- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਤੇ ਗੀਤਕਾਰ ਅਰਜਨ ਢਿੱਲੋਂ ਅਤੇ ਚਰਚਿਤ ਨਿਰਦੇਸ਼ਕ ਤੇ ਸੰਗੀਤਕਾਰ ਕਰਨ ਮੱਲ੍ਹੀ ਦੀ ਸੁਪਰਹਿੱਟ ਜੋੜੀ ਨੇ ਆਪਣੇ ਨਵੇਂ ਪ੍ਰੋਜੈਕਟ "ਸੇਡ ਐਂਡ ਡਨ" ਨਾਲ ਅੰਤਰਰਾਸ਼ਟਰੀ ਪੱਧਰ 'ਤੇ ਤਹਿਲਕਾ ਮਚਾ ਦਿੱਤਾ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਤੇ ਗੀਤਕਾਰ ਅਰਜਨ ਢਿੱਲੋਂ ਅਤੇ ਚਰਚਿਤ ਨਿਰਦੇਸ਼ਕ ਤੇ ਸੰਗੀਤਕਾਰ ਕਰਨ ਮੱਲ੍ਹੀ ਦੀ ਸੁਪਰਹਿੱਟ ਜੋੜੀ ਨੇ ਆਪਣੇ ਨਵੇਂ ਪ੍ਰੋਜੈਕਟ "ਸੇਡ ਐਂਡ ਡਨ" ਨਾਲ ਅੰਤਰਰਾਸ਼ਟਰੀ ਪੱਧਰ 'ਤੇ ਤਹਿਲਕਾ ਮਚਾ ਦਿੱਤਾ ਹੈ। 'ਬਰਾਊਨ ਸਟੂਡੀਓ' ਦੇ ਬੈਨਰ ਹੇਠ ਹਰਵਿੰਦਰ ਸਿੱਧੂ ਵੱਲੋਂ ਪ੍ਰੋਡਿਊਸ ਕੀਤੇ ਗਏ ਇਸ ਵਿਸ਼ਵ-ਪੱਧਰੀ ਪ੍ਰੋਜੈਕਟ ਨੂੰ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਨੇ ਮਹਿਜ਼ ਤਿੰਨ ਦਿਨਾਂ ਦੇ ਅੰਦਰ ਦੇਖਣ ਵਾਲਿਆਂ ਦਾ ਵੱਡਾ ਅੰਕੜਾ ਪਾਰ ਕਰ ਲਿਆ ਹੈ।
ਅੰਤਰਰਾਸ਼ਟਰੀ ਪੱਧਰ ਦੀ ਮਿਕਸਿੰਗ, ਮਾਸਟਰਿੰਗ ਤੇ ਸਾਊਂਡ ਤਕਨੀਕ
ਇਸ ਪ੍ਰੋਜੈਕਟ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦੀ 'ਮਿਕਸਿੰਗ ਅਤੇ ਮਾਸਟਰਿੰਗ' ਦਾ ਉੱਚਾ ਮਿਆਰ ਹੈ। ਵਿਸ਼ਵ ਪ੍ਰਸਿੱਧ ਅੰਤਰਰਾਸ਼ਟਰੀ ਰੈਪਰਾਂ ਜਿਵੇਂ ਕਿ ਕੇਂਡ੍ਰਿਕ ਲੈਮਰ ਅਤੇ ਕਾਨਿਏ ਵੈਸਟ ਦੇ ਸੁਪਰਹਿੱਟ ਟਰੈਕਾਂ ਨੂੰ ਮਿਕਸ ਤੇ ਮਾਸਟਰ ਕਰਨ ਵਾਲੇ ਚਾਰ ਗ੍ਰੈਂਮੀਂ ਅਵਾਰਡ ਵਿਜੇਤਾ ਨਾਮੀ ਵਿਦੇਸ਼ੀ ਸਾਊਂਡ ਇੰਜੀਨੀਅਰਾਂ ਨੇ ਪਹਿਲੀ ਵਾਰ ਭਾਰਤ ਦੇ ਕਿਸੇ ਪ੍ਰੋਜੈਕਟ ਲਈ ਕੰਮ ਕੀਤਾ ਹੈ। ਇਹਨਾਂ ਅੰਤਰਰਾਸ਼ਟਰੀ ਕਲਾਕਾਰਾਂ ਦੀ ਤਕਨੀਕੀ ਮਹਾਰਤ ਨੇ ਇਸ ਗੀਤ ਦੇ ਸਾਊਂਡ ਲੈਵਲ ਨੂੰ ਗਲੋਬਲ ਲੈਵਲ 'ਤੇ ਪਹੁੰਚਾ ਦਿੱਤਾ ਹੈ।
ਨਿਰਦੇਸ਼ਨ ਤੋਂ ਬਾਅਦ ਸੰਗੀਤ ਵੱਲ ਕਰਨ ਮੱਲ੍ਹੀ ਦੀ ਨਵੀਂ ਪਾਰੀ
ਕੈਨੇਡਾ ਆਧਾਰਿਤ ਨਿਰਦੇਸ਼ਕ ਕਰਨ ਮੱਲ੍ਹੀ, ਜੋ ਕਿ ਪਹਿਲਾਂ ਵੀ ਕਰਨ ਔਜਲਾ ਦੇ ਚਰਚਿਤ ਗਾਣਿਆਂ 'ਵਿਨਿੰਗ ਸਪੀਚ' ਅਤੇ 'ਸੌਫਟਲੀ' ਸਮੇਤ ਦਿਲਜੀਤ ਦੋਸਾਂਝ ਦੀ ਇਤਿਹਾਸਕ ਕੋਚੈਲਾ ਪਰਫਾਰਮੈਂਸ ਨੂੰ ਡਾਕੂਮੈਂਟ ਕਰਨ ਵਰਗੇ ਵੱਡੇ ਪ੍ਰੋਜੈਕਟਾਂ ਦੀ ਡਾਇਰੈਕਸ਼ਨ ਕਰ ਚੁੱਕੇ ਹਨ, ਕਰਨ ਮੱਲੀ ਦਾ ਬਤੌਰ ਸੰਗੀਤਕਾਰ ਇਹ ਪਹਿਲਾ ਪ੍ਰੋਜੈਕਟ ਹੈ। ਉਹਨਾਂ ਦੁਆਰਾ ਤਿਆਰ ਕੀਤੀਆਂ ਗਈਆਂ ਧੁਨਾਂ ਅਤੇ ਨਵੀਨਤਮ ਬੀਟਸ ਨੇ ਸਰੋਤਿਆਂ ਨੂੰ ਮੋਹ ਲਿਆ ਹੈ।
ਮਨੀ ਮੱਲ੍ਹੀ ਦਾ ਸ਼ਾਨਦਾਰ ਵਿਜ਼ੂਅਲ ਡਾਇਰੈਕਸ਼ਨ ਤੇ ਅਤਿ-ਆਧੁਨਿਕ ਫਿਲਮਾਂਕਣ
ਇਸ ਗੀਤ ਵਿੱਚ ਅਰਜਨ ਢਿੱਲੋਂ ਬਿਲਕੁਲ ਨਵੇਂ ਅਤੇ ਵਿਲੱਖਣ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਸਟਾਈਲਿੰਗ 'ਡੇਵਿਡ ਬੇਵਿਲਜ਼' ਵੱਲੋਂ ਕੀਤੀ ਗਈ ਹੈ। ਵੀਡੀਓ ਨਿਰਦੇਸ਼ਕ ਮਨੀ ਮੱਲ੍ਹੀ ਨੇ ਅਤਿ-ਆਧੁਨਿਕ ਫਿਲਮਾਂਕਣ ਢੰਗਾਂ ਅਤੇ ਮਨਮੋਹਕ ਲੋਕੇਸ਼ਨਾਂ ਰਾਹੀਂ ਵੀਡੀਓ ਨੂੰ ਵਿਜ਼ੂਅਲ ਪੱਧਰ 'ਤੇ ਬੇਹੱਦ ਸ਼ਾਨਦਾਰ ਬਣਾਇਆ ਹੈ। ਮਣੀ ਮੱਲ੍ਹੀ ਪ੍ਰੋਜੈਕਟ ਮੈਨੇਜਮੈਂਟ, ਵਿਜ਼ੂਅਲ ਪਲੈਨਿੰਗ ਅਤੇ ਐਗਜ਼ੀਕਿਊਸ਼ਨ ਵਿੱਚ ਮਾਹਰ ਹਨ, ਜਿਨ੍ਹਾਂ ਨੇ ਪੂਰੀ ਪ੍ਰੋਡਕਸ਼ਨ ਟੀਮ ਨਾਲ ਮਿਲ ਕੇ ਵੀਡੀਓ ਨੂੰ ਅੰਤਰਰਾਸ਼ਟਰੀ ਫਿਨਿਸ਼ਿੰਗ ਦਿੱਤੀ ਹੈ। ਇਸ ਪ੍ਰੋਜੈਕਟ ਵਿੱਚ ਮਿਊਜ਼ਿਕ ਪ੍ਰੋਗਰਾਮਿੰਗ 'ਡਬਲਯੂ ਯੂ' ਵੱਲੋਂ ਕੀਤੀ ਗਈ ਹੈ ਅਤੇ ਵੀਡੀਓ ਪ੍ਰੋਡਕਸ਼ਨ 'ਬਰਾਊਨ ਵੈਸਟ ਓਰਿਜਨਲਸ' ਦੀ ਹੈ। ਅਰਜਨ ਢਿੱਲੋਂ ਦੇ ਗਾਇਕੀ ਦੇ ਅੰਦਾਜ਼, ਕਰਨ ਮੱਲ੍ਹੀ ਦੇ ਸੰਗੀਤ ਅਤੇ ਅੰਤਰਰਾਸ਼ਟਰੀ ਪੱਧਰ ਦੀ ਤਕਨੀਕੀ ਗੁਣਵੱਤਾ ਦੇ ਸੁਮੇਲ ਨੇ ਇਸ ਗੀਤ ਨੂੰ ਸੰਗੀਤ ਜਗਤ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰਨ ਦੇ ਰਾਹ 'ਤੇ ਪਾ ਦਿੱਤਾ ਹੈ।