Lata Mangeshkar ਨੇ ਸਾਰੀ ਉਮਰ ਕਿਉਂ ਨਹੀਂ ਕਰਵਾਇਆ ਵਿਆਹ? ਅਧੂਰਾ ਰਹਿ ਗਿਆ ਸੀ ‘ਸੁਰ ਕੋਕਿਲਾ’ ਦਾ ਪਹਿਲਾ ਪਿਆਰ! ਭਾਰਤੀ ਸਿਨੇਮਾ ’ਚ 30,000 ਤੋਂ ਵੱਧ ਗੀਤਾਂ ਨੂੰ ਆਪਣੀ ਆਵਾਜ਼ ਨਾਲ ਸਜਾਉਣ ਵਾਲੀ ਲਤਾ ਮੰਗੇਸ਼ਕਰ (Lata Mangeshkar) ਆਖ਼ਿਰ ਸਾਰੀ ਉਮਰ ਕੁਆਰੀ ਕਿਉਂ ਰਹੀ?
Publish Date: Mon, 28 Sep 2026 11:42 AM (IST)
Updated Date: Mon, 28 Sep 2026 11:45 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ‘ਭਾਰਤ ਦੀ ਨਾਈਟਿੰਗੇਲ’ (ਕੋਕਿਲਾ) ਵਜੋਂ ਪਿਆਰ ਨਾਲ ਯਾਦ ਕੀਤੀ ਜਾਣ ਵਾਲੀ ਲਤਾ ਮੰਗੇਸ਼ਕਰ ਨੇ ਆਪਣੀ ਆਵਾਜ਼ ਨਾਲ ਅਣਗਿਣਤ ਲੋਕਾਂ ਦੇ ਦਿਲਾਂ ਨੂੰ ਛੂਹਿਆ। ਆਪਣੇ ਸ਼ਾਨਦਾਰ ਕਰੀਅਰ ਦੌਰਾਨ ਉਨ੍ਹਾਂ ਨੇ 14 ਵੱਖ-ਵੱਖ ਭਾਸ਼ਾਵਾਂ ’ਚ ਲਗਭਗ 30,000 ਗੀਤ ਰਿਕਾਰਡ ਕੀਤੇ ਤੇ ‘ਕੁਈਨ ਆਫ ਮੈਲੋਡੀ’ ਤੇ ‘ਵਾਇਸ ਆਫ ਦ ਮਿਲੇਨੀਅਮ’ ਵਰਗੇ ਖਿਤਾਬ ਹਾਸਲ ਕੀਤੇ। ਸੰਗੀਤ ’ਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਸਨਮਾਨਾਂ ਨਾਲ ਨਿਵਾਜਿਆ ਗਿਆ, ਜਿਨ੍ਹਾਂ ’ਚ 1989 ’ਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਤੇ 2001 ’ਚ ਭਾਰਤ ਰਤਨ ਸ਼ਾਮਲ ਹਨ। ਪ੍ਰੋਫੈਸ਼ਨਲ ਲਾਈਫ ’ਚ ਹਰ ਉਚਾਈ ਹਾਸਲ ਕਰਨ ਵਾਲੀ ਦਿੱਗਜ ਗਾਇਕਾ ਆਖ਼ਿਰ ਸਾਰੀ ਉਮਰ ਕੁਆਰੀ ਕਿਉਂ ਰਹੀ? ਆਓ ਜਾਣਦੇ ਹਾਂ ਕਿ ਉਨ੍ਹਾਂ ਨੇ ਇਹ ਫੈਸਲਾ ਕਿਉਂ ਲਿਆ।
ਲਤਾ ਮੰਗੇਸ਼ਕਰ ਨੇ ਕਦੇ ਵਿਆਹ ਕਿਉਂ ਨਹੀਂ ਕੀਤਾ?
ਲਤਾ ਮੰਗੇਸ਼ਕਰ (Lata Mangeshkar) ਨੇ ਹਮੇਸ਼ਾ ਆਪਣੀ ਨਿੱਜੀ ਜ਼ਿੰਦਗੀ ਨੂੰ ਬਹੁਤ ਨਿੱਜੀ ਰੱਖਿਆ। ਉਨ੍ਹਾਂ ਨੇ ਕਦੇ ਵਿਆਹ ਨਹੀਂ ਕੀਤਾ ਤੇ ਇਸ ਦੀ ਬਜਾਏ ਆਪਣੇ ਆਪ ਨੂੰ ਸੰਗੀਤ ਤੇ ਇਸ ਨਾਲ ਜੁੜੀਆਂ ਜ਼ਿੰਮੇਵਾਰੀਆਂ ਲਈ ਸਮਰਪਿਤ ਕਰ ਦਿੱਤਾ। ਇਸ ਫੈਸਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਇੱਕ ਵਾਰ ਕਿਹਾ ਸੀ, “ਲੋਕ ਪੁੱਛਦੇ ਹਨ ਕਿ ਮੈਂ ਕਦੇ ਵਿਆਹ ਕਿਉਂ ਨਹੀਂ ਕੀਤਾ। ਇਸ ’ਤੇ ਮੈਂ ਕਹਿੰਦੀ ਹਾਂ ਕਿ ਰੱਬ ਨੇ ਮੈਨੂੰ ਇੱਕ ਕੰਮ ਸੌਂਪਿਆ ਸੀ ਤੇ ਮੈਂ ਆਪਣੇ ਕੰਮ ਤੋਂ ਬਹੁਤ ਸੰਤੁਸ਼ਟ ਹਾਂ।”
ਉਨ੍ਹਾਂ ਨੇ ਇਹ ਵੀ ਕਿਹਾ ਸੀ, “ਹਾਂ, ਬਾਕੀ ਲੋਕਾਂ ਵਾਂਗ ਮੇਰੀ ਜ਼ਿੰਦਗੀ ’ਚ ਵੀ ਦੁੱਖ ਦੇ ਪਲ ਆਉਂਦੇ ਹਨ। ਪਰ ਮੇਰਾ ਦੁੱਖ ਬਹੁਤ ਥੋੜ੍ਹੇ ਸਮੇਂ ਲਈ ਹੁੰਦਾ ਹੈ। ਜੋ ਗੱਲ ਮੈਂ ਬਰਦਾਸ਼ਤ ਨਹੀਂ ਕਰ ਸਕਦੀ, ਉਹ ਹੈ ਦੂਜਿਆਂ ਨੂੰ ਤਕਲੀਫ਼ ’ਚ ਦੇਖਣਾ। ਅਜਿਹੇ ਲੋਕਾਂ ਦੀ ਮਦਦ ਕਰਕੇ ਮੈਨੂੰ ਖੁਸ਼ੀ ਮਿਲਦੀ ਹੈ।”
ਕੀ ਅਧੂਰਾ ਰਹਿ ਗਿਆ ਸੀ ਲਤਾ ਮੰਗੇਸ਼ਕਰ ਦਾ ਪਿਆਰ?
ਬਹੁਤ ਘੱਟ ਲੋਕ ਜਾਣਦੇ ਹਨ ਕਿ ਦਿੱਗਜ ਗਾਇਕਾ ਨੂੰ ਇੱਕ ਵਾਰ ਪਿਆਰ ਹੋਇਆ ਸੀ। 1960 ਦੇ ਦਹਾਕੇ ’ਚ ਰਾਜਸਥਾਨ ਦੀ ਡੂੰਗਰਪੁਰ ਰਿਆਸਤ ਦੇ ਸ਼ਾਸਕ ਮਹਾਰਾਵਲ ਲਕਸ਼ਮਣ ਸਿੰਘ ਜੀ ਦੇ ਸਭ ਤੋਂ ਛੋਟੇ ਪੁੱਤਰ ਰਾਜ ਸਿੰਘ ਡੂੰਗਰਪੁਰ (Raj Singh Dungarpur) ਨਾਲ ਉਨ੍ਹਾਂ ਦੀ ਨਜ਼ਦੀਕੀ ਦੋਸਤੀ ਸੀ। 1935 ’ਚ ਜਨਮੇ ਰਾਜ ਸਿੰਘ ਕ੍ਰਿਕਟ ਦੇ ਬਹੁਤ ਸ਼ੌਕੀਨ ਸਨ। ਉਨ੍ਹਾਂ ਨੇ 1955 ਤੋਂ 1971 ਦੇ ਵਿਚਕਾਰ ਰਣਜੀ ਟਰਾਫੀ ’ਚ ਰਾਜਸਥਾਨ ਤੇ ਦਲੀਪ ਟਰਾਫੀ ’ਚ ਸੈਂਟਰਲ ਜ਼ੋਨ ਲਈ ਕ੍ਰਿਕਟ ਖੇਡੀ। ਹਾਲਾਂਕਿ ਉਹ 24 ਸਾਲ ਦੀ ਉਮਰ ’ਚ ਕਾਨੂੰਨ ਦੀ ਪੜ੍ਹਾਈ ਕਰਨ ਲਈ ਮੁੰਬਈ ਆਏ ਸਨ, ਪਰ ਕ੍ਰਿਕਟ ਹੀ ਉਨ੍ਹਾਂ ਦਾ ਪਹਿਲਾ ਪਿਆਰ ਸੀ। ਇੱਥੇ ਹੀ ਉਨ੍ਹਾਂ ਦੀ ਦੋਸਤੀ ਲਤਾ ਦੇ ਭਰਾ ਹ੍ਰਿਦਯਨਾਥ ਮੰਗੇਸ਼ਕਰ ਨਾਲ ਹੋਈ ਤੇ ਉਹ ਅਕਸਰ ਉਨ੍ਹਾਂ ਦੇ ਨਾਲ ਕ੍ਰਿਕਟ ਮੈਚ ਦੇਖਣ ਜਾਂਦੇ ਸਨ।
ਇਨ੍ਹਾਂ ਹੀ ਹਾਲਾਤਾਂ ਨੇ ਉਨ੍ਹਾਂ ਨੂੰ ਲਤਾ ਦੇ ਨੇੜੇ ਲਿਆ ਦਿੱਤਾ। ਪਰ ਜਦੋਂ ਰਾਜ ਸਿੰਘ ਦੇ ਪਿਤਾ ਨੂੰ ਉਨ੍ਹਾਂ ਦੇ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਵਿਰੋਧ ਦੀ ਵਜ੍ਹਾ ਇਹ ਦੱਸੀ ਜਾਂਦੀ ਹੈ ਕਿ ਲਤਾ ਸ਼ਾਹੀ ਪਰਿਵਾਰ ਨਾਲ ਸਬੰਧਤ ਨਹੀਂ ਸਨ, ਉਹ ਵੱਖਰੇ ਭਾਈਚਾਰੇ ਤੋਂ ਸਨ ਤੇ ਰਾਜ ਸਿੰਘ ਤੋਂ ਛੇ ਸਾਲ ਵੱਡੇ ਸਨ।
ਪਰਿਵਾਰ ਦੇ ਭਾਰੀ ਦਬਾਅ ਕਾਰਨ ਦੋਵਾਂ ਦਾ ਵਿਆਹ ਨਹੀਂ ਹੋ ਸਕਿਆ। ਲਤਾ ਦੀਦੀ ਨੇ ਖੁਦ ਕਦੇ ਵੀ ਆਪਣੇ ਰਿਸ਼ਤੇ ਬਾਰੇ ਜਨਤਕ ਤੌਰ ’ਤੇ ਗੱਲ ਨਹੀਂ ਕੀਤੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਰਾਜ ਸਿੰਘ ਹੀ ਉਨ੍ਹਾਂ ਦਾ ਇਕਲੌਤਾ ਸੱਚਾ ਪਿਆਰ ਸਨ, ਤਾਂ ਉਨ੍ਹਾਂ ਨੇ ਇੱਕ ਇੰਟਰਵਿਊ ’ਚ ਜਵਾਬ ਦਿੰਦਿਆਂ ਕਿਹਾ ਸੀ, “ਕੁਝ ਗੱਲਾਂ ਸਿਰਫ਼ ਦਿਲ ਹੀ ਜਾਣਦਾ ਹੈ। ਮੈਨੂੰ ਇਸ ਨੂੰ ਇਸੇ ਤਰ੍ਹਾਂ ਰਹਿਣ ਦਿਓ।”
‘ਸੁਰ ਕੋਕਿਲਾ’ ਕਿਸਮਤ ਨੂੰ ਮੰਨਦੀ ਸੀ ਲਤਾ ਜੀ ਅਕਸਰ ਮੰਨਦੀਆਂ ਸਨ ਕਿ ਕਿਸਮਤ ਤੋਂ ਕੋਈ ਬਚ ਨਹੀਂ ਸਕਦਾ, ਪਰ ਚੰਗੇ ਵਿਚਾਰਾਂ ਤੇ ਚੰਗੇ ਕੰਮਾਂ ਨਾਲ ਇਸ ਦੇ ਪ੍ਰਭਾਵ ਨੂੰ ਕੁਝ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਭਗਵਾਨ ਰਾਮ ਦੀ ਉਦਾਹਰਨ ਦਿੰਦਿਆਂ ਇਸ ਨੂੰ ਸਮਝਾਇਆ ਸੀ, “ਕੋਈ ਆਪਣੀ ਕਿਸਮਤ ਤੋਂ ਬਚ ਨਹੀਂ ਸਕਦਾ, ਪਰ ਚੰਗੇ ਵਿਚਾਰ ਰੱਖ ਕੇ, ਦੂਜਿਆਂ ਦੀ ਮਦਦ ਕਰਕੇ ਤੇ ਚੰਗੇ ਕੰਮ ਕਰਕੇ, ਮੈਨੂੰ ਲੱਗਦਾ ਹੈ ਕਿ ਅਸੀਂ ਮਾੜੀ ਕਿਸਮਤ ਦੇ ਪ੍ਰਭਾਵ ਨੂੰ ਕੁਝ ਹੱਦ ਤੱਕ ਘੱਟ ਕਰ ਸਕਦੇ ਹਾਂ।” ਉਨ੍ਹਾਂ ਨੇ ਅੱਗੇ ਕਿਹਾ ਸੀ, “ਰਾਮ ਭਗਵਾਨ ਵਿਸ਼ਨੂੰ ਦੇ ਅਵਤਾਰ ਸਨ। ਰਾਜੇ ਦਾ ਪੁੱਤਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ 14 ਸਾਲ ਦਾ ਬਨਵਾਸ ਝੱਲਣਾ ਪਿਆ। ਇਹ ਉਨ੍ਹਾਂ ਦੀ ਕਿਸਮਤ ਸੀ। ਪਰ ਇਸ ਦੌਰਾਨ ਉਨ੍ਹਾਂ ਨੇ ਚੰਗੇ ਕੰਮ ਕੀਤੇ, ਜਿਨ੍ਹਾਂ ’ਚ ਰਾਵਣ ਦਾ ਵਧ ਵੀ ਸ਼ਾਮਲ ਹੈ। ਇਸ ਲਈ ਉਨ੍ਹਾਂ ਨੇ ਮੁੜ ਚੰਗੇ ਦਿਨ ਦੇਖੇ ਤੇ ‘ਰਾਮਰਾਜ’ ਬਣਾਉਣ ’ਚ ਸਫਲ ਰਹੇ।”
ਅੱਜ 28 ਸਤੰਬਰ ਨੂੰ ਲਤਾ ਮੰਗੇਸ਼ਕਰ ਦੀ ਬਰਥ ਐਨੀਵਰਸਰੀ ਹੈ। ਉਨ੍ਹਾਂ ਦਾ ਜਨਮ 1929 ’ਚ ਇੰਦੌਰ ’ਚ ਹੋਇਆ ਸੀ ਤੇ ਉਨ੍ਹਾਂ ਨੇ 6 ਫਰਵਰੀ 2022 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਭਾਰਤੀ ਸਿਨੇਮਾ ਦੀ ‘ਸੁਰ ਕੋਕਿਲਾ’ ਦੀ ਪ੍ਰੋਫੈਸ਼ਨਲ ਲਾਈਫ ਭਾਵੇਂ ਸਿਖਰ ’ਤੇ ਰਹੀ, ਪਰ ਨਿੱਜੀ ਜ਼ਿੰਦਗੀ ’ਚ ਉਹ ਇਕੱਲੀ ਹੀ ਰਹੀ। ਫਿਰ ਚਾਹੇ ਇਸ ਦੀ ਵਜ੍ਹਾ ਉਨ੍ਹਾਂ ਦਾ ਇਕਲੌਤਾ ਪਿਆਰ ਹੋਵੇ ਜਾਂ ਕੁਝ ਹੋਰ, ਉਨ੍ਹਾਂ ਨੇ ਕਦੇ ਵੀ ਆਪਣੇ ਦਿਲ ਦੀ ਗੱਲ ਜਨਤਕ ਤੌਰ ’ਤੇ ਨਹੀਂ ਦੱਸੀ।