ਆਮਿਰ ਖਾਨ ਨੇ 3 Idiots ਦੇ ਸੀਕਵਲ ਬਾਰੇ ਦਿੱਤਾ ਵੱਡਾ ਅਪਡੇਟ, ਕਿਹਾ-‘ਸਕ੍ਰਿਪਟ ’ਤੇ ਕੰਮ ਚੱਲ ਰਿਹੈ, ਪਰ…’
“ਦੇਖੋ, ਮੈਨੂੰ ਇਸ ਬਾਰੇ ਜ਼ਿਆਦਾ ਕੁਝ ਦੱਸਣ ਦੀ ਇਜਾਜ਼ਤ ਨਹੀਂ ਹੈ ਪਰ ਇੰਨਾ ਕਹਿ ਸਕਦਾ ਹਾਂ ਕਿ ਹਾਂ, ਰਾਜੂ ਸਕ੍ਰਿਪਟ ’ਤੇ ਕੰਮ ਕਰ ਰਹੇ ਹਨ। ਉਮੀਦ ਹੈ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਜਦੋਂ ਮੈਂ ਵਾਪਸ ਆਵਾਂਗਾ ਤਾਂ ਉਹ ਮੈਨੂੰ ਇਸ ਦਾ ਫਾਈਨਲ ਵਰਜ਼ਨ ਸੁਣਾਉਣਗੇ।
Publish Date: Sun, 25 Oct 2026 12:52 PM (IST)
Updated Date: Sun, 25 Oct 2026 12:56 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਆਮਿਰ ਖਾਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਅਹਿਮ ਅਪਡੇਟ ਸਾਂਝਾ ਕੀਤਾ ਹੈ। ਅਦਾਕਾਰ ਨੇ ‘3 ਇਡੀਅਟਸ’ ਦੇ ਸੀਕਵਲ ਬਾਰੇ ਜਾਣਕਾਰੀ ਦੇ ਕੇ ਪ੍ਰਸ਼ੰਸਕਾਂ ਨੂੰ ਖੁਸ਼ ਹੋਣ ਦਾ ਇੱਕ ਹੋਰ ਮੌਕਾ ਦਿੱਤਾ ਹੈ।
ਸਿੰਗਾਪੁਰ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਅਦਾਕਾਰ ਨੇ ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਇਸ ਫ਼ਿਲਮ ਨਾਲ ਜੁੜੀਆਂ ਨਵੀਆਂ ਜਾਣਕਾਰੀਆਂ ਬਾਰੇ ਗੱਲ ਕੀਤੀ। ਫ਼ਿਲਮਾਂ ਵਿੱਚ ਆਪਣੇ ਲੰਬੇ ਸਫ਼ਰ ਅਤੇ ਕੁਝ ਨਿੱਜੀ ਪਛਤਾਵਿਆਂ ਬਾਰੇ ਗੱਲ ਕਰਦਿਆਂ ਆਮਿਰ ਨੇ ਸੀਕਵਲ ਨਾਲ ਜੁੜੇ ਸਵਾਲ ਦਾ ਜਵਾਬ ਵੀ ਦਿੱਤਾ।
ਆਮਿਰ ਨੂੰ ਜਲਦ ਸਕ੍ਰਿਪਟ ਸੁਣਾਉਣਗੇ ਰਾਜਕੁਮਾਰ ਹਿਰਾਨੀ ਆਮਿਰ ਨੇ ਦੱਸਿਆ ਕਿ ਰਾਜਕੁਮਾਰ ਹਿਰਾਨੀ ‘3 ਇਡੀਅਟਸ’ ਦੀ ਸਕ੍ਰਿਪਟ ’ਤੇ ਕੰਮ ਕਰ ਰਹੇ ਹਨ ਅਤੇ ਜਲਦ ਹੀ ਉਨ੍ਹਾਂ ਨੂੰ ਇਸ ਦਾ ਨਵਾਂ ਡਰਾਫਟ ਸੁਣਾ ਸਕਦੇ ਹਨ। ਇਸ ਤੋਂ ਇਲਾਵਾ ਆਮਿਰ ਨੇ ਇਹ ਵੀ ਦੱਸਿਆ ਕਿ ਫ਼ਿਲਮ ਨਿਰਮਾਤਾ ਰਾਜਕੁਮਾਰ ਸੰਤੋਸ਼ੀ ‘ਅੰਦਾਜ਼ ਆਪਣਾ ਆਪਣਾ’ ਨਾਲ ਜੁੜੇ ਕਿਸੇ ਪ੍ਰੋਜੈਕਟ ’ਤੇ ਕੰਮ ਕਰ ਰਹੇ ਹਨ।
ਆਮਿਰ ਖਾਨ ਨੇ ਕਿਹਾ, “ਦੇਖੋ, ਮੈਨੂੰ ਇਸ ਬਾਰੇ ਜ਼ਿਆਦਾ ਕੁਝ ਦੱਸਣ ਦੀ ਇਜਾਜ਼ਤ ਨਹੀਂ ਹੈ ਪਰ ਇੰਨਾ ਕਹਿ ਸਕਦਾ ਹਾਂ ਕਿ ਹਾਂ, ਰਾਜੂ ਸਕ੍ਰਿਪਟ ’ਤੇ ਕੰਮ ਕਰ ਰਹੇ ਹਨ। ਉਮੀਦ ਹੈ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਜਦੋਂ ਮੈਂ ਵਾਪਸ ਆਵਾਂਗਾ ਤਾਂ ਉਹ ਮੈਨੂੰ ਇਸ ਦਾ ਫਾਈਨਲ ਵਰਜ਼ਨ ਸੁਣਾਉਣਗੇ। ਇਸ ਲਈ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ।”
ਹਾਲਾਂਕਿ ਆਮਿਰ ਖਾਨ ਨੇ ਫ਼ਿਲਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਪਰ ‘ਦ ਹਾਲੀਵੁੱਡ ਰਿਪੋਰਟਰ ਇੰਡੀਆ’ ਨਾਲ ਇੱਕ ਪੁਰਾਣੀ ਇੰਟਰਵਿਊ ਵਿੱਚ ਰਾਜਕੁਮਾਰ ਹਿਰਾਨੀ ਨੇ ਦੱਸਿਆ ਸੀ ਕਿ ਉਹ ਅਜੇ ਸਕ੍ਰਿਪਟ ’ਤੇ ਕੰਮ ਕਰ ਰਹੇ ਹਨ ਅਤੇ ਇਸ ’ਤੇ ਕਾਫ਼ੀ ਕੰਮ ਕਰਨਾ ਬਾਕੀ ਹੈ। ਕਹਾਣੀ ਮੁੱਖ ਤੌਰ ’ਤੇ ਇਸ ਗੱਲ ’ਤੇ ਆਧਾਰਿਤ ਹੋਵੇਗੀ ਕਿ 15 ਤੋਂ 20 ਸਾਲਾਂ ਬਾਅਦ ਇਨ੍ਹਾਂ ਕਿਰਦਾਰਾਂ ਦੀ ਜ਼ਿੰਦਗੀ ਵਿੱਚ ਕੀ ਹੁੰਦਾ ਹੈ।
ਕੀ ‘ਅੰਦਾਜ਼ ਆਪਣਾ ਆਪਣਾ 2’ ’ਤੇ ਵੀ ਚੱਲ ਰਿਹੈ ਕੰਮ ‘ਵੈਰਾਇਟੀ’ ਦੇ ਮੁਤਾਬਕ, ਸਿੰਗਾਪੁਰ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਪ੍ਰਸ਼ੰਸਕਾਂ ਨੇ ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ ‘ਅੰਦਾਜ਼ ਆਪਣਾ ਆਪਣਾ’ ਲਈ ਆਪਣਾ ਪਿਆਰ ਜ਼ਾਹਰ ਕੀਤਾ। ਇਸ ਤੋਂ ਬਾਅਦ ਆਮਿਰ ਤੋਂ ਪੁੱਛਿਆ ਗਿਆ ਕਿ ਕੀ ਉਹ ਇਸ ਫ਼ਿਲਮ ਦਾ ਦੂਜਾ ਭਾਗ ਲੈ ਕੇ ਆ ਰਹੇ ਹਨ।
ਆਮਿਰ ਖਾਨ ਨੇ ਦੱਸਿਆ ਕਿ ਰਾਜਕੁਮਾਰ ਸੰਤੋਸ਼ੀ ਕਿਸੇ ਪ੍ਰੋਜੈਕਟ ’ਤੇ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਇਹ ਪ੍ਰੋਜੈਕਟ ‘ਅੰਦਾਜ਼ ਆਪਣਾ ਆਪਣਾ’ ਦਾ ਸੀਕਵਲ ਹੀ ਹੈ।