'ਹਰ ਰੋਜ਼ ਖੁਦ ਨੂੰ ਸਾਬਤ ਕਰਨਾ ਪੈਂਦਾ...': ਬਾਕਸ ਆਫਿਸ ਕਲੈਕਸ਼ਨ 'ਤੇ ਬੋਲੀ ਸ਼ਹਿਨਾਜ਼ ਗਿੱਲ; 'ਸਿੰਘ ਵਰਸਿਜ਼ ਕੌਰ 2' 'ਚ ਧਮਾਕੇਦਾਰ ਵਾਪਸੀ ਦਰਸ਼ਕ ਤੁਹਾਡੇ ਲਈ ਸਿਨੇਮਾਘਰਾਂ ਤੱਕ ਆ ਰਹੇ ਹਨ ਤਾਂ ਉਨ੍ਹਾਂ ਦਾ ਸਨਮਾਨ ਕਰਨਾ ਜ਼ਰੂਰੀ ਹੈ। ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਮੰਨਣਾ ਹੈ ਕਿ ਦਰਸ਼ਕਾਂ ਦੀ ਪ੍ਰਤੀਕਿਰਿਆ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
Publish Date: Fri, 11 Sep 2026 04:34 PM (IST)
Updated Date: Fri, 11 Sep 2026 04:35 PM (IST)
ਜਾਗਰਣ ਨਿਊਜ਼ ਨੈੱਟਵਰਕ, ਮੁੰਬਈ - ਦਰਸ਼ਕ ਤੁਹਾਡੇ ਲਈ ਸਿਨੇਮਾਘਰਾਂ ਤੱਕ ਆ ਰਹੇ ਹਨ ਤਾਂ ਉਨ੍ਹਾਂ ਦਾ ਸਨਮਾਨ ਕਰਨਾ ਜ਼ਰੂਰੀ ਹੈ। ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਮੰਨਣਾ ਹੈ ਕਿ ਦਰਸ਼ਕਾਂ ਦੀ ਪ੍ਰਤੀਕਿਰਿਆ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
'ਕਈ ਵਾਰ ਬਾਅਦ 'ਚ ਪਤਾ ਲੱਗਦਾ ਹੈ ਕਿ ਫ਼ਿਲਮ ਚੰਗੀ ਸੀ' ਹਾਲ ਹੀ 'ਚ ਪੰਜਾਬੀ ਫ਼ਿਲਮ ‘ਸਿੰਘ ਵਰਸਿਜ਼ ਕੌਰ 2’ 'ਚ ਨਜ਼ਰ ਆਈ ਸ਼ਹਿਨਾਜ਼ ਗਿੱਲ ਕਹਿੰਦੀ ਹੈ ਕਿ ਬਾਕਸ ਆਫਿਸ ’ਤੇ ਕਈ ਵਾਰ ਕੁਝ ਕੰਟੈਂਟ ਚੰਗਾ ਹੁੰਦਾ ਹੈ, ਪਰ ਉਹ ਦਰਸ਼ਕਾਂ ਨਾਲ ਜੁੜ ਨਹੀਂ ਪਾਉਂਦਾ। ਹਾਲਾਂਕਿ ਕਈ ਵਾਰ ਬਾਅਦ 'ਚ ਅਹਿਸਾਸ ਹੁੰਦਾ ਹੈ ਕਿ ਫ਼ਿਲਮ ਚੰਗੀ ਸੀ। ਉਨ੍ਹਾਂ ਕਿਹਾ ਕਿ ਹਰ ਕੋਈ ਚੰਗਾ ਕੰਟੈਂਟ ਬਣਾਉਣਾ ਚਾਹੁੰਦਾ ਹੈ। ਕਿਸੇ ਦਾ ਵੀ ਮਨ ਨਹੀਂ ਕਰਦਾ ਕਿ ਸਵੇਰੇ ਉੱਠ ਕੇ ਸ਼ੂਟਿੰਗ ਲਈ ਸੈੱਟ ’ਤੇ ਜਾਵੇ, ਆਪਣਾ ਸਮਾਂ ਦੇਵੇ। ਸਾਰੇ ਇਸੇ ਲਈ ਇਕੱਠੇ ਹੁੰਦੇ ਹਨ ਕਿ ਕੁਝ ਚੰਗਾ ਬਣਾਇਆ ਜਾਵੇ।
‘ਫ਼ਿਲਮ ਨਹੀਂ ਚੱਲੀ ਤਾਂ ਕੁਝ ਨਵਾਂ ਕਰੋ’ ਸ਼ਹਿਨਾਜ਼ ਗਿੱਲ ਨੇ ਅੱਗੇ ਕਿਹਾ, “ਬਾਕਸ ਆਫਿਸ ’ਤੇ ਹਿੱਟ ਜਾਂ ਫਲਾਪ ਹੋਣਾ ਮਾਇਨੇ ਨਹੀਂ ਰੱਖਦਾ, ਚੰਗਾ ਕੰਮ ਕਰਨਾ ਮਾਇਨੇ ਰੱਖਦਾ ਹੈ। ਜੇ ਫ਼ਿਲਮ ਨਹੀਂ ਚੱਲੀ ਤਾਂ ਕੋਈ ਗੱਲ ਨਹੀਂ, ਕੁਝ ਨਵਾਂ ਕਰੋ ਅਤੇ ਅੱਗੇ ਵਧੋ। ਇੱਕ ਫ਼ਿਲਮ ਦਾ ਤਣਾਅ ਲੈ ਕੇ ਬੈਠੇ ਰਹਿਣ ਦਾ ਕੋਈ ਫਾਇਦਾ ਨਹੀਂ।”
ਉਨ੍ਹਾਂ ਕਿਹਾ ਕਿ ਹਰ ਰੋਜ਼ ਖੁਦ ਨੂੰ ਸਾਬਤ ਕਰਨਾ ਪੈਂਦਾ ਹੈ, ਫਿਰ ਚਾਹੇ ਉਹ ਸਿਨੇਮਾ ਹੋਵੇ, ਜ਼ਿੰਦਗੀ ਹੋਵੇ ਜਾਂ ਆਪਣੇ ਪਰਿਵਾਰ ਵਾਲਿਆਂ ਦੇ ਸਾਹਮਣੇ। ਇਹੀ ਸਾਡੀ ਜ਼ਿੰਦਗੀ ਹੈ। ਕੰਮ ਕਰਨਾ ਕਦੇ ਨਾ ਛੱਡੋ। ਜੇ ਦਰਸ਼ਕਾਂ ਨੂੰ ਫ਼ਿਲਮ ਪਸੰਦ ਨਹੀਂ ਆਈ ਤਾਂ ਕੋਈ ਗੱਲ ਨਹੀਂ, ਅਗਲਾ ਕੰਮ ਅਜਿਹਾ ਕਰੋ ਜੋ ਉਨ੍ਹਾਂ ਨੂੰ ਪਸੰਦ ਆਵੇ।
‘ਦਰਸ਼ਕ ਸਿਨੇਮਾਘਰ ਤੱਕ ਆ ਰਹੇ ਹਨ, ਇਹ ਵੱਡੀ ਗੱਲ ਹੈ’ ਸ਼ਹਿਨਾਜ਼ ਨੇ ਕਿਹਾ ਕਿ ਜੇ ਕਿਸੇ ਫ਼ਿਲਮ ਨੂੰ ਨਫ਼ਰਤ ਮਿਲੀ ਹੈ ਤਾਂ ਅੱਗੇ ਖੁਦ ਨੂੰ ਸਾਬਤ ਕਰੋ। ਦਰਸ਼ਕ ਟਿਕਟ ’ਤੇ ਪੈਸੇ ਖਰਚ ਕਰਦੇ ਹਨ, ਇਸ ਲਈ ਉਹ ਇਮਾਨਦਾਰ ਸਮੀਖਿਆ ਹੀ ਦੇਣਗੇ। ਉਹ ਤੁਹਾਡੇ ਲਈ ਸਿਨੇਮਾਘਰ ਤੱਕ ਆ ਰਹੇ ਹਨ, ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ।
ਹਿੰਦੀ ਜਾਂ ਪੰਜਾਬੀ ਫ਼ਿਲਮਾਂ 'ਚ ਕੰਮ ਕਰਨ ਬਾਰੇ ਸ਼ਹਿਨਾਜ਼ ਨੇ ਕਿਹਾ ਕਿ ਭਾਸ਼ਾ ਕੋਈ ਵੀ ਹੋਵੇ, ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ, ਪਰ ਉਹ ਪ੍ਰਭਾਵਸ਼ਾਲੀ ਕਿਰਦਾਰ ਨਿਭਾਉਣਾ ਚਾਹੁੰਦੀ ਹੈ। ਕਹਾਣੀ ਅਜਿਹੀ ਹੋਵੇ ਜੋ ਉਨ੍ਹਾਂ ਦੇ ਕਿਰਦਾਰ ਦੀ ਵਜ੍ਹਾ ਨਾਲ ਅੱਗੇ ਵਧੇ ਅਤੇ ਦਰਸ਼ਕ ਉਸ ਕਿਰਦਾਰ ਨੂੰ ਯਾਦ ਰੱਖਣ। ਭਾਵੇਂ ਭੂਮਿਕਾ ਸਿਰਫ਼ ਦੋ ਮਿੰਟ ਦੀ ਹੀ ਕਿਉਂ ਨਾ ਹੋਵੇ, ਉਹ ਹਰ ਤਰ੍ਹਾਂ ਦੇ ਰੋਲ ਦਾ ਸਵਾਗਤ ਕਰਦੀ ਹੈ।