- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਜੂਦਾ ਸਮੇਂ ’ਚ ਇਕ ਦਿਨ ’ਚ ਸੀਬੀਟੀ ਮੋਡ ਨਾਲ ਸਿਰਫ਼ ਡੇਢ ਲੱਖ ਬੱਚਿਆਂ ਦਾ ਇਮਤਿਹਾਨ ਕਰਵਾਇਆ ਜਾ ਸਕਦਾ ਹੈ ਜਦਕਿ ਨੀਟ ਯੂਜੀ ’ਚ ਲਗਪਗ 24 ਲੱਖ ਵਿਦਿਆਰਥੀ ਅਰਜ਼ੀਆਂ ਦਿੰਦੇ ਹਨ। ਇਸ ਕਾਰਨ ਜੇ ਸੀਬੀਟੀ ਰਾਹੀਂ ਨੀਟ-ਯੂਜੀ ਦਾ ਇਮਤਿਹਾਨ ਹੁੰਦਾ ਹੈ ਤਾਂ 15 ਦਿਨਾਂ ਤੋਂ ਵੱਧ ਸਮਾਂ ਲੱਗੇਗਾ।

ਜਾਗਰਣ ਬਿਊਰੋ, ਨਵੀਂ ਦਿੱਲੀ : ਨੀਟ-ਯੂਜੀ ਪੇਪਰ ਲੀਕ ਦੀ ਘਟਨਾ ਤੋਂ ਬਾਅਦ ਉੱਠ ਰਹੇ ਸਵਾਲਾਂ ਨੂੰ ਦੇਖਦੇ ਹੋਏ ਚਾਹੇ ਹੀ ਤੱਤਕਾਲੀਨ ਸਿੱਖਿਆ ਮੰਤਰੀ ਨੇ ਅਗਲੇ ਸਾਲ ਤੋਂ ਇਸ ਨੂੰ ਸੀਬੀਟੀ ਮੋਡ ’ਚ ਭਾਵ ਕੰਪਿਊਟਰ ਰਾਹੀਂ ਕਰਵਾਉਣ ਦਾ ਐਲਾਨ ਕੀਤਾ ਸੀ, ਪਰ ਦੇਸ਼ ’ਚ ਸੀਬੀਟੀ ਲਈ ਉਪਲਬਧ ਮੌਜੂਦਾ ਸਾਧਨਾਂ ਨੂੰ ਦੇਖਦੇ ਹੋਏ ਸਿੱਖਿਆ ਮੰਤਰਾਲੇ ਨਾਲ ਜੁੜੇ ਅਧਿਕਾਰੀ ਭੰਬਲਭੂਸੇ ’ਚ ਹਨ। ਮੌਜੂਦਾ ਸਮੇਂ ’ਚ ਇਕ ਦਿਨ ’ਚ ਸੀਬੀਟੀ ਮੋਡ ਨਾਲ ਸਿਰਫ਼ ਡੇਢ ਲੱਖ ਬੱਚਿਆਂ ਦਾ ਇਮਤਿਹਾਨ ਕਰਵਾਇਆ ਜਾ ਸਕਦਾ ਹੈ ਜਦਕਿ ਨੀਟ ਯੂਜੀ ’ਚ ਲਗਪਗ 24 ਲੱਖ ਵਿਦਿਆਰਥੀ ਅਰਜ਼ੀਆਂ ਦਿੰਦੇ ਹਨ। ਇਸ ਕਾਰਨ ਜੇ ਸੀਬੀਟੀ ਰਾਹੀਂ ਨੀਟ-ਯੂਜੀ ਦਾ ਇਮਤਿਹਾਨ ਹੁੰਦਾ ਹੈ ਤਾਂ 15 ਦਿਨਾਂ ਤੋਂ ਵੱਧ ਸਮਾਂ ਲੱਗੇਗਾ। ਇਸ ਕਾਰਨ ਨੰਦਨ ਨੀਲੇਕਣੀ ਦੀ ਪ੍ਰਧਾਨਗੀ ’ਚ ਬਣੀ ਟਾਸਕ ਫੋਰਸ ਤੇ ਐੱਨਟੀਏ ਨੂੰ ਅਗਲੇ ਇਮਤਿਹਾਨ ਨੂੰ ਲੈ ਕੇ ਕਾਫ਼ੀ ਮਿਹਨਤ ਕਰਨੀ ਪਵੇਗੀ।
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਸਿੱਖਿਆ ਮੰਤਰਾਲੇ ਦੀ ਕਮਾਨ ਸੰਭਾਲ ਰਹੇ ਪ੍ਰਹਿਲਾਦ ਜੋਸ਼ੀ ਨੂੰ ਮੰਤਰਾਲੇ ਦੇ ਅਧਿਕਾਰੀਆਂ ਨੇ ਪਹਿਲੀ ਬੈਠਕ ’ਚ ਹੀ ਨੀਟ-ਯੂਜੀ ਨੂੰ ਸੀਬੀਟੀ ਮੋਡ ’ਚ ਕਰਵਾਉਣ ਨਾਲ ਜੁੜੀਆਂ ਚੁਣੌਤੀਆਂ ਨੂੰ ਤੋਂ ਜਾਣੂ ਕਰਵਾਇਆ। ਐੱਨਟੀਏ ਅਜੇ ਜੇਈਈ ਮੇਨ, ਸੀਯੂਈਟੀ-ਯੂਜੀ ਤੇ ਯੂਜੀਸੀ ਨੈੱਟ ਵਰਗੇ ਇਮਤਿਹਾਨਾਂ ਨੂੰ ਸੀਬੀਟੀ ਮੋਡ ’ਚ ਕਰਵਾਉਂਦਾ ਹੈ। ਇਨ੍ਹਾਂ ’ਚ ਸੀਯੂਈਟੀ-ਯੂਜੀ ’ਚ ਸਭ ਤੋਂ ਵੱਧ ਕਰੀਬ 15 ਲੱਖ ਬੱਚੇ ਅਰਜ਼ੀ ਦਿੰਦੇ ਹਨ, ਜਦਕਿ ਹੋਰ ਦੋਵਾਂ ਪ੍ਰੀਖਿਆਵਾਂ ’ਚ ਸੱਤ ਤੋਂ ਅੱਠ ਲੱਖ ਬੱਚੇ ਹੀ ਹਿੱਸਾ ਲੈਂਦੇ ਹਨ।
ਨੀਟ-ਯੂਜੀ ਮਾਮਲੇ ’ਚ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਜੇ ਇਸ ਨੂੰ ਸੀਬੀਟੀ ਮੋਡ ’ਚ ਕਰਵਾਇਆ ਗਿਆ ਤਾਂ 15 ਦਿਨਾਂ ਤੱਕ ਦੋ ਜਾਂ ਤਿੰਨ ਸ਼ਿਫਟਾਂ ’ਚ ਹੋਣ ਵਾਲੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਦੇ 45 ਤੋਂ ਵੱਧ ਸੈੱਟ ਤਿਆਰ ਕਰਨੇ ਪੈਣਗੇ। ਇਕ ਸਿਲਬਸ ਤੋਂ ਇੰਨੇ ਵੱਧ ਪ੍ਰਸ਼ਨ ਪੱਤਰਾਂ ਦੇ ਸੈੱਟ ਤਿਆਰ ਕਰਨਾ ਵੱਡੀ ਚੁਣੌਤੀ ਹੈ ਕਿਉਂਕਿ ਪ੍ਰਸ਼ਨ ਪੱਤਰਾਂ ਦੇ ਇਕੋ ਜਿਹੇ ਹੋਣ ਨਾਲ ਵਿਵਾਦ ਦਾ ਖ਼ਤਰਾ ਬਣਿਆ ਰਹੇਗਾ। ਉਥੇ ਕਿਸੇ ਪੇਪਰ ਨੂੰ ਮੁਸ਼ਕਲ ਜਾਂ ਆਸਾਨ ਬਣਾਇਆ ਤਾਂ ਵੀ ਸਵਾਲ ਖੜ੍ਹੇ ਹੋਣਗੇ।
ਮਾਹਿਰਾਂ ਦਾ ਮੰਨਣਾ ਹੈ ਕਿ ਜੇ ਇਸ ਨੂੰ ਕਈ ਸ਼ਿਫਟਾਂ ’ਚ ਕਰਵਾਇਆ ਗਿਆ ਤਾਂ ਜੇਈਈ ਦੀ ਤਰਜ਼ ’ਤੇ ਅੰਕਾਂ ਨੂੰ ਬਰਾਬਰ ਕਰਨ ਲਈ ਨਾਰਮਲਾਈਜੇਸ਼ਨ ਤਕਨੀਕ ਅਪਣਾਉਣੀ ਪਵੇਗੀ। ਮੈਡੀਕਲ ਪ੍ਰਵੇਸ਼ ਪ੍ਰੀਖਿਆ ’ਚ ਜਿੱਥੇ ਇਕ-ਇਕ ਅੰਕ ਤੇ ਰੈਂਕ ਦਾ ਬਹੁਤ ਮਹੱਤਵ ਹੁੰਦਾ ਹੈ, ਉਥੇ ਵਿਦਿਆਰਥੀ ਅਕਸਰ ਨਾਰਮਲਾਈਜੇਸ਼ਨ ਫਾਰਮੂਲੇ ’ਤੇ ਸਵਾਲ ਚੁੱਕਦੇ ਹਨ ਤੇ ਵਿਵਾਦ ਖੜ੍ਹੇ ਹੁੰਦੇ ਹਨ। ਇਸ ਦੇ ਨਾਲ ਹੀ ਪ੍ਰੀਖਿਆ ਮਾਫੀਆ ਲਗਾਤਾਰ ਆਪਣੇ ਪੈਟਰਨ ਨੂੰ ਬਦਲ ਰਿਹਾ ਹੈ, ਜਿਸ ਨਾਲ ਉਹ ਸੀਬੀਟੀ ਰਾਹੀਂ ਹੋਣ ਵਾਲੀ ਪ੍ਰੀਖਿਆ ’ਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰੇਗਾ। ਉਂਜ ਵੀ ਸੀਬੀਟੀ ਮੋਡ ’ਚ ਪ੍ਰੀਖਿਆ ਲਈ ਐੱਨਟੀਏ ਦੇ ਕੋਲ ਆਪਣਾ ਕੋਈ ਇਨਫਰਾਸਟ੍ਰਕਚਰ ਨਹੀਂ ਹੈ, ਉਸ ਦੀ ਨਿਰਭਰਤਾ ਏਜੰਸੀਆਂ ’ਤੇ ਹੈ।
ਇਸ ਲਈ ਵੀ ਪ੍ਰੀਖਿਆ ਮਾਫੀਆ ਦੇ ਨਿਸ਼ਾਨੇ ’ਤੇ ਰਹਿੰਦੀ ਹੈ ਨੀਟ-ਯੂਜੀ
ਨੀਟ-ਯੂਜੀ ’ਤੇ ਪ੍ਰੀਖਿਆ ਮਾਫੀਆ ਦੀ ਨਜ਼ਰ ਇਸ ਲਈ ਵੀ ਰਹਿੰਦੀ ਹੈ ਕਿਉਂਕਿ ਇੱਥੇ ਵਿਦਿਆਰਥੀਆਂ ਵਿਚਾਲੇ ਅਸਲੀ ਮੁਕਾਬਲਾ ਸਰਕਾਰੀ ਮੈਡੀਕਲ ਕਾਲਜਾਂ ’ਚ ਦਾਖ਼ਲਾ ਹਾਸਲ ਕਰਨ ਦਾ ਹੁੰਦਾ ਹੈ। ਸਰਕਾਰੀ ਮੈਡੀਕਲ ਕਾਲਜਾਂ ਦੀ ਫੀਸ ਨਿੱਜੀ ਮੈਡੀਕਲ ਕਾਲਜਾਂ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ। ਮਿਸਾਲ ਵਜੋਂ ਏਮਸ ’ਚ ਸਾਲਾਨਾ ਫੀਸ ਸੱਤ ਤੋਂ ਅੱਠ ਹਜ਼ਾਰ ਰੁਪਏ ਹੈ ਜਦਕਿ ਨਿੱਜੀ ਮੈਡੀਕਲ ਕਾਲਜਾਂ ’ਚ ਇਹ ਖ਼ਰਚਾ ਸਾਲਾਨਾ 20 ਲੱਖ ਰੁਪਏ ਤੱਕ ਹੋ ਸਕਦਾ ਹੈ। ਏਮਸ ’ਚ ਐੱਮਬੀਬੀਐੱਸ ਦੀ ਪੂਰੀ ਸਾਢੇ ਪੰਜ ਸਾਲ ਦੀ ਪੜ੍ਹਾਈ ਜਿੱਥੇ 40 ਤੋਂ 50 ਹਜ਼ਾਰ ਰੁਪਏ ’ਚ ਹੋ ਜਾਂਦੀ ਹੈ, ਉਥੇ ਨਿੱਜੀ ਮੈਡੀਕਲ ਕਾਲਜਾਂ ’ਚ ਇਕ ਕਰੋੜ ਤੱਕ ਖ਼ਰਚਾ ਆਉਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇੰਜੀਨੀਅਰਿੰਗ ’ਚ ਇਹ ਸਥਿਤੀ ਨਹੀਂ ਦਿਖਾਈ ਦਿੰਦੀ, ਕਿਉਂਕਿ ਆਈਆਈਟੀ ਵਰਗੇ ਸੰਸਥਾਨਾਂ ਦੀ ਫੀਸ ਦੇ ਬਰਾਬਰ ਚੰਗੇ ਨਿੱਜੀ ਇੰਜੀਨੀਅਰਿੰਗ ਸੰਸਥਾਨਾਂ ’ਚ ਵੀ ਵਿਦਿਆਰਥੀਆਂ ਨੂੰ ਦਾਖ਼ਲਾ ਮਿਲ ਜਾਂਦਾ ਹੈ।