- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਆਇਆ ਸਿੰਘ ਰਿਆੜਕੀ ਸਿੱਖਿਆ ਸੰਸਥਾਨ ਦਰਸਾਉਂਦਾ ਹੈ ਕਿ ਸਰਲਤਾ ਕਮਜ਼ੋਰੀ ਨਹੀਂ ਹੌਸਲੇ ਦਾ ਨਾਂ ਹੈ। ਸਿੱਖਿਆ ਦੀ ਤਾਕਤ ਚਮਕ-ਦਮਕ ’ਚ ਨਹੀਂ ਸਗੋਂ ਸਾਦਗੀ ਵਿੱਚ ਹੈ। ਉੱਥੇ ਲੱਗਣ ਵਾਲੀਆਂ ਕਲਾਸਾਂ ਮਨ ਨੂੰ ਅੰਬਰੀਂ ਪਰਵਾਜ਼ ਦਿੰਦੀਆਂ ਹਨ ਤੇ ਆਤਮਾ ਨੂੰ ਮਜ਼ਬੂਤੀ ਬਖ਼ਸ਼ਦੀਆਂ ਹਨ। ਉੱਥੇ ਸਿੱਖਣਾ ਮੁਕਾਬਲੇਬਾਜ਼ੀ ਨਹੀਂ ਸਗੋਂ ਹਮਸਫ਼ਰ ਹੋਣਾ ਹੈ।

ਅੱਜ ਦੀ ਸਿੱਖਿਆ ਦਾ ਗੁੰਝਲਦਾਰ ਢਾਂਚਾ ਮਹਿੰਗੀਆਂ ਫ਼ੀਸਾਂ, ਨੁਮਾਇਸ਼ ਦੀ ਚੂਹਾ-ਦੌੜ, ਪ੍ਰਾਪਤੀਆਂ ਦੀ ਸਜਾਵਟ ਤੇ ਨੰਬਰਾਂ ਨਾਲ ਜੁੜੇ ਮਾਣ-ਸਤਿਕਾਰ ਦੀਆਂ ਬੇੜੀਆਂ ’ਚ ਜਕੜਿਆ ਹੋਇਆ ਹੈ। ਪਾਠਸ਼ਾਲਾ ਅੱਜ ਬਾਜ਼ਾਰ ਬਣ ਗਈ ਹੈ ਤੇ ਵਿਦਿਆਰਥੀ ਉਤਪਾਦ। ਸੋਚਣ ਦੀ ਜਗ੍ਹਾ ਤਿਆਰੀ ਨੇ ਲੈ ਲਈ ਹੈ ਤੇ ਸਮਝ ਦੀ ਸੰਘੀ ਰੱਟੇ ਨੇ ਘੁੱਟ ਦਿੱਤੀ ਹੈ। ਇਨਸਾਨ ਬਣਨ ਦਾ ਅਮਲ ਕਿਤੇ ਪਿੱਛੇ ਛੁੱਟਦਾ ਜਾ ਰਿਹਾ ਹੈ ਤੇ ਉਸ ਦੀ ਜਗ੍ਹਾ ਲੈ ਰਹੀ ਹੈ ਤੇਜ਼-ਰਫ਼ਤਾਰ ਪਰ ਦਿਸ਼ਾਹੀਣ ਮਸ਼ੀਨ। ਆਜ਼ਾਦੀ ਤੋਂ ਬਾਅਦ ਕਿਸੇ ਵੀ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਨੇ ਕਦੇ ਵੀ ਸਿੱਖਿਆ ਮੰਤਰਾਲਾ ਨਹੀਂ ਸੰਭਾਲਿਆ। ਨਤੀਜੇ ਵਜੋਂ ਲੀਡਰਾਂ ਤੇ ਡੀਲਰਾਂ ਨੇ ਜਨਤਕ ਸਕੂਲਾਂ ਨੂੰ ਵੱਧ ਤੋਂ ਵੱਧ ਕੰਟਰੋਲ ਕੀਤਾ, ਜਿਸ ਨਾਲ ਅਜਿਹਾ ਮਾਹੌਲ ਬਣਿਆ, ਜਿੱਥੇ ਆਮ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਜਾਣ ਵਿਚ ਮੁਸ਼ਕਲ ਆਉਣ ਲੱਗੀ। ਇਨ੍ਹਾਂ ਅਖੌਤੀ ਜਨਤਕ ਸਕੂਲਾਂ ਦੇ ਦਰਵਾਜ਼ਿਆਂ ’ਤੇ ਰਵਾਇਤੀ ਤੇ ਦੇਸੀ ਗਿਆਨ ਦੀਆਂ ਸਾਰੀਆਂ ਧਾਰਾਵਾਂ ਨੂੰ ਰੋਕ ਦਿੱਤਾ ਗਿਆ। ਇਤਿਹਾਸ ਗਵਾਹ ਹੈ ਕਿ ਤੂਫਾਨਾਂ ਦੀ ਪਰਵਾਹ ਕੀਤੇ ਬਿਨਾਂ ਕੁਝ ਦੀਵੇ ਅਡੋਲ ਰਹਿੰਦੇ ਹਨ। ਗ਼ੈਰ-ਜ਼ਰੂਰੀ ਵਿਕਾਸ ਤੇ ਬੇਹੁਦੀ ਤਰੱਕੀ ਦੇ ਅਜਿਹੇ ਧੂੜ ਭਰੇ ਤੂਫਾਨਾਂ ਵਿਚਕਾਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ’ਚ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਬੀਤੇ ਸੌ ਸਾਲਾਂ ਤੋਂ ਸਥਿਰ ਦੀਵੇ ਵਾਂਗ ਝਿਲਮਿਲਾ ਰਿਹਾ ਹੈ। ਅਜਿਹੀ ਔਖੀ ਘੜੀ ’ਚ ਵੀ ਭੀੜ ਤੋਂ ਅਲੱਗ ਕਿਸੇ ਵਧੀਆ ਸੰਕਲਪ ਵਾਂਗ ਇਕ ਸਰਲ ਤੇ ਨਿਮਰ ਪਾਠਸ਼ਾਲਾ ਆਪਣੀ ਮਿਸਾਲ ਆਪ ਬਣ ਕੇ ਖੜ੍ਹੀ ਨਜ਼ਰ ਆਉਂਦੀ ਹੈ। ਇਹ ਬਿਨਾਂ ਕਿਸੇ ਤਸ਼ਹੀਰ ਤੋਂ ਇਹ ਸੰਦੇਸ਼ ਦਿੰਦੀ ਹੈ ਕਿ ਸਿੱਖਿਆ ਉੱਚੀਆਂ ਇਮਾਰਤਾਂ ਦੀ ਮੁਥਾਜ ਨਹੀਂ ਹੁੰਦੀ। ਉਸ ਲਈ ਜ਼ਰਖ਼ੇਜ਼ ਭੂਮੀ ਉਹ ਹੁੰਦੀ ਹੈ, ਜਿੱਥੇ ਹਾਲੇ ਸਿੱਖਣ ਦੀ ਤੇਹ ਸਲਾਮਤ ਹੈ। ਜਿੱਥੇ ਬੱਚੇ ਕਿਤਾਬਾਂ ਤੋਂ ਪਹਿਲਾਂ ਖ਼ੁਦ ਨੂੰ ਪੜ੍ਹਨਾ ਸਿੱਖਦੇ ਹਨ ਤੇ ਇਨਸਾਨ ਬਣਨ ਦੇ ਵਡੇਰੇ ਟੀਚੇ ਦੀ ਤਿਆਰੀ ਕਰਦੇ ਹਨ।
ਚਮਕ-ਦਮਕ ’ਚ ਨਹੀਂ ਸਿੱਖਿਆ ਦੀ ਤਾਕਤ
ਬਾਬਾ ਆਇਆ ਸਿੰਘ ਰਿਆੜਕੀ ਸਿੱਖਿਆ ਸੰਸਥਾਨ ਦਰਸਾਉਂਦਾ ਹੈ ਕਿ ਸਰਲਤਾ ਕਮਜ਼ੋਰੀ ਨਹੀਂ ਹੌਸਲੇ ਦਾ ਨਾਂ ਹੈ। ਸਿੱਖਿਆ ਦੀ ਤਾਕਤ ਚਮਕ-ਦਮਕ ’ਚ ਨਹੀਂ ਸਗੋਂ ਸਾਦਗੀ ਵਿੱਚ ਹੈ। ਉੱਥੇ ਲੱਗਣ ਵਾਲੀਆਂ ਕਲਾਸਾਂ ਮਨ ਨੂੰ ਅੰਬਰੀਂ ਪਰਵਾਜ਼ ਦਿੰਦੀਆਂ ਹਨ ਤੇ ਆਤਮਾ ਨੂੰ ਮਜ਼ਬੂਤੀ ਬਖ਼ਸ਼ਦੀਆਂ ਹਨ। ਉੱਥੇ ਸਿੱਖਣਾ ਮੁਕਾਬਲੇਬਾਜ਼ੀ ਨਹੀਂ ਸਗੋਂ ਹਮਸਫ਼ਰ ਹੋਣਾ ਹੈ। ਸਿੱਖਿਆ ਜਗਤ ’ਚ ਕੌੜੇ ਤਜਰਬਿਆਂ ਦੇ ਸਮੇਂ ਵਿਚ ਇਹ ਮਿੱਠੀ ਸੰਸਥਾ ਸੇਵਾ, ਧਿਆਨ, ਸਹਿਯੋਗ, ਸਾਦਗੀ, ਸ਼ੁੱਧਤਾ, ਇਮਾਨਦਾਰੀ, ਸੁੱਚੀ ਕਿਰਤ ਤੇ ਪਰਉਪਕਾਰ ਦੇ ਵਿਹਾਰਕ ਸਬਕ ਸਿਖਾਉਂਦੀ ਹੈ। ਇਸ ਦੀ ਸਥਾਪਨਾ 1925 ਵਿਚ ਰਿਆੜਕੀ ਖੇਤਰ ਦੇ ਪਰਉਪਕਾਰੀ ਸੰਤ ਬਾਬਾ ਆਇਆ ਸਿੰਘ ਜੀ ਵੱਲੋਂ ਧੀਆਂ ਦੇ ਗੁਰੂਕੁਲ ਵਜੋਂ ਕੀਤੀ ਗਈ ਸੀ।
14 ਕੁੜੀਆਂ ਨਾਲ ਸਥਾਪਤ ਕੀਤਾ ਸਕੂਲ
ਉਨ੍ਹਾਂ ਨੇ ਆਪਣਾ ਕੰਮ ਗੁਰਬਾਣੀ ਦੇ ਮਹਾਨ ਵਾਕ ‘ਗੁਰਮੁਖ ਪਰ ਉਪਕਾਰ ਉਮਾਹਾ’ ਨਾਲ ਸ਼ੁਰੂ ਕੀਤਾ, ਜਿਸ ਦਾ ਅਰਥ ਹੈ ਕਿ ਗੁਰੂ ਦਾ ਸੱਚਾ ਸੇਵਕ ਬਹੁਤ ਉਤਸ਼ਾਹ ਨਾਲ ਸਮਾਜਿਕ ਕਾਰਜਾਂ ’ਚ ਸ਼ਾਮਲ ਹੁੰਦਾ ਹੈ। ਬਾਬਾ ਆਇਆ ਸਿੰਘ ਜੀ ਨੇ ਇਸ ਮਹਾਨ ਕਹਾਵਤ ਨੂੰ ਇਕ ਮਾਰਗ ਵਜੋਂ ਅਪਣਾਇਆ, ਜਦੋਂ ਤੱਕ ਉਨ੍ਹਾਂ ਦੇ ਜੀਵਨ ਦਾ ਆਖ਼ਰੀ ਅਧਿਆਇ ਬੰਦ ਨਹੀਂ ਹੋ ਗਿਆ। ਆਇਆ ਸਿੰਘ ਦੇ ਜਾਣ ਤੋਂ ਬਾਅਦ 1975 ’ਚ ਸਵਰਨ ਸਿੰਘ ਵਿਰਕ ਜੀ ਨੇ ਸਿਰਫ਼ 14 ਕੁੜੀਆਂ ਨਾਲ ਸਕੂਲ ਨੂੰ ਦੁਬਾਰਾ ਸਥਾਪਿਤ ਕਰਨਾ ਸ਼ੁਰੂ ਕੀਤਾ। ਇਹ ਕਹਾਣੀ ਐਮਰਜੈਂਸੀ ਦੇ ਸਮੇਂ ਦੀ ਹੈ, ਜਿਸ ਸਾਲ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਸੀ, ਉਸ ਸਾਲ ਨੂੰ ‘ਔਰਤਾਂ ਦੇ ਸਾਲ’ ਵਜੋਂ ਮਨਾਇਆ ਜਾ ਰਿਹਾ ਸੀ। ਦੇਸ਼ ਭਰ ਵਿਚ ਔਰਤਾਂ-ਕੇਂਦਰਿਤ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਸਨ। ਸਵਰਨ ਸਿੰਘ ਜੀ ਅਜਿਹੇ ਸਮਾਗਮ ਵਿਚ ਦਰਸ਼ਕ ਵਜੋਂ ਸ਼ਾਮਲ ਹੋਏ। ਸਟੇਜ ਤੋਂ ਬੁਲਾਰੇ ਔਰਤਾਂ ਦੇ ਉਥਾਨ ਲਈ ਕਈ ਤਰ੍ਹਾਂ ਦੇ ਦਾਅਵੇ ਕਰ ਰਹੇ ਸਨ। ਸਵਰਨ ਸਿੰਘ ਜੀ ਤੋਂ ਝੂਠ ਬਰਦਾਸ਼ਤ ਨਾ ਹੋਇਆ। ਉਨ੍ਹਾਂ ਭੀੜ ਭਰੇ ਇਕੱਠ ’ਚੋਂ ਖੜ੍ਹੇ ਹੋ ਕੇ ਕਿਹਾ, ‘ਤੁਸੀਂ ਬਿਨਾਂ ਕਿਸੇ ਕਾਰਨ ਝੂਠ ਬੋਲ ਰਹੇ ਹੋ। ਅਸੀਂ ਜਾਣਦੇ ਹਾਂ ਕਿ ਤੁਸੀਂ ਕੁਝ ਨਹੀਂ ਕਰੋਗੇ।’ ਸਟੇਜ ਤੋਂ ਕਿਸੇ ਨੇ ਜਵਾਬ ਦਿੱਤਾ, ‘ਫਿਰ ਤੁਸੀਂ ਸਾਨੂੰ ਕਰ ਕੇ ਦਿਖਾਓ।’ ਇਹ ਜਵਾਬੀ ਕਾਰਵਾਈ ਸਵਰਨ ਸਿੰਘ ਲਈ ਜ਼ਿੰਦਗੀ ਤੇ ਮੌਤ ਦਾ ਸੁਆਲ ਬਣ ਗਈ। ਉਨ੍ਹਾਂ ਤੁਰੰਤ ਸਕੂਲ ਸਥਾਪਿਤ ਕਰਨ ਦਾ ਸੰਕਲਪ ਲਿਆ। ਉਨ੍ਹੀਂ ਦਿਨੀਂ ਲੋਕ ਕੁੜੀਆਂ ਨੂੰ ਸਿੱਖਿਆ ਦੇਣ ’ਚ ਜ਼ਰਾ ਵੀ ਦਿਲਚਸਪੀ ਨਹੀਂ ਰੱਖਦੇ ਸਨ, ਸਕੂਲ ਭੇਜਣ ਦੀ ਤਾਂ ਗੱਲ ਹੀ ਛੱਡੋ।
ਪਹਿਲੇ ਦਰਜੇ ’ਚ ਪਾਸ ਕੀਤੀਆਂ ਬੋਰਡ ਪ੍ਰੀਖਿਆਵਾਂ
ਸਵਰਨ ਸਿੰਘ ਜੀ ਪਿੰਡ-ਪਿੰਡ ਘੁੱਮਣ ਲੱਗੇ, ਘੰਟਿਆਂਬੱਧੀ ਲੋਕਾਂ ਨਾਲ ਕੁੜੀਆਂ ਨੂੰ ਸਿੱਖਿਆ ਦੇਣ ਦੀ ਮਹੱਤਤਾ ਬਾਰੇ ਗੱਲ ਕਰਦੇ, ਸੈਂਕੜੇ ਪਿੰਡਾਂ ਵਿਚ ਘੁੰਮਣ ਤੋਂ ਬਾਅਦ ਸਿਰਫ਼ 34 ਪਰਿਵਾਰ ਹੀ ਆਪਣੀਆਂ ਕੁੜੀਆਂ ਨੂੰ ਸਕੂਲ ਭੇਜਣ ਲਈ ਸਹਿਮਤ ਹੋਏ। ਉਨ੍ਹਾਂ ਨੇ 34 ਕੁੜੀਆਂ ਨਾਲ ਮੁਫ਼ਤ ਸਕੂਲ ਸ਼ੁਰੂ ਕੀਤਾ। ਹਾਲਾਂਕਿ 20 ਪਰਿਵਾਰਾਂ ਨੇ ਫਿਰ ਵੀ ਆਪਣੀਆਂ ਕੁੜੀਆਂ ਨੂੰ ਸਕੂਲ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਸਵਰਨ ਸਿੰਘ ਦਾ ਹੌਸਲਾ ਇਸ ਤੂਫ਼ਾਨ ’ਚ ਵੀ ਅਡੋਲ ਰਿਹਾ। ਉਨ੍ਹਾਂ 14 ਕੁੜੀਆਂ ਨੂੰ ਹੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਸਾਰੀਆਂ ਕੁੜੀਆਂ ਨੇ ਬੋਰਡ ਦੀਆਂ ਪ੍ਰੀਖਿਆਵਾਂ ਪਹਿਲੇ ਦਰਜੇ ਨਾਲ ਪਾਸ ਕੀਤੀਆਂ। ਇਕ ਕਾਫ਼ਲਾ ਬਣਨ ਲੱਗਾ। ਅੱਜ ਸਕੂਲ ’ਚ ਲਗਪਗ 4,000 ਵਿਦਿਆਰਥੀ ਹਨ, ਜਿਨ੍ਹਾਂ ਵਿੱਚੋਂ 2,500 ਕੁੜੀਆਂ ਹਨ। ਬਿਨਾਂ ਕਿਸੇ ਫ਼ੀਸ ਦੇ ਸ਼ੁਰੂ ਹੋਏ ਇਸ ਸਕੂਲ ਦੀ ਵੱਧ ਤੋਂ ਵੱਧ ਸਾਲਾਨਾ ਟਿਊਸ਼ਨ ਫ਼ੀਸ ਸਿਰਫ਼ 1,000 ਰੁਪਏ ਹੈ ਤੇ ਸਾਲਾਨਾ ਹੋਸਟਲ ਫ਼ੀਸ ਸਿਰਫ਼ 7,500 ਰੁਪਏ ਹੈ। ਸਵਰਨ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੇ ਅਣਥੱਕ ਯਤਨਾਂ ਸਦਕਾ ਸਕੂਲ ਪ੍ਰਣਾਲੀ ਸਿੱਖਿਆ ਤੇ ਪ੍ਰਸ਼ਾਸਨ ਦੋਵੇਂ ਸਵੈ-ਨਿਰਭਰ ਹਨ।
ਵਿਦਿਆਰਥਣਾਂ ਦੁਆਰਾ ਕੀਤਾ ਜਾਂਦਾ ਸਾਰਾ ਕੰਮ
15 ਏਕੜ ਦੇ ਇਸ ਕਾਲਜ ’ਚ ਸਾਰਾ ਕੰਮ ਵਿਦਿਆਰਥਣਾਂ ਦੁਆਰਾ ਕੀਤਾ ਜਾਂਦਾ ਹੈ। ਅਧਿਆਪਕ ਸਿਰਫ਼ ਨਾਮਾਤਰ ਹਨ ਤੇ ਮਹਿਲਾ ਅਧਿਆਪਕਾਵਾਂ ਪ੍ਰਾਇਮਰੀ ਅਧਿਆਪਕਾਵਾਂ ਹਨ। ਸਾਰੇ ਸੀਨੀਅਰ ਵਿਦਿਆਰਥੀ ਹੇਠਲੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ। ਇਹ ਪ੍ਰਣਾਲੀ ਉੱਪਰ ਤੋਂ ਹੇਠਾਂ ਤੱਕ ਲਗਾਤਾਰ ਕੰਮ ਕਰਦੀ ਹੈ। ਇਹ ਯਕੀਨੀ ਬਣਾਉਣ ਲਈ ਕਿ ਕੋਈ ਅਕਾਦਮਿਕ ਪਾੜਾ ਨਾ ਰਹੇ, ‘ਹਰ ਇਕ- ਇਕ ਸਿਖਾਓ’ ਦਾ ਪ੍ਰਬੰਧ ਹੈ। ਅਕਾਦਮਿਕ ਕਮਜ਼ੋਰੀਆਂ ਵਾਲੇ ਕਿਸੇ ਵੀ ਵਿਦਿਆਰਥੀ ਨੂੰ ਮੂਰਖ ਨਹੀਂ ਮੰਨਿਆ ਜਾਂਦਾ। ਵਿਦਿਆਰਥਣਾਂ ਸੰਸਥਾ ’ਚ ਹੋਰ ਡਿਊਟੀਆਂ ਵੀ ਨਿਭਾਉਂਦੀਆਂ ਹਨ। ਵਿਦਿਆਰਥਣਾਂ ਹੀ ਹੋਸਟਲ ਦੀਆਂ ਸਾਰੀਆਂ ਵਿਦਿਆਰਥਣਾਂ ਲਈ ਤਿੰਨੋਂ ਸਮੇਂ ਖਾਣਾ ਪਕਾਉਂਦੀਆਂ ਹਨ। ਪੂਰੇ ਕਾਲਜ ’ਚ ਕੁੜੀਆਂ ਦੇ 12 ਸਮੂਹ ਹਨ। ਹਰ ਸਮੂਹ ਦੀ ਵਾਰੀ ਹਰ ਦੋ ਮਹੀਨਿਆਂ ਬਾਅਦ ਆਉਂਦੀ ਹੈ। ਕਿਹੜਾ ਸਮੂਹ ਕਦੋਂ ਖਾਣਾ ਬਣਾਏਗਾ, ਇਹ ਪਹਿਲਾਂ ਤੋਂ ਨਿਰਧਾਰਤ ਹੁੰਦਾ ਹੈ।
ਵਿਦਿਆਰਥੀ ਖ਼ੁਦ ਉਗਾਉਂਦੇ ਹਨ ਅਨਾਜ
15 ਏਕੜ ’ਚ ਫੈਲੇ ਇਸ ਕਾਲਜ ਵੱਲੋਂ 10 ਏਕੜ ’ਚ ਖੇਤੀ ਵੀ ਕੀਤੀ ਜਾਂਦੀ ਹੈ। ਵਿਦਿਆਰਥੀ ਆਪਣਾ ਅਨਾਜ, ਸਬਜ਼ੀਆਂ ਤੇ ਦਾਲਾਂ ਖ਼ੁਦ ਹੀ ਉਗਾਉਂਦੇ ਹਨ। ਕਾਲਜ ਦੀਆਂ ਊਰਜਾ ਲੋੜਾਂ ਇਸ ਦੇ ਸੂਰਜੀ ਊਰਜਾ ਸਟੇਸ਼ਨ ਦੁਆਰਾ ਪੂਰੀਆਂ ਕੀਤੀਆਂ ਜਾਂਦੀਆਂ ਹਨ। ਕਾਲਜ ਬਾਲਣ ਦੇ ਮਾਮਲੇ ’ਚ ਵੀ ਸਵੈ-ਨਿਰਭਰ ਹੈ। ਪੂਰੇ ਕਾਲਜ ਦਾ ਭੋਜਨ ਆਪਣੇ ਬਾਇਓਗੈਸ ਪਲਾਂਟ ਤੋਂ ਤਿਆਰ ਕੀਤਾ ਜਾਂਦਾ ਹੈ। ਘਾਹ ਦੀ ਵਰਤੋਂ ਖਾਣਾ ਪਕਾਉਣ ਲਈ ਵੀ ਕੀਤੀ ਜਾਂਦੀ ਹੈ ਅਤੇ ਹਰ ਰੋਜ਼ ਸਵੇਰੇ 45 ਮਿੰਟ ਦੀ ਸਮੂਹ ਘਾਹ ਕੱਟਣ ਦੀ ਕਲਾਸ ਆਯੋਜਿਤ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, ਸਕੂਲ ਦੀ ਆਪਣੀ ਆਟਾ ਚੱਕੀ, ਮਸਾਲਾ ਚੱਕੀ, ਕੋਹਲੂ ਵੀ ਆਪਣਾ ਹੈ। ਪੂਰੇ ਕਾਲਜ ’ਚ ਕੋਈ ਨੌਕਰ, ਚਪੜਾਸੀ, ਧੋਬੀ ਜਾਂ ਚੌਕੀਦਾਰ ਨਹੀਂ ਹੈ। ਹੋਰ ਸਾਰੀਆਂ ਡਿਊਟੀਆਂ ਦੇ ਨਾਲ ਵਿਦਿਆਰਥੀ ਹੀ ਸਾਰੇ ਕੰਮ ਕਰਦੇ ਹਨ। ਕੁੜੀਆਂ ਕਾਲਜ ’ਚ ਸਮੇਂ-ਸਮੇਂ ’ਤੇ ਕੀਤੇ ਜਾਣ ਵਾਲੇ ਨਿਰਮਾਣ ਪ੍ਰੋਜੈਕਟਾਂ ’ਚ ਹੱਥੀਂ ਕੰਮ ਕਰਦੀਆਂ ਹਨ।
ਕਾਲਜ ਕੈਂਪਸ ਦੇ ਗੋਦਾਮ ’ਚ ਸਟੋਰ ਕੀਤੀਆਂ ਜਾਂਦੀਆਂ ਜ਼ਰੂਰੀ ਚੀਜ਼ਾਂ
ਸਾਰੀਆਂ ਜ਼ਰੂਰੀ ਚੀਜ਼ਾਂ ਕਾਲਜ ਕੈਂਪਸ ’ਚ ਇਕ ਗੋਦਾਮ ਵਿਚ ਸਟੋਰ ਕੀਤੀਆਂ ਜਾਂਦੀਆਂ ਹਨ। ਕਾਲਜ ਹਰ ਸਾਲ ਸਕ੍ਰੈਪ ਨੂੰ ਵੇਚ ਕੇ ਲਗਪਗ ਦੋ ਲੱਖ ਰੁਪਏ ਇਕੱਠੇ ਕਰਦਾ ਹੈ। ਵਿਦਿਆਰਥੀਆਂ ਨੂੰ ਲਗਾਤਾਰ ਸਿਖਾਇਆ ਜਾਂਦਾ ਹੈ ਕਿ ਉਹ ਕਿਸੇ ਵੀ ਚੀਜ਼ ਨੂੰ ਕਬਾੜ ਨਾ ਸਮਝਣ ਤੇ ਇਸ ਨੂੰ ਜਿੰਨਾ ਸੰਭਵ ਹੋ ਸਕੇ, ਪ੍ਰਭਾਵਸ਼ਾਲੀ ਢੰਗ ਨਾਲ ਵਰਤਣ।
ਵਿਦਿਆਰਥੀ ਕਮੇਟੀ ਲੈਂਦੀ ਹੈ ਸਾਰੇ ਫ਼ੈਸਲੇ
ਕਾਲਜ ਦਾ ਪੂਰਾ ਪ੍ਰਬੰਧਨ ਵੀ ਕੁੜੀਆਂ ਦੁਆਰਾ ਹੀ ਕੀਤਾ ਜਾਂਦਾ ਹੈ। ਕਾਲਜ ਦੇ ਅੰਦਰ ਵਿਦਿਆਰਥੀ ਕਮੇਟੀ ਸਾਰੇ ਫ਼ੈਸਲੇ ਲੈਂਦੀ ਹੈ। ਸਾਰੇ ਵਿਦਿਆਰਥੀਆਂ ਵਿੱਚੋਂ ਇਕ ਪੰਜ ਮੈਂਬਰੀ ਕਮੇਟੀ ਚੁਣੀ ਜਾਂਦੀ ਹੈ। ਇਹ ਪੰਜ ਮੈਂਬਰੀ ਕਮੇਟੀ ਫਿਰ 22 ਵੱਖ-ਵੱਖ ਕਮੇਟੀਆਂ ਦੀ ਚੋਣ ਕਰਦੀ ਹੈ, ਜਿਸ ਵਿਚ ਦਾਖ਼ਲਾ ਕਮੇਟੀ, ਅਨੁਸ਼ਾਸਨ ਕਮੇਟੀ ਤੇ ਸਫ਼ਾਈ ਕਮੇਟੀ ਸ਼ਾਮਲ ਹਨ। ਕਾਲਜ ਦੀ ਪੂਰੀ ਫ਼ੀਸ ਵਸੂਲੀ ਤੇ ਲੇਖਾ-ਜੋਖਾ ਵੀ ਕੁੜੀਆਂ ਦੁਆਰਾ ਹੀ ਸੰਭਾਲਿਆ ਜਾਂਦਾ ਹੈ। ਪ੍ਰਿੰਸੀਪਲ ਵਿਰਕ ਸਾਹਿਬ ਬਸ ਨਾਮਾਤਰ ਭੂਮਿਕਾ ਹੀ ਨਿਭਾਉਂਦੇ ਹਨ। ਪੂਰੀ ਸੰਸਥਾ ਕੁੜੀਆਂ ਖ਼ੁਦ ਬਹੁਤ ਉਤਸ਼ਾਹ ਨਾਲ ਚਲਾਉਂਦੀਆਂ ਹਨ।
ਗੁਰਦਾਸਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਹੋਏ ਪ੍ਰਭਾਵਿਤ
ਇਕ ਵਾਰ ਗੁਰਦਾਸਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਸਕੂਲ ਆਏ ਤੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਵਿਰਕ ਸਾਬ੍ਹ ਨੂੰ ਪੁੱਛਿਆ, ‘ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ’? ਪ੍ਰਿੰਸੀਪਲ ਨੇ ਉਨ੍ਹਾਂ ਨੂੰ ਕੁਝ ਮੰਗਾਂ ਦੀ ਇਕ ਪਰਚੀ ਸੌਂਪ ਦਿੱਤੀ। ਕਾਲਜ ਦੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸਾਬ੍ਹ ਦੀ ਇਹ ਗੱਲ ਚੰਗੀ ਨਹੀਂ ਲੱਗੀ। ਉਨ੍ਹਾਂ ਨੇ ਤੁਰੰਤ ਨਾਰਾਜ਼ਗੀ ਨਾਲ ਉਨ੍ਹਾਂ ਨੂੰ ਜੁਰਮਾਨਾ ਕੀਤਾ ਤੇ ਭਵਿੱਖ ’ਚ ਕਿਸੇ ਵੀ ਨੇਤਾ ਜਾਂ ਅਧਿਕਾਰੀ ਤੋਂ ਕੁਝ ਵੀ ਮੰਗਣ ਵਿਰੁੱਧ ਚਿਤਾਵਨੀ ਦਿੱਤੀ।
ਸਰਕਾਰੀ ਜਾਂ ਗ਼ੈਰ-ਸਰਕਾਰੀ ਫੰਡਿੰਗ ਦੀ ਨਹੀਂ ਕੀਤੀ ਮੰਗ
ਸਕੂਲ ਦਾ ਪੂਰਾ ਮਾਹੌਲ ਸਾਰੇ ਧਰਮਾਂ ਦੇ ਚੰਗੇ ਗੁਣਾਂ ਦਾ ਸਤਿਕਾਰ ਕਰਨ ਲਈ ਬਣਾਇਆ ਗਿਆ ਹੈ। ਦੇਸ਼ ਦੇ ਕਿਸੇ ਵੀ ਕੋਨੇ ਤੋਂ ਕੋਈ ਵੀ ਬੱਚਾ ਇੱਥੇ ਆ ਕੇ ਪੜ੍ਹਾਈ ਕਰ ਸਕਦਾ ਹੈ। ਸਕੂਲ ਦੀਆਂ ਹੋਰ ਵਿਸ਼ੇਸ਼ਤਾਵਾਂ ਵਿੱਚੋਂ ਇਸ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਕੋਈ ਵੀ ਬੱਚਾ ਝੂਠ ਨਹੀਂ ਬੋਲਦਾ ਜਾਂ ਧੋਖਾ ਨਹੀਂ ਦਿੰਦਾ। ਨਕਲ ਸਾਬਿਤ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ 21,000 ਰੁਪਏ ਦਾ ਨਕਦ ਇਨਾਮ ਐਲਾਨਿਆ ਜਾ ਚੁੱਕਿਆ ਹੈ। ਇਸ ਸਭ ਦੇ ਬਾਵਜੂਦ ਸੰਸਥਾ ਦੇ 70 ਫ਼ੀਸਦੀ ਵਿਦਿਆਰਥੀ ਪਹਿਲੇ ਦਰਜੇ ਦੇ ਅੰਕਾਂ ਨਾਲ ਪਾਸ ਹੁੰਦੇ ਹਨ। ਸਕੂਲ ਸਮੇਂ-ਸਮੇਂ ਵਿਚ ਸੂਬੇ ਦੇ ਸਿਆਸੀ ਸੰਕਟਾਂ ਤੋਂ ਪ੍ਰਭਾਵਿਤ ਹੁੰਦਾ ਰਿਹਾ ਹੈ ਪਰ ਸਵਰਨ ਸਿੰਘ ਜੀ ਉਥਲ-ਪੁਥਲ ਦੇ ਹਰ ਦੌਰ ਵਿਚ ਅਡੋਲ ਰਹੇ। ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਦੀਆਂ ਲਗਪਗ 150 ਅਨਾਥ ਕੁੜੀਆਂ ਨੂੰ ਸਕੂਲ ਵਿਚ ਨਾ ਸਿਰਫ ਪਨਾਹ ਦਿੱਤੀ ਸਗੋਂ ਉਨ੍ਹਾਂ ਨੂੰ ਸਿੱਖਿਆ ਦੇ ਕੇ ਉਨ੍ਹਾਂ ਦੇ ਹੌਸਲੇ ਮਜ਼ਬੂਤ ਕੀਤੇ। ਬਾਅਦ ’ਚ ਇਸ ਸਕੂਲ ਵਿਚ ਕਈਆਂ ਦਾ ਵਿਆਹ ਵੀ ਹੋਇਆ। ਸਵਰਨ ਸਿੰਘ ਜੀ ਦਾ ਪੂਰਾ ਪਰਿਵਾਰ 24 ਘੰਟੇ ਸਕੂਲ ਦੀਆਂ ਗਤੀਵਿਧੀਆਂ ’ਚ ਸ਼ਾਮਲ ਹੈ। ਇਸ ਦ੍ਰਿੜ ਸੰਸਥਾ ਨੇ ਕਦੇ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਫੰਡਿੰਗ ਦੀ ਮੰਗ ਨਹੀਂ ਕੀਤੀ।
‘ਮੈਂ’ ਦੀ ਬਜਾਏ ‘ਅਸੀਂ’ ਸਿੱਖ ਰਹੇ ਬੱਚੇ
ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਬਾ ਆਇਆ ਸਿੰਘ ਰਿਆੜਕੀ ਕਾਲਜ, ਗੁਰਦਾਸਪੁਰ ਸਿਰਫ਼ ਹੋਮ ਵਰਕ ਨਹੀਂ ਸਗੋਂ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਜੀਵਨ ਜਾਚ ਦੇਣ ਵਾਲਾ ਚਾਨਣ ਮੁਨਾਰਾ ਹੈ। ਇੱਥੇ ਸਾਰੇ ਬੱਚੇ ਮੈਂ ਦੀ ਬਜਾਏ ਅਸੀਂ ਸਿੱਖ ਰਹੇ ਹਨ। ਅਜਿਹੇ ਸਮੇਂ ਜਦੋਂ ਪੰਜਾਬ ਕੈਂਸਰ, ਨਸ਼ੇ ਤੇ ਹਰੇ ਇਨਕਲਾਬ ਦੀ ਬਦਹਾਲੀ ਦਾ ਸੰਤਾਪ ਭੋਗ ਰਿਹਾ ਹੈ, ਇਹ ਸਕੂਲ ਸਿੱਖਿਆ ਜਗਤ ਦੇ ਰਚੇ ਹਨੇਰਿਆਂ ਚ ਧਰੁਵ ਤਾਰੇ ਦੀ ਤਰ੍ਹਾਂ ਅਡੋਲ ਜਗਮਗ ਕਰ ਰਿਹਾ ਹੈ। ਸਕੂਲ ਦੇ ਸੰਸਥਾਪਕ ਸਵਰਨ ਸਿੰਘ ਜੀ ਨੂੰ ਅਹਿਮਦ ਫਰਾਜ਼ ਦਾ ਇਕ ਸ਼ਿਅਰ ਸਮਰਪਿਤ ਕਰਨਾ ਚਾਹੁੰਦਾ ਹਾਂ, ‘ਵੋ ਹੀਲਾਗਰ ਹੈਂ, ਜੋ ਮਜਬੂਰੀਆਂ ਸ਼ੁਮਾਰ ਕਰੇਂ, ਚਿਰਾਗ਼ ਹਮਨੇ ਜਲਾਏ, ਹਵਾ ਕੇ ਹੋਤੇ ਹੁਏ।’
- ਸੁਰਿੰਦਰ ਬਾਂਸਲ