ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਫਿਲਮ, ਵੈੱਬ ਸੀਰੀਜ਼ ਅਤੇ ਦੂਸਰੇ ਮਾਧਿਅਮਾਂ ਦੇ ਜ਼ਰੀਏ ਸੰਤੁਲਨ ਬਣਾ ਕੇ ਚਲਾਂ। ਵੱਖਰੇ-ਵੱਖਰੇ ਰੋਲ ਕਰਾਂ ਤਾਂ ਜੋ ਕਿਸੇ ਦਾਇਰੇ ਵਿਚ ਨਾ ਬੱਝ ਸਕਾਂ। ਹੁਣ ਮੈਂ ਫਿਲਮੀ ਦੁਨੀਆ ਦਾ ਅਨੁਭਵ ਵੀ ਕਰਨਾ ਚਾਹੁੰਦੀ ਹਾਂ।

ਅਭਿਨੇਤਰੀ ਸ਼੍ਰੈਯਾ ਪਿਲਗਾਂਵਕਰ ਦੇ ਲਈ ਬੀਤਿਆ ਸਾਲ ਉਮੀਦਾਂ ਦੇ ਅਨੁਕੂਲ ਰਿਹਾ ਹੈ। ਨਵੇਂ ਸਾਲ 2026 ਵਿਚ ਉਹ ਆਪਣੀ ਅਦਾਕਾਰੀ ਨਾਲ ਨਵੀਆਂ ਪੈੜਾਂ ਪਾਉਣ ਲਈ ਤਿਆਰ ਹੈ। ਇਸ ਸਾਲ ‘ਹੈਵਾਨ’ ਸਮੇਤ ਕਈ ਪ੍ਰਾਜੈਕਟ ਕਤਾਰ ਵਿਚ ਹਨ। ਫਿਲਹਾਲ ਫਿਲਮਾਂ ’ਤੇ ਜ਼ਿਆਦਾ ਧਿਆਨ ਦੇ ਰਹੀ ਸ਼੍ਰੈਯਾ ਨਵੇਂ ਤਜਰਬੇ ਕਰਨ ਤੋਂ ਕਦੇ ਪਿਛੇ ਨਹੀਂ ਹਟਦੀ। ਅਭਿਨੈ ਕਰਨ ਦੇ ਨਾਲ-ਨਾਲ ਉਸ ਨੂੰ ਗਾਇਕੀ ਦਾ ਸ਼ੌਕ ਵੀ ਹੈ। ਸਕੂਲ ਦੇ ਸਮੇਂ ਉਸ ਨੇ ਤੈਰਾਕੀ ਵਿਚ ਵੀ ਗੋਲਡ ਮੈਡਲ ਜਿੱਤਿਆ ਸੀ। ਉਸ ਨੇ ਜਾਪਾਨੀ ਭਾਸ਼ਾ ਵੀ ਸਿੱਖੀ ਹੈ।
ਉਹ ਕਹਿੰਦੀ ਹੈ, ‘ਬਤੌਰ ਕਲਾਕਾਰ ਮੈਂ ਨਵੀਆਂ ਚੀਜ਼ਾਂ ਲਈ ਬਹੁਤ ਜ਼ਿਆਦਾ ਉਤਸੁਕ ਰਹੀ ਹਾਂ। ਬਚਪਨ ਵਿਚ ਮੈਨੂੰ ਪਤਾ ਨਹੀਂ ਸੀ ਕਿ ਵੱਡੇ ਹੋ ਕੇ ਮੈਂ ਐਕਟਿੰਗ ਹੀ ਕਰਨੀ ਹੈ। ਮੈਂ ਆਪਣੇ ਮਾਤਾ-ਪਿਤਾ (ਅਭਿਨੇਤਰੀ ਸੁਪਰੀਆ ਪਿਲਗਾਂਵਕਰ ਤੇ ਅਭਿਨੇਤਾ ਸਚਿਨ ਪਿਲਗਾਂਵਕਰ) ਨੂੰ ਵੇਖਿਆ ਤਾਂ ਇਹ ਪਾਇਆ ਕਿ ਉਨ੍ਹਾਂ ਸਿੱਖਣਾ ਕਦੇ ਨਹੀਂ ਛੱਡਿਆ। ਉਹ ਹਮੇਸ਼ਾ ਕੁਝ ਨਾ ਕੁਝ ਸਿੱਖਦੇ ਗਏ, ਆਪਣੀ ਕਲਾ ’ਤੇ ਕੰਮ ਕਰਦੇ ਗਏ।
ਇਸ ਲਈ ਮੈਂ ਪੜ੍ਹਾਈ ਦੇ ਨਾਲ-ਨਾਲ ਡਾਂਸ, ਗਾਇਕੀ, ਥੀਏਟਰ ਕਰਨ ਅਤੇ ਲਿਖਣ ਦਾ ਵੀ ਹਮੇਸ਼ਾ ਸ਼ੌਕ ਰੱਖਦੀ ਸੀ। ਬਤੌਰ ਕਲਾਕਾਰ ਸਾਡੇ ਲਈ ਆਪਣੀ ਕਲਾ ਨੂੰ ਤਿੱਖਾ ਅਤੇ ਸਮੇਂ ਦੇ ਨਾਲ ਮਜ਼ਬੂਤ ਬਣਾਉਣਾ ਬਹੁਤ ਜ਼ਰੂਰੀ ਹੈ। ਬਤੌਰ ਕਲਾਕਾਰ ਦੂਸਰੀਆਂ ਭਾਸ਼ਾਵਾਂ, ਭਾਸ਼ਾ-ਸ਼ੈਲੀ ਤੇ ਗੱਲਬਾਤ ਕਰਨ ਦਾ ਤਰੀਕਾ ਸਿੱਖਣ ਨਾਲ ਤੁਹਾਡੇ ਬਾਇਓਡਾਟਾ ਦੀਆਂ ਚੰਗੀਆਂ ਚੀਜ਼ਾਂ ਵਿਚ ਇਜ਼ਾਫ਼ਾ ਹੋ ਜਾਂਦਾ ਹੈ।
ਕਈ ਭਾਸ਼ਾਵਾਂ ’ਚ
ਕੰਮ ਕਰਨਾ ਪਸੰਦ
‘ਮੈਨੂੰ ਅਲੱਗ-ਅਲੱਗ ਭਾਸ਼ਾਵਾਂ ਵਿਚ ਕੰਮ ਕਰਨਾ ਪਸੰਦ ਹੈ। ਮੈਂ ਫਿਲਮ ‘ਹਾਥੀ ਮੇਰੇ ਸਾਥੀ’ ਤੋਂ ਤਾਮਿਲ ਅਤੇ ਤੇਲਗੂ ਭਾਸ਼ਾ ਵਿਚ ਕੰਮ ਕੀਤਾ ਸੀ। ਫਿਲਮ ‘ਮਿਰਜ਼ਾਪੁਰ’ ਵਿਚ ਮੇਰੇ ਬੋਲਣ ਦੀ ਸ਼ੈਲੀ ਵੱਖਰੀ ਸੀ ਜਦਕਿ ‘ਡਰਾਈ ਡੇਅ’ ਵਿਚ ਅਲੱਗ । ਕਲਾਕਾਰ ਲਈ ਵਿਭਿੰਨਤਾ ਜ਼ਰੂਰੀ ਹੈ ਅਤੇ ਇਸ ਦੇ ਲਈ ਉਸ ਨੂੰ ਕਈ ਚੀਜ਼ਾਂ ਨੂੰ ਅਜ਼ਮਾਉਂਦੇ ਰਹਿਣਾ ਚਾਹੀਦਾ ਹੈ।
ਫਿਲਮ ‘ਹੈਵਾਨ’ ’ਚ ਪ੍ਰਿਯਦਰਸ਼ਨ ਦੇ ਨਿਰਦੇਸ਼ਨ ਤੇ ਅਕਸ਼ੈ ਕੁਮਾਰ ਨਾਲ ਕੰਮ ਕਰਨ ਨੂੰ ਲੈ ਕੇ ਸ਼੍ਰੈਯਾ ਕਹਿੰਦੀ ਹੈ, ‘ਮੈਨੂੰ ਇਸ ਫਿਲਮ ਦਾ ਹਿੱਸਾ ਬਣ ਕੇ ਮਜ਼ਾ ਆ ਰਿਹਾ ਹੈ। ਇਸ ਦੇ ਸੈੱਟ ’ਤੇ ਹੀ ਮੈਂ ਅਕਸ਼ੈ ਜੀ ਨੂੰ ਪਹਿਲੀ ਵਾਰ ਮਿਲੀ। ਪ੍ਰਿਯਦਰਸ਼ਨ ਸਰ ਤਾਂ ਲੀਜੈਂਡ ਹਨ। ਮੈਂ ਇਕ ਚੰਗੀ ਕਮਰਸ਼ੀਅਲ ਫਿਲਮ ਕਰਨਾ ਚਾਹੁੰਦੀ ਸੀ ਜੋ ਮੈਂਨੂੰ ‘ਹੈਵਾਨ’ ਦੇ ਰੂਪ ’ਚ ਮਿਲੀ।
ਵੱਖਰੇ-ਵੱਖਰੇ ਰੋਲ ਕਰਨ ਦੀ ਤਮੰਨਾ
ਸ਼੍ਰੈਯਾ ਕਹਿੰਦੀ ਹੈ, ‘ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਫਿਲਮ, ਵੈੱਬ ਸੀਰੀਜ਼ ਅਤੇ ਦੂਸਰੇ ਮਾਧਿਅਮਾਂ ਦੇ ਜ਼ਰੀਏ ਸੰਤੁਲਨ ਬਣਾ ਕੇ ਚਲਾਂ। ਵੱਖਰੇ-ਵੱਖਰੇ ਰੋਲ ਕਰਾਂ ਤਾਂ ਜੋ ਕਿਸੇ ਦਾਇਰੇ ਵਿਚ ਨਾ ਬੱਝ ਸਕਾਂ। ਹੁਣ ਮੈਂ ਫਿਲਮੀ ਦੁਨੀਆ ਦਾ ਅਨੁਭਵ ਵੀ ਕਰਨਾ ਚਾਹੁੰਦੀ ਹਾਂ। ਬਤੌਰ ਕਲਾਕਾਰ ਮੇਰੀ ਨਜ਼ਰ ਹਮੇਸ਼ਾ ਲੰਬੀ ਦੂਰੀ ’ਤੇ ਹੁੰਦੀ ਹੈ। ਮੈਂ ਭਵਿੱਖ ਨੂੰ ਪੰਜ ਨਹੀਂ, ਬਲਕਿ 50 ਸਾਲਾਂ ਦੇ ਬਾਰੇ ਵਿਚ ਸੋਚਦੀ ਹਾਂ।’ •