- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਸਿਨੇਮਾ ਦੇ ਲੈਜੈਂਡਰੀ ਗਾਇਕ ਰਫ਼ੀ ਸਾਹਿਬ ਦੇ ਗੀਤਾਂ ਦੇ ਅੱਜ ਵੀ ਕਰੋੜਾਂ ਲੋਕ ਦੀਵਾਨੇ ਹਨ। ਇਸ ਗੱਲ ਦਾ ਸਬੂਤ ਉਨ੍ਹਾਂ ਦੇ ਗੀਤਾਂ ਤੇ ਉਨ੍ਹਾਂ ਨਾਲ ਜੁੜੀਆਂ ਦਿਲਚਸਪ ਕਹਾਣੀਆਂ ਤੋਂ ਮਿਲਦਾ ਹੈ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : 60-70 ਦੇ ਦਹਾਕੇ ’ਚ ਬਾਲੀਵੁੱਡ ਨੇ ਕੁਝ ਅਜਿਹੇ ਗੀਤ ਦਿੱਤੇ ਹਨ, ਜੋ ਅੱਜ ਤੱਕ ਸਦਾਬਹਾਰ ਹਨ ਤੇ ਆਉਣ ਵਾਲੀਆਂ ਕਈ ਦਹਾਕਿਆਂ ਤੱਕ ਵੀ ਐਵਰਗ੍ਰੀਨ ਰਹਿਣਗੇ। ਖ਼ਾਸ ਕਰਕੇ ਜੇ ਇਹ ਗੀਤ ਮੁਹੰਮਦ ਰਫ਼ੀ ਦੇ ਹੋਣ ਤਾਂ ਗੱਲ ਹੀ ਵੱਖਰੀ ਹੈ। ਭਾਰਤੀ ਸਿਨੇਮਾ ਦੇ ਲੈਜੈਂਡਰੀ ਗਾਇਕ ਰਫ਼ੀ ਸਾਹਿਬ ਦੇ ਗੀਤਾਂ ਦੇ ਅੱਜ ਵੀ ਕਰੋੜਾਂ ਲੋਕ ਦੀਵਾਨੇ ਹਨ। ਇਸ ਗੱਲ ਦਾ ਸਬੂਤ ਉਨ੍ਹਾਂ ਦੇ ਗੀਤਾਂ ਤੇ ਉਨ੍ਹਾਂ ਨਾਲ ਜੁੜੀਆਂ ਦਿਲਚਸਪ ਕਹਾਣੀਆਂ ਤੋਂ ਮਿਲਦਾ ਹੈ। ਅਜਿਹੀ ਹੀ ਇੱਕ ਕਹਾਣੀ 63 ਸਾਲ ਪੁਰਾਣੇ ਇੱਕ ਗੀਤ ਦੀ ਹੈ, ਜਿਸ ਦੀ ਸ਼ੂਟਿੰਗ ਦੌਰਾਨ ਮੁੰਬਈ ਦੀਆਂ ਸੜਕਾਂ ’ਤੇ ਲਗਭਗ 6 ਘੰਟਿਆਂ ਤੱਕ ਟ੍ਰੈਫਿਕ ਜਾਮ ਲੱਗ ਗਿਆ ਸੀ।
ਮੁੰਬਈ ਦੀਆਂ ਸੜਕਾਂ ’ਤੇ 6 ਘੰਟਿਆਂ ਤੱਕ ਲੱਗਾ ਸੀ ਜਾਮ
ਜਿਸ ਗੀਤ ਦੀ ਅਸੀਂ ਗੱਲ ਕਰ ਰਹੇ ਹਾਂ, ਉਹ 1963 ’ਚ ਰਿਲੀਜ਼ ਹੋਈ ਫ਼ਿਲਮ ‘ਬਲੱਫ ਮਾਸਟਰ’ (Bluff Master) ਦਾ ਹੈ। ਇਸ ਦੇ ਬੋਲ ਹਨ, ‘ਗੋਵਿੰਦਾ ਆਲਾ ਰੇ ਆਲਾ, ਜ਼ਰਾ ਮਟਕੀ ਸੰਭਾਲ ਬ੍ਰਿਜਬਾਲਾ।’ ਇਹ ਗੀਤ ਆਪਣੇ ਅਨੋਖੇ ਅੰਦਾਜ਼ ਲਈ ਮਸ਼ਹੂਰ ਅਦਾਕਾਰ ਸ਼ੰਮੀ ਕਪੂਰ ’ਤੇ ਫ਼ਿਲਮਾਇਆ ਗਿਆ ਸੀ। ਸ਼ੰਮੀ ਕਪੂਰ ਦੇ ਅੰਦਾਜ਼ ਤੇ ਜੋਸ਼ ਦੇ ਤਾਂ ਲੋਕ ਪਹਿਲਾਂ ਹੀ ਦੀਵਾਨੇ ਸਨ। ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਇੱਕ ਗੀਤ ਮੁੰਬਈ ਦੀਆਂ ਸੜਕਾਂ ’ਤੇ ਫ਼ਿਲਮਾਇਆ ਜਾ ਰਿਹਾ ਹੈ, ਤਾਂ ਸ਼ੂਟਿੰਗ ਵਾਲੀ ਥਾਂ ’ਤੇ ਭਾਰੀ ਭੀੜ ਇਕੱਠੀ ਹੋ ਗਈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਭੀੜ ਬੇਕਾਬੂ ਹੋ ਗਈ ਤੇ ਮੁੰਬਈ ਦੀਆਂ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ। ਗੱਡੀਆਂ ਜਿੱਥੇ ਸੀ ਉੱਥੇ ਹੀ ਖੜ੍ਹੀਆਂ ਰਹਿ ਗਈਆਂ ਤੇ ਜਿਸ ਨਾਲ ਲਗਭਗ 6 ਘੰਟਿਆਂ ਤੱਕ ਟ੍ਰੈਫਿਕ ਜਾਮ ਲੱਗਾ ਰਿਹਾ।
ਚਾਲ ਦੇ ਲੋਕ ਸਨ ਬੈਕਗਰਾਊਂਡ ਡਾਂਸਰ
ਇਸ ਗੀਤ ਦੀ ਇੱਕ ਹੋਰ ਖ਼ਾਸ ਗੱਲ ਇਹ ਹੈ ਕਿ ਸ਼ੰਮੀ ਕਪੂਰ ਦੇ ਨਾਲ ਬੈਕਗਰਾਊਂਡ ’ਚ ਡਾਂਸ ਕਰਨ ਵਾਲੇ ਕੋਈ ਪ੍ਰੋਫੈਸ਼ਨਲ ਡਾਂਸਰ ਨਹੀਂ ਸਨ। ਇਸ ਦੀ ਬਜਾਏ ਗਿਰਗਾਂਵ ਦੀ ਚਾਲ ਦੇ ਨੌਜਵਾਨ ਤੇ ਗੋਵਿੰਦਾ ਮੰਡਲ ਦੇ ਮੈਂਬਰ ਇਸ ਗੀਤ ’ਚ ਨਜ਼ਰ ਆਏ ਸਨ।
ਤਿਉਹਾਰਾਂ ਦੀ ਸ਼ਾਨ ਹੈ ਇਹ ਗੀਤ
ਮੁਹੰਮਦ ਰਫ਼ੀ ਦੀ ਆਵਾਜ਼ ’ਚ ਗਾਇਆ ਇਹ ਗੀਤ ਜਨਮਅਸ਼ਟਮੀ ਦੀ ਸ਼ਾਨ ਮੰਨਿਆ ਜਾਂਦਾ ਹੈ ਤੇ ਦਹੀਂ-ਹਾਂਡੀ ਵਰਗੇ ਸਮਾਗਮਾਂ ’ਚ ਅੱਜ ਵੀ ਖੂਬ ਵਜਾਇਆ ਜਾਂਦਾ ਹੈ। 6 ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਗੀਤ ਦਾ ਜਾਦੂ ਅੱਜ ਵੀ ਪਹਿਲਾਂ ਵਾਂਗ ਹੀ ਕਾਇਮ ਹੈ। ਇਸ ਗੀਤ ਦੇ ਬੋਲ ਰਾਜਿੰਦਰ ਕ੍ਰਿਸ਼ਨ ਨੇ ਲਿਖੇ ਸਨ, ਜਦਕਿ ਇਸ ਦਾ ਸੰਗੀਤ ਆਨੰਦਜੀ-ਕਲਿਆਣਜੀ ਨੇ ਦਿੱਤਾ ਸੀ। ਮੁਹੰਮਦ ਰਫ਼ੀ ਦੀ ਜਾਦੂਈ ਆਵਾਜ਼ ਤੇ ਸ਼ੰਮੀ ਕਪੂਰ ਦੇ ਚੰਚਲ ਤੇ ਜੋਸ਼ੀਲੇ ਅੰਦਾਜ਼ ਨੇ ਇਸ ਗੀਤ ਨੂੰ ਸਦਾਬਹਾਰ ਬਣਾ ਦਿੱਤਾ। ‘ਬਲੱਫ ਮਾਸਟਰ’ ਫ਼ਿਲਮ ਦਾ ਨਿਰਦੇਸ਼ਨ ਮਨਮੋਹਨ ਦੇਸਾਈ ਨੇ ਕੀਤਾ ਸੀ। ਇਸ ਫ਼ਿਲਮ ’ਚ ਸ਼ੰਮੀ ਕਪੂਰ ਦੇ ਨਾਲ ਸਾਇਰਾ ਬਾਨੋ, ਪ੍ਰਾਣ ਤੇ ਲਲਿਤਾ ਪਵਾਰ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਸਨ।