- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੜ੍ਹਿਆ ਹੀ ਨਹੀਂ ਜਾਂਦਾ। ਮਨ ਜਲਦੀ ਸਫਲ ਹੋਣਾ ਤਾਂ ਲੋਚਦੈ ਪਰ ਹਮੇਸ਼ਾ ਭਟਕਦਾ ਰਹਿੰਦਾ ਹੈ। ਗ਼ੁਰਬਤ, ਦੋਸਤਾਂ ਦੇ ਵਿਖਾਵੇਬਾਜ਼ੀ ਦੇ ਸੰਦੇਸ਼, ਵ੍ਹਟਸਐਪ, ਇੰਸਟਾਗ੍ਰਾਮ ’ਤੇ ਆਉਣ ਵਾਲੀਆਂ ਤਸਵੀਰਾਂ, ਮਹਿੰਗੇ ਮੋਬਾਈਲ ਤੇ ਬੁਲੇਟ ਮੋਟਰਸਾਈਕਲ ਦੇ ਸੁਪਨੇ ਪੜ੍ਹਾਈ ਵਿਚ ਧਿਆਨ ਹੀ ਨਹੀਂ ਲੱਗਣ ਦਿੰਦੇ। ਦੱਸੋ ਮੈਂ ਕੀ ਕਰਾਂ’?

ਪੜ੍ਹਿਆ ਹੀ ਨਹੀਂ ਜਾਂਦਾ। ਮਨ ਜਲਦੀ ਸਫਲ ਹੋਣਾ ਤਾਂ ਲੋਚਦੈ ਪਰ ਹਮੇਸ਼ਾ ਭਟਕਦਾ ਰਹਿੰਦਾ ਹੈ। ਗ਼ੁਰਬਤ, ਦੋਸਤਾਂ ਦੇ ਵਿਖਾਵੇਬਾਜ਼ੀ ਦੇ ਸੰਦੇਸ਼, ਵ੍ਹਟਸਐਪ, ਇੰਸਟਾਗ੍ਰਾਮ ’ਤੇ ਆਉਣ ਵਾਲੀਆਂ ਤਸਵੀਰਾਂ, ਮਹਿੰਗੇ ਮੋਬਾਈਲ ਤੇ ਬੁਲੇਟ ਮੋਟਰਸਾਈਕਲ ਦੇ ਸੁਪਨੇ ਪੜ੍ਹਾਈ ਵਿਚ ਧਿਆਨ ਹੀ ਨਹੀਂ ਲੱਗਣ ਦਿੰਦੇ। ਦੱਸੋ ਮੈਂ ਕੀ ਕਰਾਂ’? ਮੈਂ ਉਸ ਦੀ ਪਰੇਸ਼ਾਨੀ ਨੂੰ ਸਮਝਣ ਲਈ ਕੁਝ ਪਲ ਚੁੱਪ ਰਹੀ ਤੇ ਫਿਰ ਉਸ ਨੂੰ ਕਿਹਾ, ‘ਬੇਟਾ ਇਹ ਤਾਂ ਮੈਨੂੰ ਨਹੀਂ ਪਤਾ ਕਿ ਤੂੰ ਕਿਵੇਂ ਪੜ੍ਹਦਾ ਹੈਂ ਤੇ ਕਿਸ ਤਰੀਕੇ ਨਾਲ ਤੈਨੂੰ ਚੀਜ਼ਾਂ ਜਲਦੀ ਸਮਝ ਆਉਂਦੀਆਂ ਹਨ ਪਰ ਜੇ ਤੂੰ ਸੱਚਮੁੱਚ ਆਪਣੀ ਜ਼ਿੰਦਗੀ ਵਿਚ ਕੁਝ ਵੱਡਾ ਕਰਨਾ ਚਾਹੁੰਦਾ ਹੈਂ ਤਾਂ ਮੈਂ ਤੈਨੂੰ ਦੋ ਅਜਿਹੀਆਂ ਸ਼ਖ਼ਸੀਅਤਾਂ ਬਾਰੇ ਦੱਸਣਾ ਚਾਹਾਂਗੀ , ਜਿਨ੍ਹਾਂ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਸਫਲਤਾ ਸਹੂਲਤਾਂ ਨਾਲ ਨਹੀਂ ਸਗੋਂ ਦ੍ਰਿੜ ਇਰਾਦਿਆਂ ਨਾਲ ਮਿਲਦੀ ਹੈ।’
ਪਹਿਲੀ ਸ਼ਖ਼ਸੀਅਤ ਹਨ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ। ਉਨ੍ਹਾਂ ਦਾ ਜਨਮ ਅੱਜ ਤੋਂ ਲਗਪਗ 135 ਸਾਲ ਪਹਿਲਾਂ ਅਜਿਹੇ ਸਮਾਜ ਵਿਚ ਹੋਇਆ, ਜਿੱਥੇ ਛੂਤਛਾਤ ਆਪਣੇ ਸਿਖ਼ਰ ’ਤੇ ਸੀ। ਉਨ੍ਹਾਂ ਨੂੰ ਸਕੂਲ ਵਿਚ ਬਰਾਬਰੀ ਦਾ ਦਰਜਾ ਨਹੀਂ ਮਿਲਦਾ ਸੀ। ਪਾਣੀ ਤੱਕ ਪੀਣ ਲਈ ਦੂਜਿਆਂ ’ਤੇ ਨਿਰਭਰ ਰਹਿਣਾ ਪੈਂਦਾ ਸੀ। ਸਮਾਜਿਕ ਅਪਮਾਨ, ਗ਼ਰੀਬੀ ਤੇ ਅਣਗਿਣਤ ਰੁਕਾਵਟਾਂ ਦੇ ਬਾਵਜੂਦ ਉਨ੍ਹਾਂ ਨੇ ਕਦੇ ਪੜ੍ਹਾਈ ਨਹੀਂ ਛੱਡੀ। ਇਕ ਛੋਟੇ ਜਿਹੇ ਕਮਰੇ ਵਿਚ ਜਿੱਥੇ ਸਾਮਾਨ ਦੇ ਨਾਲ ਪੂਰਾ ਪਰਿਵਾਰ ਰਹਿੰਦਾ ਸੀ, ਬਿਨਾਂ ਬਿਜਲੀ ਤੇ ਆਧੁਨਿਕ ਸਹੂਲਤਾਂ ਦੇ, ਦੀਵੇ ਦੀ ਮੱਧਮ ਰੌਸ਼ਨੀ ਹੇਠ ਘੰਟਿਆਂਬੱਧੀ ਪੜ੍ਹਦੇ ਸਨ। ਉਨ੍ਹਾਂ ਦੀ ਲਗਨ ਤੇ ਵਿਦਵਤਾ ਦਾ ਹੀ ਇਹ ਨਤੀਜਾ ਹੈ ਕਿ ਅੱਜ ਪੂਰਾ ਸੰਸਾਰ ਉਨ੍ਹਾਂ ਨੂੰ ਗਿਆਨ ਦੇ ਪ੍ਰਤੀਕ ਵਜੋਂ ਸਤਿਕਾਰਦਾ ਹੈ। ਮੈਂ ਵਿਦਿਆਰਥੀ ਨੂੰ ਪੁੱਛਿਆ, ‘ਕੀ ਤੇਰੇ ਕੋਲ ਡਾ. ਅੰਬੇਡਕਰ ਵਰਗਾ ਜਜ਼ਬਾ ਹੈ? ਕਰ ਸਕਦੇ ਹੋ ਉਨ੍ਹਾਂ ਵਾਂਗ ਮਿਹਨਤ।’
ਦੂਜੀ ਸ਼ਖ਼ਸੀਅਤ ਦਾ ਹੈ ਅਬਰਾਹਮ ਲਿੰਕਨ। ਉਨ੍ਹਾਂ ਦਾ ਜੀਵਨ ਵੀ ਗ਼ਰੀਬੀ ਵਿੱਚੋਂ ਸ਼ੁਰੂ ਹੋਇਆ। ਦਿਨ ਭਰ ਆਪਣੇ ਪਿਤਾ ਨਾਲ ਖੇਤਾਂ ’ਚ ਮਿਹਨਤ ਕਰਦੇ ਤੇ ਸ਼ਾਮ ਨੂੰ ਜਦੋਂ ਘਰ ਵਿਚ ਰੋਸ਼ਨੀ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਸੀ ਤਾਂ ਗਲੀ ’ਚ ਲੱਗੇ ਦੀਵਿਆਂ ਹੇਠ ਬੈਠ ਕੇ ਦੇਰ ਰਾਤ ਤੱਕ ਪੜ੍ਹਦੇ ਰਹਿੰਦੇ ਸਨ। ਉਨ੍ਹਾਂ ਕੋਲ ਨਾ ਮਹਿੰਗੀਆਂ ਕਿਤਾਬਾਂ ਸਨ, ਨਾ ਕੋਚਿੰਗ ਸੈਂਟਰ, ਨਾ ਇੰਟਰਨੈੱਟ ਤੇ ਨਾ ਹੀ ਏਅਰ ਕੰਡੀਸ਼ਨਰ। ਫਿਰ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਆਖ਼ਰਕਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ। ਮੈਂ ਫਿਰ ਪੁੱਛਿਆ, ‘ਕੀ ਅਸੀਂ ਉਨ੍ਹਾਂ ਜਿੰਨੀ ਮਿਹਨਤ ਕਰਨ ਲਈ ਤਿਆਰ ਹਾਂ ਜਾਂ ਸਾਡੀਆਂ ਮੁਸ਼ਕਲਾਂ ਸਿਰਫ਼ ਗਰਮੀ, ਮੋਬਾਇਲ ਤੇ ਸੋਸ਼ਲ ਮੀਡੀਆ ਤੱਕ ਹੀ ਸੀਮਤ ਹਨ’?
ਅੱਜ ਦੇ ਸਮੇਂ ’ਚ ਵੀ ਅਜਿਹੀਆਂ ਅਣਗਿਣਤ ਮਿਸਾਲਾਂ ਹਨ। ਹਰ ਸਾਲ ਯੂਪੀਐੱਸਸੀ, ਨੀਟ, ਜੇਈਈ ਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਸਾਨੂੰ ਇਹ ਦੱਸਦੇ ਹਨ ਕਿ ਸਫ਼ਲਤਾ ਸਿਰਫ਼ ਅਮੀਰਾਂ ਦੀ ਜਾਇਦਾਦ ਨਹੀਂ। ਬਹੁਤ ਸਾਰੇ ਵਿਦਿਆਰਥੀ ਅਜਿਹੇ ਪਰਿਵਾਰਾਂ ਵਿੱਚੋਂ ਆਉਂਦੇ ਹਨ, ਜਿੱਥੇ ਦੋ ਵਕਤ ਦੀ ਰੋਟੀ ਵੀ ਮੁਸ਼ਕਲ ਨਾਲ ਮਿਲਦੀ ਹੈ। ਕੋਈ ਪੜ੍ਹਾਈ ਦੇ ਖ਼ਰਚੇ ਲਈ ਖੇਤਾਂ ’ਚ ਮਿਹਨਤ ਕਰਦਾ ਹੈ, ਕੋਈ ਚਾਹ ਦੀ ਦੁਕਾਨ ’ਤੇ ਕੰਮ ਕਰਦਾ ਹੈ, ਕੋਈ ਘਰਾਂ ਵਿਚ ਮਜ਼ਦੂਰੀ ਕਰ ਕੇ ਆਪਣੀ ਪੜ੍ਹਾਈ ਜਾਰੀ ਰੱਖਦਾ ਹੈ ਪਰ ਉਨ੍ਹਾਂ ਦੀਆਂ ਅੱਖਾਂ ’ਚ ਇਕ ਸੁਪਨਾ ਹੁੰਦਾ ਹੈ ਤੇ ਦਿਲ ਵਿਚ ਵਿਸ਼ਵਾਸ ਕਿ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਜਦੋਂ ਉਹ ਆਪਣੀ ਮੰਜ਼ਿਲ ਤੱਕ ਪਹੁੰਚਦੇ ਹਨ ਤਾਂ ਉਹੀ ਸਮਾਜ, ਜੋ ਕਦੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦਾ ਸੀ, ਉਨ੍ਹਾਂ ਦੇ ਸਵਾਗਤ ਲਈ ਪਲਕਾਂ ਵਿਛਾ ਦਿੰਦਾ ਹੈ।
ਅਸਲ ’ਚ ਸਾਡੀ ਸਭ ਤੋਂ ਵੱਡੀ ਸਮੱਸਿਆ ਸਹੂਲਤਾਂ ਦੀ ਘਾਟ ਨਹੀਂ ਸਗੋਂ ਧਿਆਨ ਦੀ ਘਾਟ ਹੈ। ਮੋਬਾਈਲ, ਸੋਸ਼ਲ ਮੀਡੀਆ ਤੇ ਦਿਖਾਵੇ ਦੀ ਦੌੜ ਨੇ ਸਾਡੇ ਸਮੇਂ ਨੂੰ ਖਾ ਲਿਆ ਹੈ। ਅਸੀਂ ਘੰਟਿਆਂ ਸਕਰੀਨ ’ਤੇ ਬਿਤਾ ਸਕਦੇ ਹਾਂ ਪਰ ਕੁਝ ਮਿੰਟ ਕਿਤਾਬ ਨਾਲ ਬੈਠਣਾ ਔਖਾ ਲੱਗਦਾ ਹੈ। ਅਸੀਂ ਦੂਜਿਆਂ ਦੀ ਚਮਕਦਾਰ ਜ਼ਿੰਦਗੀ ਦੇਖਦੇ ਹਾਂ ਪਰ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਨਹੀਂ ਦੇਖਦੇ। ਹਰ ਸਫਲ ਵਿਅਕਤੀ ਦੀ ਕਾਮਯਾਬੀ ਪਿੱਛੇ ਅਣਗਿਣਤ ਕੁਰਬਾਨੀਆਂ, ਅਨੁਸ਼ਾਸਨ ਤੇ ਲਗਾਤਾਰ ਕੀਤੀ ਮਿਹਨਤ ਲੁਕੀ ਹੁੰਦੀ ਹੈ। ਮੁੱਕਦੀ ਗੱਲ ਇਹ ਹੈ ਕਿ ਸਹੂਲਤਾਂ ਦੀ ਅਣਹੋਂਦ ਕਦੇ ਵੀ ਪੜ੍ਹਾਈ ਵਿਚ ਰੁਕਾਵਟ ਨਹੀਂ ਬਣ ਸਕਦੀ ਤੇ ਨਾ ਹੀ ਬਣਨੀ ਚਾਹੀਦੀ ਹੈ। ਜਿੰਨੇ ਵੀ ਸਾਧਨ ਸਾਡੇ ਕੋਲ ਹਨ, ਉਨ੍ਹਾਂ ਨਾਲ ਹੀ ਆਪਣੀ ਸਮਰੱਥਾ ਦਾ ਪੂਰਾ ਇਸਤੇਮਾਲ ਕਰਨਾ ਚਾਹੀਦਾ ਹੈ। ਜੇ ਡਾ. ਅੰਬੇਡਕਰ ਤੇ ਅਬਰਾਹਮ ਲਿੰਕਨ ਵਰਗੇ ਮਹਾਨ ਵਿਅਕਤੀ ਬਹਾਨੇ ਬਣਾਉਂਦੇ ਰਹਿੰਦੇ ਤਾਂ ਸ਼ਾਇਦ ਇਤਿਹਾਸ ਉਨ੍ਹਾਂ ਨੂੰ ਕਦੇ ਯਾਦ ਨਾ ਰੱਖਦਾ। ਉਨ੍ਹਾਂ ਨੇ ਮੁਸ਼ਕਲਾਂ ਨੂੰ ਰੁਕਾਵਟ ਨਹੀਂ ਸਗੋਂ ਆਪਣੀ ਤਾਕਤ ਬਣਾਇਆ ਤੇ ਹਰ ਚੁਣੌਤੀ ਦਾ ਹੱਲ ਲੱਭਿਆ।
ਹੁਣ ਸੋਚਣਾ ਅਸੀਂ ਹੈ, ਆਪਣਾ ਅੰਦਰ ਟਟੋਲਣਾ ਹੈ ਤੇ ਆਪਣੀ ਅੰਤਰ-ਆਤਮਾ ਨੂੰ ਇਮਾਨਦਾਰੀ ਨਾਲ ਸਵਾਲ ਕਰਨਾ ਹੈ, ‘ਕੀ ਮੇਰੇ ’ਚ ਉਨ੍ਹਾਂ ਸਫਲ ਲੋਕਾਂ ਵਾਂਗ ਪੜ੍ਹਨ, ਅੱਗੇ ਵਧਣ ਦਾ ਜਜ਼ਬਾ ਤੇ ਬਹਾਨੇਬਾਜ਼ੀ ਦੀ ਜਗ੍ਹਾ ਕੋਲ ਮੌਜੂਦ ਸੀਮਤ ਸਾਧਨਾਂ ਨਾਲ ਆਪਣੀ ਮੰਜ਼ਿਲ ਸਰ ਕਰਨ ਦੀ ਹਿੰਮਤ ਹੈ’? ਜੇ ਇਸ ਦਾ ਜਵਾਬ ‘ਹਾਂ’ ਹੈ, ਤਾਂ ਯਕੀਨ ਰੱਖਿਓ ਕਿ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦੀ। ਵਿਦਿਆਰਥੀ ਨੇ ‘ਹਾਂਜੀ’ ਆਖ ਹੁੰਗਾਰਾ ਭਰਿਆ ਤੇ ਮੈਂ ਕਾਲ ਕੱਟ ਦਿੱਤੀ।
-ਡਾ. ਹਰਲੀਨ ਕੌਰ