ਆਖ਼ਰੀ ਫਿਲਮ ‘ਲਾਡੋ ਰਾਣੀ’ (2010) ’ਚ ਆਲੀਆ ਨੇ ਨਰਗਿਸ ਨਾਲ ਅਦਾਕਾਰੀ ਕੀਤੀ। ਉਸ ਤੋਂ ਪਿਛੋਂ ਆਲੀਆ ਨੇ 62 ਸਾਲ ਦੀ ਉਮਰ ਵਿਚ ਫਿਲਮਾਂ ਛੱਡ ਦਿੱਤੀਆਂ। ਇਸ ਵੇਲੇ ਆਲੀਆ ਲਾਹੌਰ ’ਚ ਉਮਰ ਦਾ ਆਖ਼ਰੀ ਪੜਾਅ ਲੰਘਦਿਆਂ ਜੀਵਨ ਜੀਅ ਰਹੀ ਹੈ। ਰੱਬ ਤੰਦਰੁਸਤੀ ਦੇਵੇ

ਲਹਿੰਦੇ ਪੰਜਾਬ ਦੀ ਪੰਜਾਬੀ ਫਿਲਮ ‘ਧੀ ਰਾਣੀ’ ਦਾ ਪ੍ਰਸਿੱਧ ਗੀਤ-‘ਮੇਰੀ ਚੀਚੀ ਦਾ ਛੱਲਾ ਮਾਹੀ ਲਾਹ ਲਿਆ ਘਰ ਜਾ ਕੇ ਸ਼ਿਕਾਇਤ...’ ਦੇ ਰੋਮਾਂਟਿਕ ਬੋਲ ਸੁਣ ਕੇ ਆਲੀਆ ਦੀ ਮਜ਼ੇਦਾਰ ਅਦਾਕਾਰੀ ਵੇਖ ਕੇ ਆਲ਼ੀਆ ਬਾਰੇ ਲਿਖਣ ਨੂੰ ਜੀਅ ਕੀਤਾ। ਆਲੀਆ ਦਾ ਜਨਮ 23 ਮਾਰਚ 1948 ਨੂੰ ਲਾਹੌਰ ਵਿਚ ਹੋਇਆ। ਉਸਦਾ ਪਿਤਾ ਅਰਸ਼ਦ ਕਾਦਰੀ ਅਤੇ ਮਾਂ ਮੁਮਤਾਜ਼ ਸੀ। ਆਲੀਆ ਦਾ ਘਰੇਲੂ ਨਾਮ ਬਾਣੀ ਸੀ। ਉਸਦਾ ਪਹਿਲਾਂ ਘਰ ਵਿਚ ਨਾਮ ਅਨੀਤਾ ਬਾਨੋ ਸੀ। ਆਲੀਆ ਦੀ ਮਾਂ ਮੁਮਤਾਜ਼ ਬੇਗਮ ਦਾ ਸਬੰਧ ਫਿਲਮ ਨਗਰੀ ਨਾਲ ਸੀ। ਆਲੀਆ ਨੇ ਲਹਿੰਦੇ ਪੰਜਾਬ ਦੀਆਂ ਫਿਲਮਾਂ ’ਚ ਅਦਾਕਾਰੀ ਦੇ ਨਾਲ ਕਈ ਫਿਲਮਾਂ ’ਚ ਆਈਟਮ ਗੀਤ ਵੀ ਗਾਏ। ਆਲੀਆ ਨੇ ਵਧੇਰੇ ਨੂਰ ਜਹਾਂ ਦੇ ਗੀਤਾਂ ’ਤੇ ਅਦਾਕਾਰੀ ਕੀਤੀ। ਆਲੀਆ ਨੇ 213 ਫਿਲਮਾਂ ਵਿਚ ਕੰਮ ਕੀਤਾ ਜਿਨ੍ਹਾਂ ’ਚ 160 ਦੇ ਕਰੀਬ ਪੰਜਾਬੀ ਫਿਲਮਾਂ ਸਨ।
ਪਹਿਲਾਂ ਪਹਿਲ ਆਲੀਆ ਨੇ ਆਪਣੀ ਮਾਂ ਮੁਮਤਾਜ਼ ਦੀਆਂ ਫਿਲਮਾਂ ਵਿਚ ਕੁਝ ਰੋਲ ਕੀਤੇ। ਫਿਲਮ ਧੀ ਰਾਣੀ {1969} ਉਸਦੀ ਮਾਂ ਮੁਮਤਾਜ਼ ਬੇਗਮ ਦੀ ਸੀ। ਜਿਸ ’ਚ ਆਲੀਆ ’ਤੇ ਗੀਤ ਫਿਲਮਾਏ ਗਏ। 1966 ਵਿਚ ਫਿਲਮ ‘ਤਾਬੇਦਾਰ’ ਵਿਚ ਨਸੀਮ ਬੇਗਮ ਦੀ ਗੀਤ ’ਤੇ ਅਦਾਕਾਰੀ ਕੀਤੀ। ‘ਮਿਰਜ਼ਾ ਜੱਟ’ (1967) ਤੇ ‘ਪਗੜੀ ਸੰਭਾਲ ਜੱਟਾ’ (1968) ਵਿਚ ਅਦਾਕਾਰ ਫਿਰਦੌਸ ਨਾਲ ਗੀਤ ‘ਚੰਨ ਚੰਨ ਦੇ ਸਾਹਮਣੇ ਆ ਗਿਆ’ ਨਾਲ ਆਲ਼ੀਆ ਨੇ ਦਿਲਕਸ਼ ਅਦਾਕਾਰੀ ਕੀਤੀ। ਆਲੀਆ ਦੀ ਮਾਂ ਮੁਮਤਾਜ਼ ਕੁਝ ਫਿਲਮਾਂ ਦੀ ਪ੍ਰੋਡਿਊਸਰ ਸੀ। ਇਕ ਗੀਤ ‘ਪੁੱਠੇ ਸਿੱਧੇ ਬੋਦੇ ਵਾਹ ਕੇ ਸ਼ਹਿਰੀ ਬਾਬੂ ਲੰਘਦਾ ਸਿੱਧੀ-ਸਾਧੀ ਪਿੰਡ ਦੀ ਕੁੜੀ ਦਾ ਦਿਲ ਮੰਗਦਾ’ ਵਿਚ ਆਲੀਆ ਨੇ ਯਾਦਗਾਰੀ ਅਦਾਕਾਰੀ ਕੀਤੀ। ਕੁਝ ਪੰਜਾਬੀ ਫਿਲਮਾਂ ’ਚ ਆਲੀਆ ਦੀ ਧਮਾਲ ਵੇਖਣ ਵਾਲੀ ਹੈ। ਇਕ ਫਿਲਮ 1974 ’ਚ ਬਣੀ ਸੀ ਜਿਸ ਦਾ ਗੀਤ ‘ਵੇ ਲੱਖ ਤਰਲੇ ਪਾਵੇਂ ਮੁੰਡਿਆ ਤੈਨੂੰ ਪਿਆਰ ਨ੍ਹੀਂ ਕਰਨਾ’ ਵਿਚ ਆਲੀਆ ਨੇ ਅਦਾਕਾਰੀ ਦਾ ਲੋਹਾ ਮੰਨਵਾਇਆ। ਇਹ ਦੋਗਾਣਾ ਸੀ।
1974 ਵਿਚ ਹੋਰ ਪੰਜਾਬੀ ਫਿਲਮਾਂ ‘ਤੇਰੇ ਇਸ਼ਕ ਨਚਾਇਆ’, ‘ਚੰਨ ਵੀਰ’, ‘ਯਮਲਾ ਜੱਟ’ ਵਿਚ ਆਲੀਆ ਨੇ ਅਦਾਕਾਰੀ ਕੀਤੀ। ਫਿਲਮ ‘ਨਿੱਕੇ ਹੁੰਦਿਆਂ ਦਾ ਪਿਆਰ’ ਲਹਿੰਦੇ ਪੰਜਾਬ ਦੀ ਯਾਦਗਾਰੀ ਫਿਲਮ ਹੈ। ਫਿਲਮ ‘ਮਸਤਾਨਾ ਮਾਹੀ’ ’ਚ ਆਲੀਆ ਨੇ ਡਬਲ ਰੋਲ ਕੀਤਾ। 1971 ’ਚ ਆਲੀਆ ਨੇ ਇਕ ਦਰਜਨ ਫਿਲਮਾਂ ’ਚ ਅਦਾਕਾਰੀ ਕੀਤੀ। 1972 ਦੀ ਫਿਲਮ ‘ਵਿਛੋੜਾ’ ਵਿਚ ਆਲੀਆ ਨੇ ਸੁਲਤਾਨ ਰਾਹੀ ਦੀ ਭੈਣ ਦਾ ਰੋਲ ਕੀਤਾ। ਇਸ ਸਾਲ ਆਲੀਆ ਨੇ ਦੋ ਦਰਜਨ ਫਿਲਮਾਂ ਵਿਚ ਅਦਾਕਾਰੀ ਕੀਤੀ। ਇਸ ਦੇ ਨਾਲ ਫਿਲਮ ‘ਜ਼ੁਲਮ ਦਾ ਬਦਲਾ’, ‘ਮੌਲਾ ਜੱਟ’, ‘ਖਾਨ ਚਾਚਾ’, ‘ਗ਼ੈਰਤ ਤੇ ਕਾਨੂੰਨ’, ‘ਦੋ ਪੱਤਰ ਅਨਾਰਾਂ ਦੇ’, ‘ਕੌਣ ਦਿਲਾਂ ਦੀਆਂ ਜਾਣੇ’, ‘ਅੱਜ ਦਾ ਮਹੀਂਵਾਲ’, ‘ਖ਼ੂਨ ਦਾ ਦਰਿਆ’ ’ਚ ਮੁਨੱਵਰ ਜ਼ਰੀਫ਼ ਨਾਲ ਰੋਲ ਕੀਤੇ। ਇਕ ਫਿਲਮ ‘ਇਸ਼ਕ ਮੇਰਾ ਨਾਂਅ’ (1974) ’ਚ ਇਕਬਾਲ ਹਸਨ ਨਾਲ ਆਲੀਆ ਨੇ ਦਿਲਕਸ਼ ਰੋਲ ਕੀਤਾ। ਅਦਾਕਾਰ ਫਿਰਦੌਸ ਨਾਲ ਆਲੀਆ ਨੇ ਦਰਜਨ ਫਿਲਮਾਂ ’ਚ ਕੰਮ ਕੀਤਾ। 1976 ’ਚ ਅੱਧੀ ਦਰਜਨ ਫਿਲਮਾਂ ਵਿਚ ਆਲੀਆ ਨੇ ਯਾਦਗਾਰੀ ਕਿਰਦਾਰ ਨਿਭਾਏ। 1979 ’ਚ ਉਸ ਨੇ ਅਲਤਾਫ਼ ਹੁਸੈਨ ਤੋਂ ਤਲਾਕ ਲਿਆ। 1983 ਦੀ ਫਿਲਮ ‘ਸਮੁੰਦਰੋਂ ਪਾਰ’ ’ਚ ਆਲੀਆ ਨੇ ਅਦਾਕਾਰ ਜਾਵੇਦ ਦੀ ਭੈਣ ਦਾ ਰੋਲ ਕੀਤਾ। 1981 ਦੀ ਫਿਲਮ ‘ਸ਼ੇਰ ਖਾਂ’ ਤੇ ਫਿਲਮ ‘ਅੱਲ੍ਹਾ ਵਾਰਿਸ’ ਵਿਚ ਰੋਲ ਕੀਤੇ ।
ਆਖ਼ਰੀ ਫਿਲਮ ‘ਲਾਡੋ ਰਾਣੀ’ (2010) ’ਚ ਆਲੀਆ ਨੇ ਨਰਗਿਸ ਨਾਲ ਅਦਾਕਾਰੀ ਕੀਤੀ। ਉਸ ਤੋਂ ਪਿਛੋਂ ਆਲੀਆ ਨੇ 62 ਸਾਲ ਦੀ ਉਮਰ ਵਿਚ ਫਿਲਮਾਂ ਛੱਡ ਦਿੱਤੀਆਂ। ਇਸ ਵੇਲੇ ਆਲੀਆ ਲਾਹੌਰ ’ਚ ਉਮਰ ਦਾ ਆਖ਼ਰੀ ਪੜਾਅ ਲੰਘਦਿਆਂ ਜੀਵਨ ਜੀਅ ਰਹੀ ਹੈ। ਰੱਬ ਤੰਦਰੁਸਤੀ ਦੇਵੇ। •
• ਗੁਰਮੀਤ ਸਿੰਘ ਫਾਜ਼ਿਲਕਾ
98148-56160