ਇਰਫ਼ਾਨ ਖ਼ਾਨ ਕੈਂਸਰ ਦੀ ਨਾਮੁਰਾਦ ਬਿਮਾਰੀ ਕਰਕੇ ਜ਼ਿੰਦਗੀ ਦੀ ਜੰਗ ਹਾਰ ਿਗਆ। ਉਸ ਨੂੰ ਨਿਊਰੋਐਂਡੋਕ੍ਰਾਈਨ ਟਿਊਮਰ ਨਾਂ ਦੀ ਬੀਮਾਰੀ ਸੀ। ਜੋ ਕੈਂਸਰ ਦਾ ਹੀ ਇਕ ਰੂਪ ਹੈ। ਇਰਫ਼ਾਨ ਨੂੰ ਇਸ ਬਾਰੇ ਮਾਰਚ 2018 ’ਚ ਪਤਾ ਚੱਲਿਆ ਸੀ। ਉਹ ਆਪਣੀਆਂ ਫਿਲਮਾਂ ਦੀਆਂ ਸ਼ੂਟਿੰਗਾਂ ਅੱਧ ਵਿਚਾਲੇ ਹੀ ਛੱਡ ਕੇ ਵਿਦੇਸ਼ ਇਲਾਜ ਕਰਵਾਉਣ ਲਈ ਚਲਾ ਗਿਆ ਸੀ।

ਬਾਲੀਵੁੱਡ ਦਾ ਹਰਫ਼ਨਮੌਲਾ ਕਲਾਕਾਰ ਸੀ ਇਰਫ਼ਾਨ ਖ਼ਾਨ ਕਿਉਂਕਿ ਇਰਫ਼ਾਨ ਖ਼ਾਨ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਤੇ ਉਨ੍ਹਾਂ ਫਿਲਮਾਂ ਵਿਚ ਉਸ ਨੇ ਜੋ ਵੀ ਕਿਰਦਾਰ ਨਿਭਾਏ। ਉਸ ਨੇ ਆਪਣੇ ਕਿਰਦਾਰਾਂ ਨੂੰ ਜੀਵਿਆ ਹੈ। ਉਸ ਦੀ ਅਦਾਕਾਰੀ ’ਚ ਦਮ ਸੀ। ਹਾਲਾਂਕਿ ਐਕਟਿੰਗ ਉਸਨੂੰ ਕੋਈ ਵਿਰਾਸਤ ਵਿੱਚੋਂ ਨਹੀ ਮਿਲੀ ਸੀ। ਬਣਨਾ ਤਾਂ ਉਹ ਕ੍ਰਿਕਟਰ ਚਾਹੁੰਦਾ ਸੀ ਪਰ ਜ਼ਿੰਦਗੀ ਨੇ ਅਚਾਨਕ ਅਜਿਹਾ ਮੋੜ ਕੱਟਿਆ ਕਿ ਸਾਰਾ ਹੀ ਧਿਆਨ ਐਕਟਿੰਗ ’ਤੇ ਕੇਂਦਰਿਤ ਹੋ ਗਿਆ। ਉਸ ਦੇ ਇਸ ਸ਼ੌਕ ਤੋਂ ਉਸ ਦੇ ਘਰ ਵਾਲੇ ਵੀ ਖ਼ੁਸ਼ ਨਹੀ ਸਨ। ਉਹ ਨਹੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਚਸ਼ਮੋ-ਚਿਰਾਗ ਨੱਚਣ ਗਾਉਣ ਵਾਲਿਆਂ ਵਾਲੇ ਕੰਮ ਕਰੇ। ਫਿਰ ਉਸ ਨੇ ਆਪਣੇ ਮਾਤਾ ਪਿਤਾ ਨੂੰ ਇਹ ਵਿਸ਼ਵਾਸ ਦੁਆਇਆ ਕਿ ਉਹ ਬਾਲੀਵੁੱਡ ਵਿਚ ਨੱਚਣ ਗਾਉਣ ਨਹੀ ਸਗੋਂ ਕੁੱਝ ਯਾਦਗਾਰੀ ਕੰਮ ਕਰਨਾ ਚਾਹੁੰਦਾ ਹੈ ਤਾਂ ਕਿ ਲੋਕ ਉਸਨੂੰ ਉਸ ਦੀ ਪਾਏਦਾਰ ਐਕਟਿੰਗ ਲਈ ਹਮੇਸ਼ਾ ਯਾਦ ਰੱਖਣ। ਉਹ ਖ਼ੁਦ ਤਾਂ ਡਾਇਲਾਗ ਬੋਲ ਕੇ ਦਰਸ਼ਕਾਂ ਨੂੰ ਕੀਲਣ ਦੀ ਸਮਰੱਥਾ ਰੱਖਦਾ ਹੀ ਸੀ ਪਰ ਉਸ ਦੇ ਚਿਹਰੇ ਦੇ ਹਾਵ-ਭਾਵ ਤੇ ਉਸ ਦੀਆਂ ਅੱਖਾਂ ਵੀ ਬਿਨਾਂ ਬੋਲੇ ਹੀ ਬਹੁਤ ਕੁਝ ਕਹਿ ਜਾਂਦੀਆਂ ਸਨ। ਅਸਲੀ ਐਕਟਰ ਦੀ ਇਹੀ ਪਛਾਣ ਹੁੰਦੀ ਹੈ ਕਿ ਉਹੋ ਜੋ ਕੁਝ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹ ਰਿਹਾ ਹੈ, ਉਹ ਉਸ ਵਿਚ ਕਾਮਯਾਬ ਹੋਇਆ ਹੈ ਜਾਂ ਨਹੀ। ਸ਼ਾਇਦ ਉਸ ਨੇ ਅਜੇ ਬਹੁਤ ਕੁਝ ਕਰਨਾ ਸੀ ਪਰ ਉਹ ਛੋਟੀ ਉਮਰ ਵਿਚ ਹੀ ਸਾਨੂੰ ਸਭ ਨੂੰ ਛੱਡ ਕੇ ਤੁਰ ਗਿਆ। ਐਸੇ ਫ਼ਨਕਾਰ ਸਦੀਆਂ ਬਾਦ ਵੀ ਸ਼ਾਇਦ ਹੀ ਪੈਦਾ ਹੁੰਦੇ ਹੋਣ। ਇਰਫ਼ਾਨ ਦੇ ਇਸ ਤਰ੍ਹਾਂ ਤੁਰ ਜਾਣ ਨਾਲ ਫਿਲਮ ਇੰਡਸਟਰੀ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਜਨਮ ਤੇ ਪੜ੍ਹਾਈ
ਇਰਫ਼ਾਨ ਖ਼ਾਨ ਦਾ ਜਨਮ 7 ਜਨਵਰੀ 1967 ਦਿਨ ਸ਼ਨੀਵਾਰ ਨੂੰ ਨਵਾਬੀ ਖ਼ਾਨਦਾਨ ’ਚ ਪਿਤਾ ਯਾਸੀਨ ਅਲੀ ਖ਼ਾਨ ਤੇ ਮਾਤਾ ਸਾਈਦਾ ਬੇਗਮ ਦੇ ਘਰ ਰਾਜਸਥਾਨ ਦੇ ਟੋਂਕ ਜ਼ਿਲ੍ਹੇ ਦੇ ਖਜੂਰੀਆ ਪਿੰਡ ’ਚ ਹੋਇਆ।ਜਦ ਘਰਵਾਲਿਆਂ ਵੱਲੋਂ ਉਸ ਦਾ ਨਾਮਕਰਨ ਕੀਤਾ ਗਿਆ ਤਾਂ ਉਸ ਦਾ ਨਾਂਅ ਸਾਹਿਬਜ਼ਾਦਾ ਇਰਫ਼ਾਨ ਅਲੀ ਖ਼ਾਨ ਰੱਖਿਆ ਗਿਆ ਕਿਉਂਕਿ ਉਸ ਦਾ ਪਰਿਵਾਰ ਨਵਾਬ ਖ਼ਾਨਦਾਨ ਨਾਲ ਤਾਅਲੁੱਕ ਰੱਖਦਾ ਸੀ।ਪਿਤਾ ਵਪਾਰੀ ਸੀ। ਟਾਇਰਾਂ ਦਾ ਵਪਾਰ ਕਰਦੇ ਸਨ। ਇਰਫ਼ਾਨ ਖ਼ਾਨ ਦੇ ਦੋ ਭਰਾ ਤੇ ਇਕ ਭੈਣ ਹੋਰ ਹੈ। ਜਦ ਉਸਨੂੰ ਸਕੂਲ ਦਾਖ਼ਲ ਕਰਵਾਉਣ ਲਈ ਲੈ ਕੇ ਗਏ ਤਾਂ ਉਸਨੂੰ ਇਨ੍ਹਾਂ ਲੰਬਾ ਨਾਂਅ ਪਸੰਦ ਨਾ ਆਇਆ। ਉਸ ਨੇ ਆਪਣੇ ਨਾਂਅ ਨਾਲੋਂ ‘ਸਾਹਿਬਜ਼ਾਦਾ’ ਸ਼ਬਦ ਹਟਵਾ ਦਿੱਤਾ ਤੇ ਸਿਰਫ਼ ਇਰਫ਼ਾਨ ਖ਼ਾਨ ਨਾਂਅ ਹੀ ਰੱਖਿਆ। ਉਸ ਦੀ ਮੁੱਢਲੀ ਸਿੱਖਿਆ ਜੈਪੁਰ ਦੇ ਸਕੂਲ ਤੋਂ ਹੀ ਹੋਈ। ਕਾਲਜੀ ਪੜ੍ਹਾਈ ਵਿਚ ਉਸ ਨੇ ਪੋਸਟ ਗਰੈਜ਼ੂਏਸ਼ਨ ਐੱਮਏ ਕੀਤੀ ਹੈ। ਫਿਰ ਉਸ ਨੇ ‘ਨੈਸ਼ਨਲ ਸਕੂਲ ਆਫ ਡਰਾਮਾ’ ਦਿੱਲੀ ਵਿਚ ਦਾਖ਼ਲਾ ਲੈ ਲਿਆ। ਇੱਥੇ ਐਕਟਿੰਗ ਦੇ ਗੁਰ ਸਿੱਖਦਾ ਰਿਹਾ।
ਟੀਵੀ ਤੋਂ ਸ਼ੁਰੂਆਤ
ਜਦ ਇਰਫ਼ਾਨ ਖ਼ਾਨ ਨੇ ‘ਨੈਸ਼ਨਲ ਸਕੂਲ ਆਫ ਡਰਾਮਾ’ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਤਾਂ ਐਕਟਿੰਗ ਦੇ ਖੇਤਰ ਵਿਚ ਕੁਝ ਕਰਨ ਲਈ ਪਰ ਤੋਲਣ ਲੱਗਾ। ਚਾਰੇ ਪਾਸੇ ਨਜ਼ਰ ਦੌੜਾ ਕੇ ਉਹ ਮੁੰਬਈ ਦੇ ਰਾਹ ਪੈ ਗਿਆ। ਮੁੰਬਈ ਆ ਕੇ ਕਾਮਯਾਬੀ ਹਾਸਲ ਕਰਨੀ ਕੋਈ ਸੁਖਾਲਾ ਕਾਰਜ ਨਹੀਂ ਸੀ। ਉੱਥੇ ਰੋਜ਼ੀ ਰੋਟੀ ਦੇ ਵੀ ਲਾਲੇ ਪੈ ਗਏ। ਹੱਥੀਂ ਮਿਹਨਤ ਕਰਨੀ ਪਈ। ਮੁੰਬਈ ਵਿਚ ਉਸ ਨੇ ਏਸੀ ਰਿਪੇਅਰ ਦਾ ਕੰਮ ਵੀ ਕੀਤਾ। ਉਨ੍ਹਾਂ ਦਿਨਾਂ ਵਿਚ ਉਹ ਏਸੀ ਰਿਪੇਅਰ ਕਰਨ ਲਈ ਰਾਜੇਸ਼ ਖੰਨਾ ਦੇ ਬੰਗਲੇ ’ਤੇ ਵੀ ਗਿਆ ਸੀ। ਕਾਫ਼ੀ ਜਦੋ-ਜਹਿਦ ਤੋਂ ਬਾਦ ਫਿਲਮਾਂ ਵਿਚ ਮੌਕਾ ਨਾ ਮਿਲਿਆ ਤਾਂ ਉਸ ਨੇ ਛੋਟੇ ਪਰਦੇ ਤੋਂ ਹੀ ਸ਼ੁਰੂਆਤ ਕਰਨੀ ਬਿਹਤਰ ਸਮਝੀ। ਉਸ ਨੇ ਟੀਵੀ ਵੱਲ ਰੁਖ਼ ਕੀਤਾ। ਟੀਵੀ ’ਤੇ ਜੋ ਵੀ ਛੋਟੀਆਂ-ਮੋਟੀਆਂ ਭੂਮਿਕਾਵਾਂ ਮਿਲੀਆਂ ਉਸ ਨੇ ਖਿੜੇ ਮੱਥੇ ਪ੍ਰਵਾਨ ਕੀਤੀਆਂ। ਉਸ ਨੇ ਟੀਵੀ ’ਤੇ ‘ਭਾਰਤ ਏਕ ਖੋਜ’, ‘ਚਾਣਕਿਆ’, ‘ਦਾ ਗਰੇਟ ਮਰਾਠਾ’, ‘ਮਾਨੋ ਜਾਂ ਨਾ ਮਾਨੋ’, ‘ਚੰਦਰਕਾਂਤਾ’ ਆਦਿ ਸੀਰੀਅਲਾਂ ਵਿਚ ਕੰਮ ਕੀਤਾ।
ਫਿਲਮਾਂ ਕੀਤੀਆਂ
ਉਸ ਦੀਆਂ ਕ੍ਰਮਵਾਰ ਫਿਲਮਾਂ ਦੀ ਸੂਚੀ ਇਸ ਤਰ੍ਹਾਂ ਹੈ। ‘ਸਲਾਮ ਬੰਬੇ’ (1988), ‘ਕਮਲਾ ਕੀ ਮੌਤ’ (1989), ‘ਵਾਦੇ ਇਰਾਦੇ’ (1994), ‘ਪ੍ਰਾਈਵੇਟ ਡਿਟੇਕਟਿਵ’(1997), ‘ਸੱਚ ਲੋਂਗ ਜਰਨੀ, ‘ ਬੜਾ ਦਿਨ’ (1998), ‘ਘਾਤ’ (2000), ‘ਦਾ ਵਾਰੀਅਰ’ , ‘ਕਸੂਰ’ (2001), ‘ਕਾਲੀ ਸਲਵਾਰ’, ‘ਗੁਨਾਹ’, ‘ਬੋਕਸ਼ ਦਾ ਮਿੱਥ’, ‘ਪ੍ਰਥਾ’ (2002), ‘ਮਕਬੂਲ’, ‘ਹਾਸਿਲ’, ‘ਦਾ ਬਾਈਪਾਸ’, ‘ਧੁੰਧ’, ‘ਫੁੱਟਪਾਥ’, ‘ਸੁਪਾਰੀ’ (2003), ‘ਸ਼ੈਡੋ ਅਟ ਟਾਈਮ’, ‘ਆਨ’, ‘ਚਰਸ’ (2004), ‘ਦੁਬਈ ਰਿਟਰਨ’, ‘ਰੋਗ’, ‘ਬੁਲੇਟ’, ‘ਚੇਹਰਾ’, ‘ਚਾਕਲੇਟ’, ‘ਗਰਮ’ (2005), ‘ਦਾ ਨੇਮਸੇਕ’, ‘ਦਾ ਕਿੱਲਰ’, ‘ਯੂ ਹੋਤਾ ਤੋ ਕਿਆ ਹੋਤਾ’, ‘ਸੈਨਿਕੱੁਡ’, ‘ਸਿਰਫ 24 ਘੰਟੇ’, ‘ਮਿ. 200%’ (2006), ‘ਲਾਈਫ ਇਨ ਏ ਮੈਟਰੋ’, ‘ਏ ਮਾਈਟੀ ਹਾਰਟ’, ‘ਪਾਰਟੀਸ਼ਨ’, ‘ਮੇਰੀਟੀਅਨ’ (2007), ‘ਭੋਪਾਲ ਮੂਵੀ’, ‘ਕ੍ਰੇਜ਼ੀ 4’, ‘ਦੇਹਲੀ 6’, ‘ਰੋਡ ਟੂ ਲੱਦਾਖ’, ‘ਸੰਡੇ’ (2008), ‘ਬਿੱਲੂ ਬਾਰ ਬਰ’, ‘ਨਿਊਯਾਰਕ’ (2009), ‘ਰਾਈਟ ਜਾਂ ਰੋਂਗ’, ‘ਨੋਕ ਆਊਟ’ (2010), ‘ਯੇ ਸਾਲੀ ਜ਼ਿੰਦਗੀ’, ‘ਸਾਤ ਖ਼ੂਨ ਮਾਫ’, ਥੈਂਕ ਯੂ’ (2011), ‘ਡੀ ਡੇ’, ‘ਲੰਚ ਬਾਕਸ’ (2013), ‘ਕਰੀਬ-ਕਰੀਬ ਸਿੰਗਲ’, ‘ਹਿੰਦੀ ਮੀਡੀਅਮ’ (2017), ‘ਕਾਰਵਾਂ’, ‘ਬਲੈਕਮੇਲ’ (2018), ‘ਅੰਗਰੇਜ਼ੀ ਮੀਡੀਅਮ’ (2020) ਆਦਿ ਹੋਰ ਵੀ ਸਨ।
ਹਾਲੀਵੁੱਡ ਫਿਲਮਾਂ
ਇਰਫ਼ਾਨ ਖ਼ਾਨ ਨੇ ਟੀਵੀ ਤੋਂ ਸ਼ੁਰੂਆਤ ਕਰਕੇ ਬਾਲੀਵੁੱਡ ਵਿਚ ਕਦਮ ਰੱਖਿਆ ਸੀ। ਬਾਲੀਵੁੱਡ ਤੋਂ ਹੀ ਉਸ ਨੇ ਹਾਲੀਵੁੱਡ ਦਾ ਵੀ ਰੁਖ਼ ਕੀਤਾ ਤੇ ਕਾਮਯਾਬੀ ਦੇ ਝੰਡੇ ਗੱਡੇ। ਹਾਲੀਵੁੱਡ ’ਚ ਉਸ ਨੇ ‘ਸਚ ਏ ਲਾਂਗ ਜਰਨੀ (1988), ‘ਦਾ ਨੇਮ ਸੇਕ’ (2006), ‘ਏ ਮਾਈਟੀ ਹਾਰਟ’ (2007), ‘ਸਲੱਮਡਾਗ ਮਿਲੇਨੀਅਰ’ (2008), ‘ਲਾਈਫ ਆਫ ਪਾਈ’ (2012), ‘ਦਾ ਅਮੈਜ਼ਿੰਗ ਸਪਾਈਡਰ ਮੈਨ’ (2012), ‘ਜ਼ੁਰਾਸਿਕ ਵਰਲਡ’ (2015), ‘ਇਨਫਰਨੋ’ (2016) ਆਦਿ ਵਿੱਚ ਐਕਟਿੰਗ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।
ਵੱਡੇ ਪਰਦੇ ’ਤੇ ਸ਼ੁਰੂਆਤ
ਐਕਟਿੰਗ ਵਿਚ ਭਾਵੇਂ ਉਸ ਦੀ ਸ਼ੁਰੂਆਤ ਹੋ ਗਈ ਸੀ ਪਰ ਅਸਲੀ ਖਿੱਚ ਫਿਲਮਾਂ ਵਿਚ ਜਾਣ ਦੀ ਸੀ। ਹੁਣ ਉਸ ਨੇ ਵੱਡੇ ਪਰਦੇ ਵੱਲ ਧਿਆਨ ਕੇਂਦਰਿਤ ਕੀਤਾ ਤੇ ਫਿਲਮਾਂ ਵਿਚ ਐਕਟਿੰਗ ਕਰਨ ਲਈ ਅੰਗੜਾਈਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਸਨ। ਛੋਟੇ ਪਰਦੇ ਤੋਂ ਵੱਡੇ ਪਰਦੇ ’ਤੇ ਜਾਣ ਦੀ ਖਿੱਚ ਸੀ। ਸੋ ਵੱਡੇ ਪਰਦੇ ’ਤੇ ਜਾਣ ਦਾ ਸਬੱਬ ਬਣ ਹੀ ਗਿਆ। ਉਸ ਨੇ ‘ਸਲਾਮ ਬੰਬੇ’ (1988) ’ਚ ਛੋਟਾ ਜਿਹਾ ਰੋਲ ਕੀਤਾ। ਉਸਨੂੰ ਇਸ ਗੱਲ ਦੀ ਬੜੀ ਖ਼ੁਸ਼ੀ ਸੀ ਕਿ ਵੱਡੇ ਪਰਦੇ ’ਤੇ ਸ਼ੁਰੂਆਤ ਹੋ ਗਈ ਹੈ। ਜਦ ਇਹ ਫਿਲਮ ਰਿਲੀਜ਼ ਹੋਈ ਤਾਂ ਉਸ ਨੇ ਇਹ ਫਿਲਮ ਦੇਖੀ ਤਾਂ ਫਿਲਮ ਵਿਚਲੇ ਉਸ ਦੇ ਰੋਲ ’ਤੇ ਕੈਂਚੀ ਫਿਰ ਚੁੱਕੀ ਸੀ। ਉਸ ਵੱਲੋਂ ਕੀਤਾ ਰੋਲ ਇਸ ਫਿਲਮ ਵਿਚ ਨਹੀਂ ਸੀ। ਥੋੜ੍ਹਾ ਨਿਰਾਸ਼ ਜ਼ਰੂਰ ਹੋਇਆ ਪਰ ਹਿੰਮਤ ਨਹੀਂ ਹਾਰੀ। ਇਸ ਤੋਂ ਬਾਦ ਉਸ ਦਾ ਫਿਲਮਾਂ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਆਖ਼ਰੀ ਵਕਤ
ਇਰਫ਼ਾਨ ਖ਼ਾਨ ਕੈਂਸਰ ਦੀ ਨਾਮੁਰਾਦ ਬਿਮਾਰੀ ਕਰਕੇ ਜ਼ਿੰਦਗੀ ਦੀ ਜੰਗ ਹਾਰ ਿਗਆ। ਉਸ ਨੂੰ ਨਿਊਰੋਐਂਡੋਕ੍ਰਾਈਨ ਟਿਊਮਰ ਨਾਂ ਦੀ ਬੀਮਾਰੀ ਸੀ। ਜੋ ਕੈਂਸਰ ਦਾ ਹੀ ਇਕ ਰੂਪ ਹੈ। ਇਰਫ਼ਾਨ ਨੂੰ ਇਸ ਬਾਰੇ ਮਾਰਚ 2018 ’ਚ ਪਤਾ ਚੱਲਿਆ ਸੀ। ਉਹ ਆਪਣੀਆਂ ਫਿਲਮਾਂ ਦੀਆਂ ਸ਼ੂਟਿੰਗਾਂ ਅੱਧ ਵਿਚਾਲੇ ਹੀ ਛੱਡ ਕੇ ਵਿਦੇਸ਼ ਇਲਾਜ ਕਰਵਾਉਣ ਲਈ ਚਲਾ ਗਿਆ ਸੀ। ਲਗਪਗ ਡੇਢ ਸਾਲ ਇਲਾਜ ਕਰਵਾਉਣ ਤੋਂ ਬਾਦ ਦੇਸ਼ ਵਾਪਸ ਪਰਤਿਆ ਸੀ। ਇੱਥੇ ਫਿਰ ਉਸਨੂੰ ਪੇਟ ਦੀ ਇਨਫੈਕਸ਼ਨ ਹੋਈ ਤਾਂ ਉਸਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਅੰਤ ਉਹ 29 ਅਪ੍ਰੈਲ 2020 ਦਿਨ ਬੁੱਧਵਾਰ ਨੂੰ ਆਪਣੀ 53 ਸਾਲ 3 ਮਹੀਨੇ ਤੇ 22 ਦਿਨ ਦੀ ਜ਼ਿੰਦਗੀ ਗੁਜ਼ਾਰ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। •