
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੇਰੁਜ਼ਗਾਰੀ ਬਹੁਤ ਵੱਡੀ ਤੇ ਗੰਭੀਰ ਸਮੱਸਿਆ ਹੈ। ਹਰ ਸਾਲ ਲੱਖਾਂ ਨੌਜਵਾਨ ਆਪਣੀ ਸਕੂਲ/ਕਾਲਜ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਹੱਥਾਂ ’ਚ ਡਿਗਰੀਆਂ/ਡਿਪਲੋਮੇ ਲੈ ਕੇ ਨੌਕਰੀ ਦੀ ਭਾਲ ਕਰਦੇ ਹਨ। ਸੰਗਠਿਤ ਤੇ ਗ਼ੈਰ-ਸੰਗਠਿਤ ਸੈਕਟਰ ’ਚ ਰੁਜ਼ਗਾਰ ਦੇ ਮੌਕਿਆਂ ਦੀ ਉਪਲੱਬਧੀ ਘੱਟ ਹੋਣ ਕਾਰਨ ਬੇਰੁਜ਼ਗਾਰੀ ’ਚ ਵਾਧਾ ਹੋ ਰਿਹਾ ਹੈ।

ਬੇਰੁਜ਼ਗਾਰੀ ਬਹੁਤ ਵੱਡੀ ਤੇ ਗੰਭੀਰ ਸਮੱਸਿਆ ਹੈ। ਹਰ ਸਾਲ ਲੱਖਾਂ ਨੌਜਵਾਨ ਆਪਣੀ ਸਕੂਲ/ਕਾਲਜ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਹੱਥਾਂ ’ਚ ਡਿਗਰੀਆਂ/ਡਿਪਲੋਮੇ ਲੈ ਕੇ ਨੌਕਰੀ ਦੀ ਭਾਲ ਕਰਦੇ ਹਨ। ਸੰਗਠਿਤ ਤੇ ਗ਼ੈਰ-ਸੰਗਠਿਤ ਸੈਕਟਰ ’ਚ ਰੁਜ਼ਗਾਰ ਦੇ ਮੌਕਿਆਂ ਦੀ ਉਪਲੱਬਧੀ ਘੱਟ ਹੋਣ ਕਾਰਨ ਬੇਰੁਜ਼ਗਾਰੀ ’ਚ ਵਾਧਾ ਹੋ ਰਿਹਾ ਹੈ। ਵਿਗਿਆਨ ਤੇ ਤਕਨਾਲੋਜੀ ਦੀ ਖੋਜ, ਆਟੋਮੇਸ਼ਨ, ਏਆਈ ਤੇ ਮਸ਼ੀਨੀਕਰਨ ਕਾਰਨ ਹਰ ਖੇਤਰ ’ਚ ਨੌਕਰੀਆਂ ਘਟ ਰਹੀਆਂ ਹਨ ਤੇ ਬੇਰੁਜ਼ਗਾਰੀ ਦੀ ਸਮੱਸਿਆ ਹੋਰ ਵੀ ਗੁੰਝਲਦਾਰ ਹੋ ਗਈ ਹੈ। ਪੇਂਡੂ ਤੇ ਅਰਧ-ਸ਼ਹਿਰੀ ਪਿਛੋਕੜ ਦੇ ਵਧੇਰੇ ਕਰਕੇ ਨੌਜਵਾਨ ਉੱਚ ਪੇਸ਼ੇਵਰ ਵਿੱਦਿਆ ਤੱਕ ਪਹੁੰਚ ਨਹੀਂ ਕਰ ਸਕਦੇ। ਜ਼ਿਆਦਾਤਰ ਬੇਰੁਜ਼ਗਾਰ ਨੌਜਵਾਨਾਂ ਦਾ ਝੁਕਾਅ ‘ਵ੍ਹਈਟ ਕਾਲਰ’ ਨੌਕਰੀ ਵੱਲ ਹੁੰਦਾ ਹੈ।
ਸਵੈ-ਰੁਜ਼ਗਾਰ ਦੀ ਲੋੜ
ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ ਸਵੈ-ਰੁਜ਼ਗਾਰ ਤੇ ਉੱਦਮੀਅਤਾ ਵਾਲੇ ਕਾਰੋਬਾਰਾਂ ਨੂੰ ਹੱਲਾਸ਼ੇਰੀ ਦੇਣ ਦੀ ਲੋੜ ਹੈ। ਸਰਕਾਰੀ ਤੇ ਗ਼ੈਰ-ਸਰਕਾਰੀ ਏਜੰਸੀਆਂ ਨੇ ਮਾਈਕ੍ਰੋ-ਇੰਟਰਪ੍ਰਾਈਜ਼ ਨੂੰ ਵਿਕਸਤ ਕਰਨ ਦੀਆਂ ਸਕੀਮਾਂ ਲਾਗੂ ਕੀਤੀਆਂ ਹਨ। ਜ਼ਿਲ੍ਹਾ ਉਦਯੋਗ ਕੇਂਦਰ, ਖਾਦੀ ਤੇ ਪੇਂਡੂ ਉਦਯੋਗ ਬੋਰਡ, ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ, ਬੈਕਫਿੰਕੋ, ਅਨੁਸੂਚਿਤ ਜਾਤੀ ਕਾਰਪੋਰੇਸ਼ਨ, ਡੇਅਰੀ ਵਿਭਾਗ, ਖੇਤੀਬਾੜੀ ਵਿਭਾਗ, ਬਾਗ਼ਬਾਨੀ ਵਿਭਾਗ, ਮੱਛੀ ਪਾਲਣ ਵਿਭਾਗ ਆਦਿ ਸੰਸਥਾਵਾਂ ਸਵੈ-ਰੁਜ਼ਗਾਰ ਨੂੰ ਬੜ੍ਹਾਵਾ ਦੇ ਰਹੀਆਂ ਹਨ। ਸਵੈ-ਰੁਜ਼ਗਾਰ ਨਾਲ ਸਬੰਧਿਤ ‘ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਨ ਪ੍ਰੋਗਰਾਮ’ ਸ਼ੁਰੂ ਕੀਤਾ ਗਿਆ ਹੈ। ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਨਾਲੋਂ ਸਵੈ-ਰੁਜ਼ਗਾਰ ਦੇ ਅਨੇਕਾਂ ਫ਼ਾਇਦੇ ਹਨ। ਸਵੈ-ਰੁਜ਼ਗਾਰ ਨਾਲ ਖ਼ੁਦ ਮਾਲਕ ਬਣਿਆ ਜਾਂਦਾ ਹੈ। ਨੌਕਰੀਆਂ ਲੱਭਣ ਵਾਲੇ ਬਣਨ ਦੀ ਬਜਾਏ ਨੌਕਰੀ ਦੇਣ ਵਾਲੇ ਬਣ ਜਾਈਦਾ ਹੈ।
ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾਵਾਂ (ਆਰਸੇਟੀਜ਼)
ਕਰਨਾਟਕਾ ਦੇ ਸ੍ਰੀ ਧਰਮਸਥਾਲਾ ਮੰਜੂਨਾਥੇਸ਼ਵਾੜਾ ਐਜੂਕੇਸ਼ਨ ਟਰੱਸਟ, ਸਿੰਡੀਕੇਟ ਬੈਂਕ ਤੇ ਕੇਨਰਾ ਬੈਂਕ ਨੇ ਸੁਸਾਇਟੀ ਬਣਾ ਕੇ ਬੇਰੁਜ਼ਗਾਰ ਨੌਜਵਾਨਾਂ ਦੁਆਰਾ ਸਵੈ-ਰੁਜ਼ਗਾਰ ਨੂੰ ਬਦਲਵੇਂ ਕਰੀਅਰ ਵਜੋਂ ਅਪਣਾਉਣ ਲਈ ਸਾਲ 1992 ਵਿਚ ਨਵੀਂ ਸ਼ੁਰੂਆਤ ਕੀਤੀ। ਇਸ ਨਾਲ ਸਕਿੱਲ ਮੁਹਾਰਤ ਤੇ ਧਨਾਤਮਿਕ ਵਿਵਹਾਰ ਕਾਰਨ ਨੌਜਵਾਨਾਂ ਵਿਚ ਵਿਸ਼ਵਾਸ ਵਧਿਆ ਤੇ ਉਨ੍ਹਾਂ ਨੇ ਆਪਣੇ ਸਵੈ-ਰੁਜ਼ਗਾਰ ਕਾਰੋਬਾਰ ਸ਼ੁਰੂ ਕੀਤੇ। ਰੂਰਲ ਡਿਵੈਲਪਮੈਂਟ ਐਂਡ ਸੈਲਫ-ਇੰਪਲਾਇਮੈਂਟ ਟ੍ਰੇਨਿੰਗ ਇੰਸਟੀਚਿਊਟ ਮਾਡਲ ਦੀ ਭਾਰਤ ਸਰਕਾਰ ਤੇ ਨਾਬਾਰਡ ਦੁਆਰਾ ਪ੍ਰਸ਼ੰਸਾ ਕੀਤੀ ਗਈ। ਬੇਰੁਜ਼ਗਾਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਉੱਦਮੀਅਤਾ (ਇੰਟਰਪ੍ਰੀਨਿਓਰਸ਼ਿਪ) ਦਾ ਵਿਕਾਸ ਹੋਇਆ। ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਲੀਡ ਬੈਂਕਾਂ ਅਧੀਨ ਦੇਸ਼ ਦੇ ਹਰ ਜ਼ਿਲ੍ਹੇ ’ਚ ਇਕ-ਇਕ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਸਥਾਪਿਤ ਕੀਤੀ ਗਈ ਹੈ। ਇਹ ਸੰਸਥਾਵਾਂ ਨੈਸ਼ਨਲ ਇੰਸਟੀਚਿਊਟ ਆਫ ਰੂਰਲ ਡਿਵੈਲਪਮੈਂਟ, ਹੈਦਰਾਬਾਦ ਤੇ ਕੇਂਦਰ ਸਰਕਾਰ ਦੀ ਪੇਂਡੂ ਵਿਕਾਸ ਅਤੇ ਸਵੈ-ਰੁਜ਼ਗਾਰ ਸਿਖਲਾਈ ਇੰਸਟੀਚਿਊਟ (ਰੂਡਸੇਟੀ) ਦੇ ਸਹਿਯੋਗ ਨਾਲ ਹੋਂਦ ਵਿਚ ਆਈਆਂ ਹਨ।
ਸਿਖਲਾਈ ਲਈ ਯੋਗਤਾਵਾਂ
ਇਨ੍ਹਾਂ ਸੰਸਥਾਵਾਂ ਵਿਚ ਟ੍ਰੇਨਿੰਗ ਲੈ ਕੇ ਸਫ਼ਲ ਉੱਦਮੀ ਬਣਨ ਲਈ ਦਾਖ਼ਲਾ ਲੈਣ ਲਈ ਯੋਗਤਾਵਾਂ ਹਨ:
- ਬੇਰੁਜ਼ਗਾਰ ਨੌਜਵਾਨ ਲੜਕਾ/ਲੜਕੀ। ਪਿੰਡਾਂ ਦੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਪਹਿਲ ਦਿੱਤੀ ਜਾਂਦੀ ਹੈ।
- ਉਮੀਦਵਾਰ ਦੀ ਉਮਰ 18 ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ।
- ਉਮੀਦਵਾਰ ਕਿਸੇ ਵੀ ਜਾਤੀ, ਧਰਮ, ਲਿੰਗ ਤੇ ਆਰਥਿਕ ਰੁਤਬੇ ਦਾ ਹੋਵੇ।
- ਉਮੀਦਵਾਰ ਸਵੈ-ਰੁਜ਼ਗਾਰ ਸਬੰਧੀ ਸਿਖਲਾਈ ਲੈਣ ਦਾ ਇੱਛੁਕ ਹੋਵੇ।
ਮੁੱਖ ਕਿੱਤਾਮੁਖੀ ਕੋਰਸ
ਡੇਅਰੀ ਫਾਰਮਿੰਗ, ਵਰਮੀਕੰਪੋਸਟ,ਕੰਪਿਊਟਰ ਬੇਸਿਕ, ਜੂਨੀਅਰ ਬਿਊਟੀ ਪ੍ਰੈਕਟੀਸ਼ਨਰ, ਬਿਊਟੀ ਪਾਰਲਰ, ਪਾਰਲਰ/ਸੈਲੂਨ ਉੱਦਮੀ, ਫੈਸ਼ਨ ਡਿਜ਼ਾਈਨਿੰਗ, ਹੱਥ ਦੀ ਕਢਾਈ ਤੇ ਪੇਂਟਿੰਗ,ਪਲੰਬਿੰਗ ਤੇ ਸੈਨੇਟਰੀ ਵਰਕਸ, ਬੇਕਰੀ, ਪਾਪੜ, ਅਚਾਰ ਤੇ ਮਸਾਲਾ ਪਾਊਡਰ, ਫਾਸਟ ਫੂਡ ਸਟਾਲ ਉੱਦਮੀ, ਸ਼ਹਿਦ ਦੀ ਮੱਖੀ ਪਾਲਣ, ਖੁੰਬਾਂ ਦੀ ਖੇਤੀ ਤੇ ਬਾਗਬਾਨੀ, ਮੁਰਗੀ ਤੇ ਬੱਕਰੀ ਪਾਲਣ, ਘਰੇਲੂ ਵਸਤਾਂ ਬਣਾਉਣਾ, ਜੂਟ ਬੈਗ ਬਣਾਉਣਾ, ਮੋਮਬੱਤੀ ਤੇ ਅਗਰਬੱਤੀ ਬਣਾਉਣਾ, ਹਾਊਸ ਵਾਇਰਿੰਗ ਇਲੈਕਟ੍ਰੀਸ਼ਨ, ਇਲੈਕਟ੍ਰਿਕ ਮੋਟਰ ਰੀਵਾਈਂਡਿੰਗ ਐਂਡ ਪੰਪ ਸੈੱਟ ਰਿਪੇਅਰ,
ਫਰਿੱਜ ਤੇ ਏਅਰ ਕੰਡੀਸ਼ਨਰ ਰਿਪੇਅਰ ਤਕਨੀਸ਼ੀਅਨ, ਟੂ-ਵੀਲ੍ਹਰ ਰਿਪੇਅਰ, ਸਾਫਟ ਖਿਡੌਣੇ ਬਣਾਉਣਾ, ਕੰਪਿਊਟਰ ਹਾਰਡਵੇਅਰ ਤੇ ਨੈੱਟਵਰਕਿੰਗ, ਕੰਪਿਊਟਰਾਈਜ਼ਡ ਅਕਾਊਂਟਿੰਗ, ਸਹਾਇਕ ਬੁੱਕ ਕੀਪਰ, ਮੋਬਾਈਲ/ਸੈੱਲ ਫ਼ੋਨ ਰਿਪੇਅਰ ਐਂਡ ਮੇਨਟੀਨੈਂਸ, ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ (ਪੀਐੱਮਈਜੀਪੀ)।
ਕੋਰਸ ਦਾ ਅਰਸਾ
ਕੋਰਸਾਂ ਦਾ ਅਰਸਾ 1 ਹਫ਼ਤੇ ਤੋਂ 6 ਹਫ਼ਤੇ ਤੱਕ ਦਾ ਹੁੰਦਾ ਹੈ।
ਸਹੂਲਤਾਂ
ਇਨ੍ਹਾਂ ਸੰਸਥਾਵਾਂ ਵਿਚ ਸਿਖਲਾਈ ਪ੍ਰਾਪਤ ਕਰਨ ਦੌਰਾਨ ਸਿਖਿਆਰਥੀਆਂ ਨੂੰ ਵਿੱਤੀ ਸਹੂਲਤਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਨੈਤਿਕ ਸਿੱਖਿਆ ਵੀ ਦਿੱਤੀ ਜਾਂਦੀ ਹੈ। ਟ੍ਰੇਨਿੰਗ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਥਿਊਰੀ ਤੇ ਪ੍ਰੈਕਟੀਕਲ ਕਲਾਸਾਂ ਅਤੇ ਤਜਰਬੇਕਾਰ ਟ੍ਰੇਨਰਾਂ ਵੱਲੋਂ ਸਿਖਲਾਈ ਦਿੱਤੀ ਜਾਂਦੀ ਹੈ। ਇਸ ਟ੍ਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਚਾਹ ਤੇ ਦੁਪਹਿਰ ਦਾ ਖਾਣਾ ਸੰਸਥਾ ਵੱਲੋਂ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਸਿਖਿਆਰਥੀਆਂ ਦੇ ਆਉਣ-ਜਾਣ ਲਈ ਬੱਸ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਮੁਫ਼ਤ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਸਫਲਤਾ ਪੂਰਵਕ ਟ੍ਰੇਨਿੰਗ ਲੈਣ ਤੋਂ ਬਾਅਦ ਉਮੀਦਵਾਰਾਂ ਨੂੰ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਤੇ ਬੈਂਕ ਕਰਜ਼ੇ ਤੇ ਸਵੈ-ਰੁਜ਼ਗਾਰ ਲਈ ਮਾਰਗਦਰਸ਼ਨ ਕੀਤਾ ਜਾਂਦਾ ਹੈ। ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪੇਂਡੂ ਵਿਅਕਤੀ ਇਸ ਸੰਸਥਾ ਤੋਂ ਟ੍ਰੇਨਿੰਗ ਲੈ ਕੇ ਸਵੈ-ਰੁਜ਼ਗਾਰ ਸ਼ੁਰੂ ਕਰ ਸਕਦੇ ਹਨ। ਹੁਨਰਮੰਦ ਬਣ ਕੇ ਵਧੀਆ ਭਵਿੱਖ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਪੰਜਾਬ ’ਚ ਆਰਸੇਟੀ ਸੰਸਥਾਵਾਂ
ਪੰਜਾਬ ਵਿਚ ਸਾਰੇ ਜ਼ਿਲ੍ਹਿਆਂ ਵਿਚ ਕੁੱਲ 22 ਆਰਸੇਟੀਜ਼ ਹਨ, ਜਿਨ੍ਹਾਂ ਵਿੱਚੋਂ 10 ਪੰਜਾਬ ਨੈਸ਼ਨਲ ਬੈਂਕ, 7 ਸਟੇਟ ਬੈਂਕ ਆਫ਼ ਇੰਡੀਆ, 3 ਪੰਜਾਬ ਐਂਡ ਸਿੰਧ ਬੈਂਕ ਅਤੇ 2 ਯੂਕੋ ਬੈਂਕ ਦੁਆਰਾ ਚਲਾਈਆਂ ਜਾ ਰਹੀਆਂ ਹਨ। ਆਓ ਬਿਹਤਰ ਭਵਿੱਖ ਲਈ ਕੋਈ ਨਾ ਕੋਈ ਹੁਨਰ ਸਿੱਖ ਕੇ ਸਵੈ-ਰੁਜ਼ਗਾਰ ਅਪਣਾਈਏ ਤੇ ਆਪਣਾ ਕਾਰੋਬਾਰ ਸ਼ੁਰੂ ਕਰ ਕੇ ਜੀਵਨ ਨੂੰ ਸਫਲ ਬਣਾਈਏ। ਹੁਨਰ ਵਿਕਾਸ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਤਿੰਨ ਤੋਂ ਪੰਜ ਸਾਲਾਂ ਦੀ ਕਾਲਜ ਦੀ ਪੜ੍ਹਾਈ ਤੋਂ ਬਾਅਦ ਤਨਖ਼ਾਹ ਵਾਲੇ ਰੁਜ਼ਗਾਰ ਰਾਹੀਂ ਕਿਸੇ ਹੋਰ ਦੀ ਕਿਸਮਤ ਲਿਖਣ ਦੀ ਬਜਾਏ ਕੋਈ ਸਵੈ-ਰੁਜ਼ਗਾਰ ਸ਼ੁਰੂ ਕਰ ਕੇ ਆਪਣੀ ਖ਼ੁਦ ਦੀ ਕਿਸਮਤ ਲਿਖਣਾ ਵਧੇਰੇ ਅਰਥਪੂਰਨ ਹੁੰਦਾ ਹੈ।
- ਬਲਵਿੰਦਰ ਸਿੰਘ ਦੌਲਤਪੁਰਾ