ਆਖਿ਼ਰ 12 ਜਨਵਰੀ 2005 ਵਿਚ 73 ਸਾਲ ਦੀ ਉਮਰ ਵਿਚ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਅਮਰੀਸ਼ ਪੁਰੀ ਦੀ ਆਖ਼ਰੀ ਫਿਲਮ ‘ਕ੍ਰਿਸ਼ਨਾ” ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈ ਸੀ। ਜਦੋਂ ਵੀ ਬਾਲੀਵੁੱਡ ਦੇ ਇਤਿਹਾਸ ਬਾਰੇ ਚਰਚਾ ਛਿੜੇਗੀ, ਉਦੋਂ ਅਮਰੀਸ਼ ਪੁਰੀ ਦੇ ਨਿਭਾਏ ਕਿਰਦਾਰ ਤੇ ਉਨ੍ਹਾਂ ਦੀ ਪ੍ਰਤਿਭਾ ਦੀ ਚਰਚਾ ਜ਼ਰੂਰ ਹੋਵੇਗੀ।

ਜੇਕਰ ਹਿੰਦੀ ਫਿਲਮੀ ਖੇਤਰ ਦੇ ਸੌ ਸਾਲ ਤੋਂ ਵੀ ਵੱਧ ਦੇ ਸਫ਼ਰ ਨੂੰ ਦੇਖਿਆ ਜਾਵੇ ਤਾਂ ਹਿੰਦੀ ਫਿਲਮਾਂ ਵਿਚ ਅਮਰੀਸ਼ ਪੁਰੀ ਤੋਂ ਸਫਲ ਅਤੇ ਬਿਹਤਰ ਖ਼ਲਨਾਇਕ ਸ਼ਾਇਦ ਹੀ ਕੋਈ ਹੋਇਆ ਹੋਵੇਗਾ। ਅਮਰੀਸ਼ ਪੁਰੀ ਇਕ ਲੰਮੇ ਅਰਸੇ ਤੱਕ ਬਾਲੀਵੁੱਡ ਦੇ ਸਭ ਤੋਂ ਵੱਡੇ ਖ਼ਲਨਾਇਕਾਂ ਵਿੱਚੋਂ ਇਕ ਸਨ।
ਜਨਮ ਤੇ ਸਿੱਖਿਆ
ਇਸ ਮਹਾਨ ਅਦਾਕਾਰ ਦਾ ਜਨਮ 22 ਜੂਨ 1932 ਨੂੰ ਪੰਜਾਬ ਦੇ ਨਵਾਂ ਸ਼ਹਿਰ ’ਚ ਪਿਤਾ ਬਾਲਾ ਨਿਹਾਲ ਸਿੰਘ ਅਤੇ ਮਾਤਾ ਵੈਦ ਕੌਰ ਦੇ ਘਰ ਹੋਇਆ। ਅਮਰੀਸ਼ ਪੁਰੀ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪੂਰੀ ਕਰਨ ਉਪਰੰਤ ਉੱਚ ਸਿੱਖਿਆ ਬੀ. ਐੱਸ. ਕਾਲਜ ਸ਼ਿਮਲਾ ਤੋਂ ਹਾਸਲ ਕੀਤੀ।
ਵੱਡੇ ਭਰਾ ਮਦਨ ਪੁਰੀ ਕੋਲ ਆਏ ਮੁੰਬਈ
ਪੜ੍ਹਾਈ ਪੂਰੀ ਕਰਨ ਮਗਰੋਂ ਅਮਰੀਸ਼ ਪੁਰੀ ਆਪਣੇ ਵੱਡੇ ਭਰਾ ਮਦਨ ਪੁਰੀ ਕੋਲ ਹੀਰੋ ਬਣਨ ਦਾ ਸੁਪਨਾ ਪੂਰਾ ਕਰਨ ਲਈ ਮੁੰਬਈ ਜਾ ਪਹੁੰਚੇ। ਉੱਥੇ ਪਹੁੰਚ ਕੇ ਉਨ੍ਹਾਂ ਨੇ ਕਈ ਫਿਲਮਾਂ ਲਈ ਸਕ੍ਰੀਨ ਟੈਸਟ ਦਿੱਤੇ ਪਰ ਹਰ ਵਾਰ ਅਸਫਲਤਾ ਹੀ ਹੱਥ ਲੱਗੀ। ਫਿਰ ਆਪਣੇ ਨਿੱਜੀ ਖ਼ਰਚ ਪੂਰੇ ਕਰਨ ਲਈ ਅਮਰੀਸ਼ ਪੁਰੀ ਨੇ ‘ਬੀਮਾ ਵਿਭਾਗ’ ’ਚ ਨੌਕਰੀ ਕਰ ਲਈ ਅਤੇ ਇਸ ਦੇ ਨਾਲ ਹੀ ਅਦਾਕਾਰੀ ਵਾਲੇ ਸ਼ੌਕ ਨੂੰ ਪੂਰਾ ਕਰਨ ਲਈ ਉਹ ਥੀਏਟਰ ਨਾਲ ਵੀ ਲੰਬਾ ਸਮਾਂ ਜੁੜਿਆ ਰਿਹਾ।
ਫਿਲਮੀ ਸਫ਼ਰ ਦੀ ਸ਼ੁਰੂਆਤ
ਉਨ੍ਹਾਂ ਦੇ ਇਸ ਸਫ਼ਰ ਦੀ ਸ਼ੁਰੂਆਤ 1960 ’ਚ ਸਹਿਦੇਵ ਦੂਬੇ ਅਤੇ ਗਰੀਸ਼ ਕਰਨਾਡ ਦੇ ਨਾਟਕਾਂ ਤੋਂ ਹੋਈ। ਅਮਰੀਸ਼ ਪੁਰੀ ਕਾਫ਼ੀ ਸਾਲ ਥੀਏਟਰ ਨਾਲ ਜੁੜੇ ਰਹੇ ਪਰ ਇਸ ਨਾਲ ਹੀ ਉਨ੍ਹਾਂ ਨੇ ਫਿਲਮਾਂ ’ਚ ਕੰਮ ਕਰਨ ਲਈ ਵੀ ਆਪਣਾ ਸੰਘਰਸ਼ ਜਾਰੀ ਰੱਖਿਆ। ਆਖਿ਼ਰ ਸਾਲ 1971 ਵਿਚ ਉਨ੍ਹਾਂ ਦਾ ਫਿਲਮਾਂ ਵਿਚ ਕੰਮ ਕਰਨ ਵਾਲਾ ਸੁਪਨਾ ਸਾਕਾਰ ਹੋ ਹੀ ਗਿਆ। ਉਸ ਸਮੇਂ ਅਮਰੀਸ਼ ਪੁਰੀ ਦੀ ਉਮਰ 40 ਸਾਲ ਦੇ ਕਰੀਬ ਸੀ। ਫਿਲਮ ‘ਰੇਸ਼ਮਾ ਔਰ ਸ਼ੇਰਾ’ ਨਾਲ ਉਨ੍ਹਾਂ ਨੇ ਸਿਲਵਰ ਸਕ੍ਰੀਨ ’ਤੇ
ਬਤੌਰ ਖ਼ਲਨਾਇਕ ਦਮਦਾਰ ਐਂਟਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ
ਕਦੇ ਪਿੱਛੇ ਮੁੜ ਨਹੀਂ ਵੇਖਿਆ ਤੇ ਇਕ ਤੋਂ ਇਕ ਫਿਲਮ ਵਿਚ ਦਮਦਾਰ ਕਿਰਦਾਰ ਨਿਭਾਇਆ।
‘ਮੌਗੈਂਬੋ’ ਦੇ ਕਿਰਦਾਰ ਨੇ ਅਲੱਗ ਪਛਾਣ ਦਿਵਾਈ
ਜਦੋਂ ਸ਼ੇਖਰ ਕਪੂਰ ਦੀ ਫਿਲਮ ‘ਮਿਸਟਰ ਇੰਡੀਆ’ 1987 ਵਿਚ ਰਿਲੀਜ਼ ਹੋਈ ਤਾਂ ਹੀਰੋ ਅਨਿਲ ਕਪੂਰ ਅਤੇ ਹੀਰੋਇਨ ਸ੍ਰੀਦੇਵੀ ਤੋਂ ਵੀ ਵੱਧ ਦਰਸ਼ਕਾਂ ਦਾ ਧਿਆਨ ਫਿਲਮ ਦੇ ਖ਼ਲਨਾਇਕ ਅਮਰੀਸ਼ ਪੁਰੀ ਨੇ ਆਪਣੇ ਵੱਲ ਖਿੱਚਿਆ ਸੀ। ‘ਮਿਸਟਰ ਇੰਡੀਆ’ ਦਾ ਇਕ ਡਾਇਲਾਗ ‘ਮੌਗੇਂਬੋ ਖ਼ੁਸ਼ ਹੂਆ’ ਅੱਜ ਵੀ ਹਰ ਬੱਚੇ ਦੀ ਜ਼ੁਬਾਨ ’ਤੇ ਜ਼ਿੰਦਾ ਹੈ। ਮੌਗੈਂਬੋ’ ਨੂੰ ਬਾਲੀਵੁੱਡ ਦੇ ਇਤਿਹਾਸ ਵਿਚ ਇਕ ਮੀਲ ਦੇ ਪੱਥਰ ਵਾਲਾ ਕਿਰਦਾਰ ਮੰਨਿਆ ਜਾਂਦਾ ਹੈ। ਬਾਲਾਜੀ ਵਿੱਠਲ ਆਪਣੀ ਕਿਤਾਬ ‘ਪਿਓਰ ਈਵਿਲ ਦਿ ਬੈਡਮੈਨ ਆਫ ਬਾਲੀਵੁੱਡ’ ਵਿਚ ਲਿਖਦੇ ਹਨ, “ਸਿਨੇਮਾ ਵਿਚ ਖ਼ਲਨਾਇਕ ਦੇ ਜਿੰਨੇ ਵੀ ਰੂਪ ਹੋ ਸਕਦੇ ਹਨ, ਮੋਗੈਂਬੋ ਨੇ ਆਪਣੀ ਸ਼ਖ਼ਸੀਅਤ ਵਿਚ ਉਨ੍ਹਾਂ ਸਾਰਿਆਂ ਨੂੰ ਦਰਸਾਇਆ ਸੀ ਪਰ ਮਹਿਲਾਵਾਂ ਵਿਰੁੱਧ ਹਿੰਸਾ ਉਸਨੂੰ ਨਾਪਸੰਦ ਸੀ।’’ ਆਪਣੇ ਵੱਲ ਧਿਆਨ ਖਿੱਚਣ ਦਾ ਉਸਦਾ ਤਰੀਕਾ ਬਿਲਕੁਲ ਬੱਚਿਆਂ ਵਰਗਾ ਸੀ। ਆਪਣੇ ਗੁੰਡਿਆਂ ਤੋਂ ਹਿਟਲਰ ਦੇ ਅੰਦਾਜ਼ ਵਿਚ ‘ਹੇਲ ਮੋਗੈਂਬੋ’ ਕਹਾਉਣਾ ਅਤੇ ਅਪਰਾਧ ਦੇ ਹਰੇਕ ਘਿਨਾਉਣੇ ਕੰਮ ਤੋਂ ਬਾਅਦ ‘ਮੋਗੈਂਬੋ ਖ਼ੁਸ਼ ਹੁਆ’ ਡਾਇਲਾਗ ਬੋਲਣ ਨੇ ਦਰਸ਼ਕਾਂ ਦੀਆਂ ਨਜ਼ਰਾਂ ਵਿਚ ਉਸਦੀ ਬੁਰਾਈ ਨੂੰ ਘਟਾ ਦਿੱਤਾ ਸੀ ਅਤੇ ਦਰਸ਼ਕ ਉਸਦੇ ਇਸ ਅੰਦਾਜ਼ ’ਤੇ ਤਾੜੀਆਂ ਮਾਰਨ ਲਈ ਮਜਬੂਰ ਹੋ ਜਾਂਦੇ ਸਨ।” ਉਨ੍ਹਾਂ ਨੇ ਕਦੇ ਵੀ ਆਪਣੀ ਅਦਾਕਾਰੀ ਦਾ ਜਾਦੂ ਘੱਟ ਨਹੀਂ ਹੋਣ ਦਿੱਤਾ।
ਹਰ ਪੀੜ੍ਹੀ ਦੇ ਸਟਾਰ ਨਾਲ ਕੰਮ ਕੀਤਾ
ਅਮਰੀਸ਼ ਪੁਰੀ ਨੇ ਲਗਪਗ ਹਰ ਪੀੜ੍ਹੀ ਦੇ ਸਟਾਰ ਕਲਾਕਾਰ ਨਾਲ ਫਿਲਮਾਂ ਕੀਤੀਆਂ ਜਿਵੇਂ ਦਲੀਪ ਕੁਮਾਰ, ਰਾਜ ਕੁਮਾਰ, ਧਰਮਿੰਦਰ, ਰਾਜ ਬੱਬਰ, ਗੁਲਸ਼ਨ ਗਰੋਵਰ, ਕਾਦਰ ਖ਼ਾਨ, ਸ਼ਕਤੀ ਕਪੂਰ, ਪ੍ਰੇਮ ਚੋਪੜਾ, ਅਨਿਲ ਕਪੂਰ, ਸਲਮਾਨ ਖ਼ਾਨ, ਆਮਿਰ ਖ਼ਾਨ, ਸ਼ਾਹਰੁਖ਼ ਖ਼ਾਨ, ਸੰਨੀ ਦਿਓਲ, ਬੌਬੀ ਦਿਓਲ ਆਦਿ। ਸੰਨੀ ਦਿਓਲ ਨਾਲ ਤਾਂ ਉਨ੍ਹਾਂ ਦੀ ਅਦਾਕਾਰੀ ਵੇਖਣ ਵਾਲੀ ਰਹੀ।
ਹੋਰ ਭਾਸ਼ਾਵਾਂ ਦੀਆਂ ਫਿਲਮਾਂ ਵੀ ਕੀਤੀਆਂ
ਅਮਰੀਸ਼ ਪੁਰੀ ਨੇ ਹਿੰਦੀ ਤੋਂ ਇਲਾਵਾ ਪੰਜਾਬੀ, ਮਲਿਆਲਮ, ਤੇਲਗੂ, ਤਾਮਿਲ ਆਦਿ ਭਾਸ਼ਾਵਾਂ ਦੀ ਫਿਲਮਾਂ ’ਚ ਵੀ ਆਪਣੀ ਕਲਾ ਦੇ ਜੌਹਰ ਵਿਖਾਏ। ਇਸ ਮਹਾਨ ਅਦਾਕਾਰ ਨੂੰ ਬ੍ਰੇਨ ਟਿਊਮਰ ਹੋ ਗਿਆ ਸੀ।
ਸੰਸਾਰ ਨੂੰ ਅਲਵਿਦਾ
ਆਖਿ਼ਰ 12 ਜਨਵਰੀ 2005 ਵਿਚ 73 ਸਾਲ ਦੀ ਉਮਰ ਵਿਚ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਅਮਰੀਸ਼ ਪੁਰੀ ਦੀ ਆਖ਼ਰੀ ਫਿਲਮ ‘ਕ੍ਰਿਸ਼ਨਾ” ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈ ਸੀ। ਜਦੋਂ ਵੀ ਬਾਲੀਵੁੱਡ ਦੇ ਇਤਿਹਾਸ ਬਾਰੇ ਚਰਚਾ ਛਿੜੇਗੀ, ਉਦੋਂ ਅਮਰੀਸ਼ ਪੁਰੀ ਦੇ ਨਿਭਾਏ ਕਿਰਦਾਰ ਅਤੇ ਉਨ੍ਹਾਂ ਦੀ ਪ੍ਰਤਿਭਾ ਦੀ ਚਰਚਾ ਜ਼ਰੂਰ ਹੋਵੇਗੀ।
400 ਦੇ ਕਰੀਬ ਕੀਤੀਆਂ ਫਿਲਮਾਂ
ਅਮਰੀਸ਼ ਪੁਰੀ ਨੇ ਲਗਪਗ 400 ਦੇ ਕਰੀਬ ਫਿਲਮਾਂ ’ਚ ਕੀਤੀਆਂ। ਉਨ੍ਹਾਂ ਨੇ ‘ਨਿਸ਼ਾਂਤ’ ‘ਭੂਮਿਕਾ’, ‘ਮੰਥਨ’, ‘ਨਸੀਬ’, ‘ਵਿਜੇਤਾ’, ‘ਗਹਿਰਾਈ’, ‘ਸ਼ਕਤੀ’, ‘ਹੀਰੋ’, ‘ਅੰਧਾ ਕਾਨੂੰਨ’, ‘ਮੇਰੀ ਜੰਗ’, ‘ਨਗੀਨਾ’, ‘ਦਾਮਿਨੀ’, ‘ਵਾਰਿਸ’, ‘ਚੰਨ ਪ੍ਰਦੇਸੀ’ (ਪੰਜਾਬੀ ਫਿਲਮ), ‘ਮਿਸਟਰ ਇੰਡੀਆ’, ‘ਕੋਇਲਾ’, ‘ਘਾਇਲ’, ‘ਦਿਲ ਵਾਲੇ ਦੁਲਹਨੀਅਾਂ ਲੈ ਜਾਏੰਗੇ’, ‘ਕਰਨ ਅਰਜੁਨ’, ‘ਗ਼ਦਰ’ ਵਰਗੀਆਂ ਫਿਲਮਾਂ ’ਚ ਆਪਣਾ ਲੋਹਾ ਮੰਨਵਾਇਆ। •
-ਕੁਲਦੀਪ ਸਿੰਘ ਸਾਹਿਲ
94179-00040