- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਸਮਾਂ ਸੀ, ਜਦੋਂ ਭਾਰਤ ’ਚ ਉੱਚ ਸਿੱਖਿਆ ਨੂੰ ਚੰਗੇ ਭਵਿੱਖ ਦੀ ਗਾਰੰਟੀ ਮੰਨਿਆ ਜਾਂਦਾ ਸੀ। ਪਰਿਵਾਰਾਂ ਦੀ ਇੱਛਾ ਹੁੰਦੀ ਸੀ ਕਿ ਬੱਚਾ ਕਿਸੇ ਵਧੀਆ ਕਾਲਜ ਜਾਂ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕਰੇ ਤੇ ਉਸ ਦੇ ਆਧਾਰ ’ਤੇ ਸਰਕਾਰੀ ਜਾਂ ਨਿੱਜੀ ਖੇਤਰ ’ਚ ਨੌਕਰੀ ਪ੍ਰਾਪਤ ਕਰ ਲਵੇ। ਉਸ ਵੇਲੇ ਡਿਗਰੀ ਤੇ ਰੁਜ਼ਗਾਰ ਦਾ ਰਿਸ਼ਤਾ ਕਾਫ਼ੀ ਮਜ਼ਬੂਤ ਸੀ।

ਇਕ ਸਮਾਂ ਸੀ, ਜਦੋਂ ਭਾਰਤ ’ਚ ਉੱਚ ਸਿੱਖਿਆ ਨੂੰ ਚੰਗੇ ਭਵਿੱਖ ਦੀ ਗਾਰੰਟੀ ਮੰਨਿਆ ਜਾਂਦਾ ਸੀ। ਪਰਿਵਾਰਾਂ ਦੀ ਇੱਛਾ ਹੁੰਦੀ ਸੀ ਕਿ ਬੱਚਾ ਕਿਸੇ ਵਧੀਆ ਕਾਲਜ ਜਾਂ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕਰੇ ਤੇ ਉਸ ਦੇ ਆਧਾਰ ’ਤੇ ਸਰਕਾਰੀ ਜਾਂ ਨਿੱਜੀ ਖੇਤਰ ’ਚ ਨੌਕਰੀ ਪ੍ਰਾਪਤ ਕਰ ਲਵੇ। ਉਸ ਵੇਲੇ ਡਿਗਰੀ ਤੇ ਰੁਜ਼ਗਾਰ ਦਾ ਰਿਸ਼ਤਾ ਕਾਫ਼ੀ ਮਜ਼ਬੂਤ ਸੀ। ਉੱਚ ਸਿੱਖਿਆ ਸੰਸਥਾਵਾਂ ਘੱਟ ਸਨ, ਡਿਗਰੀਧਾਰਕਾਂ ਦੀ ਗਿਣਤੀ ਸੀਮਤ ਸੀ ਤੇ ਉਦਯੋਗਾਂ ਨੂੰ ਪੜ੍ਹੇ-ਲਿਖੇ ਕਰਮਚਾਰੀਆਂ ਦੀ ਲੋੜ ਜ਼ਿਆਦਾ ਹੁੰਦੀ ਸੀ। ਇਸ ਲਈ ਡਿਗਰੀ ਆਪਣੇ ਆਪ ’ਚ ਹੀ ਯੋਗਤਾ ਦੀ ਪਛਾਣ ਬਣ ਜਾਂਦੀ ਸੀ।
ਉਦਯੋਗਿਕ ਕ੍ਰਾਂਤੀ ਨੇ ਬਦਲਿਆਂ ਕੰਮ ਕਰਨ ਦਾ ਢੰਗ
ਇੱਕੀਵੀਂ ਸਦੀ ਦੇ ਭਾਰਤ ਦੀ ਸਥਿਤੀ ਕਾਫ਼ੀ ਬਦਲ ਚੁੱਕੀ ਹੈ। ਉੱਚ ਸਿੱਖਿਆ ਦਾ ਵਿਸਥਾਰ ਤਾਂ ਹੋਇਆ ਹੈ ਪਰ ਇਸ ਨਾਲ ਰੁਜ਼ਗਾਰ ਦਾ ਸੁਭਾਅ ਵੀ ਬਦਲ ਗਿਆ ਹੈ। ਅੱਜ ਸਿਰਫ਼ ਡਿਗਰੀ ਹਾਸਲ ਕਰ ਲੈਣਾ ਨੌਕਰੀ ਦੀ ਗਾਰੰਟੀ ਨਹੀਂ ਰਿਹਾ। ਰੁਜ਼ਗਾਰ ਬਾਜ਼ਾਰ ਹੁਣ ਡਿਗਰੀ ਦੇ ਨਾਲ ਅਮਲੀ ਗਿਆਨ, ਡਿਜੀਟਲ ਸਮਰੱਥਾ, ਸੰਚਾਰ ਕੌਸ਼ਲ ਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਵੀ ਬਰਾਬਰ ਮਹੱਤਵ ਦਿੰਦਾ ਹੈ। ਉਦਯੋਗਿਕ ਕ੍ਰਾਂਤੀ ਨੇ ਕੰਮ ਕਰਨ ਦਾ ਢੰਗ ਹੀ ਬਦਲ ਦਿੱਤਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ, ਡਾਟਾ ਸਾਇੰਸ, ਸਾਈਬਰ ਸੁਰੱਖਿਆ, ਰੋਬੋਟਿਕਸ ਤੇ ਆਟੋਮੇਸ਼ਨ ਵਰਗੀਆਂ ਤਕਨੀਕਾਂ ਨਵੇਂ ਰੁਜ਼ਗਾਰ ਪੈਦਾ ਕਰ ਰਹੀਆਂ ਹਨ, ਜਦੋਂਕਿ ਰਵਾਇਤੀ ਨੌਕਰੀਆਂ ਦਾ ਮਹੱਤਵ ਘਟ ਰਿਹਾ ਹੈ। ਇਸ ਮਾਹੌਲ ’ਚ ਉਹੀ ਨੌਜਵਾਨ ਅੱਗੇ ਵੱਧ ਰਹੇ ਹਨ, ਜੋ ਸਮੇਂ ਦੇ ਨਾਲ ਆਪਣੇ ਹੁਨਰਾਂ ਨੂੰ ਨਿਖਾਰਦੇ ਰਹਿੰਦੇ ਹਨ।
ਟੀਮ ਵਰਕ ਦੀ ਦੇਖੀ ਜਾਂਦੀ ਘਾਟ
ਇੱਥੇ ਹੀ ਭਾਰਤ ਦੀ ਸਿੱਖਿਆ ਪ੍ਰਣਾਲੀ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਹੁੰਦੀ ਹੈ। ਹਰ ਸਾਲ ਲੱਖਾਂ ਵਿਦਿਆਰਥੀ ਡਿਗਰੀ ਲੈ ਕੇ ਨਿਕਲਦੇ ਹਨ ਪਰ ਉਦਯੋਗਾਂ ਦੀ ਸ਼ਿਕਾਇਤ ਹੈ ਕਿ ਵੱਡੀ ਗਿਣਤੀ ਰੁਜ਼ਗਾਰ ਲਈ ਤੁਰੰਤ ਤਿਆਰ ਨਹੀਂ ਹੁੰਦੀ। ਇਸ ਦਾ ਕਾਰਨ ਯੋਗਤਾ ਦੀ ਕਮੀ ਨਹੀਂ ਸਗੋਂ ਸਿੱਖਿਆ ਤੇ ਉਦਯੋਗ ਦੀਆਂ ਲੋੜਾਂ ਵਿਚਕਾਰ ਵੱਧਦਾ ਫ਼ਰਕ ਹੈ। ਕਈ ਸੰਸਥਾਵਾਂ ਦੇ ਪਾਠਕ੍ਰਮ ਅਜੇ ਵੀ ਬਦਲਦੇ ਸਮੇਂ ਨਾਲ ਕਦਮ ਨਹੀਂ ਮਿਲਾ ਸਕੇ। ਇਸੇ ਲਈ ਸਕਿੱਲ ਗੈਪ ਭਾਰਤ ਦੀ ਵੱਡੀ ਸਮੱਸਿਆ ਬਣ ਗਿਆ ਹੈ। ਡਿਗਰੀਧਾਰਕ ਵਿਦਿਆਰਥੀਆਂ ਵਿਚ ਅਕਸਰ ਅਮਲੀ ਤਜਰਬੇ, ਆਧੁਨਿਕ ਸਾਫਟਵੇਅਰ, ਡਿਜੀਟਲ ਸਾਧਨਾਂ ਤੇ ਟੀਮ ਵਰਕ ਦੀ ਘਾਟ ਵੇਖੀ ਜਾਂਦੀ ਹੈ। ਕੰਪਨੀਆਂ ਨੂੰ ਉਨ੍ਹਾਂ ਨੂੰ ਨੌਕਰੀ ਦੇਣ ਤੋਂ ਪਹਿਲਾਂ ਵੱਖਰੀ ਸਿਖਲਾਈ ਦੇਣੀ ਪੈਂਦੀ ਹੈ। ਇਸ ਨਾਲ ਉਦਯੋਗ ਦਾ ਖ਼ਰਚ ਵੀ ਵਧਦਾ ਹੈ ਤੇ ਨੌਜਵਾਨਾਂ ਨੂੰ ਆਪਣੀ ਯੋਗਤਾ ਸਾਬਿਤ ਕਰਨ ਲਈ ਵਾਧੂ ਸਮਾਂ ਲੱਗਦਾ ਹੈ।
ਦੇਸ਼ ਦੀ ਵੱਡੀ ਤਾਕਤ ਹੈ ਨੌਜਵਾਨ ਆਬਾਦੀ
ਭਾਰਤ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਨੌਜਵਾਨ ਆਬਾਦੀ ਹੈ। ਜੇ ਇਸ ਨੂੰ ਗੁਣਵੱਤਾ ਵਾਲੀ ਸਿੱਖਿਆ ਤੇ ਸਮੇਂ ਅਨੁਸਾਰ ਹੁਨਰ ਮਿਲ ਜਾਣ ਤਾਂ ਇਹ ਦੇਸ਼ ਨੂੰ ਵਿਸ਼ਵ ਦੀਆਂ ਅਗੇਤੀ ਅਰਥ-ਵਿਵਸਥਾਵਾਂ ਵਿਚ ਸ਼ਾਮਲ ਕਰ ਸਕਦੀ ਹੈ ਪਰ ਜੇ ਨੌਜਵਾਨਾਂ ਦੀ ਸਿੱਖਿਆ ਰੁਜ਼ਗਾਰ ਨਾਲ ਨਾ ਜੁੜੇ ਤਾਂ ਇਹੀ ਤਾਕਤ ਬੇਰੁਜ਼ਗਾਰੀ ਦਾ ਕਾਰਨ ਬਣ ਸਕਦੀ ਹੈ। ਇਸ ਲਈ ਹੁਣ ਸਿਰਫ਼ ਡਿਗਰੀਆਂ ਦੀ ਗਿਣਤੀ ਨਹੀਂ ਸਗੋਂ ਉਨ੍ਹਾਂ ਦੀ ਗੁਣਵੱਤਾ, ਰੁਜ਼ਗਾਰ-ਯੋਗਤਾ ਤੇ ਵਿਹਾਰਕ ਸਿਖਲਾਈ ਵਧਾਉਣ ਦੀ ਲੋੜ ਹੈ। ਅੱਜ ਭਰਤੀ ਦੀ ਪ੍ਰਕਿਰਿਆ ਵੀ ਬਦਲ ਚੁੱਕੀ ਹੈ। ਕੰਪਨੀਆਂ ਉਮੀਦਵਾਰ ਦੀ ਡਿਗਰੀ ਦੇ ਨਾਲ ਉਸ ਦੇ ਪ੍ਰੋਜੈਕਟ, ਇੰਟਰਨਸ਼ਿਪ, ਤਕਨੀਕੀ ਹੁਨਰ, ਸੰਚਾਰ ਯੋਗਤਾ, ਟੀਮ ਵਰਕ ਤੇ ਸਮੱਸਿਆ ਹੱਲ ਕਰਨ ਦੀ ਸਮਰੱਥਾ ਨੂੰ ਵੀ ਪਰਖਦੀਆਂ ਹਨ। ਅੱਜ ਦੀਆਂ ਕੰਪਨੀਆਂ ਅਜਿਹੇ ਕਰਮਚਾਰੀ ਚਾਹੁੰਦੀਆਂ ਹਨ, ਜੋ ਨਵੀਂ ਤਕਨਾਲੋਜੀ ਨੂੰ ਛੇਤੀ ਸਿੱਖ ਸਕਣ ਤੇ ਬਦਲਦੇ ਹਾਲਾਤਾਂ ਨਾਲ ਆਪਣੇ ਆਪ ਨੂੰ ਢਾਲ ਸਕਣ।
ਖੁੱਲ੍ਹ ਰਹੇ ਰੁਜ਼ਗਾਰ ਦੇ ਨਵੇਂ ਰਾਹ
ਰੁਜ਼ਗਾਰ ਦੇ ਨਜ਼ਰੀਏ ਤੋਂ ਵੀ ਸਾਰੀਆਂ ਡਿਗਰੀਆਂ ਦੀ ਸਥਿਤੀ ਇੱਕੋ ਜਿਹੀ ਨਹੀਂ ਹੈ। ਇੰਜੀਨੀਅਰਿੰਗ, ਮੈਡੀਕਲ, ਪ੍ਰਬੰਧਨ, ਕਾਨੂੰਨ, ਵਿੱਤ ਤੇ ਡਾਟਾ ਸਾਇੰਸ ਵਰਗੇ ਖੇਤਰਾਂ ਵਿੱਚ ਅਜੇ ਵੀ ਚੰਗੇ ਮੌਕੇ ਹਨ ਪਰ ਇਨ੍ਹਾਂ ’ਚ ਵੀ ਉਹੀ ਵਿਦਿਆਰਥੀ ਸਫਲ ਹੁੰਦੇ ਹਨ, ਜੋ ਨਵੀਂ ਤਕਨਾਲੋਜੀ ਨਾਲ ਆਪਣੇ ਆਪ ਨੂੰ ਅਪਡੇਟ ਰੱਖਦੇ ਹਨ। ਮੈਡੀਕਲ ਤੇ ਸਿਹਤ ਖੇਤਰ ਦੀ ਮਹੱਤਤਾ ਵੀ ਲਗਾਤਾਰ ਵਧ ਰਹੀ ਹੈ। ਕੋਵਿਡ-19 ਮਹਾਮਾਰੀ ਨੇ ਸਪੱਸ਼ਟ ਕਰ ਦਿੱਤਾ ਕਿ ਸਿਹਤ ਸੇਵਾਵਾਂ ਕਿਸੇ ਵੀ ਦੇਸ਼ ਦੀ ਬੁਨਿਆਦੀ ਲੋੜ ਹਨ। ਡਾਕਟਰਾਂ, ਨਰਸਾਂ, ਫਾਰਮਾਸਿਸਟਾਂ, ਫਿਜ਼ੀਓਥੈਰੇਪਿਸਟਾਂ ਤੇ ਹੋਰ ਸਿਹਤ ਮਾਹਿਰਾਂ ਦੀ ਮੰਗ ਆਉਣ ਵਾਲੇ ਸਮੇਂ ਵਿੱਚ ਵੀ ਬਣੀ ਰਹੇਗੀ। ਇਸ ਖੇਤਰ ਵਿਚ ਸਫਲਤਾ ਲਈ ਡਿਗਰੀ ਦੇ ਨਾਲ ਮਨੁੱਖੀ ਸੰਵੇਦਨਾ, ਅਨੁਸ਼ਾਸਨ ਤੇ ਨਿਰੰਤਰ ਅਭਿਆਸ ਵੀ ਓਨੇ ਹੀ ਮਹੱਤਵਪੂਰਨ ਹਨ। ਖੇਤੀਬਾੜੀ, ਫੂਡ ਪ੍ਰੋਸੈਸਿੰਗ ਤੇ ਐਗਰੀ-ਬਿਜ਼ਨਸ ਵੀ ਨਵੇਂ ਮੌਕਿਆਂ ਵਾਲੇ ਖੇਤਰ ਬਣ ਰਹੇ ਹਨ। ਡਰੋਨ ਤਕਨਾਲੋਜੀ, ਜੈਵਿਕ ਖੇਤੀ, ਖੇਤੀ ਸਲਾਹਕਾਰ ਸੇਵਾਵਾਂ ਤੇ ਐਗਰੀ-ਸਟਾਰਟਅਪ ਪਿੰਡਾਂ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹ ਰਹੇ ਹਨ। ਇਸੇ ਤਰ੍ਹਾਂ ਅਧਿਆਪਕ ਸਿੱਖਿਆ ਵਿੱਚ ਡਿਜੀਟਲ ਸਿੱਖਣ, ਸਮਾਰਟ ਕਲਾਸਰੂਮ ਤੇ ਆਨਲਾਈਨ ਪਲੇਟਫਾਰਮਾਂ ਨੇ ਯੋਗ ਅਧਿਆਪਕਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ।
ਕਰੀਅਰ ਲਈ ਮਜ਼ਬੂਤ ਆਧਾਰ
ਦੂਜੇ ਪਾਸੇ ਬੀਏ, ਬੀਕਾਮ ਤੇ ਬੀਐੱਸਸੀ ਵਰਗੀਆਂ ਆਮ ਡਿਗਰੀਆਂ ਨੂੰ ਅਕਸਰ ਘੱਟ ਅੰਕਿਆ ਜਾਂਦਾ ਹੈ, ਜਦੋਂਕਿ ਇਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਤੇ ਕਈ ਹੋਰ ਕਰੀਅਰਾਂ ਲਈ ਮਜ਼ਬੂਤ ਆਧਾਰ ਦਿੰਦੀਆਂ ਹਨ। ਜੇ ਇਨ੍ਹਾਂ ਨਾਲ ਜੀਐੱਸਟੀ, ਟੈਲੀ, ਡਾਟਾ ਐਨਾਲਿਟਿਕਸ, ਪਾਵਰ ਬੀਆਈ, ਵਿਦੇਸ਼ੀ ਭਾਸ਼ਾਵਾਂ, ਡਿਜੀਟਲ ਮੀਡੀਆ ਜਾਂ ਏਆਈ ਟੂਲਾਂ ਦੀ ਜਾਣਕਾਰੀ ਜੋੜ ਦਿੱਤੀ ਜਾਵੇ ਤਾਂ ਇਨ੍ਹਾਂ ਦੀ ਉਪਯੋਗਤਾ ਕਈ ਗੁਣਾਂ ਵੱਧ ਜਾਂਦੀ ਹੈ। ਇਸ ਲਈ ਕਮਜ਼ੋਰ ਡਿਗਰੀ ਨਹੀਂ, ਕਮਜ਼ੋਰ ਤਿਆਰੀ ਸਮੱਸਿਆ ਹੁੰਦੀ ਹੈ। ਸਕੂਲਾਂ ਤੇ ਕਾਲਜਾਂ ਵਿਚ ਰਚਨਾਤਮਕ ਸੋਚ, ਆਲੋਚਨਾਤਮਕ ਚਿੰਤਨ, ਸੰਚਾਰ ਕੌਸ਼ਲ, ਟੀਮ ਵਰਕ, ਲੀਡਰਸ਼ਿਪ ਤੇ ਡਿਜੀਟਲ ਸਾਖ਼ਰਤਾ ਨੂੰ ਪ੍ਰੀਖਿਆਵਾਂ ਜਿੰਨਾ ਮਹੱਤਵ ਦੇਣ ਦੀ ਲੋੜ ਹੈ। ਜਦੋਂ ਸਿੱਖਿਆ ਵਿਦਿਆਰਥੀ ਦੇ ਸਰਹਪੱਖੀ ਵਿਕਾਸ ’ਤੇ ਕੇਂਦਰਿਤ ਹੋਵੇਗੀ, ਉਦੋਂ ਹੀ ਉਹ ਅਸਲ ਅਰਥਾਂ ’ਚ ਭਵਿੱਖ ਲਈ ਤਿਆਰ ਹੋ ਸਕੇਗਾ।
ਡਿਗਰੀ ਤੇ ਹੁਨਰ ਇਕ-ਦੂਜੇ ਦੇ ਵਿਰੋਧੀ ਨਹੀਂ ਸਗੋਂ ਇਕ-ਦੂਜੇ ਦੇ ਪੂਰਕ ਹਨ। ਡਿਗਰੀ ਗਿਆਨ ਦਾ ਆਧਾਰ ਦਿੰਦੀ ਹੈ, ਜਦੋਂਕਿ ਹੁਨਰ ਉਸ ਗਿਆਨ ਨੂੰ ਰੁਜ਼ਗਾਰ, ਉਤਪਾਦਕਤਾ ਤੇ ਨਵੀਨਤਾ ਵਿਚ ਬਦਲਦਾ ਹੈ। ਭਾਰਤ ਦੀ ਨੌਜਵਾਨ ਤਾਕਤ ਨੂੰ ਗੁਣਵੱਤਾ ਵਾਲੀ ਸਿੱਖਿਆ, ਆਧੁਨਿਕ ਹੁਨਰ, ਖੋਜ ਤੇ ਉੱਦਮਤਾ ਨਾਲ ਜੋੜ ਕੇ ਹੀ ਦੇਸ਼ ਨੂੰ ਗਿਆਨ-ਆਧਾਰਿਤ ਅਰਥ-ਵਿਵਸਥਾ ’ਚ ਅਗਵਾਈ ਦਿਵਾਈ ਜਾ ਸਕਦੀ ਹੈ। ਅੱਜ ਦੀ ਸਭ ਤੋਂ ਵੱਡੀ ਸੱਚਾਈ ਇਹ ਹੈ ਕਿ ਡਿਗਰੀ ਮੌਕੇ ਦਾ ਦਰਵਾਜ਼ਾ ਖੋਲ੍ਹਦੀ ਹੈ ਪਰ ਉਸ ਦਰਵਾਜ਼ੇ ਤੋਂ ਅੱਗੇ ਲੈ ਕੇ ਜਾਣ ਵਾਲੀ ਅਸਲ ਤਾਕਤ ਹੁਨਰ, ਤਜਰਬਾ, ਨਵੀਨਤਾ ਤੇ ਲਗਾਤਾਰ ਸਿੱਖਣ ਦੀ ਲਗਨ ਹੁੰਦੀ ਹੈ। ਬਦਲਦੇ ਭਾਰਤ ਵਿਚ ਜਿੱਤ ਉਸੇ ਦੀ ਹੋਵੇਗੀ, ਜੋ ਡਿਗਰੀ ਦੇ ਨਾਲ-ਨਾਲ ਆਪਣੇ ਹੁਨਰ ਨੂੰ ਵੀ ਨਿਰੰਤਰ ਨਿਖਾਰਦਾ ਰਹੇ।
- ਲਾਡੀ ਜਗਤਾਰ