- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ, ਇਸ ਦੌਰਾਨ ਕਮੇਟੀ ਦੇ ਮੈਂਬਰਾਂ ਨੇ ਸਵਾਲ ਕੀਤਾ ਕਿ ਨੀਟ-ਯੂਜੀ ਦੀ ਪ੍ਰੀਖਿਆ ਨੂੰ ਵੀ ਯੂਪੀਐੱਸਸੀ ਅਤੇ ਜੇਈਈ ਵਾਂਗ ਕਈ ਪੜਾਅ ਵਿਚ ਕਿਉਂ ਨਹੀਂ ਕਰਵਾਇਆ ਜਾਂਦਾ।

ਜਾਗਰਣ ਬਿਊਰੋ, ਨਵੀਂ ਦਿੱਲੀ : ਨੀਟ-ਯੂਜੀ ਦੀ ਪ੍ਰੀਖਿਆ ਦੁਬਾਰਾ ਕਰਵਾਉਣ ਅਤੇ ਇਸ ਤੋਂ ਮਿਲੇ ਸਬਕ ਨੂੰ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਕਰਦਿਆਂ, ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਸਪੱਸ਼ਟ ਕੀਤਾ ਹੈ ਕਿ ਉਹ ਅਗਲੇ ਸਾਲ ਤੋਂ ਨੀਟ-ਯੂਜੀ ਦੀ ਪ੍ਰੀਖਿਆ ਕੰਪਿਊਟਰ ਅਧਾਰਤ(ਸੀਬੀਟੀ) ਮੋਡ ਵਿਚ ਕਰਵਾਏਗੀ। ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ, ਇਸ ਦੌਰਾਨ ਕਮੇਟੀ ਦੇ ਮੈਂਬਰਾਂ ਨੇ ਸਵਾਲ ਕੀਤਾ ਕਿ ਨੀਟ-ਯੂਜੀ ਦੀ ਪ੍ਰੀਖਿਆ ਨੂੰ ਵੀ ਯੂਪੀਐੱਸਸੀ ਅਤੇ ਜੇਈਈ ਵਾਂਗ ਕਈ ਪੜਾਅ ਵਿਚ ਕਿਉਂ ਨਹੀਂ ਕਰਵਾਇਆ ਜਾਂਦਾ। ਇਸ ’ਤੇ ਐੱਨਟੀਏ ਨੇ ਪ੍ਰੀਖਿਆ ਨਾਲ ਜੁੜੀਆਂ ਤਬਦੀਲੀਆਂ ’ਤੇ ਚਰਚਾ ਕਰਨ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਅਗਲੀ ਮੀਟਿੰਗ ਵਿਚ ਇਹ ਦੱਸ ਸਕਦੇ ਹਨ ਕਿ ਪ੍ਰੀਖਿਆ ਵਿਚ ਕੀ ਬਦਲਾਅ ਕਰਨ ਜਾ ਰਹੇ ਹਨ।
ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਦੇ ਮੈਂਬਰ ਮੁਕੁਲ ਵਾਸਨਿਕ ਦੀ ਰਹਿਨੁਮਾਈ ਹੇਠ ਸਿੱਖਿਆ, ਔਰਤ ਅਤੇ ਬਾਲ ਵਿਕਾਸ ਨਾਲ ਜੁੜੀ ਸੰਸਦੀ ਕਮੇਟੀ ਦੇ ਸਾਹਮਣੇ ਐੱਨਟੀਏ ਨੇ 21 ਜੂਨ ਨੂੰ ਨੀਟ-ਯੂਜੀ ਦੀ ਦੁਬਾਰਾ ਪ੍ਰੀਖਿਆ ਤੋਂ ਮਿਲੇ ਸਬਕ ’ਤੇ ਪੇਸ਼ਕਾਰੀ ਦਿੱਤੀ। ਖਾਸ ਗੱਲ ਇਸ ਹੈ ਕਿ ਕਮੇਟੀ ਨੇ ਹੀ ਐੱਨਟੀਏ ਨੂੰ ਇਸ ਮਾਮਲੇ ’ਤੇ ਜਾਣਕਾਰੀ ਦੇਣ ਲਈ ਕਿਹਾ ਸੀ। ਐੱਨਟੀਏ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਬਾਰਾ ਪ੍ਰੀਖਿਆ ਤੋਂ 10 ਖ਼ਾਸ ਸਬਕ ਮਿਲੇ ਹਨ। ਇਸ ਵਿਚ ਪ੍ਰਸ਼ਨ ਪੱਤਰ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਲੁਕਾ ਕੇ ਰੱਖਣਾ ਸ਼ਾਮਲ ਹੈ, ਜਿਸ ਨੂੰ ਐੱਨਟੀਏ ਨੇ ਵਿਕਸਤ ਕੀਤਾ ਹੈ। ਇਸ ਦੇ ਨਾਲ ਹੀ ਪ੍ਰਸ਼ਨ ਪੱਤਰਾਂ ਦੀ ਛਪਾਈ ਨੂੰ ਸਖ਼ਤ ਸੁਰੱਖਿਆ ਵਿਚ ਕਰਵਾਉਣਾ, ਉਸ ਦੀ ਸੁਰੱਖਿਅਤ ਆਵਾਜਾਈ, ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਤਾਲਮੇਲ ਨੂੰ ਮਜ਼ਬੂਤ ਕਰਨਾ ਸ਼ਾਮਲ ਹਨ।
ਸੀਬੀਟੀ ਮੋਡ ਨਾਲ ਜੁੜੀਆਂ ਚੁਣੌਤੀਆਂ ’ਤੇ ਨਹੀਂ ਮਿਲਿਆ ਕੋਈ ਜਵਾਬ
ਕਮੇਟੀ ਦੇ ਮੈਂਬਰਾਂ ਨੇ ਪ੍ਰੀਖਿਆ ਨੂੰ ਸੀਬੀਟੀ ਮੋਡ ਵਿਚ ਕਰਨ ਨਾਲ ਜੁੜੀਆਂ ਚੁਣੌਤੀਆਂ, ਸਮੇਤ ਕੋਚਿੰਗ ’ਤੇ ਨਿਰਭਰਤਾ ਖ਼ਤਮ ਕਰਨ ਬਾਰੇ ਸਵਾਲ ਕੀਤੇ। ਹਾਲਾਂਕਿ, ਐੱਨਟੀਏ ਅਤੇ ਸਿੱਖਿਆ ਮੰਤਰਾਲੇ ਵੱਲੋਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਕਮੇਟੀ ਦੀ ਬੈਠਕ ਵਿਚ ਪਹਿਲੀ ਵਾਰ ਸ਼ਾਮਲ ਹੋਏ ਨੀਟ-ਯੂਜੀ ਵਿਚ ਸੁਧਾਰ ਲਈ ਗਠਿਤ ਉੱਚ-ਪੱਧਰੀ ਕਮੇਟੀ ਦੇ ਪ੍ਰਧਾਨ ਅਤੇ ਇਸਰੋ ਦੇ ਸਾਬਕਾ ਮੁਖੀ ਡਾ. ਰਾਧਾਕ੍ਰਿਸ਼ਨ ਨੇ ਵੀ ਪ੍ਰੀਖਿਆ ਵਿਚ ਸੁਧਾਰ ਲਈ ਉਠਾਏ ਜਾ ਰਹੇ ਕਦਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਸੁਧਾਰ ਲਈ ਹੋਰ ਕਦਮ ਉਠਾਉਣਗੇ। ਪੀਟੀਆਈ ਮੁਤਾਬਕ ਸੰਸਦੀ ਕਮੇਟੀ ਦੇ ਮੈਂਬਰਾਂ ਨੇ ਨੀਟ-ਯੂਜੀ ਦੀ ਦੁਬਾਰਾ ਪ੍ਰੀਖਿਆ ਵਧੀਆ ਤਰੀਕੇ ਕਰਵਾਉਣ ਦੀ ਤਾਰੀਫ਼ ਕਰਦਿਆਂ ਐੱਨਟੀਏ ਲਈ ਕਾਨੂੰਨੀ ਦਰਜਾ ਦੀ ਮੰਗ ਕੀਤੀ। ਇਸ ਬੈਠਕ ਵਿਚ ਭਾਜਪਾ ਤੇ ਕਾਂਗਰਸ ਸਮੇਤ ਹੋਰ ਪਾਰਟੀਆਂ ਦੇ ਕਰੀਬ 18 ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਇਸਰੋ ਦੇ ਸਾਬਕਾ ਮੁਖੀ ਡਾ. ਰਾਧਾਕ੍ਰਿਸ਼ਨ, ਉੱਚ ਸਿੱਖਿਆ ਦੇ ਸਕੱਤਰ ਵਿਨੀਤ ਜੋਸ਼ੀ ਅਤੇ ਐੱਨਟੀਏ ਦੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਵੀ ਮੌਜੂਦ ਸਨ।
20 ਤੋਂ ਪਹਿਲਾਂ ਨੀਟ-ਯੂਜੀ ਦੇ ਨਤੀਜੇ ਜਾਰੀ ਕਰ ਦਿੱਤੇ ਜਾਣਗੇ
ਸੰਸਦੀ ਕਮੇਟੀ ਦੇ ਸਾਹਮਣੇ ਐੱਨਟੀਏ ਨੇ ਦੱਸਿਆ ਕਿ ਨੀਟ-ਯੂਜੀ ਦੇ ਨਤੀਜੇ 20 ਜੁਲਾਈ ਤੋਂ ਪਹਿਲਾਂ ਜਾਰੀ ਕਰ ਦਿੱਤੇ ਜਾਣਗੇ। ਪ੍ਰੀਖਿਆ ਦੇ ਮੁਲਾਂਕਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਐੱਨਟੀਏ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਨੇ 37 ਦਿਨਾਂ ਵਿਚ ਦੁਬਾਰਾ ਨਵੇਂ ਸਿਰੇ ਤੋਂ ਪ੍ਰੀਖਿਆ ਕਰਵਾਈ ਹੈ। 3 ਮਈ ਨੂੰ ਹੋਈ ਨੀਟ-ਯੂਜੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੇ ਮਾਮਲੇ ’ਤੇ ਐੱਨਟੀਏ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਸ ਦੀ ਸੀਬੀਆਈ ਜਾਂਚ ਚੱਲ ਰਹੀ ਹੈ।