ਪਰੇਸ਼ ਰਾਵਲ ਦੇ ਬੇਟੇ ਆਦਿਤਿਆ ਰਾਵਲ ਨਿਕਲੇ ਮਲਟੀ-ਟੈਲੈਂਟੇਡ, ਅਦਾਕਾਰੀ ਨਾਲ ਹੁਣ ਸਕ੍ਰਿਪਟ ਰਾਈਟਿੰਗ 'ਚ ਵੀ ਅਜ਼ਮਾਉਣਗੇ ਹੱਥ ਪਰੇਸ਼ ਰਾਵਲ ਦੇ ਬੇਟੇ ਤੇ ਅਦਾਕਾਰ ਆਦਿਤਿਆ ਰਾਵਲ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਲੇਖਨ ਦੀ ਜ਼ਿੰਮੇਵਾਰੀ ਸੰਭਾਲਣੀ ਸ਼ੁਰੂ ਕਰ ਦਿੱਤੀ ਹੈ।
Publish Date: Tue, 06 Oct 2026 02:34 PM (IST)
Updated Date: Tue, 06 Oct 2026 02:36 PM (IST)
ਦੀਪੇਸ਼ ਪਾਂਡੇਯ, ਮੁੰਬਈ। ‘ਫਰਾਜ਼’ ਤੇ ‘ਸੁਬੇਦਾਰ’ ਫਿਲਮਾਂ ਤੇ ਵੈੱਬ ਸੀਰੀਜ਼ ‘ਦਲਦਲ’ ’ਚ ਨਜ਼ਰ ਆ ਚੁੱਕੇ ਅਦਾਕਾਰ ਆਦਿਤਿਆ ਰਾਵਲ ਅਦਾਕਾਰੀ ਦੇ ਨਾਲ-ਨਾਲ ਲੇਖਨ ’ਚ ਵੀ ਕਾਫ਼ੀ ਦਿਲਚਸਪੀ ਰੱਖਦੇ ਹਨ। ਅਦਾਕਾਰ ਪਰੇਸ਼ ਰਾਵਲ ਦੇ ਬੇਟੇ ਆਦਿਤਿਆ ਨੇ ਕੁਝ ਪ੍ਰੋਜੈਕਟਾਂ 'ਤੇ ਲੇਖਕ ਵਜੋਂ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
ਸਕ੍ਰਿਪਟ ਰਾਈਟਰ ਵੀ ਹਨ ਆਦਿਤਿਆ ਰਾਵਲ ਫਿਲਮਾਂ ਦੀਆਂ ਕਹਾਣੀਆਂ ਲਿਖਣ ਬਾਰੇ ਆਦਿਤਿਆ ਰਾਵਲ ਦੱਸਦੇ ਹਨ, “ਲੇਖਕ ਵਜੋਂ ਹਾਲੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ ਜਾ ਸਕਦੀ। ਕਿਸੇ ਵੀ ਪ੍ਰੋਜੈਕਟ ਲਈ ਲਿਖਣਾ ਸਿਰਫ਼ ਪਹਿਲਾ ਪੜਾਅ ਹੁੰਦਾ ਹੈ। ਇਸ ਲਈ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਹੁਣੇ ਦੱਸਣਾ ਥੋੜ੍ਹੀ ਜਲਦਬਾਜ਼ੀ ਹੋਵੇਗੀ। ਹਾਂ, ਜੋ ਮੈਂ ਇਸ ਸਮੇਂ ਲਿਖ ਰਿਹਾ ਹਾਂ, ਹੋ ਸਕਦਾ ਹੈ ਕਿ ਅਗਲੇ ਦੋ-ਤਿੰਨ ਸਾਲਾਂ ’ਚ ਲੋਕਾਂ ਨੂੰ ਦੇਖਣ ਲਈ ਮਿਲ ਜਾਵੇ।”
‘ਸੁੰਦਰ ਪੂਨਮ’ ਆਦਿਤਿਆ ਦੀ ਅਗਲੀ ਫਿਲਮ ਆਉਣ ਵਾਲੇ ਦਿਨਾਂ ’ਚ ਆਦਿਤਿਆ ਰਾਵਲ ਅਦਾਕਾਰਾ ਸਾਨਿਆ ਮਲਹੋਤਰਾ ਨਾਲ ਫਿਲਮ ‘ਸੁੰਦਰ ਪੂਨਮ’ ’ਚ ਨਜ਼ਰ ਆਉਣਗੇ। ਪੁਲਕਿਤ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ ਬਾਰੇ ਆਦਿਤਿਆ ਕਹਿੰਦੇ ਹਨ, “ਇਸ ਫਿਲਮ ਦੀ ਸ਼ੂਟਿੰਗ ਮੁਸ਼ਕਲ ਸੀ, ਪਰ ਇਸ ਨੂੰ ਕਰਨ ’ਚ ਬਹੁਤ ਮਜ਼ਾ ਆਇਆ। ਅਸੀਂ ਗਰਮੀਆਂ ਦੇ ਮੌਸਮ ’ਚ ਰਾਜਸਥਾਨ ’ਚ ਸ਼ੂਟਿੰਗ ਕੀਤੀ ਤੇ ਸਰਦੀਆਂ ’ਚ ਕਸ਼ਮੀਰ ’ਚ। ਇਹ ਬਹੁਤ ਮੁਸ਼ਕਲ ਪ੍ਰਕਿਰਿਆ ਸੀ, ਪਰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਪੁਲਕਿਤ ਸ਼ਾਨਦਾਰ ਨਿਰਦੇਸ਼ਕ ਹਨ।”
ਉਨ੍ਹਾਂ ਨੇ ਅੱਗੇ ਕਿਹਾ, “ਉਨ੍ਹਾਂ ਦੀ ਉਮਰ ਦੇ ਨਿਰਦੇਸ਼ਕਾਂ ’ਚ ਇੰਨੀ ਜ਼ਿਆਦਾ ਪਰਿਪੱਕਤਾ ਦੇਖਣ ਨੂੰ ਨਹੀਂ ਮਿਲਦੀ। ਜਦੋਂ ਇੱਕ ਕਲਾਕਾਰ ਵਜੋਂ ਤੁਸੀਂ ਦੇਖਦੇ ਹੋ ਕਿ ਨਿਰਦੇਸ਼ਕ ਆਪਣੀ ਗੱਲ ਨੂੰ ਲੈ ਕੇ ਇੰਨਾ ਯਕੀਨੀ ਹੈ, ਤਾਂ ਤੁਸੀਂ ਵੀ ਆਪਣੇ ਕੰਮ ’ਚ ਆਪਣੀ ਪੂਰੀ ਸਮਰੱਥਾ ਲਗਾਉਂਦੇ ਹੋ। ਉਨ੍ਹਾਂ ਨੇ ਆਪਣੀ ਪਤਨੀ ਜੋਤਸਨਾ ਨਾਥ ਨਾਲ ਮਿਲ ਕੇ ਇਸ ਫਿਲਮ ਦੀ ਸਕ੍ਰਿਪਟ ਵੀ ਖੁਦ ਲਿਖੀ ਹੈ। ਇਸ ਲਈ ਉਹ ਇਸ ਫਿਲਮ ਦੀ ਦੁਨੀਆ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ।”
ਸਿਰਫ਼ ਲੇਖਨ ਦਾ ਇਰਾਦਾ ਹੈ ਜਾਂ ਨਿਰਦੇਸ਼ਨ ਵੀ ਕਰਨਗੇ? ਇਸ ਸਵਾਲ 'ਤੇ ਆਦਿਤਿਆ ਕਹਿੰਦੇ ਹਨ, “ਫਿਲਹਾਲ ਤਾਂ ਨਿਰਦੇਸ਼ਨ ਨਹੀਂ ਕਰਨਾ। ਹਾਂ, ਹੋ ਸਕਦਾ ਹੈ ਕਿ ਇੱਕ-ਦੋ ਪ੍ਰੋਜੈਕਟਾਂ ’ਚ ਲਿਖਣ ਦੇ ਨਾਲ-ਨਾਲ ਮੈਂ ਅਦਾਕਾਰੀ ਕਰਦਾ ਵੀ ਨਜ਼ਰ ਆਵਾਂ। ਇਹ ਵੀ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸਕ੍ਰਿਪਟ ਕਿਵੇਂ ਤਿਆਰ ਹੁੰਦੀ ਹੈ ਤੇ ਉਸ ’ਚ ਕਿਸ ਤਰ੍ਹਾਂ ਦੇ ਕਿਰਦਾਰ ਬਣਦੇ ਹਨ। ਲਿਖਦੇ ਸਮੇਂ ਮੈਂ ਸਿਰਫ਼ ਇਹ ਸੋਚਦਾ ਹਾਂ ਕਿ ਸਕ੍ਰਿਪਟ ਨੂੰ ਸਭ ਤੋਂ ਬਿਹਤਰ ਤਰੀਕੇ ਨਾਲ ਕਿਵੇਂ ਲਿਖਿਆ ਜਾ ਸਕਦਾ ਹੈ।”