੈ। ਐਮਰਜੈਂਸੀ ਦੇ ਸਮੇਂ ਪਰੇਸ਼ਾਨੀ ਨਾ ਵਧੇ, ਇਸ ਲਈ ਬੈਗ ’ਚ ਐਸੀਡਿਟੀ ਜਾਂ ਪੇਟ ਨਾਲ ਜੁੜੀ ਸਮੱਸਿਆ ਲਈ ਵਰਤੀ ਜਾਣ ਵਾਲੀ ਦਵਾਈ ਰੱਖੀ ਜਾ ਸਕਦੀ ਹੈ।
ਓਆਰਐੱਸ
ਜੀਵਨਸ਼ੈਲੀ ਦੀਆਂ ਗ਼ਲਤ ਆਦਤਾਂ ਜਾਂ ਜ਼ਿਆਦਾ ਪਸੀਨਾ ਆਉਣ ਕਾਰਨ ਸਰੀਰ ’ਚ ਪਾਣੀ ਦੀ ਕਮੀ, ਚੱਕਰ ਆਉਣਾ ਤੇ ਕਮਜ਼ੋਰੀ ਮਹਿਸੂਸ ਹੋਣਾ ਆਮ ਸਮੱਸਿਆ ਹੈ। ਅਜਿਹੀ ਸਥਿਤੀ ’ਚ ਸਰੀਰ ’ਚ ਪਾਣੀ ਤੇ ਇਲੈਕਟ੍ਰੋਲਾਈਟਸ ਦੀ ਕਮੀ ਪੂਰੀ ਕਰਨ ਲਈ ਓਆਰਐਸ ਮਦਦਗਾਰ ਹੋ ਸਕਦਾ ਹੈ।
ਬੈਂਡੇਜ ਤੇ ਬੈਂਡ-ਏਡ
ਸਫ਼ਰ ਦੌਰਾਨ ਛੋਟੀ-ਮੋਟੀ ਸੱਟ ਜਾਂ ਜ਼ਖ਼ਮ ਨੂੰ ਵਧਣ ਤੋਂ ਰੋਕਣ ਲਈ ਬੈਗ ’ਚ ਬੈਂਡੇਜ ਤੇ ਬੈਂਡ-ਏਡ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ, ਗੌਜ਼ ਪੈਡ ਰੱਖਣਾ ਵੀ ਕਾਫ਼ੀ ਕੰਮ ਆ ਸਕਦਾ ਹੈ।
ਓਇੰਟਮੈਂਟਸ
ਸਰੀਰ ਦੇ ਕਿਸੇ ਹਿੱਸੇ, ਖ਼ਾਸ ਕਰਕੇ ਗਰਦਨ, ਮੋਢਿਆਂ ਜਾਂ ਹੱਥ-ਪੈਰਾਂ ’ਚ ਦਰਦ ਤੋਂ ਰਾਹਤ ਲਈ ਬੈਗ ’ਚ ਓਇੰਟਮੈਂਟ ਦੇ ਨਾਲ ਜੈੱਲ ਜਾਂ ਸਪਰੇਅ ਰੱਖਣਾ ਵੀ ਸਮਝਦਾਰੀ ਹੈ। ਇਸ ਦੀ ਵਰਤੋਂ ਹਮੇਸ਼ਾ ਨਿਰਦੇਸ਼ਾਂ ਅਨੁਸਾਰ ਕਰੋ।
ਬਰਨੋਲ
ਜੇਕਰ ਕਿਸੇ ਕਾਰਨ ਚਮੜੀ ਸੜ ਜਾਵੇ ਜਾਂ ਝੁਲਸ ਜਾਵੇ ਤਾਂ ਫ਼ਸਟ-ਏਡ ਲਈ ਇੱਕ ਛੋਟੀ ਟਿਊਬ ਬਰਨੋਲ ਦੀ ਵੀ ਰੱਖੀ ਜਾ ਸਕਦੀ ਹੈ। ਹਾਲਾਂਕਿ ਗੰਭੀਰ ਸੜਨ ਦੀ ਸਥਿਤੀ ’ਚ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।