ਕਰਨ ਔਜਲਾ ਦੇ ਆਸਟ੍ਰੇਲੀਆ ਟੂਰ ਨੂੰ ਵੀਜ਼ੇ ਦਾ ਅੜਿੱਕਾ, ਪਰਥ ਸ਼ੋਅ ਮੁਲਤਵੀ; ਵੀਜ਼ਾ ਮਨਜ਼ੂਰੀ ਦੀ ਉਡੀਕ ’ਚ ਔਜਲਾ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਕਰਨ ਔਜਲਾ ਦੇ ਆਸਟ੍ਰੇਲੀਅਨ ਟੂਰ ਨੂੰ ਲੈ ਕੇ ਵੀਜ਼ਾ ਸਬੰਧੀ ਪੇਚ ਪੈ ਗਿਆ ਹੈ। ਆਸਟ੍ਰੇਲੀਆਈ ਵੀਜ਼ੇ ਦੀ ਮਨਜ਼ੂਰੀ ਵਿੱਚ ਹੋ ਰਹੀ ਦੇਰੀ ਕਾਰਨ 13 ਅਗਸਤ ਨੂੰ ਪਰਥ ਵਿੱਚ ਹੋਣ ਵਾਲਾ ਉਸਦਾ ਸੰਗੀਤਕ ਸ਼ੋਅ ਹੁਣ 24 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਔਜਲਾ ਨੇ Instagram Story ਰਾਹੀਂ ਖੁਦ ਇਸ ਬਾਰੇ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ।
Publish Date: Wed, 12 Aug 2026 03:26 PM (IST)
Updated Date: Wed, 12 Aug 2026 03:27 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਪੰਜਾਬੀ ਜਾਗਰਣ, ਮੈਲਬੌਰਨ : ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਕਰਨ ਔਜਲਾ ਦੇ ਆਸਟ੍ਰੇਲੀਅਨ ਟੂਰ ਨੂੰ ਲੈ ਕੇ ਵੀਜ਼ਾ ਸਬੰਧੀ ਪੇਚ ਪੈ ਗਿਆ ਹੈ। ਆਸਟ੍ਰੇਲੀਆਈ ਵੀਜ਼ੇ ਦੀ ਮਨਜ਼ੂਰੀ ਵਿੱਚ ਹੋ ਰਹੀ ਦੇਰੀ ਕਾਰਨ 13 ਅਗਸਤ ਨੂੰ ਪਰਥ ਵਿੱਚ ਹੋਣ ਵਾਲਾ ਉਸਦਾ ਸੰਗੀਤਕ ਸ਼ੋਅ ਹੁਣ 24 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਔਜਲਾ ਨੇ Instagram Story ਰਾਹੀਂ ਖੁਦ ਇਸ ਬਾਰੇ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ।
ਸਥਾਨਕ ਮੀਡੀਆ ਰਿਪੋਰਟ ਮੁਤਾਬਕ ਇਸ ਦੇਰੀ ਪਿੱਛੇ ਪਛਾਣ ਸਬੰਧੀ ਉਲਝਣ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਕਰਨ ਔਜਲਾ ਦਾ ਪੂਰਾ ਨਾਮ ਜਸਕਰਨ ਸਿੰਘ ਔਜਲਾ ਹੈ ਜਦਕਿ ਕੈਨੇਡਾ ਵਿੱਚ ਮਈ 2024 ਦੌਰਾਨ ਕਥਿਤ ਅਪਰਾਧਿਕ ਗਤੀਵਿਧੀਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਇੱਕ ਹੋਰ ਵਿਅਕਤੀ ਦਾ ਨਾਮ ਵੀ ਜਸਕਰਨ ਸਿੰਘ ਸੀ। ਰਿਪੋਰਟ ਮੁਤਾਬਕ ਇੱਕੋ ਜਿਹੇ ਨਾਮ ਕਾਰਨ ਆਸਟ੍ਰੇਲੀਆਈ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਔਜਲਾ ਤੋਂ ਵਾਧੂ ਜਾਣਕਾਰੀ ਤੇ ਸਬੂਤ ਮੰਗੇ ਗਏ ਹਨ। ਫਿਲਹਾਲ ਔਜਲਾ ਦੀ ਵੀਜ਼ਾ ਅਰਜ਼ੀ ਹੋਰ ਕਾਗਜ਼ੀ ਕਾਰਵਾਈ ਪੂਰੀ ਹੋਣ ਦੀ ਉਡੀਕ ਵਿੱਚ ਹੈ। ਹਾਲਾਂਕਿ ਕਰਨ ਔਜਲਾ ਅਤੇ ਕੈਨੇਡਾ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਵਿਚਕਾਰ ਕੋਈ ਸਿੱਧਾ ਸਬੰਧ ਸਾਹਮਣੇ ਨਹੀਂ ਆਇਆ ਅਤੇ ਦੋਵਾਂ ਦੀ ਉਮਰ ਵੀ ਵੱਖਰੀ ਦੱਸੀ ਗਈ ਹੈ।
ਦਿਲਚਸਪ ਗੱਲ ਇਹ ਵੀ ਹੈ ਕਿ ਕਰਨ ਔਜਲਾ 2024 ਵਿੱਚ ਆਸਟ੍ਰੇਲੀਆ ਦਾ ਟੂਰ ਕਰ ਚੁੱਕਾ ਹੈ ਅਤੇ ਉਸ ਸਮੇਂ ਉਸਨੂੰ ਵੀਜ਼ਾ ਮਿਲ ਗਿਆ ਸੀ। ਰਿਪੋਰਟ ਮੁਤਾਬਕ ਇਹ ਵੀਜ਼ਾ ਕੈਨੇਡਾ ਵਿੱਚ ਦੂਜੇ ਜਸਕਰਨ ਸਿੰਘ ਦੀ ਗ੍ਰਿਫ਼ਤਾਰੀ ਤੋਂ ਕੁਝ ਮਹੀਨੇ ਬਾਅਦ ਹੀ ਜਾਰੀ ਹੋਇਆ ਸੀ। ਔਜਲਾ ਨੇ ਉਮੀਦ ਜਤਾਈ ਹੈ ਕਿ ਵੀਜ਼ਾ ਮਾਮਲਾ ਜਲਦੀ ਹੱਲ ਹੋ ਜਾਵੇਗਾ ਅਤੇ ਪ੍ਰਸ਼ੰਸਕਾਂ ਨੂੰ ਜਲਦ ਮਿਲਣ ਦਾ ਵਾਅਦਾ ਕੀਤਾ ਹੈ!ਹੁਣ ਨਜ਼ਰ 16 ਅਗਸਤ ਦੇ ਐਡੀਲੇਡ ਸ਼ੋਅ ’ਤੇ ਹੈ ਜਦਕਿ ਮੈਲਬੌਰਨ ਦੇ Rod Laver Arena ਵਿੱਚ ਵੀ 18 ਅਤੇ 19 ਅਗਸਤ ਨੂੰ ਵੀ ਉਸਦੇ ਸ਼ੋਅ ਤੈਅ ਹਨ। ਫਿਲਹਾਲ Perth ਦਾ ਸ਼ੋਅ ਰੱਦ ਨਹੀਂ ਹੋਇਆ ਸਗੋਂ 24 ਅਗਸਤ ਲਈ ਮੁੜ ਤੈਅ ਕੀਤਾ ਗਿਆ ਹੈ