16 ਸਾਲਾਂ ਤੋਂ ਸ਼ਾਹਰੁਖ ਖ਼ਾਨ ਨਾਲ ਚੱਲ ਰਹੇ ਮਤਭੇਦਾਂ 'ਤੇ ਸੰਨੀ ਦਿਓਲ ਨੇ ਤੋੜੀ ਚੁੱਪ, ਸ਼ਰੇਆਮ ਆਖ 'ਤੀ ਇਹ ਗੱਲ 'ਡਰ' ਫ਼ਿਲਮ ਨੇ ਸ਼ਾਹਰੁਖ ਖ਼ਾਨ ਨੂੰ ਬਾਲੀਵੁੱਡ ਦਾ ਸਭ ਤੋਂ ਯਾਦਗਾਰ ਸਟੌਕਰ ਬਣਾ ਦਿੱਤਾ ਸੀ। ਇਸ ਫ਼ਿਲਮ ਦੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਬਾਅਦ, ਸੰਨੀ ਦਿਓਲ ਨੇ ਉਸ ਟਕਰਾਅ ਨੂੰ ਯਾਦ ਕੀਤਾ ਹੈ, ਜਿਹੜਾ ਉਨ੍ਹਾਂ ਦੇ ਆਪਣੇ ਹੀ ਜੀਨਸ ਪਾੜਨ ਅਤੇ ਕਥਿਤ ਤੌਰ ਉੱਤੇ ਆਪਣੀ ਕੋ-ਸਟਾਰ ਨਾਲ 16 ਸਾਲ ਤੱਕ ਗੱਲਬਾਤ ਬੰਦ ਰੱਖਣ ਉੱਤੇ ਖ਼ਤਮ ਹੋਇਆ ਸੀ।
Publish Date: Sun, 16 Aug 2026 12:52 PM (IST)
Updated Date: Sun, 16 Aug 2026 12:53 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : 'ਡਰ' ਫ਼ਿਲਮ ਨੇ ਸ਼ਾਹਰੁਖ ਖ਼ਾਨ ਨੂੰ ਬਾਲੀਵੁੱਡ ਦਾ ਸਭ ਤੋਂ ਯਾਦਗਾਰ ਸਟੌਕਰ ਬਣਾ ਦਿੱਤਾ ਸੀ। ਇਸ ਫ਼ਿਲਮ ਦੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਬਾਅਦ, ਸੰਨੀ ਦਿਓਲ ਨੇ ਉਸ ਟਕਰਾਅ ਨੂੰ ਯਾਦ ਕੀਤਾ ਹੈ, ਜਿਹੜਾ ਉਨ੍ਹਾਂ ਦੇ ਆਪਣੇ ਹੀ ਜੀਨਸ ਪਾੜਨ ਅਤੇ ਕਥਿਤ ਤੌਰ ਉੱਤੇ ਆਪਣੀ ਕੋ-ਸਟਾਰ ਨਾਲ 16 ਸਾਲ ਤੱਕ ਗੱਲਬਾਤ ਬੰਦ ਰੱਖਣ ਉੱਤੇ ਖ਼ਤਮ ਹੋਇਆ ਸੀ।
ਸੰਨੀ ਨੇ ਕੀਤਾ ਸ਼ਾਹਰੁਖ ਨਾਲ ਟਕਰਾਅ ਨੂੰ ਯਾਦ ਇੱਕ ਪੋਡਕਾਸਟ ਉੱਤੇ ਗੱਲਬਾਤ ਕਰਦਿਆਂ, ਸੰਨੀ ਦਿਓਲ ਨੇ ਕਿਹਾ ਕਿ ਇਹ ਵਿਵਾਦ ਕਦੇ ਵੀ ਪ੍ਰੋਫ਼ੈਸ਼ਨਲ ਇਨਸਿਕਿਓਰਿਟੀ (ਅਸੁਰੱਖਿਆ ਦੀ ਭਾਵਨਾ) ਦੀ ਵਜ੍ਹਾ ਕਰਕੇ ਨਹੀਂ ਹੋਇਆ ਸੀ। ਹਾਲਾਂਕਿ, ਉਨ੍ਹਾਂ ਨੇ ਮੰਨਿਆ ਕਿ ਕਲਾਕਾਰਾਂ 'ਚ ਇਨਸਿਕਿਓਰਿਟੀ ਕਾਰਨ ਮਨਮੁਟਾਅ ਹੋ ਸਕਦਾ ਹੈ ਅਤੇ ਰਿਸ਼ਤੇ ਖ਼ਰਾਬ ਹੋ ਸਕਦੇ ਹਨ।
ਸੰਨੀ ਨੇ ਕਿਹਾ, 'ਮੈਂ ਇਨਸਿਕਿਓਰ ਇਨਸਾਨ ਨਹੀਂ ਹਾਂ, ਕਈ ਵਾਰ ਕਲਾਕਾਰ ਆਪਣੀ ਇਨਸਿਕਿਓਰਿਟੀ ਕਾਰਨਿ ਅਜਿਹੀਆਂ ਚੀਜ਼ਾਂ ਕਰ ਬੈਠਦੇ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਨਹੀਂ ਹੁੰਦੀ।' ਉਨ੍ਹਾਂ ਕਿਹਾ, 'ਵਾਈਬਸ ਗਲਤ ਹੋ ਜਾਂਦੀਆਂ ਹਨ, ਚੀਜ਼ਾਂ ਗਲਤ ਹੋ ਜਾਂਦੀਆਂ ਹਨ।'
'ਡਰ' ਫ਼ਿਲਮ ਤੋਂ ਸ਼ੁਰੂ ਹੋਈ ਸੀ ਵਿਵਾਦ ਦੀ ਕਹਾਣੀ
ਗੱਲਬਾਤ ਘੁੰਮ-ਫਿਰ ਕੇ 'ਡਰ' ਫ਼ਿਲਮ ਉੱਤੇ ਆ ਗਈ। ਯਸ਼ ਚੋਪੜਾ ਦੀ 1993 ਦੀ ਇਸ ਰੋਮਾਂਟਿਕ ਥ੍ਰਿਲਰ ਫ਼ਿਲਮ 'ਚ ਸੰਨੀ ਨੇ ਨੇਵਲ ਕਮਾਂਡੋ ਸੁਨੀਲ ਦਾ ਰੋਲ ਕੀਤਾ ਸੀ, ਜੂਹੀ ਚਾਵਲਾ ਉਨ੍ਹਾਂ ਦੀ ਪਤਨੀ ਕਿਰਨ ਬਣੀ ਸੀ ਅਤੇ ਸ਼ਾਹਰੁਖ ਖ਼ਾਨ ਨੇ ਰਾਹੁਲ ਦਾ ਰੋਲ ਕੀਤਾ ਸੀ, ਜੋ ਕਿਰਨ ਦਾ ਪਿੱਛਾ ਕਰਨ ਵਾਲਾ ਜਨੂੰਨੀ ਸਟੌਕਰ ਸੀ।
ਜਦੋਂ ਇਹ ਫ਼ਿਲਮ ਬਣੀ, ਤਾਂ ਸੰਨੀ ਪਹਿਲਾਂ ਹੀ ਇੱਕ ਸਥਾਪਿਤ ਸਟਾਰ ਸਨ, ਜਦਕਿ ਸ਼ਾਹਰੁਖ ਨੇ ਉਦੋਂ ਤੱਕ ਸਿਰਫ਼ ਅੱਠ ਫ਼ਿਲਮਾਂ ਹੀ ਕੀਤੀਆਂ ਸਨ। ਫਿਰ ਵੀ, ਰਾਹੁਲ ਦਾ ਕਿਰਦਾਰ, ਆਪਣੇ ਹਕਲਾਉਂਦੇ ਹੋਏ 'ਕ-ਕ-ਕ-ਕਿਰਨ' ਬੋਲਣ ਦੇ ਅੰਦਾਜ਼ ਅਤੇ ਖ਼ਤਰਨਾਕ ਜਨੂੰਨ ਨਾਲ ਜ਼ਿਆਦਾਤਰ ਲੋਕਾਂ ਦਾ ਧਿਆਨ ਖਿੱਚ ਗਿਆ ਸੀ।
ਸੰਨੀ ਨੂੰ ਸੀ ਫ਼ਿਲਮ ਦੇ ਕਲਾਈਮੈਕਸ ਤੋਂ ਦਿੱਕਤ ਹਾਲਾਂਕਿ, ਸੰਨੀ ਨੂੰ ਸਭ ਤੋਂ ਵੱਧ ਦਿੱਕਤ ਫ਼ਿਲਮ ਦੇ ਕਲਾਈਮੈਕਸ ਤੋਂ ਸੀ। ਉਨ੍ਹਾਂ ਨੂੰ ਉਸ ਸੀਨ ਉੱਤੇ ਇਤਰਾਜ਼ ਸੀ ਜਿਸ 'ਚ ਰਾਹੁਲ, ਸੁਨੀਲ ਦਾ ਆਹਮੋ-ਸਾਹਮਣੇ ਹੋਣ ਦੇ ਬਾਵਜੂਦ ਉਸ ਨੂੰ ਚਾਕੂ ਮਾਰ ਦਿੰਦਾ ਹੈ। ਉਨ੍ਹਾਂ ਦਾ ਤਰਕ ਸਿੱਧਾ-ਸਾਧਾ ਸੀ, ਸੁਨੀਲ ਇੱਕ ਬਹੁਤ ਵਧੀਆ ਨੇਵਲ ਕਮਾਂਡੋ ਸੀ ਅਤੇ ਪੂਰੀ ਤਰ੍ਹਾਂ ਅਲਰਟ ਹੋਣ ਦੇ ਬਾਵਜੂਦ, ਬਿਨਾਂ ਟ੍ਰੇਨਿੰਗ ਵਾਲੇ ਆਮ ਆਦਮੀ ਤੋਂ ਇੰਨੀ ਆਸਾਨੀ ਨਾਲ ਹਾਰ ਨਹੀਂ ਸਕਦਾ ਸੀ।
ਸੰਨੀ ਦਾ ਮੰਨਣਾ ਸੀ ਕਿ ਜੇ ਸੁਨੀਲ ਦਾ ਧਿਆਨ ਕਿਤੇ ਹੋਰ ਹੁੰਦਾ ਜਾਂ ਉਸ ਨੂੰ ਪਿੱਛੇ ਤੋਂ ਚਾਕੂ ਮਾਰਿਆ ਜਾਂਦਾ, ਤਾਂ ਇਹ ਹਮਲਾ ਸਹੀ ਲੱਗਦਾ। ਉਨ੍ਹਾਂ ਨੂੰ ਲੱਗਾ ਕਿ ਰਾਹੁਲ ਨੂੰ ਸਿੱਧੇ ਤੌਰ ਉੱਤੇ ਸੁਨੀਲ ਉੱਤੇ ਹਾਵੀ ਹੋਣ ਦੇਣਾ, ਸਿਰਫ਼ ਵਿਲੇਨ ਨੂੰ ਜ਼ਿਆਦਾ ਤਾਕਤਵਰ ਦਿਖਾਉਣ ਲਈ ਸੁਨੀਲ ਦੇ ਕਿਰਦਾਰ ਦੀ ਭਰੋਸੇਯੋਗਤਾ ਨੂੰ ਘਟਾਉਂਦਾ ਹੈ।
ਜਦੋਂ ਸੰਨੀ ਨੇ ਪਾੜ ਲਈ ਸੀ ਆਪਣੀ ਹੀ ਜੀਨਸ ਯਸ਼ ਚੋਪੜਾ ਨਾਲ ਉਨ੍ਹਾਂ ਦੀ ਬਹਿਸ ਇੰਨੀ ਗਰਮਾ-ਗਰਮ ਹੋ ਗਈ ਕਿ ਗੁੱਸੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ 'ਚ ਸੰਨੀ ਨੇ ਆਪਣੇ ਹੱਥ ਜੇਬਾਂ 'ਚ ਪਾ ਲਏ। ਆਪਣੀ ਤਾਕਤ ਦਾ ਅੰਦਾਜ਼ਾ ਨਾ ਹੋਣ ਕਾਰਨ, ਉਨ੍ਹਾਂ ਨੇ ਆਪਣੀ ਜੀਨਸ ਹੀ ਪਾੜ ਲਈ। ਸਾਲ 1993 'ਚ ਹੋਏ ਉਸ ਵਾਕਏ ਨੂੰ ਯਾਦ ਕਰਦਿਆਂ ਅਤੇ ਹੱਸਦਿਆਂ ਉਨ੍ਹਾਂ ਕਿਹਾ, 'ਮੈਂ ਭੜਕਿਆ ਨਹੀਂ ਸੀ, ਮੈਂ ਖ਼ੁਦ ਹੀ ਜੀਨਸ ਪਾੜ ਲਈ ਸੀ।'
ਸੰਨੀ ਨੇ ਪਹਿਲਾਂ ਉਨ੍ਹਾਂ ਖ਼ਬਰਾਂ ਉੱਤੇ ਵੀ ਗੱਲ ਕੀਤੀ ਸੀ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਫ਼ਿਲਮ ਤੋਂ ਬਾਅਦ ਉਨ੍ਹਾਂ ਨੇ 16 ਸਾਲ ਤੱਕ ਸ਼ਾਹਰੁਖ ਨਾਲ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਸੀ, 'ਅਜਿਹਾ ਨਹੀਂ ਹੈ ਕਿ ਮੈਂ ਗੱਲ ਨਹੀਂ ਕੀਤੀ, ਸਗੋਂ ਮੈਂ ਬੱਸ ਖ਼ੁਦ ਨੂੰ ਵੱਖ ਕਰ ਲਿਆ ਸੀ, ਅਤੇ ਵੈਸੇ ਵੀ ਮੈਂ ਜ਼ਿਆਦਾ ਲੋਕਾਂ ਨਾਲ ਘੁਲਦਾ-ਮਿਲਦਾ ਨਹੀਂ ਹਾਂ। ਇਸ ਲਈ ਅਸੀਂ ਕਦੇ ਮਿਲੇ ਹੀ ਨਹੀਂ, ਤਾਂ ਗੱਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।' ਉਨ੍ਹਾਂ ਕਿਹਾ, 'ਸ਼ਾਹਰੁਖ, ਸਲਮਾਨ, ਆਮਿਰ, ਅਜੈ, ਅਕਸ਼ੈ... ਅਸੀਂ ਸਾਰੇ ਕਰੀਬੀ ਦੋਸਤ ਹੋਣ ਦੀ ਬਜਾਏ ਜ਼ਿਆਦਾਤਰ ਸਾਥੀ ਕਲਾਕਾਰ ਹਾਂ।'
ਸੰਨੀ ਦਾ ਵਰਕਫ੍ਰੰਟ ਸੰਨੀ ਦਿਓਲ ਫ਼ਿਲਮ 'ਬੰਤਵਾੜਾ 1947' 'ਚ ਨਜ਼ਰ ਆ ਰਹੇ ਹਨ ਜਿਹੜੀ 14 ਅਗਸਤ ਨੂੰ ਰਿਲੀਜ਼ ਹੋਈ ਹੈ। ਇਸ ਫ਼ਿਲਮ 'ਚ ਸੰਨੀ ਦੇ ਨਾਲ ਪ੍ਰੀਤੀ ਜ਼ਿੰਟਾ, ਸ਼ਬਾਨਾ ਆਜ਼ਮੀ, ਕਰਨ ਦਿਓਲ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਹੈ ਅਤੇ ਇਸ ਨੂੰ ਰਾਜਕੁਮਾਰ ਸੰਤੋਸ਼ੀ ਨੇ ਡਾਇਰੈਕਟ ਕੀਤਾ ਹੈ।