ਬੋਰਵੈੱਲ ਹਾਦਸਾ : 4 ਸਾਲਾ ਨਿਰਵੈਰ ਦੀ ਮੌਤ 'ਤੇ ਟੁੱਟਿਆ ਗਾਇਕ ਰੇਸ਼ਮ ਸਿੰਘ ਅਨਮੋਲ ਦਾ ਦਿਲ, ਭਾਵੁਕ ਹੁੰਦਿਆਂ ਹੱਥ ਜੋੜ ਸਾਂਝੀ ਕੀਤੀ ਇਹ ਪੋਸਟ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਧਨੌਰਾ 'ਚ ਖੁੱਲ੍ਹੇ ਬੋਰਵੈੱਲ 'ਚ ਡਿੱਗੇ ਚਾਰ ਸਾਲ ਦੇ ਮਾਸੂਮ ਬੱਚੇ ਨੂੰ ਬਚਾਉਣ ਲਈ ਕਰੀਬ 19 ਘੰਟੇ ਚੱਲਿਆ ਬਚਾਅ ਕਾਰਜ ਆਖ਼ਰਕਾਰ ਦੁਖਦਾਈ ਅੰਤ ਨਾਲ ਖ਼ਤਮ ਹੋਇਆ। ਬੱਚੇ ਨੂੰ ਬੋਰਵੈੱਲ 'ਚੋਂ ਬਾਹਰ ਕੱਢ ਕੇ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
Publish Date: Wed, 01 Jul 2026 04:27 PM (IST)
Updated Date: Wed, 01 Jul 2026 04:29 PM (IST)
ਸੁਨੀਤਾ, ਜਲੰਧਰ/ਅੰਬਾਲਾ - ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਧਨੌਰਾ 'ਚ ਖੁੱਲ੍ਹੇ ਬੋਰਵੈੱਲ 'ਚ ਡਿੱਗੇ ਚਾਰ ਸਾਲ ਦੇ ਮਾਸੂਮ ਬੱਚੇ ਨੂੰ ਬਚਾਉਣ ਲਈ ਕਰੀਬ 19 ਘੰਟੇ ਚੱਲਿਆ ਬਚਾਅ ਕਾਰਜ ਆਖ਼ਰਕਾਰ ਦੁਖਦਾਈ ਅੰਤ ਨਾਲ ਖ਼ਤਮ ਹੋਇਆ। ਬੱਚੇ ਨੂੰ ਬੋਰਵੈੱਲ 'ਚੋਂ ਬਾਹਰ ਕੱਢ ਕੇ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਉਥੇ ਹੀ ਪੰਜਾਬ ਦੇ ਹੋਣਹਾਰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦਿਆਂ ਰੇਸ਼ਮ ਸਿੰਘ ਅਨਮੋਲ ਨੇ ਲਿਖਿਆ- ''ਜ਼ਿੰਦਗੀ ਦੀ ਜੰਗ ਹਾਰਿਆ ਨਿਰਵੈਰ ! ਬਹੁਤ ਹੀ ਦੁੱਖਦਾਇਕ ਖ਼ਬਰ ਹੈ। ਮੇਰੀ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਕਿ ਜਿਨਾਂ ਨੇ ਵੀ ਬੋਰ ਖੁੱਲੇ ਛੱਡੇ ਹੋਏ ਹਨ, ਉਨ੍ਹਾਂ ਨੂੰ ਜ਼ਰੂਰ ਢੱਕ ਕੇ ਰੱਖਿਆ ਜਾਵੇ ਜਾਂ ਉਨ੍ਹਾਂ ਨੂੰ ਪੂਰ ਦਿੱਤਾ ਜਾਵੇ। ਇੱਕ ਛੋਟੀ ਜਿਹੀ ਗਲਤੀ ਕਾਰਨ ਇੱਕ ਮਸੂਮ ਦੀ ਬਹੁਤ ਹੀ ਕੀਮਤੀ ਜਾਨ ਚਲੀ ਗਈ ਹੈ।'' ਇਸ ਦੇ ਨਾਲ ਹੀ ਉਨ੍ਹਾਂ ਨੇ ਹੱਥ ਜੋੜਦਿਆਂ ਦੀ ਇਮੋਜ਼ੀ ਵੀ ਸਾਂਝੀ ਕੀਤੀ ਹੈ।
ਮੰਗਲਵਾਰ ਤੜਕਸਾਰ ਹੋਇਆ ਹਾਦਸਾ
ਦੱਸ ਦਈਏ ਕਿ ਮੰਗਲਵਾਰ ਤੜਕਸਾਰ ਹੋਏ ਇਸ ਹਾਦਸੇ ਤੋਂ ਬਾਅਦ ਬੱਚੇ ਨੂੰ ਬਚਾਉਣ ਲਈ ਭਾਰਤੀ ਫ਼ੌਜ, ਰਾਸ਼ਟਰੀ ਆਫ਼ਤ ਮੈਨੇਜਮੈਂਟ ਫੋਰਸ, ਸਟੇਟ ਆਫ਼ਤ ਮੈਨੇਜਮੈਂਟ ਫੋਰਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਂਝੇ ਤੌਰ 'ਤੇ ਮੁਹਿੰਮ ਚਲਾਈ। ਬਚਾਅ ਕਾਰਜ ਦੌਰਾਨ ਟੀਮਾਂ ਨੂੰ ਕਈ ਤਕਨੀਕੀ ਅਤੇ ਕੁਦਰਤੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।
ਲਗਾਤਾਰ ਬਾਰਸ਼ ਨੇ ਵਧਾਈ ਮੁਸ਼ਕਲ
ਐੱਨ.ਡੀ.ਆਰ.ਐੱਫ. ਦੇ ਸਹਾਇਕ ਕਮਾਂਡੈਂਟ ਅਨਿਲ ਕੁਮਾਰ ਨੇ ਦੱਸਿਆ ਕਿ ਬੱਚਾ ਜਿਹੜੇ ਬੋਰਵੈੱਲ 'ਚ ਫਸਿਆ ਹੋਇਆ ਸੀ, ਉਸ 'ਚ ਕਰੀਬ 60 ਫੁੱਟ ਦੀ ਡੂੰਘਾਈ ਤੋਂ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ। ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਸੀ ਅਤੇ ਬੱਚਾ ਹੌਲੀ-ਹੌਲੀ ਹੇਠਾਂ ਵੱਲ ਖਿਸਕ ਰਿਹਾ ਸੀ। ਲਗਾਤਾਰ ਹੋ ਰਹੀ ਬਾਰਸ਼ ਅਤੇ ਗਿੱਲੀ ਮਿੱਟੀ ਕਾਰਨ ਕਈ ਵਾਰ ਬਚਾਅ ਮੁਹਿੰਮ ਨੂੰ ਰੋਕ ਕੇ ਦੁਬਾਰਾ ਸ਼ੁਰੂ ਕਰਨਾ ਪਿਆ, ਜਿਸ ਕਾਰਨ ਇਹ ਆਪ੍ਰੇਸ਼ਨ ਲੰਬਾ ਚੱਲਿਆ। ਉਨ੍ਹਾਂ ਕਿਹਾ ਕਿ ਆਖਰੀ ਪੜਾਅ 'ਚ ਵੀ ਬੱਚੇ 'ਚ ਜ਼ਿੰਦਗੀ ਦੇ ਕੋਈ ਸੰਕੇਤ ਦਿਖਾਈ ਨਹੀਂ ਦਿੱਤੇ। ਕਰੀਬ 19 ਘੰਟਿਆਂ ਦੀ ਲਗਾਤਾਰ ਜੱਦੋ-ਜਹਿਦ ਤੋਂ ਬਾਅਦ ਬਚਾਅ ਟੀਮ ਨੇ ਬੱਚੇ ਨੂੰ ਬਾਹਰ ਕੱਢਿਆ ਅਤੇ ਸਿਹਤ ਵਿਭਾਗ ਦੀ ਐਂਬੂਲੈਂਸ ਰਾਹੀਂ ਤੁਰੰਤ ਸਿਟੀ ਹਸਪਤਾਲ ਪਹੁੰਚਾਇਆ।
ਪ੍ਰਸ਼ਾਸਨ ਨੇ ਬੋਰਵੈੱਲ ਕੀਤਾ ਸੀਲ
ਸਿਟੀ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਰਿਸ਼ੀਪਾਲ ਨੇ ਦੱਸਿਆ ਕਿ ਬੱਚੇ ਨੂੰ ਬਾਹਰ ਕੱਢਦੇ ਹੀ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਹਸਪਤਾਲ 'ਚ ਈ.ਸੀ.ਜੀ. ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੱਚੇ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਮੁਰਦਾਘਰ ਭੇਜ ਦਿੱਤਾ ਗਿਆ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ। ਬਚਾਅ ਮੁਹਿੰਮ ਮੁਕੰਮਲ ਹੋਣ ਤੋਂ ਬਾਅਦ, ਪ੍ਰਸ਼ਾਸਨ ਨੇ ਪਿੰਡ ਧਨੌਰਾ ਸਥਿਤ ਉਸ ਖੁੱਲ੍ਹੇ ਬੋਰਵੈੱਲ ਨੂੰ ਪੱਕੇ ਤੌਰ 'ਤੇ ਬੰਦ ਕਰ ਦਿੱਤਾ, ਤਾਂ ਜੋ ਭਵਿੱਖ 'ਚ ਅਜਿਹਾ ਕੋਈ ਹੋਰ ਹਾਦਸਾ ਨਾ ਵਾਪਰ ਸਕੇ।