ਸੈੱਟ 'ਤੇ ਉੱਡਿਆ ਮਜ਼ਾਕ, ਰੋਂਦੀ ਹੋਈ ਵੈਨਿਟੀ ਵੱਲ ਭੱਜੀ... Shivangi Joshi ਦਾ ਛਲਕਿਆ ਦਰਦ, ਦੱਸਿਆ- ਕਿਉਂ ਝੱਲਣਾ ਪਿਆ ਸੀ ਅਪਮਾਨ
ਹਾਲ ਹੀ ’ਚ ਰਿਲੀਜ਼ ਹੋਈ ਐਮਾਜ਼ਾਨ ਐੱਮ.ਐਕਸ ਪਲੇਅਰ (Amazon MX Player) ਦੀ ਵੈੱਬ ਸੀਰੀਜ਼ 'ਹਾਰਟ ਬੀਟਸ : ਪਿਆਰ ਔਰ ਅਰਮਾਨ' ਦੇ ਸੀਜ਼ਨ 2 ਵਿੱਚ ਨਜ਼ਰ ਆਈ ਸ਼ਿਵਾਂਗੀ ਜੋਸ਼ੀ ਨੂੰ ਕਰੀਅਰ ਦੇ ਸ਼ੁਰੂਆਤੀ ਦੌਰ ’ਚ ਭਾਵੇਂ ਸਪੋਰਟ ਨਾ ਮਿਲਿਆ ਹੋਵੇ ਪਰ ਉਹ ਨਵੇਂ ਕਲਾਕਾਰਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਉਂਦੀ ਹੈ।
Publish Date: Fri, 18 Sep 2026 11:53 AM (IST)
Updated Date: Fri, 18 Sep 2026 11:57 AM (IST)
ਪ੍ਰਿਯੰਕਾ ਸਿੰਘ, ਮੁੰਬਈ। ਫ਼ਿਲਮ ਇੰਡਸਟਰੀ ’ਚ ਕੰਮ ਕਰਨਾ ਮੁੰਡਾ ਹੋਵੇ ਜਾਂ ਕੁੜੀ, ਸਾਰਿਆਂ ਲਈ ਔਖਾ ਹੈ। ਇਸ ਲਈ ਸਥਾਪਿਤ ਕਲਾਕਾਰਾਂ ਲਈ ਜ਼ਰੂਰੀ ਹੈ ਕਿ ਉਹ ਨਵੇਂ ਕਲਾਕਾਰਾਂ ਨੂੰ ਸੈੱਟ 'ਤੇ ਸਹਿਜ ਮਹਿਸੂਸ ਕਰਵਾਉਣ।
ਹਾਲ ਹੀ ’ਚ ਰਿਲੀਜ਼ ਹੋਈ ਐਮਾਜ਼ਾਨ ਐੱਮ.ਐਕਸ ਪਲੇਅਰ (Amazon MX Player) ਦੀ ਵੈੱਬ ਸੀਰੀਜ਼ 'ਹਾਰਟ ਬੀਟਸ : ਪਿਆਰ ਔਰ ਅਰਮਾਨ' ਦੇ ਸੀਜ਼ਨ 2 ਵਿੱਚ ਨਜ਼ਰ ਆਈ ਸ਼ਿਵਾਂਗੀ ਜੋਸ਼ੀ ਨੂੰ ਕਰੀਅਰ ਦੇ ਸ਼ੁਰੂਆਤੀ ਦੌਰ ’ਚ ਭਾਵੇਂ ਸਪੋਰਟ ਨਾ ਮਿਲਿਆ ਹੋਵੇ ਪਰ ਉਹ ਨਵੇਂ ਕਲਾਕਾਰਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਉਂਦੀ ਹੈ।
ਨਵੇਂ ਕਲਾਕਾਰਾਂ ਨਾਲ ਚੰਗਾ ਵਿਵਹਾਰ ਕਰਦੀ ਹੈ ਅਦਾਕਾਰਾ
ਇਸਨੂੰ ਸ਼ਿਵਾਂਗੀ ਆਪਣੀ ਜ਼ਿੰਮੇਵਾਰੀ ਸਮਝਦੀ ਹੈ। ਉਹ ਕਹਿੰਦੀ ਹੈ ਕਿ ਮੁੰਡਾ ਹੋਵੇ ਜਾਂ ਕੁੜੀ, ਦੋਵਾਂ ਲਈ ਇਸ ਇੰਡਸਟਰੀ ’ਚ ਕੰਮ ਕਰਨਾ ਆਸਾਨ ਨਹੀਂ ਹੈ। ਮੈਂ ਜਦੋਂ ਨਵੀਂ-ਨਵੀਂ ਇਸ ਇੰਡਸਟਰੀ ਵਿੱਚ ਆਈ ਸੀ, ਤਾਂ ਮੈਨੂੰ ਉਹ ਸਪੋਰਟ ਨਹੀਂ ਮਿਲਿਆ ਸੀ। ਮੈਨੂੰ ਕਾਫ਼ੀ ਬੁਰਾ ਮਹਿਸੂਸ ਕਰਵਾਇਆ ਗਿਆ ਸੀ। ਮੇਰੀ ਕੋਸ਼ਿਸ਼ ਬੱਸ ਇਹੋ ਰਹਿੰਦੀ ਹੈ ਕਿ ਮੈਂ ਸਾਹਮਣੇ ਵਾਲੇ ਨਵੇਂ ਕਲਾਕਾਰ ਨੂੰ ਜਿੰਨਾ ਸਹਿਜ ਮਹਿਸੂਸ ਕਰਵਾ ਸਕਾਂ, ਕਰਵਾਵਾਂ। ਉਨ੍ਹਾਂ ਨੂੰ ਅਜਿਹੇ ਸਮਝਾਉਂਦੀ ਹਾਂ ਤਾਂ ਜੋ ਉਨ੍ਹਾਂ ਨੂੰ ਬੁਰਾ ਵੀ ਨਾ ਲੱਗੇ ਅਤੇ ਉਹ ਚੰਗਾ ਕੰਮ ਕਰਨ ਤੇ ਉਨ੍ਹਾਂ ਦੀ ਸ਼ਲਾਘਾ ਹੋਵੇ।
ਸੈੱਟ 'ਤੇ ਅਪਮਾਨਿਤ ਹੋ ਚੁੱਕੀ ਹੈ ਸ਼ਿਵਾਂਗੀ ਜੋਸ਼ੀ
ਸ਼ਿਵਾਂਗੀ ਨੇ ਕਿਹਾ ਕਿ ਉਸਦਾ ਸੈੱਟ 'ਤੇ ਅਪਮਾਨ ਕੀਤਾ ਗਿਆ ਸੀ। ਉਸਨੇ ਕਿਹਾ, "ਇਹ ਸਮਝ ਤਜ਼ਰਬੇ ਨਾਲ ਆਉਂਦੀ ਹੈ, ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਮੇਰੇ ਨਾਲ ਲੋਕ ਚੰਗੀ ਤਰ੍ਹਾਂ ਪੇਸ਼ ਨਹੀਂ ਆਏ ਸਨ ਤਾਂ ਕਿਹੋ ਜਿਹਾ ਲੱਗਿਆ ਸੀ। ਮੈਂ ਨਿਰਾਸ਼ ਹੋ ਜਾਂਦੀ ਸੀ। ਨਕਾਰਾਤਮਕ ਭਾਵਨਾਵਾਂ ਮਨ ਵਿੱਚ ਆਉਂਦੀਆਂ ਸਨ।" ਆਪਣੇ ਕੌੜੇ ਤਜ਼ਰਬਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਹ ਕਹਿੰਦੀ ਹੈ ਕਿ ਜਦੋਂ ਮੇਰੇ ਨਾਲ ਲੋਕ ਠੀਕ ਤਰ੍ਹਾਂ ਪੇਸ਼ ਨਹੀਂ ਆਏ ਸਨ, ਉਹ ਕਰੀਅਰ ਦਾ ਸ਼ੁਰੂਆਤੀ ਦੌਰ ਸੀ।
ਸੈੱਟ 'ਤੇ ਰੋਣ ਲੱਗ ਪਈ ਸੀ ਸ਼ਿਵਾਂਗੀ ਜੋਸ਼ੀ
ਸ਼ਿਵਾਂਗੀ ਜੋਸ਼ੀ ਨੇ ਕਿਹਾ, "ਉਦੋਂ ਮੈਂ ਬਹੁਤ ਛੋਟੀ ਸੀ, ਸ਼ੁਕਰ ਹੈ ਕਿ ਮੇਰੀ ਮਾਂ ਉਸ ਵੇਲੇ ਮੇਰੇ ਨਾਲ ਹਮੇਸ਼ਾ ਮੌਜੂਦ ਰਹਿੰਦੀ ਸੀ। ਮੈਨੂੰ ਯਾਦ ਹੈ, ਮੈਨੂੰ ਕੈਮਰੇ ਦੇ ਸਾਹਮਣੇ ਪਰਫ਼ਾਰਮ ਕਰਨ ਲਈ ਕਿਹਾ ਗਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਸ਼ਾਟ ’ਚ ਹਮੇਸ਼ਾ ਕੈਮਰੇ ਵੱਲ ਦੇਖਣਾ ਜ਼ਰੂਰੀ ਨਹੀਂ ਹੁੰਦਾ। ਮੈਂ ਕੈਮਰੇ ’ਚ ਦੇਖ ਕੇ ਆਪਣੇ ਡਾਇਲਾਗ ਬੋਲਣ ਲੱਗੀ ਤਾਂ ਆਲੇ-ਦੁਆਲੇ ਖੜ੍ਹੇ ਸਭ ਹੱਸਣ ਲੱਗੇ। ਕਈਆਂ ਨੇ ਮੇਰਾ ਮਜ਼ਾਕ ਉਡਾਇਆ।"
ਸ਼ਿਵਾਂਗੀ ਕਹਿੰਦੀ ਹੈ, "ਮੇਰੇ ’ਚ ਸਮਝ ਘੱਟ ਸੀ, ਮੈਂ ਰੋਣ ਲੱਗ ਪਈ ਅਤੇ ਰੋਂਦੀ-ਰੋਂਦੀ ਉੱਥੋਂ ਨਿਕਲ ਗਈ। ਵੈਨਿਟੀ ’ਚ ਜਾ ਕੇ ਬੈਠ ਗਈ, ਉਦੋਂ ਚਾਰ ਲੋਕ ਇੱਕੋ ਵੈਨਿਟੀ ਨੂੰ ਸਾਂਝਾ ਕਰਦੇ ਸਨ, ਸਮਝ ਨਹੀਂ ਆ ਰਿਹਾ ਸੀ ਕਿ ਖ਼ੁਦ ਨੂੰ ਜ਼ਾਹਰ ਕਰਾਂ ਜਾਂ ਨਹੀਂ। ਉਦੋਂ ਮੇਰੀ ਮੰਮੀ ਮੈਨੂੰ ਬਾਹਰ ਲੈ ਗਈ। ਉਨ੍ਹਾਂ ਨੇ ਸਮਝਾਇਆ ਕਿ ਠੀਕ ਹੈ, ਇਹ ਵੀ ਕੰਮ ਦਾ ਹਿੱਸਾ ਹੈ। ਤੁਸੀਂ ਇਸ ਸਥਿਤੀ ਨੂੰ ਕਿਵੇਂ ਸੰਭਾਲਦੇ ਹੋ, ਇਸ 'ਤੇ ਅੱਗੇ ਕਾਫ਼ੀ ਕੁਝ ਨਿਰਭਰ ਕਰੇਗਾ। ਮੇਰੇ ਡਾਇਰੈਕਟਰ ਬਹੁਤ ਸਪੋਰਟਿਵ ਸਨ। ਉਨ੍ਹਾਂ ਨੇ ਵੀ ਸਮਝਾਇਆ।"
ਕਦੇ ਨਹੀਂ ਕਰੇਗੀ ਰਿਐਲਿਟੀ ਸ਼ੋਅ
ਫ਼ਿਲਹਾਲ ਸ਼ਿਵਾਂਗੀ ਅਦਾਕਾਰੀ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ। ਪਿਛਲੇ ਦਿਨੀਂ ਰਿਐਲਿਟੀ ਸ਼ੋਅ 'ਲੌਕ ਅੱਪ : ਸੱਚ ਯਾ ਸਜ਼ਾ' ’ਚ ਦਿਖੀ ਸ਼ਿਵਾਂਗੀ ਅੱਗੇ ਰਿਐਲਿਟੀ ਸ਼ੋਅ ਨਾ ਕਰਨ ਬਾਰੇ ਦੱਸਦੀ ਹੈ ਕਿ ਮੇਰੇ ਲਈ ਰਿਐਲਿਟੀ ਸ਼ੋਅ ਹੁਣ ਬੱਸ ਬਹੁਤ ਹੋ ਗਿਆ ਹੈ। ਹੁਣ ਨਹੀਂ ਕਰਾਂਗੀ। ਲੋਕਾਂ ਨੇ ਮੈਨੂੰ ਅੱਜ ਤੱਕ ਇੱਕ ਕਲਾਕਾਰ ਵਜੋਂ ਜਾਣਿਆ ਹੈ ਅਤੇ ਮੈਂ ਚਾਹਾਂਗੀ ਕਿ ਅੱਗੇ ਵੀ ਉਹੀ ਕਰਾਂ।
ਮੈਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਡਰਾਮਾ ਨਹੀਂ ਚਾਹੀਦਾ। ਰਿਐਲਿਟੀ ਸ਼ੋਅ ਵਿੱਚ ਇੱਕ ਅਜਿਹਾ ਮਾਹੌਲ ਹੁੰਦਾ ਹੈ, ਜੋ ਤੁਹਾਡੇ ਅੰਦਰੋਂ ਕਈ ਬੁਰੀਆਂ ਚੀਜ਼ਾਂ ਵੀ ਬਾਹਰ ਕੱਢਦਾ ਹੈ। ਤੁਸੀਂ ਤਣਾਅ ਵਿੱਚ ਹੁੰਦੇ ਹੋ, ਜੋ ਬਹੁਤ ਹੀ ਗ਼ੈਰ-ਜ਼ਰੂਰੀ ਚੀਜ਼ ਹੈ, ਜੋ ਮੈਨੂੰ ਆਪਣੀ ਜ਼ਿੰਦਗੀ ਵਿੱਚ ਹੋਰ ਨਹੀਂ ਚਾਹੀਦੀ।