ਅਦਾਕਾਰਾ ਅਮੀਸ਼ਾ ਪਟੇਲ ਨੇ 2017 ਦੇ ਇੱਕ ਕੇਸ ਦੇ ਸਬੰਧ ਵਿੱਚ ਮੁਰਾਦਾਬਾਦ ਦੀ ਇੱਕ ਅਦਾਲਤ ਵੱਲੋਂ ਉਨ੍ਹਾਂ ਵਿਰੁੱਧ ਜਾਰੀ ਗੈਰ-ਜ਼ਮਾਨਤੀ ਵਾਰੰਟ ਦੀਆਂ ਖ਼ਬਰਾਂ 'ਤੇ ਅਧਿਕਾਰਤ ਤੌਰ 'ਤੇ ਜਵਾਬ ਦਿੱਤਾ ਹੈ। ਇਹ ਕਾਨੂੰਨੀ ਵਿਵਾਦ 2017 ਵਿੱਚ ਇੱਕ ਇਵੈਂਟ ਆਰਗੇਨਾਈਜ਼ਰ ਪਵਨ ਵਰਮਾ ਨਾਲ ਜੁੜੇ ਇੱਕ ਝਗੜੇ ਨਾਲ ਸਬੰਧਤ ਹੈ।

ਗੈਰ-ਜ਼ਮਾਨਤੀ ਵਾਰੰਟ 'ਤੇ ਅਦਾਕਾਰਾ ਨੇ ਦਿੱਤੀ ਪ੍ਰਤੀਕਿਰਿਆ
ਅਦਾਕਾਰਾ ਨੇ ਇੱਕ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣਾ ਪੱਖ ਸਾਫ਼ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੀਗਲ ਟੀਮ ਹੁਣ ਵਰਮਾ ਦੇ ਖ਼ਿਲਾਫ਼ ਧੋਖਾਧੜੀ ਲਈ ਅਪਰਾਧਿਕ ਕੇਸ ਸ਼ੁਰੂ ਕਰ ਰਹੀ ਹੈ ਅਤੇ ਉਨ੍ਹਾਂ 'ਤੇ ਜਨਤਕ ਤੌਰ 'ਤੇ ਤਮਾਸ਼ਾ ਬਣਾਉਣ ਲਈ ਝੂਠੇ ਦੋਸ਼ ਲਗਾਉਣ ਦਾ ਇਲਜ਼ਾਮ ਲਗਾ ਰਹੀ ਹੈ।
ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਲਿਖਿਆ,"ਮੀਡੀਆ ਰਿਪੋਰਟਾਂ ਵਿੱਚ ਮੁਰਾਦਾਬਾਦ ਵਿੱਚ ਪਵਨ ਵਰਮਾ ਨਾਮ ਦੇ ਇੱਕ ਵਿਅਕਤੀ ਦੁਆਰਾ ਕੁਝ ਕਾਰਵਾਈ ਦਾ ਸੁਝਾਅ ਦਿੱਤਾ ਗਿਆ ਹੈ, ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਬਹੁਤ, ਬਹੁਤ ਪੁਰਾਣਾ ਮਾਮਲਾ ਹੈ, ਜੋ ਕਈ ਸਾਲ ਪਹਿਲਾਂ ਦਾ ਹੈ। ਇਸ ਵਿੱਚ ਪਵਨ ਵਰਮਾ ਨੇ ਇੱਕ ਸੈਟਲਮੈਂਟ ਡੀਡ 'ਤੇ ਦਸਤਖਤ ਕੀਤੇ ਸਨ ਅਤੇ ਪੂਰੀ ਤੈਅ ਰਕਮ ਲਈ ਸੀ। ਇਸ ਦੇ ਬਾਵਜੂਦ, ਅਜਿਹਾ ਲੱਗਦਾ ਹੈ ਕਿ ਉਸ ਨੇ ਝੂਠੇ ਦੋਸ਼ ਲਗਾ ਕੇ ਕਾਰਵਾਈ ਸ਼ੁਰੂ ਕੀਤੀ ਹੈ। ਮੇਰੇ ਵਕੀਲ ਇਸ ਵਿਅਕਤੀ ਦੇ ਝੂਠ ਨੂੰ ਸਾਹਮਣੇ ਲਿਆਉਣ ਲਈ ਉਸ ਦੇ ਖ਼ਿਲਾਫ਼ ਸਹੀ ਅਪਰਾਧਿਕ ਕਾਰਵਾਈ ਸ਼ੁਰੂ ਕਰ ਰਹੇ ਹਨ, ਜਦਕਿ ਮੈਂ ਆਪਣੇ ਕੰਮ 'ਤੇ ਧਿਆਨ ਦੇਣਾ ਪਸੰਦ ਕਰਦੀ ਹਾਂ ਅਤੇ ਉਨ੍ਹਾਂ ਲੋਕਾਂ ਨੂੰ ਨਜ਼ਰਅੰਦਾਜ਼ ਕਰਦੀ ਹਾਂ ਜੋ ਝੂਠੇ ਬਹਾਨੇ ਬਣਾ ਕੇ ਧਿਆਨ ਖਿੱਚਣ ਲਈ ਜਨਤਕ ਤੌਰ 'ਤੇ ਤਮਾਸ਼ਾ ਕਰਦੇ ਹਨ।"
ਕੀ ਹੈ ਅਮੀਸ਼ਾ ਪਟੇਲ ਚੈੱਕ ਬਾਊਂਸ ਕੇਸ?
ਰਿਪੋਰਟ ਦੇ ਮੁਤਾਬਕ, ਇਹ ਕੇਸ ਪਵਨ ਵਰਮਾ ਦੀ ਸ਼ਿਕਾਇਤ ਤੋਂ ਸ਼ੁਰੂ ਹੋਇਆ ਹੈ। ਵਰਮਾ ਨੇ ਦਾਅਵਾ ਕੀਤਾ ਕਿ ਅਮੀਸ਼ਾ ਨੂੰ 16 ਨਵੰਬਰ, 2017 ਨੂੰ ਮੁਰਾਦਾਬਾਦ ਵਿੱਚ ਇੱਕ ਵਿਆਹ ਦੇ ਪ੍ਰੋਗਰਾਮ ਲਈ 14.50 ਲੱਖ ਰੁਪਏ ਐਡਵਾਂਸ ਦੇ ਕੇ ਬੁੱਕ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਅਦਾਕਾਰਾ ਦੇ ਰਹਿਣ ਦਾ ਇੰਤਜ਼ਾਮ ਵੀ ਕੀਤਾ ਸੀ, ਜੋ ਮੁਰਾਦਾਬਾਦ ਵਿੱਚ ਦਿੱਲੀ ਰੋਡ 'ਤੇ ਇੱਕ ਹੋਟਲ ਵਿੱਚ ਫਾਈਨਲ ਹੋਇਆ ਸੀ।
ਵਰਮਾ ਨੇ ਅਦਾਲਤ ਨੂੰ ਦੱਸਿਆ ਕਿ ਅਦਾਕਾਰਾ ਨੇ 10 ਲੱਖ ਰੁਪਏ ਨਕਦ ਵਾਪਸ ਕਰ ਦਿੱਤੇ ਸਨ। ਬਾਕੀ ਰਹਿੰਦੇ 4.50 ਲੱਖ ਰੁਪਏ ਦਾ ਚੈੱਕ ਬਾਊਂਸ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਨੂੰਨੀ ਮਦਦ ਲੈਣੀ ਪਈ।
ਐਡੀਸ਼ਨਲ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਦੀ ਅਦਾਲਤ ਵੱਲੋਂ ਵਾਰ-ਵਾਰ ਸੰਮਨ ਮਿਲਣ ਦੇ ਬਾਵਜੂਦ, ਅਮੀਸ਼ਾ ਕਥਿਤ ਤੌਰ 'ਤੇ ਪੇਸ਼ ਨਹੀਂ ਹੋਈ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਦੀ ਮੌਜੂਦਗੀ ਯਕੀਨੀ ਬਣਾਉਣ ਲਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ। ਪਰ ਹੁਣ ਅਮੀਸ਼ਾ ਨੇ ਇਸ 'ਤੇ ਆਪਣੀ ਚੁੱਪੀ ਤੋੜਦਿਆਂ ਮਾਮਲੇ 'ਤੇ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ।