Video : ਦਲੇਰ ਮਹਿੰਦੀ ਸ਼ੋਅ ਵਿਵਾਦ 'ਚ ਨਵਾਂ ਮੋੜ, ਮਨਿੰਦਰ ਬੁੱਟਰ ਦੀ ਧਮਾਕੇਦਾਰ ਐਂਟਰੀ; ਮੰਤਰੀ ਦੇ ਦਾਅਵਿਆਂ ਦੀ ਖੋਲ੍ਹੀ ਪੋਲ! ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਉੱਤਰਾਖੰਡ ਵਿੱਚ ਹੋਏ ਸ਼ੋਅ ਦੌਰਾਨ ਪੈਦਾ ਹੋਏ ਵਿਵਾਦ ਵਿੱਚ ਹੁਣ ਪੰਜਾਬੀ ਗਾਇਕ ਮਨਿੰਦਰ ਬੁੱਟਰ ਦੀ ਵੀ ਐਂਟਰੀ ਹੋ ਗਈ ਹੈ। ਵਿਵਾਦ ਵਿੱਚ ਆਪਣਾ ਨਾਂ ਆਉਣ ਤੋਂ ਬਾਅਦ ਬੁੱਟਰ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਉੱਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਦੇ ਉਸ ਦਾਅਵੇ ਨੂੰ ਖਾਰਜ ਕੀਤਾ ਹੈ, ਜਿਸ ਵਿੱਚ ਮੰਤਰੀ ਨੇ ਦਲੇਰ ਮਹਿੰਦੀ ਨੂੰ ਝਿੜਕਦਿਆਂ ਕਿਹਾ ਸੀ ਕਿ ਮਨਿੰਦਰ ਬੁੱਟਰ ਇੱਥੋਂ ਕੁੱਟ ਖਾ ਕੇ ਗਿਆ ਸੀ।
Publish Date: Tue, 27 Oct 2026 10:31 AM (IST)
Updated Date: Tue, 27 Oct 2026 10:37 AM (IST)
ਐਂਟਰਟੇਨਮੈਂਟ ਡੈਸਕ, ਜਲੰਧਰ - ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਉੱਤਰਾਖੰਡ ਵਿੱਚ ਹੋਏ ਸ਼ੋਅ ਦੌਰਾਨ ਪੈਦਾ ਹੋਏ ਵਿਵਾਦ ਵਿੱਚ ਹੁਣ ਪੰਜਾਬੀ ਗਾਇਕ ਮਨਿੰਦਰ ਬੁੱਟਰ ਦੀ ਵੀ ਐਂਟਰੀ ਹੋ ਗਈ ਹੈ। ਵਿਵਾਦ ਵਿੱਚ ਆਪਣਾ ਨਾਂ ਆਉਣ ਤੋਂ ਬਾਅਦ ਬੁੱਟਰ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਉੱਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਦੇ ਉਸ ਦਾਅਵੇ ਨੂੰ ਖਾਰਜ ਕੀਤਾ ਹੈ, ਜਿਸ ਵਿੱਚ ਮੰਤਰੀ ਨੇ ਦਲੇਰ ਮਹਿੰਦੀ ਨੂੰ ਝਿੜਕਦਿਆਂ ਕਿਹਾ ਸੀ ਕਿ ਮਨਿੰਦਰ ਬੁੱਟਰ ਇੱਥੋਂ ਕੁੱਟ ਖਾ ਕੇ ਗਿਆ ਸੀ।
ਇਸ ’ਤੇ ਬੁੱਟਰ ਨੇ ਕਿਹਾ ਕਿ ਮੰਤਰੀ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ, “ਜੇਕਰ ਮੇਰੇ ਸ਼ੋਅ ਦੌਰਾਨ ਕੁਝ ਹੋਇਆ ਸੀ, ਤਾਂ ਉਸ ਦੀ ਵੀਡੀਓ ਜਾਰੀ ਕਰੋ। ਤੁਸੀਂ ਖ਼ੁਦ ਸਟੇਜ ’ਤੇ ਆ ਕੇ ਮੈਨੂੰ ਪਹਾੜੀ ਟੋਪੀ ਪਹਿਨਾਈ ਸੀ। ਮੈਂ ਉਹ ਟੋਪੀ ਪਹਿਨ ਕੇ ਹੀ ਪੂਰਾ ਸ਼ੋਅ ਕੀਤਾ ਸੀ।” ਬੁੱਟਰ ਨੇ ਇੰਸਟਾਗ੍ਰਾਮ ’ਤੇ ਲਾਈਵ ਆ ਕੇ ਇਹ ਵੀ ਕਿਹਾ, “ਤੁਸੀਂ ਮੇਰੇ ਪਿਤਾ ਨੂੰ ਇਸ ਮਾਮਲੇ ਵਿੱਚ ਘਸੀਟਿਆ, ਇਹ ਠੀਕ ਨਹੀਂ ਹੈ। ਉਹ ਸੋਸ਼ਲ ਮੀਡੀਆ ਤੋਂ ਕਾਫ਼ੀ ਦੂਰ ਰਹਿੰਦੇ ਹਨ। ਉਨ੍ਹਾਂ ਨੂੰ ਤਾਂ ਇਸ ਬਾਰੇ ਕੁਝ ਪਤਾ ਵੀ ਨਹੀਂ ਹੈ। ਮੈਨੂੰ ਇਸ ਗੱਲ ਦਾ ਬਹੁਤ ਬੁਰਾ ਲੱਗਿਆ ਹੈ।”
ਦੱਸਣਯੋਗ ਹੈ ਕਿ 18 ਅਕਤੂਬਰ ਨੂੰ ਇੱਕ ਪ੍ਰੋਗਰਾਮ ਦੌਰਾਨ ਮੰਤਰੀ ਸੁਬੋਧ ਉਨਿਆਲ ਨੇ ਗਾਇਕ ਦਲੇਰ ਮਹਿੰਦੀ ਨੂੰ ਝਿੜਕਿਆ ਸੀ। ਦੋਸ਼ ਸੀ ਕਿ ਉਹ ਸਟੇਜ ’ਤੇ ਖ਼ੁਦ ਗਾਉਣ ਦੀ ਬਜਾਏ ਸਿਰਫ਼ ਲਿਪ-ਸਿੰਕ ਕਰ ਰਹੇ ਸਨ। ਇਸ ਤੋਂ ਨਾਰਾਜ਼ ਮੰਤਰੀ ਨੇ ਕਿਹਾ ਸੀ, “ਤੁਸੀਂ ਠੀਕ ਤਰ੍ਹਾਂ ਬੋਲ ਤਾਂ ਪਾ ਨਹੀਂ ਰਹੇ, ਗਾਓਗੇ ਕੀ?”
ਮਨਿੰਦਰ ਬੁੱਟਰ ਨੇ ਲਾਈਵ ਆ ਕੇ ਕਹੀਆਂ ਇਹ ਗੱਲਾਂ :-
ਅਖੰਡ ਪਾਠ ਕਾਰਨ ਧਾਰੀ ਹੋਈ ਸੀ ਚੁੱਪ ਮਨਿੰਦਰ ਬੁੱਟਰ ਨੇ ਇੰਸਟਾਗ੍ਰਾਮ ’ਤੇ ਕਰੀਬ 10 ਮਿੰਟ ਦੀ ਲਾਈਵ ਵੀਡੀਓ ਸਾਂਝੀ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 4-5 ਦਿਨਾਂ ਤੋਂ ਉਨ੍ਹਾਂ ਦੇ ਪਿੰਡ ਵਿੱਚ ਅਖੰਡ ਪਾਠ ਚੱਲ ਰਿਹਾ ਸੀ। ਇਸ ਕਾਰਨ ਉਹ ਚੁੱਪ ਸਨ ਅਤੇ ਕੋਈ ਜਵਾਬ ਨਹੀਂ ਦੇ ਰਹੇ ਸਨ, ਪਰ ਹੁਣ ਉਹ ਸਾਰਿਆਂ ਨੂੰ ਜਵਾਬ ਦੇਣਗੇ।
ਮੰਤਰੀ ਨੇ ਖ਼ੁਦ ਪਹਿਨਾਈ ਸੀ ਪਹਾੜੀ ਟੋਪੀ ਮਨਿੰਦਰ ਨੇ ਪੁਰਾਣੀ ਘਟਨਾ ਯਾਦ ਕਰਵਾਉਂਦਿਆਂ ਕਿਹਾ, “ਸਾਲ 2019 ਵਿੱਚ ਮੈਂ ਉਸੇ ਥਾਂ ’ਤੇ ਸ਼ੋਅ ਕੀਤਾ ਸੀ। ਉਸ ਸਮੇਂ ਵੀ ਇਹੀ ਮੰਤਰੀ ਸਟੇਜ ’ਤੇ ਆਏ ਸਨ ਅਤੇ ਉਨ੍ਹਾਂ ਨੇ ਖ਼ੁਦ ਮੈਨੂੰ ਪਹਾੜੀ ਟੋਪੀ ਪਹਿਨਾਈ ਸੀ। ਮੈਂ ਆਪਣਾ ਡੇਢ ਘੰਟੇ ਦਾ ਪੂਰਾ ਸ਼ੋਅ ਉਹ ਟੋਪੀ ਪਹਿਨ ਕੇ ਕੀਤਾ ਸੀ।”
ਹਿੰਮਤ ਹੈ ਤਾਂ ਪੂਰਾ ਸ਼ੋਅ ਅਪਲੋਡ ਕਰੋ ਬੁੱਟਰ ਨੇ ਮੰਤਰੀ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ, “ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰਾ ਉਹ ਪੂਰਾ ਸ਼ੋਅ ਅਪਲੋਡ ਕਰ ਦਿਓ, ਤਾਂ ਜੋ ਦੁਨੀਆ ਦੇਖ ਸਕੇ ਕਿ ਮਨਿੰਦਰ ਕਿੱਥੇ ਗ਼ਲਤ ਹੈ। ਅੱਜ ਤੱਕ ਮੈਂ ਕੋਈ ਅਸ਼ਲੀਲ ਜਾਂ ਹਥਿਆਰਾਂ ਵਾਲਾ ਗੀਤ ਨਹੀਂ ਗਾਇਆ ਅਤੇ ਨਾ ਹੀ ਕਿਸੇ ਦਾ ਦਿਲ ਦੁਖਾਇਆ ਹੈ।”
ਪਿਤਾ ਨੂੰ ਵਿਵਾਦ ਵਿੱਚ ਘਸੀਟਣ ’ਤੇ ਜਤਾਇਆ ਰੋਸ ਮਨਿੰਦਰ ਨੇ ਕਿਹਾ, “ਤੁਸੀਂ ਮੇਰੇ ਪਿਤਾ ਦੀ ਉਮਰ ਦੇ ਹੋ। ਸਿੱਖਿਆ ਮੰਤਰੀ ਹੁੰਦਿਆਂ ਸਟੇਜ ਤੋਂ ਮੇਰੇ ਅਤੇ ਮੇਰੇ ਪਿਤਾ ਬਾਰੇ ਅਜਿਹੇ ਸ਼ਬਦ ਬੋਲਣਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਮੇਰੇ ਪਿਤਾ ਇੰਟਰਨੈੱਟ ਦੀ ਦੁਨੀਆ ਤੋਂ ਬਹੁਤ ਦੂਰ ਹਨ। ਫਿਰ ਵੀ ਉਨ੍ਹਾਂ ਨੂੰ ਇਸ ਵਿਵਾਦ ਵਿੱਚ ਘਸੀਟਿਆ ਗਿਆ, ਜਿਸ ਕਾਰਨ ਮੈਨੂੰ ਬਹੁਤ ਬੁਰਾ ਲੱਗਿਆ ਹੈ।”
ਕੀ ਤੁਸੀਂ ਮੈਨੂੰ ਜਾਨੋਂ ਮਾਰ ਦਿਓਗੇ? ਮੰਤਰੀ ਦੇ ਰਵੱਈਏ ’ਤੇ ਸਵਾਲ ਚੁੱਕਦਿਆਂ ਮਨਿੰਦਰ ਨੇ ਕਿਹਾ, “ਮੇਰਾ ਤਾਂ ਕੋਈ ਮੁਕਾਮ ਹੀ ਨਹੀਂ ਹੈ। ਮੈਂ ਤਾਂ ਇੱਕ ਛੋਟਾ ਜਿਹਾ ਕਲਾਕਾਰ ਹਾਂ। ਜਦੋਂ ਦਲੇਰ ਪਾਜੀ ਵਰਗੇ ਮਹਾਨ ਕਲਾਕਾਰ ਨਾਲ ਅਜਿਹਾ ਹੋ ਰਿਹਾ ਹੈ, ਤਾਂ ਤੁਸੀਂ ਤਾਂ ਮੈਨੂੰ ਜਾਨੋਂ ਹੀ ਮਾਰ ਦਿਓਗੇ! ਜੇਕਰ ਮੈਂ ਤੁਹਾਨੂੰ ਕਿਤੇ ਇਕੱਲੇ ਮਿਲ ਗਿਆ, ਤਾਂ ਕੀ ਤੁਸੀਂ ਮੇਰੀ ਜਾਨ ਲੈ ਲਵੋਗੇ?”
ਜਾਣੋ ਮਾਮਲੇ ਵਿੱਚ ਕਦੋਂ ਕੀ ਹੋਇਆ? 18 ਅਕਤੂਬਰ 2026: ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਨਰਿੰਦਰ ਨਗਰ ਵਿੱਚ ਕੁੰਜਾਪੁਰੀ ਮੇਲੇ ਦੀ ਸੱਭਿਆਚਾਰਕ ਸ਼ਾਮ ਦੌਰਾਨ ਦਲੇਰ ਮਹਿੰਦੀ ਸਟੇਜ ’ਤੇ ਪੇਸ਼ਕਾਰੀ ਦੇ ਰਹੇ ਸਨ। ਇਸ ਦੌਰਾਨ ਉੱਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਸਟੇਜ ’ਤੇ ਪਹੁੰਚੇ ਅਤੇ ਦਲੇਰ ਮਹਿੰਦੀ ਦੇ ਗਾਉਣ ਦੇ ਤਰੀਕੇ ’ਤੇ ਇਤਰਾਜ਼ ਜਤਾਇਆ। ਮੰਤਰੀ ਨੇ ਜਨਤਕ ਤੌਰ ’ਤੇ ਮਾਈਕ ’ਤੇ ਦੋਸ਼ ਲਾਇਆ ਕਿ ਦਲੇਰ ਸ਼ਰਾਬ ਦੇ ਨਸ਼ੇ ਵਿੱਚ ਹਨ, ਠੀਕ ਤਰ੍ਹਾਂ ਬੋਲ ਨਹੀਂ ਪਾ ਰਹੇ ਅਤੇ ਸਿਰਫ਼ ਲਿਪ-ਸਿੰਕ ਕਰ ਰਹੇ ਹਨ।
19 ਤੋਂ 21 ਅਕਤੂਬਰ 2026 :- ਇਸ ਘਟਨਾ ਦੀ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਗਈ। ਦਲੇਰ ਮਹਿੰਦੀ ਦੇ ਛੋਟੇ ਭਰਾ ਅਤੇ ਗਾਇਕ ਮੀਕਾ ਸਿੰਘ ਨੇ ਸਖ਼ਤ ਵਿਰੋਧ ਕਰਦਿਆਂ ਸਪੱਸ਼ਟ ਕੀਤਾ ਕਿ ਦਲੇਰ ਮਹਿੰਦੀ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਸ਼ਰਾਬ ਨਹੀਂ ਪੀਤੀ। ਉਹ ਹਾਲ ਹੀ ਵਿੱਚ ਇੱਕ ਵੱਡੀ ਸਰਜਰੀ ਤੋਂ ਉੱਭਰ ਰਹੇ ਸਨ ਅਤੇ ਸਿਹਤ ਖ਼ਰਾਬ ਹੋਣ ਦੇ ਬਾਵਜੂਦ ਪੇਸ਼ਕਾਰੀ ਦੇ ਰਹੇ ਸਨ। ਅਨੁਪਮ ਖੇਰ, ਸ਼ਿਲਪਾ ਸ਼ੈੱਟੀ, ਕਪਿਲ ਸ਼ਰਮਾ, ਬਾਦਸ਼ਾਹ, ਸ਼ਾਨ ਅਤੇ ਰਾਜਪਾਲ ਯਾਦਵ ਵਰਗੀਆਂ ਕਈ ਵੱਡੀਆਂ ਬਾਲੀਵੁੱਡ ਹਸਤੀਆਂ ਨੇ ਮੰਤਰੀ ਦੇ ਇਸ ਵਿਹਾਰ ਦੀ ਨਿੰਦਾ ਕੀਤੀ ਅਤੇ ਕਲਾਕਾਰ ਦੇ ਅਪਮਾਨ ’ਤੇ ਗੁੱਸਾ ਜ਼ਾਹਰ ਕੀਤਾ।
22 ਤੋਂ 23 ਅਕਤੂਬਰ 2026 :- ਵਿਵਾਦ ਵਧਣ ਤੋਂ ਬਾਅਦ ਮੰਤਰੀ ਸੁਬੋਧ ਉਨਿਆਲ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜੇਕਰ ਗਾਇਕ ਦੀ ਸਿਹਤ ਖ਼ਰਾਬ ਸੀ, ਤਾਂ ਪ੍ਰਬੰਧਕਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਹ ਜਨਤਾ ਅਤੇ ਸਰਕਾਰੀ ਫੰਡ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸਿੱਧਾ ਦਖ਼ਲ ਦਿੱਤਾ। ਉਨ੍ਹਾਂ ਖ਼ੁਦ ਦਲੇਰ ਮਹਿੰਦੀ ਅਤੇ ਮੀਕਾ ਸਿੰਘ ਨੂੰ ਫ਼ੋਨ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਭਰੋਸਾ ਦਿਵਾਇਆ ਕਿ ਉੱਤਰਾਖੰਡ ਵਿੱਚ ਹਰ ਕਲਾਕਾਰ ਦਾ ਪੂਰਾ ਸਨਮਾਨ ਕੀਤਾ ਜਾਂਦਾ ਹੈ।
24 ਤੋਂ 25 ਅਕਤੂਬਰ 2026 :- ਦਲੇਰ ਮਹਿੰਦੀ ਦੇ ਪੁੱਤਰ ਗੁਰਦੀਪ ਮਹਿੰਦੀ ਨੇ ਇੰਸਟਾਗ੍ਰਾਮ ’ਤੇ ਵੀਡੀਓ ਜਾਰੀ ਕਰਕੇ ਇਸ ਘਟਨਾ ਨੂੰ ਬੇਹੱਦ ਮੰਦਭਾਗਾ ਦੱਸਿਆ ਅਤੇ ਕਿਹਾ ਕਿ ਇਸ ਤਣਾਅਪੂਰਨ ਸਮੇਂ ਵਿੱਚ ਪੂਰਾ ਪਰਿਵਾਰ ਇਕਜੁੱਟ ਹੈ।
26 ਅਕਤੂਬਰ 2026 :- ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਖ਼ੁਦ ਦਲੇਰ ਮਹਿੰਦੀ ਨੂੰ ਫ਼ੋਨ ਕੀਤਾ ਅਤੇ ਇਸ ਪੂਰੀ ਮੰਦਭਾਗੀ ਘਟਨਾ ਲਈ ਨਿੱਜੀ ਤੌਰ ’ਤੇ ਅਫ਼ਸੋਸ ਪ੍ਰਗਟਾਇਆ। ਮੀਕਾ ਸਿੰਘ ਦੀ ਟੀਮ ਅਤੇ ਪਰਿਵਾਰ ਵੱਲੋਂ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਮੁੱਖ ਮੰਤਰੀ ਧਾਮੀ ਦੀ ਸਕਾਰਾਤਮਕ ਪਹਿਲ ਤੋਂ ਬਾਅਦ ਉਹ ਇਸ ਵਿਵਾਦ ਨੂੰ ਇੱਥੇ ਹੀ ਖ਼ਤਮ ਕਰ ਰਹੇ ਹਨ ਅਤੇ ਆਪਸੀ ਸਨਮਾਨ ਨਾਲ ਅੱਗੇ ਵਧ ਰਹੇ ਹਨ।