ਕਮਾਲ ਕਰ ਦਿੱਤਾ ਪਾਇਲਟ ਜੀ... ਸਲਮਾਨ ਖਾਨ-ਰਣਵੀਰ ਸਿੰਘ ਸਮੇਤ ਸਿਤਾਰਿਆਂ ਨੇ ਕੈਪਟਨ ਸਮਿਤ ਮੱਛਰ ਦੇ ਜਜ਼ਬੇ ਨੂੰ ਕੀਤਾ ਸਲਾਮ ਮੁਸ਼ਕਲ ਘੜੀ ’ਚ ਸੂਝ-ਬੂਝ ਨਾਲ ਕੈਪਟਨ ਸਮਿਤ ਮੱਛਰ ਨੇ ਜਿਸ ਤਰ੍ਹਾਂ 174 ਲੋਕਾਂ ਦੀ ਜਾਨ ਬਚਾਈ, ਉਸ ਦੀ ਸ਼ਲਾਘਾ ਕਰਦੇ ਹੋਏ ਬਾਲੀਵੁੱਡ ਸਿਤਾਰੇ ਨਹੀਂ ਥੱਕ ਰਹੇ। ਸਲਮਾਨ ਖਾਨ ਸਮੇਤ ਪੂਰੇ ਬਾਲੀਵੁੱਡ ਨੇ ਉਨ੍ਹਾਂ ਦੀ ਹਿੰਮਤ ਦੀ ਤਾਰੀਫ਼ ਕੀਤੀ।
Publish Date: Sat, 03 Oct 2026 02:10 PM (IST)
Updated Date: Sat, 03 Oct 2026 02:14 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਫਲਾਈਦੁਬਈ ਦੀ ਫਲਾਈਟ FZ1073 ’ਚ ਕਾਕਪਿਟ 'ਤੇ ਹੋਏ ਹਮਲੇ ਦੌਰਾਨ ਜ਼ਖਮੀ ਹੋਣ ਦੇ ਬਾਵਜੂਦ ਸਮਝਦਾਰੀ ਤੇ ਬਹਾਦਰੀ ਨਾਲ ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਰ ਦੇ ਸਾਹਸ ਨੂੰ ਪੂਰਾ ਬਾਲੀਵੁੱਡ ਸਲਾਮ ਕਰ ਰਿਹਾ ਹੈ। ਸਲਮਾਨ ਖਾਨ ਤੋਂ ਲੈ ਕੇ ਰਣਵੀਰ ਸਿੰਘ ਤੇ ਅਨਿਲ ਕਪੂਰ ਸਮੇਤ ਕਈ ਫਿਲਮੀ ਸਿਤਾਰਿਆਂ ਨੇ ਸਮਿਤ ਮੱਛਰ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਪੋਸਟਾਂ ਸਾਂਝੀਆਂ ਕੀਤੀਆਂ।
ਸਲਮਾਨ ਖਾਨ ਬੋਲੇ- 'ਤੁਹਾਡੇ ਨਾਲ ਉਡਾਣ ਭਰਨ ’ਚ ਖੁਸ਼ੀ ਹੋਵੇਗੀ'
ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਨੇ ਕੈਪਟਨ ਸਮਿਤ ਮੱਛਰ ਦੀ ਸ਼ਲਾਘਾ ਕਰਦੇ ਹੋਏ ਸ਼ਨੀਵਾਰ ਨੂੰ ਆਪਣੇ ਅਧਿਕਾਰਤ ਐਕਸ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਲਿਖਿਆ, "ਕਮਾਲ ਕਰ ਦਿੱਤਾ ਪਾਇਲਟ ਜੀ, ਅਸੀਂ ਸਾਰੇ ਤੁਹਾਨੂੰ ਸਲਾਮ ਕਰਦੇ ਹਾਂ। ਭਵਿੱਖ ’ਚ ਤੁਹਾਡੇ ਨਾਲ ਉਡਾਣ ਭਰ ਕੇ ਖੁਸ਼ੀ ਹੋਵੇਗੀ। ਵੈਲ ਡਨ ਬ੍ਰੋ ਕੈਪਟਨ ਸਮਿਤ ਮੱਛਰ।"
ਰਣਵੀਰ ਸਿੰਘ ਸਮੇਤ ਇਨ੍ਹਾਂ ਐਕਟਰਾਂ ਨੇ ਵੀ ਕੀਤੀ ਸ਼ਲਾਘਾ
ਸਲਮਾਨ ਖਾਨ ਤੋਂ ਇਲਾਵਾ ਵਿੱਕੀ ਕੌਸ਼ਲ, ਸਨੀ ਦਿਓਲ, ਤਮੰਨਾ ਭਾਟੀਆ ਸਮੇਤ ਕਈ ਹੋਰ ਬਾਲੀਵੁੱਡ ਸਿਤਾਰੇ ਸਮਿਤ ਮੱਛਰ ਦੀ ਬਹਾਦਰੀ ਤੇ ਸੂਝ-ਬੂਝ ਦੀ ਤਾਰੀਫ਼ ਕਰਦੇ ਨਹੀਂ ਥੱਕੇ। ਰਣਵੀਰ ਸਿੰਘ ਨੇ ਲਿਖਿਆ, "ਕੈਪਟਨ ਦਾ ਸਾਹਸ।"
ਉੱਥੇ ਹੀ ਵਿੱਕੀ ਕੌਸ਼ਲ ਨੇ ਕੈਪਟਨ ਦੀ ਮੁਸਕਰਾਉਂਦੇ ਹੋਏ ਤਸਵੀਰ ਸਾਂਝੀ ਕਰਦਿਆਂ ਆਪਣੀ ਅਧਿਕਾਰਤ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, "ਬਹਾਦਰ ਕੈਪਟਨ ਸਮਿਤ ਮੱਛਰ।"
ਸਨੀ ਦਿਓਲ ਨੇ ਆਪਣੇ ਐਕਸ ਅਕਾਊਂਟ 'ਤੇ ਐਮਰਜੈਂਸੀ ਹਾਲਾਤ ’ਚ ਕੈਪਟਨ ਵੱਲੋਂ ਦਿਖਾਈ ਗਈ ਹਿੰਮਤ ਦੀ ਤਾਰੀਫ਼ ਕਰਦਿਆਂ ਲਿਖਿਆ, "ਕੈਪਟਨ ਸਮਿਤ ਮੱਛਰ ਨੇ ਅਦਮਯ ਸਾਹਸ ਤੇ ਇਸ ਮੁਸ਼ਕਲ ਘੜੀ ’ਚ ਸੂਝ-ਬੂਝ ਦਾ ਪਰਿਚਯ ਦਿੱਤਾ ਹੈ। ਤੁਸੀਂ ਇੱਕ ਆਫ਼ਤ ਨੂੰ ਟਾਲ ਕੇ ਕਈ ਲੋਕਾਂ ਦੀ ਜ਼ਿੰਦਗੀ ਬਚਾਈ ਹੈ। ਤੁਹਾਡੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ। ਤੁਹਾਨੂੰ ਸਲਾਮ।"
ਤਮੰਨਾ ਭਾਟੀਆ ਨੇ ਲਿਖਿਆ- '174 ਜ਼ਿੰਦਗੀਆਂ ਬਾਰੇ ਸੋਚਿਆ' ਤਮੰਨਾ ਭਾਟੀਆ ਨੇ ਹਮਲੇ ਨਾਲ ਨਜਿੱਠਦੇ ਹੋਏ ਕੈਪਟਨ ਮੱਛਰ ਵੱਲੋਂ ਨਿਭਾਈ ਜਾ ਰਹੀ ਜ਼ਿੰਮੇਵਾਰੀ 'ਤੇ ਰੌਸ਼ਨੀ ਪਾਉਂਦਿਆਂ ਲਿਖਿਆ, "ਸੋਚੋ ਤੁਸੀਂ ਜ਼ਖਮੀ ਹੋ ਤੇ ਆਪਣੀ ਜ਼ਿੰਦਗੀ ਲਈ ਲੜ ਰਹੇ ਹੋ। ਇਸ ਦੇ ਬਾਵਜੂਦ ਤੁਸੀਂ ਉਨ੍ਹਾਂ 174 ਯਾਤਰੀਆਂ ਬਾਰੇ ਵੀ ਸੋਚ ਰਹੇ ਹੋ, ਜੋ ਤੁਹਾਡੇ 'ਤੇ ਨਿਰਭਰ ਹਨ। ਕੈਪਟਨ ਸਮਿਤ ਮੱਛਰ, ਤਹਿ ਦਿਲੋਂ ਤੁਹਾਨੂੰ ਸਨਮਾਨ। ਮੈਂ ਤੁਹਾਡੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦੀ ਹਾਂ।"
ਤਮੰਨਾ ਤੋਂ ਇਲਾਵਾ ਅਨਿਲ ਕਪੂਰ ਨੇ ਵੀ ਕੈਪਟਨ ਦੀ ਬਹਾਦਰੀ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਆਪਣੇ ਦੋਸਤ ਜਲਾਲ ਦੀ ਗੱਲ ਯਾਦ ਕਰਦਿਆਂ ਦੱਸਿਆ, ਜੋ ਸਮਿਤ ਨੂੰ ਫਲਾਇੰਗ ਸਕੂਲ ਦੇ ਦਿਨਾਂ ਤੋਂ ਜਾਣਦੇ ਹਨ।
ਉਨ੍ਹਾਂ ਨੇ ਲਿਖਿਆ, "ਜਦੋਂ ਇਹ ਘਟਨਾ ਹੋਈ ਤਾਂ ਜਲਾਲ ਨੇ ਮੈਨੂੰ ਕਿਹਾ ਕਿ ਉਹ ਸਮਿਤ ਨੂੰ ਫਲਾਇੰਗ ਸਕੂਲ ਦੇ ਸਮੇਂ ਤੋਂ ਜਾਣਦਾ ਹੈ ਤੇ ਇਹ ਵੀ ਜਾਣਦਾ ਹੈ ਕਿ ਕੈਪਟਨ ਮੱਛਰ ਉਹ ਸ਼ਖਸ ਹਨ, ਜਿਨ੍ਹਾਂ ਨੂੰ ਉਹ ਮੁਸ਼ਕਲ ਘੜੀ ’ਚ ਆਪਣੇ ਨਾਲ ਰੱਖਣਾ ਚਾਹੇਗਾ। ਉਦੋਂ ਮੈਂ ਇਹ ਸੋਚਣ 'ਤੇ ਮਜਬੂਰ ਹੋ ਗਿਆ ਸੀ ਕਿ ਸਮਿਤ ਕਿੰਨੇ ਬਹਾਦਰ ਹੋਣਗੇ। ਸਮਿਤ ਨੇ ਉਸ ਪਲ ਜੋ ਕੀਤਾ, ਉਹ ਉਨ੍ਹਾਂ ਦੇ ਸਾਹਸ ਨੂੰ ਦਰਸਾਉਂਦਾ ਹੈ। ਅਜਿਹੀ ਸਥਿਤੀ ’ਚ ਆਪਣੇ ਆਪ ਤੋਂ ਉੱਪਰ ਦੂਜਿਆਂ ਬਾਰੇ ਸੋਚਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ।"
ਫਲਾਈਦੁਬਈ ਫਲਾਈਟ FZ1073 ’ਚ ਕੀ ਹੋਇਆ ਸੀ? ਰਿਪੋਰਟਾਂ ਮੁਤਾਬਕ, 30 ਸਤੰਬਰ ਨੂੰ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਫਲਾਈਟ FZ1073 ਨੂੰ ਕੈਪਟਨ ਸਮਿਤ ਮੱਛਰ ਉਡਾ ਰਹੇ ਸਨ। ਇਸੇ ਦੌਰਾਨ ਕਾਕਪਿਟ ’ਚ ਉਨ੍ਹਾਂ ਦੇ ਕੋ-ਪਾਇਲਟ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਦੋਂ ਕੈਪਟਨ ਮੱਛਰ 'ਤੇ ਹਮਲਾ ਹੋਇਆ, ਉਸ ਸਮੇਂ ਬੋਇੰਗ ਜਹਾਜ਼ ’ਚ 174 ਲੋਕ ਸਵਾਰ ਸਨ। ਅਚਾਨਕ ਹੋਏ ਹਮਲੇ ਕਾਰਨ ਜਹਾਜ਼ ਤੇਜ਼ੀ ਨਾਲ ਹੇਠਾਂ ਆਉਣ ਲੱਗਾ।
ਜ਼ਖਮੀ ਹੋਣ ਦੇ ਬਾਵਜੂਦ ਕੈਪਟਨ ਮੱਛਰ ਨੇ ਹਿੰਮਤ ਕਰਕੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ, ਜਿਸ ਨਾਲ ਕਰੂ ਮੈਂਬਰ ਤੇ ਯਾਤਰੀ ਅੰਦਰ ਆ ਸਕੇ ਤੇ ਸਥਿਤੀ ਨੂੰ ਕਾਬੂ ’ਚ ਕੀਤਾ ਜਾ ਸਕਿਆ। ਇਸ ਤੋਂ ਬਾਅਦ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਤੇ ਜਹਾਜ਼ ਦਾ ਰੁਖ ਸਾਊਦੀ ਅਰਬ ਦੇ ਤਬੂਕ ਵੱਲ ਮੋੜ ਦਿੱਤਾ ਗਿਆ, ਜਿੱਥੇ ਇਹ ਸੁਰੱਖਿਅਤ ਢੰਗ ਨਾਲ ਉਤਰ ਗਿਆ।