'ਹਨੂਮਾਨ' ਤੋਂ 'ਰਾਮ' ਤੱਕ... ਧਰਮ ਦੇ ਰਾਹ ’ਤੇ ਚੱਲਿਆ ਸਿਨੇਮਾ, ਫਿਲਮ ਇੰਡਸਟਰੀ ’ਚ ਮੁੜ ਆਇਆ 'ਪੌਰਾਣਿਕ ਯੁੱਗ'
ਸਿਨੇਮਾ ’ਚ ਹੁਣ ਸਿਰਫ਼ ਮਾਸ ਐਂਟਰਟੇਨਰ ਫਿਲਮਾਂ ਦਾ ਦੌਰ ਨਹੀਂ ਹੈ, ਸਗੋਂ ਪੌਰਾਣਿਕ ਤੇ ਮਹਾਕਾਵਿਆਂ ’ਤੇ ਆਧਾਰਿਤ ਕਹਾਣੀਆਂ ਵੀ ਦਰਸ਼ਕਾਂ ਦਾ ਧਿਆਨ ਖਿੱਚ ਰਹੀਆਂ ਹਨ। ਆਉਣ ਵਾਲੇ ਸਮੇਂ ’ਚ ਵੀ ਕਈ ਅਜਿਹੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ।
Publish Date: Wed, 16 Sep 2026 02:28 PM (IST)
Updated Date: Wed, 16 Sep 2026 02:38 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸਿਨੇਮਾ ਦੇ ਬਦਲਦੇ ਦੌਰ ਦੇ ਨਾਲ ਹੁਣ ਕਹਾਣੀਆਂ ਵੀ ਬਦਲ ਰਹੀਆਂ ਹਨ। ਜੈਨ-ਜ਼ੀ ਦੇ ਜ਼ਮਾਨੇ ’ਚ ਅੱਜ ਕਹਾਣੀਆਂ ਸਿਰਫ਼ ਮਾਸ ਐਂਟਰਟੇਨਰ ਫਿਲਮਾਂ ਤੱਕ ਸੀਮਿਤ ਨਹੀਂ ਹਨ। ਹੁਣ ਉਹ ਕਹਾਣੀਆਂ ਵੀ ਪਰਦੇ ’ਤੇ ਉਤਰ ਰਹੀਆਂ ਹਨ, ਜਿਨ੍ਹਾਂ ਨਾਲ ਆਮ ਲੋਕਾਂ ਦਾ ਡੂੰਘਾ ਨਾਤਾ ਹੈ।
ਇਤਿਹਾਸਕ ਕਹਾਣੀਆਂ ਤੋਂ ਲੈ ਕੇ ਧਾਰਮਿਕ ਕਹਾਣੀਆਂ ਤੱਕ ਦਾ ਤਾਣਾਬਾਣਾ ਇਸ ਸਮੇਂ ਸਿਨੇਮਾ ’ਚ ਬੁਣਿਆ ਜਾ ਰਿਹਾ ਹੈ। ਇਸੇ ਕਰਕੇ ਹਨੂਮਾਨ ਅੰਸ਼ (Hanuman Ansh) ਤੋਂ ਲੈ ਕੇ ਰਾਮਾਇਣ (Ramayana) ਵਰਗੇ ਮਹਾਕਾਵਿਆਂ ’ਤੇ ਛੋਟੀਆਂ ਤੋਂ ਲੈ ਕੇ ਵੱਡੀਆਂ ਫਿਲਮਾਂ ਬਣ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਸਿਨੇਮਾ ’ਚ ਆਪਣੀ ਵੱਖਰੀ ਪਛਾਣ ਬਣਾਈ ਹੈ।
ਮਹਾਕਾਵਿਆਂ ਤੇ ਇਤਿਹਾਸ ’ਤੇ ਬਣ ਰਹੀਆਂ ਫਿਲਮਾਂ ਦਰਅਸਲ, ਭਾਰਤੀ ਸਿਨੇਮਾ ’ਚ ਇਸ ਸਮੇਂ ਪੌਰਾਣਿਕ ਕਹਾਣੀਆਂ ਦਾ ਦੌਰ ਚੱਲ ਰਿਹਾ ਹੈ। ਅਜਿਹਾ ਨਹੀਂ ਹੈ ਕਿ ਸਿਨੇਮਾ ’ਚ ਕਮਰਸ਼ੀਅਲ ਫਿਲਮਾਂ ਨਹੀਂ ਆ ਰਹੀਆਂ। ਕਮਰਸ਼ੀਅਲ ਫਿਲਮਾਂ ਵੀ ਆ ਰਹੀਆਂ ਹਨ ਤੇ ਦਰਸ਼ਕ ਉਨ੍ਹਾਂ ਨੂੰ ਪਸੰਦ ਵੀ ਕਰ ਰਹੇ ਹਨ। ਪਰ ਜੇਕਰ ਮੌਜੂਦਾ ਸਮੇਂ ਦੀਆਂ ਜ਼ਿਆਦਾਤਰ ਫਿਲਮਾਂ ’ਤੇ ਨਜ਼ਰ ਮਾਰੀਏ ਤਾਂ ਕੁਝ ਅਜਿਹੀਆਂ ਫਿਲਮਾਂ ਵੀ ਆ ਰਹੀਆਂ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮਾਂ ਮੁੱਖ ਤੌਰ ’ਤੇ ਪੌਰਾਣਿਕ ਕਥਾਵਾਂ ਤੇ ਮਹਾਕਾਵਿਆਂ ’ਤੇ ਆਧਾਰਿਤ ਹਨ। ਇਸ ਸੂਚੀ ’ਚ ਕਈ ਫਿਲਮਾਂ ਸ਼ਾਮਲ ਹਨ...
ਹਨੂਮਾਨ ਅੰਸ਼ (Hanuman Ansh)
ਹਾਲ ਹੀ ’ਚ ਰਿਲੀਜ਼ ਹੋਈ ਹਨੂਮਾਨ ਅੰਸ਼ ਬਾਕਸ ਆਫਿਸ ’ਤੇ ਵੱਡਾ ਸਰਪ੍ਰਾਈਜ਼ ਬਣ ਕੇ ਸਾਹਮਣੇ ਆਈ ਹੈ। ਸਿਰਫ਼ 2 ਕਰੋੜ ਰੁਪਏ ਦੇ ਬਜਟ ’ਚ ਬਣੀ ਇਸ ਫਿਲਮ ਨੇ ਦੁਨੀਆ ਭਰ ’ਚ ਲਗਭਗ 280 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰ ਲਿਆ ਹੈ। ਇਹ ਫਿਲਮ ਬਾਬਾ ਨੀਮ ਕਰੋਲੀ (Baba Neem Karoli) ’ਤੇ ਆਧਾਰਿਤ ਹੈ ਤੇ ਅਜੇ ਵੀ ਦਰਸ਼ਕਾਂ ਵੱਲੋਂ ਇਸ ਨੂੰ ਪਿਆਰ ਮਿਲ ਰਿਹਾ ਹੈ।
ਕਾਂਤਾਰਾ (Kantara) ਸਥਾਨਕ ਲੋਕ ਕਥਾਵਾਂ, ਦੈਵੀ ਆਤਮਾਵਾਂ (ਦੈਵਾਰਾਧਨੇ) ਤੇ ਕੁਦਰਤ ਨਾਲ ਜੁੜੀਆਂ ਮੂਲ ਪਰੰਪਰਾਵਾਂ ’ਤੇ ਆਧਾਰਿਤ ਫਿਲਮ ਕਾਂਤਾਰਾ ਸਾਲ 2022 ਦੀ ਸੁਪਰਹਿੱਟ ਫਿਲਮ ਰਹੀ। ਸਾਲ 2025 ’ਚ ਆਈ ਕਾਂਤਾਰਾ ਚੈਪਟਰ 1 ਵੀ ਸਫਲ ਰਹੀ ਸੀ। ਇਸ ਫਿਲਮ ਨੇ 850 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਸੀ।
ਹਨੂ-ਮੈਨ (Hanu-Man) ਹਿੰਦੂ ਪੌਰਾਣਿਕ ਕਥਾਵਾਂ ਨਾਲ ਜੋੜ ਕੇ ਬਣਾਈ ਗਈ ਸੁਪਰਹੀਰੋ ਫਿਲਮ ਹਨੂ-ਮੈਨ ਵੀ ਬਾਕਸ ਆਫਿਸ ’ਤੇ ਸਰਪ੍ਰਾਈਜ਼ ਹਿੱਟ ਰਹੀ ਸੀ। ਤੇਜਾ ਸੱਜਾ ਦੀ ਅਦਾਕਾਰੀ ਵਾਲੀ ਤੇਲਗੂ ਫਿਲਮ ਹਨੂ-ਮੈਨ ਨੇ ਦੁਨੀਆ ਭਰ ’ਚ 300 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ, ਜਦਕਿ ਇਸ ਦਾ ਬਜਟ ਲਗਭਗ 40 ਕਰੋੜ ਰੁਪਏ ਸੀ।
ਬ੍ਰਹਮਾਸਤਰ (Brahmastra)
ਪ੍ਰਾਚੀਨ ਅਸਤਰਾਂ ਤੇ ਹਿੰਦੂ ਪੌਰਾਣਿਕ ਕਥਾਵਾਂ ਤੋਂ ਪ੍ਰੇਰਿਤ ਫਿਲਮ ਬ੍ਰਹਮਾਸਤਰ ਨੇ ਵੀ ਬਾਕਸ ਆਫਿਸ ’ਤੇ ਸਫਲਤਾ ਹਾਸਲ ਕੀਤੀ ਸੀ। ਰਣਬੀਰ ਕਪੂਰ ਤੇ ਆਲੀਆ ਭੱਟ ਦੀ ਮੁੱਖ ਭੂਮਿਕਾ ਵਾਲੀ ਇਸ ਵੱਡੇ ਬਜਟ ਦੀ ਫਿਲਮ ਨੇ ਲਗਭਗ 430 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।
ਆਦਿਪੁਰਸ਼ (Adipurush) ਬਹੁਤ ਜ਼ਿਆਦਾ ਚਰਚਿਤ ਫਿਲਮ ਆਦਿਪੁਰਸ਼ ਰਾਮਾਇਣ ਤੋਂ ਪ੍ਰੇਰਿਤ ਸੀ, ਜਿਸ ਨੂੰ ਆਧੁਨਿਕ ਅੰਦਾਜ਼ ’ਚ ਪੇਸ਼ ਕੀਤਾ ਗਿਆ ਸੀ। ਪ੍ਰਭਾਸ, ਕ੍ਰਿਤੀ ਸੈਨਨ ਤੇ ਸੈਫ ਅਲੀ ਖਾਨ ਦੀ ਅਦਾਕਾਰੀ ਵਾਲੀ ਇਸ ਫਿਲਮ ਨੂੰ ਲੈ ਕੇ ਭਾਵੇਂ ਕਾਫ਼ੀ ਚਰਚਾ ਹੋਈ, ਪਰ ਫਿਲਮ ਨੂੰ ਅਸਫਲਤਾ ਦੇ ਨਾਲ-ਨਾਲ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ।
ਕਲਕੀ 2898 ਏਡੀ (Kalki 2898 AD) ਨਾਗ ਅਸ਼ਵਿਨ ਦੇ ਨਿਰਦੇਸ਼ਨ ਹੇਠ ਬਣੀ ਕਲਕੀ 2898 ਏਡੀ ਭਵਿੱਖ ਦੀ ਤਕਨਾਲੋਜੀ ਤੇ ਹਿੰਦੂ ਪੌਰਾਣਿਕ ਕਥਾਵਾਂ ਦਾ ਸੁਮੇਲ ਹੈ। ਫਿਲਮ ਨੂੰ ਦੁਨੀਆ ਭਰ ’ਚ ਇੰਨਾ ਪਸੰਦ ਕੀਤਾ ਗਿਆ ਕਿ ਇਸ ਨੇ 1000 ਕਰੋੜ ਰੁਪਏ ਤੋਂ ਵੱਧ ਦਾ ਵਰਲਡਵਾਈਡ ਕਲੈਕਸ਼ਨ ਕੀਤਾ ਸੀ।
ਆਉਣ ਵਾਲੀਆਂ ਪੌਰਾਣਿਕ ਫਿਲਮਾਂ ਰਾਮਾਇਣ (Ramayana)
ਨਿਤੇਸ਼ ਤਿਵਾਰੀ ਤੇ ਨਮਿਤ ਮਲਹੋਤਰਾ ਦਾ ਡਰੀਮ ਪ੍ਰੋਜੈਕਟ ਰਾਮਾਇਣ ਹਰ ਪਾਸੇ ਚਰਚਾ ’ਚ ਹੈ। ਇਹ ਫਿਲਮ ਦੀਵਾਲੀ ਮੌਕੇ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਪਹਿਲਾਂ ਹੀ ਦਰਸ਼ਕਾਂ ’ਚ ਉਤਸ਼ਾਹ ਹੈ। ਫਿਲਮ ਦਾ ਬਜਟ ਲਗਭਗ 4000 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ।
ਹਨੂਮਾਨ ਅੰਸ਼ 2 (Hanuman Ansh 2)
ਹਨੂਮਾਨ ਅੰਸ਼ ਦੀ ਸਫਲਤਾ ਤੋਂ ਬਾਅਦ ਨਿਰਦੇਸ਼ਕ ਵਿਸ਼ਾਲ ਚਤੁਰਵੇਦੀ ਇਸ ਦਾ ਦੂਜਾ ਭਾਗ ਵੀ ਲੈ ਕੇ ਆ ਰਹੇ ਹਨ। ਦੂਜੇ ਭਾਗ ’ਚ ਨੀਮ ਕਰੋਲੀ ਬਾਬਾ ਦੀ ਜ਼ਿੰਦਗੀ ਦੇ ਅਗਲੇ ਪੜਾਅ ਨੂੰ ਦਿਖਾਇਆ ਜਾਵੇਗਾ। ਫਿਲਹਾਲ ਫਿਲਮ ਦੀ ਰਿਲੀਜ਼ ਨੂੰ ਲੈ ਕੇ ਕੋਈ ਅਪਡੇਟ ਸਾਹਮਣੇ ਨਹੀਂ ਆਇਆ ਹੈ।
ਬ੍ਰਹਮਾਸਤਰ 2 (Brahmastra 2) ਰਣਬੀਰ ਕਪੂਰ ਦੀ ਫਿਲਮ ਬ੍ਰਹਮਾਸਤਰ ਦਾ ਦੂਜਾ ਭਾਗ ਵੀ ਆਉਣ ਵਾਲਾ ਹੈ। ਫਿਲਮ ਨੂੰ ਲੈ ਕੇ ਚਰਚਾ ਹੈ ਕਿ ਇਸ ਵਾਰ ਦੀਪਿਕਾ ਪਾਦੂਕੋਣ ਵੀ ਫਿਲਮ ਦਾ ਹਿੱਸਾ ਬਣ ਸਕਦੀ ਹੈ। ਹਾਲਾਂਕਿ, ਅਜੇ ਤੱਕ ਫਿਲਮ ਦੀ ਸ਼ੂਟਿੰਗ ਸ਼ੁਰੂ ਨਹੀਂ ਹੋਈ ਤੇ ਨਾ ਹੀ ਰਿਲੀਜ਼ ਡੇਟ ਸਾਹਮਣੇ ਆਈ ਹੈ।
ਜੈ ਹਨੂਮਾਨ (Jai Hanuman)
ਪ੍ਰਸ਼ਾਂਤ ਵਰਮਾ ਦੇ ਨਿਰਦੇਸ਼ਨ ਹੇਠ ਬਣ ਰਹੀ ਇਹ ਫਿਲਮ ਇੱਕ ਆਧੁਨਿਕ ਸਿਨੇਮੈਟਿਕ ਯੂਨੀਵਰਸ ਨੂੰ ਅੱਗੇ ਵਧਾਉਂਦੀ ਹੈ ਤੇ ਇਸ ’ਚ ਰਿਸ਼ਭ ਸ਼ੈੱਟੀ ਹਨੂਮਾਨ ਦੀ ਭੂਮਿਕਾ ਨਿਭਾ ਰਹੇ ਹਨ। ਇਹ ਫਿਲਮ ਉਸ ਪਵਿੱਤਰ ਵਚਨ ’ਤੇ ਆਧਾਰਿਤ ਹੈ ਜੋ ਪੌਰਾਣਿਕ ਕਥਾਵਾਂ ’ਚ ਭਗਵਾਨ ਹਨੂਮਾਨ ਨੇ ਭਗਵਾਨ ਰਾਮ ਨੂੰ ਦਿੱਤਾ ਸੀ। ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਮਹਾਵਤਾਰ (Mahavatar) ਇਹ ਐਕਸ਼ਨ-ਡਰਾਮਾ ਫਿਲਮ ਵਿਸ਼ਨੂ ਦੇ ਛੇਵੇਂ ਅਵਤਾਰ ਪਰਸ਼ੁਰਾਮ ’ਤੇ ਆਧਾਰਿਤ ਹੈ। ਫਿਲਮ ’ਚ ਵਿੱਕੀ ਕੌਸ਼ਲ ਮੁੱਖ ਭੂਮਿਕਾ ਨਿਭਾਉਣ ਜਾ ਰਹੇ ਹਨ। ਅਮਰ ਕੌਸ਼ਿਕ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ ਦੀ ਰਿਲੀਜ਼ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
ਵਾਰਾਣਸੀ (Varanasi) ਐਸ.ਐਸ. ਰਾਜਾਮੌਲੀ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ਵਾਰਾਣਸੀ ਭਾਵੇਂ ਇੱਕ ਸਾਈ-ਫਾਈ ਫਿਲਮ ਹੈ, ਪਰ ਇਸ ਦਾ ਸਬੰਧ ਮਹਾਕਾਵਿ ਨਾਲ ਵੀ ਹੈ। ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ ’ਚ ਰਿਲੀਜ਼ ਹੋ ਸਕਦੀ ਹੈ।
ਇਸ ਤੋਂ ਇਲਾਵਾ ਕਲਿੱਕ ਪਾਰਟ 2 ਤੇ ਰਾਮਾਇਣ ਪਾਰਟ 2 ਵਰਗੀਆਂ ਫਿਲਮਾਂ ਵੀ ਬਣ ਰਹੀਆਂ ਹਨ। ਉੱਥੇ ਹੀ ਚਰਚਾ ਹੈ ਕਿ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਪੌਰਾਣਿਕ ਫਿਲਮ ਮਹਾਭਾਰਤ ਬਣਾ ਰਹੇ ਹਨ, ਜਿਸ ’ਚ ਸਲਮਾਨ ਖਾਨ ਕਰਨ ਦੀ ਭੂਮਿਕਾ ’ਚ ਨਜ਼ਰ ਆ ਸਕਦੇ ਹਨ।