ਹਰ 7 ’ਚੋਂ 1 ਅੱਲੜ ਮਾਨਸਿਕ ਸਮੱਸਿਆ ਨਾਲ ਜੂਝ ਰਿਹਾ, ਬੱਚਿਆਂ ’ਚ ਐਂਜਾਇਟੀ ਦੇ ਇਨ੍ਹਾਂ ਲੱਛਣਾਂ ਤੋਂ ਕਰੋ ਪਛਾਣ
ਅੱਲੜਾਂ ’ਚ ਐਂਜਾਇਟੀ (ਚਿੰਤਾ) ਇੱਕ ਆਮ ਸਮੱਸਿਆ ਹੈ। ਪੜ੍ਹਾਈ ਦਾ ਦਬਾਅ ਤੇ ਸੋਸ਼ਲ ਮੀਡੀਆ ਇਸ ਦੇ ਵੱਡੇ ਕਾਰਨਾਂ ’ਚ ਸ਼ਾਮਲ ਹਨ।
Publish Date: Fri, 09 Oct 2026 01:43 PM (IST)
Updated Date: Fri, 09 Oct 2026 01:46 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਵਿਸ਼ਵ ਸਿਹਤ ਸੰਗਠਨ (WHO) ਦੇ ਅੰਕੜਿਆਂ ਮੁਤਾਬਕ, ਹਰ ਸੱਤ ’ਚੋਂ ਇੱਕ ਕਿਸ਼ੋਰ ਕਿਸੇ ਨਾ ਕਿਸੇ ਮਾਨਸਿਕ ਵਿਕਾਰ ਨਾਲ ਜੂਝ ਰਿਹਾ ਹੈ। ਇਨ੍ਹਾਂ ’ਚ ਐਂਜਾਇਟੀ ਇੱਕ ਆਮ ਸਮੱਸਿਆ ਹੈ। ਪੜ੍ਹਾਈ ਦਾ ਤਣਾਅ, ਸੋਸ਼ਲ ਮੀਡੀਆ ਦਾ ਦਬਾਅ ਤੇ ਭਵਿੱਖ ਨੂੰ ਲੈ ਕੇ ਚਿੰਤਾਵਾਂ ਅਕਸਰ ਕਿਸ਼ੋਰਾਂ ਦੀ ਮਾਨਸਿਕ ਸਿਹਤ ’ਤੇ ਅਸਰ ਪਾਉਂਦੀਆਂ ਹਨ।
ਇਸ ਲਈ ਐਂਜਾਇਟੀ ਦੇ ਲੱਛਣਾਂ ਦੀ ਸਮੇਂ ਸਿਰ ਪਛਾਣ ਕਰਨੀ ਜ਼ਰੂਰੀ ਹੈ। ਜੇਕਰ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ, ਤਾਂ ਇਹ ਬੱਚਿਆਂ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ। ਆਓ ਜਾਣਦੇ ਹਾਂ ਕਿ ਐਂਜਾਇਟੀ ਦੇ ਲੱਛਣ ਕਿਹੋ ਜਿਹੇ ਹੁੰਦੇ ਹਨ ਤੇ ਇਸ ਨੂੰ ਕਾਬੂ ਕਰਨ ਲਈ ਕੀ ਕੀਤਾ ਜਾ ਸਕਦਾ ਹੈ।
ਕਿਹੋ ਜਿਹੇ ਹੁੰਦੇ ਹਨ ਐਂਜਾਇਟੀ ਦੇ ਲੱਛਣ? ਐਂਜਾਇਟੀ ਸਿਰਫ਼ ਦਿਮਾਗ਼ ਤੱਕ ਸੀਮਤ ਨਹੀਂ ਰਹਿੰਦੀ। ਇਸ ਦੇ ਲੱਛਣ ਸਰੀਰਕ, ਮਾਨਸਿਕ ਤੇ ਵਿਹਾਰਕ ਰੂਪ ’ਚ ਵੀ ਸਾਹਮਣੇ ਆ ਸਕਦੇ ਹਨ।
ਸਰੀਰਕ ਲੱਛਣ: ਦਿਲ ਦੀ ਧੜਕਣ ਤੇਜ਼ ਹੋਣਾ, ਸਿਰਦਰਦ, ਚੱਕਰ ਆਉਣਾ, ਸਾਹ ਲੈਣ ’ਚ ਮੁਸ਼ਕਲ, ਭੁੱਖ ਨਾ ਲੱਗਣਾ, ਉਲਟੀਆਂ, ਦਸਤ ਜਾਂ ਕਬਜ਼, ਬਹੁਤ ਜ਼ਿਆਦਾ ਪਸੀਨਾ ਆਉਣਾ, ਹੱਥਾਂ-ਪੈਰਾਂ ਦਾ ਕੰਬਣਾ, ਛਾਤੀ ’ਚ ਦਰਦ ਜਾਂ ਘੁਟਣ ਮਹਿਸੂਸ ਹੋਣਾ ਐਂਜਾਇਟੀ ਦੇ ਸਰੀਰਕ ਲੱਛਣ ਹੋ ਸਕਦੇ ਹਨ।
ਮਾਨਸਿਕ ਲੱਛਣ: ਬੇਚੈਨੀ ਮਹਿਸੂਸ ਹੋਣਾ, ਬਹੁਤ ਜ਼ਿਆਦਾ ਤਣਾਅ, ਬੀਤੀਆਂ ਗੱਲਾਂ ਜਾਂ ਭਵਿੱਖ ਬਾਰੇ ਲਗਾਤਾਰ ਸੋਚਦੇ ਰਹਿਣਾ, ਧਿਆਨ ਕੇਂਦਰਿਤ ਕਰਨ ’ਚ ਮੁਸ਼ਕਲ, ਰਾਤ ਨੂੰ ਨੀਂਦ ਨਾ ਆਉਣਾ, ਡਰ ਲੱਗਣਾ, ਰੋਣ ਨੂੰ ਦਿਲ ਕਰਨਾ ਜਾਂ ਪੁਰਾਣੇ ਦੁਖਦਾਈ ਪਲ ਵਾਰ-ਵਾਰ ਯਾਦ ਆਉਣਾ ਐਂਜਾਇਟੀ ਦੇ ਮਾਨਸਿਕ ਲੱਛਣ ਹੋ ਸਕਦੇ ਹਨ।
ਵਿਹਾਰ ’ਚ ਬਦਲਾਅ: ਐਂਜਾਇਟੀ ਕਾਰਨ ਵਿਹਾਰ ’ਚ ਵੀ ਤਬਦੀਲੀ ਆ ਸਕਦੀ ਹੈ। ਉਦਾਹਰਨ ਵਜੋਂ, ਕੁਝ ਖ਼ਾਸ ਚੀਜ਼ਾਂ ਜਾਂ ਥਾਵਾਂ ਤੋਂ ਦੂਰੀ ਬਣਾਉਣਾ, ਨਵੀਆਂ ਚੀਜ਼ਾਂ ਅਜ਼ਮਾਉਣ ਤੋਂ ਡਰਨਾ, ਦੋਸਤਾਂ ਜਾਂ ਪਰਿਵਾਰ ਤੋਂ ਦੂਰ ਰਹਿਣਾ ਤੇ ਇੱਕੋ ਕੰਮ ਨੂੰ ਵਾਰ-ਵਾਰ ਦੁਹਰਾਉਣਾ ਇਸ ਦੇ ਸੰਕੇਤ ਹੋ ਸਕਦੇ ਹਨ। ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਐਂਜਾਇਟੀ ਨੂੰ ਕਾਬੂ ਕਿਵੇਂ ਕਰੀਏ? ਭਰੋਸੇਯੋਗ ਵਿਅਕਤੀ ਨਾਲ ਗੱਲ ਕਰੋ: ਐਂਜਾਇਟੀ ਮਹਿਸੂਸ ਹੋਣ ’ਤੇ ਆਪਣੇ ਕਿਸੇ ਭਰੋਸੇਯੋਗ ਦੋਸਤ, ਪਰਿਵਾਰਕ ਮੈਂਬਰ ਜਾਂ ਕਾਊਂਸਲਰ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰੋ।
ਸਰੀਰਕ ਗਤੀਵਿਧੀਆਂ ਕਰੋ: ਕਸਰਤ ਤੇ ਸਰੀਰਕ ਸਰਗਰਮੀ ਐਂਜਾਇਟੀ ਨੂੰ ਕਾਬੂ ਕਰਨ ’ਚ ਮਦਦ ਕਰ ਸਕਦੀਆਂ ਹਨ। ਇਸ ਲਈ ਦੌੜਨ, ਸੈਰ ਕਰਨ ਜਾਂ ਤੈਰਾਕੀ ਵਰਗੀਆਂ ਗਤੀਵਿਧੀਆਂ ਨੂੰ ਰੋਜ਼ਾਨਾ ਦੀ ਰੁਟੀਨ ’ਚ ਸ਼ਾਮਲ ਕਰੋ।
ਡੂੰਘੇ ਸਾਹ ਲੈਣ ਤੇ ਧਿਆਨ ਦਾ ਅਭਿਆਸ ਕਰੋ: ਡੀਪ ਬ੍ਰੀਦਿੰਗ ਤੇ ਮੈਡੀਟੇਸ਼ਨ ਵੀ ਚਿੰਤਾ ਘਟਾਉਣ ’ਚ ਮਦਦਗਾਰ ਹੋ ਸਕਦੇ ਹਨ।
ਇੱਕੋ ਸਮੇਂ ਬਹੁਤ ਸਾਰੇ ਕੰਮ ਨਾ ਕਰੋ: ਕੰਮਾਂ ਨੂੰ ਤਰਜੀਹ ਦੇ ਕੇ ਇੱਕ-ਇੱਕ ਕਰਕੇ ਪੂਰਾ ਕਰਨ ਦੀ ਕੋਸ਼ਿਸ਼ ਕਰੋ।
ਨਸ਼ੀਲੇ ਪਦਾਰਥਾਂ ਤੋਂ ਦੂਰ ਰਹੋ: ਸਿਗਰਟ, ਸ਼ਰਾਬ ਤੇ ਨਸ਼ਿਆਂ ਦੀ ਵਰਤੋਂ ਤੋਂ ਬਚੋ।
ਚਾਹ-ਕੌਫ਼ੀ ਸੀਮਤ ਮਾਤਰਾ ’ਚ ਪੀਓ: ਕੈਫੀਨ ਦੀ ਜ਼ਿਆਦਾ ਮਾਤਰਾ ਕੁਝ ਲੋਕਾਂ ’ਚ ਬੇਚੈਨੀ ਵਧਾ ਸਕਦੀ ਹੈ।
ਲਗਾਤਾਰ ਸੋਚਦੇ ਰਹਿਣ ਤੋਂ ਬਚੋ: ਕਿਸੇ ਗੱਲ ਨੂੰ ਲੈ ਕੇ ਵਾਰ-ਵਾਰ ਸੋਚਣ ਦੀ ਬਜਾਏ ਆਪਣਾ ਧਿਆਨ ਹੋਰ ਸਕਾਰਾਤਮਕ ਗਤੀਵਿਧੀਆਂ ਵੱਲ ਲਗਾਓ।
ਜੇਕਰ ਲੱਛਣ ਲਗਾਤਾਰ ਬਣੇ ਰਹਿਣ ਜਾਂ ਪੜ੍ਹਾਈ, ਨੀਂਦ ਤੇ ਰੋਜ਼ਾਨਾ ਦੀ ਜ਼ਿੰਦਗੀ ’ਤੇ ਅਸਰ ਪਾਉਣ, ਤਾਂ ਮਾਨਸਿਕ ਸਿਹਤ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ।
ਸਰੋਤ: ਨੈਸ਼ਨਲ ਹੈਲਥ ਸਰਵਿਸ (NHS)