TIME100 Next India 2026 'ਚ ਸਾਰਥਕ ਸਿਧਾਂਤ, CBSE OSM 'ਚ ਗੜਬੜੀਆਂ ਦਾ ਖੁਲਾਸਾ ਕਰਨ ਵਾਲੇ ਵਿਦਿਆਰਥੀ ਨੂੰ ਕਿਵੇਂ ਮਿਲੀ ਵਿਸ਼ਵ ਪੱਧਰ 'ਤੇ ਪਛਾਣ?
TIME100 Next India 2026 ਦੀ ਸੂਚੀ 'ਚ ਉਨ੍ਹਾਂ ਉੱਭਰਦੇ ਹੁਨਰ ਵਾਲਿਆਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ, ਜਿਨ੍ਹਾਂ ਦੇ ਕੰਮ ਅਤੇ ਵਿਚਾਰਾਂ ਤੋਂ ਵੱਖ-ਵੱਖ ਖੇਤਰਾਂ 'ਚ ਭਾਰਤ ਦੇ ਭਵਿੱਖ 'ਤੇ ਪ੍ਰਭਾਵ ਪੈਣ ਦੀ ਉਮੀਦ ਹੈ। ਇਸ ਸੂਚੀ 'ਚ ਸਾਰਥਕ ਦਾ ਨਾਂ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਨੌਜਵਾਨ ਪੀੜ੍ਹੀ ਕਿਸ ਤਰ੍ਹਾਂ ਤਕਨਾਲੋਜੀ ਅਤੇ ਜਾਣਕਾਰੀ ਦੀ ਵਰਤੋਂ ਮੌਜੂਦਾ ਪ੍ਰਣਾਲੀਆਂ 'ਤੇ ਸਵਾਲ ਉਠਾਉਣ ਲਈ ਕਰ ਰਹੀ ਹੈ।
Publish Date: Sat, 21 Nov 2026 03:40 PM (IST)
Updated Date: Sat, 21 Nov 2026 03:44 PM (IST)
ਜੇਐੱਨਐੱਨ, ਨਵੀਂ ਦਿੱਲੀ : ਜਿੱਥੇ ਆਪਣੀ ਉਮਰ ਦੇ ਕਈ ਵਿਦਿਆਰਥੀਆਂ ਨੇ CBSE ਦੇ ਪ੍ਰੀਖਿਆ ਨਤੀਜਿਆਂ ਨੂੰ ਸਵੀਕਾਰ ਕਰ ਲਿਆ, ਉੱਥੇ ਹੀ ਸਾਰਥਕ ਸਿਧਾਂਤ ਨੇ ਇਸ ਦੀ ਡੂੰਘਾਈ ਨਾਲ ਜਾਂਚ ਕਰਨ ਦਾ ਫ਼ੈਸਲਾ ਕੀਤਾ। CBSE ਦੀ ਨਵੀਂ OSM ਮਾਰਕਿੰਗ ਪ੍ਰਣਾਲੀ ਨੂੰ ਸਮਝਣ ਦੀ ਇਕ ਸਧਾਰਨ ਕੋਸ਼ਿਸ਼ ਨਾਲ ਸ਼ੁਰੂ ਹੋਇਆ ਉਨ੍ਹਾਂ ਦਾ ਸਫ਼ਰ ਹੁਣ ਉਨ੍ਹਾਂ ਨੂੰ TIME100 Next India 2026 ਦੀ ਵੱਕਾਰੀ ਸੂਚੀ 'ਚ ਜਗ੍ਹਾ ਦਿਵਾ ਚੁੱਕਾ ਹੈ।
ਰਾਂਚੀ ਦੇ ਰਹਿਣ ਵਾਲੇ ਅਤੇ ਕੰਪਿਊਟਰ ਸਾਇੰਸ 'ਚ ਦਿਲਚਸਪੀ ਰੱਖਣ ਵਾਲੇ ਸਾਰਥਕ ਪਹਿਲੀ ਵਾਰ ਉਦੋਂ ਸੁਰਖੀਆਂ 'ਚ ਆਏ, ਜਦੋਂ ਉਨ੍ਹਾਂ ਨੇ ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (CBSE) ਦੀ ਆਨ-ਸਕ੍ਰੀਨ ਮਾਰਕਿੰਗ (OSM) ਪ੍ਰਣਾਲੀ 'ਚ ਗੜਬੜੀਆਂ ਵੱਲ ਧਿਆਨ ਦਿਵਾਇਆ। ਸੋਸ਼ਲ ਮੀਡੀਆ 'ਤੇ ਨਾਰਾਜ਼ਗੀ ਤੋਂ ਬਾਅਦ ਇਹ ਮਾਮਲਾ ਜਲਦੀ ਹੀ ਵਾਇਰਲ ਹੋ ਗਿਆ ਅਤੇ ਇਸ ਦੇ ਨਤੀਜੇ ਵਜੋਂ ਬੋਰਡ ਦੀ ਡਿਜੀਟਲ ਮੁਲਾਂਕਣ ਪ੍ਰਣਾਲੀ ਅਤੇ ਟੈਂਡਰ ਪ੍ਰਕਿਰਿਆ ਦੀ ਜਾਂਚ ਸ਼ੁਰੂ ਹੋ ਗਈ।
OSM ਜਾਂਚ ਤੋਂ TIME100 Next India 2026 ਦੀ ਸੂਚੀ ਤਕ ਦਾ ਸਫ਼ਰ
TIME100 Next India 2026 ਦੀ ਸੂਚੀ 'ਚ ਉਨ੍ਹਾਂ ਉੱਭਰਦੇ ਹੁਨਰ ਵਾਲਿਆਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ, ਜਿਨ੍ਹਾਂ ਦੇ ਕੰਮ ਅਤੇ ਵਿਚਾਰਾਂ ਤੋਂ ਵੱਖ-ਵੱਖ ਖੇਤਰਾਂ 'ਚ ਭਾਰਤ ਦੇ ਭਵਿੱਖ 'ਤੇ ਪ੍ਰਭਾਵ ਪੈਣ ਦੀ ਉਮੀਦ ਹੈ। ਇਸ ਸੂਚੀ 'ਚ ਸਾਰਥਕ ਦਾ ਨਾਂ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਨੌਜਵਾਨ ਪੀੜ੍ਹੀ ਕਿਸ ਤਰ੍ਹਾਂ ਤਕਨਾਲੋਜੀ ਅਤੇ ਜਾਣਕਾਰੀ ਦੀ ਵਰਤੋਂ ਮੌਜੂਦਾ ਪ੍ਰਣਾਲੀਆਂ 'ਤੇ ਸਵਾਲ ਉਠਾਉਣ ਲਈ ਕਰ ਰਹੀ ਹੈ।
TIME100 Next India 2026 'ਚ ਆਪਣੇ ਪ੍ਰੋਫਾਈਲ ਦੌਰਾਨ ਉਨ੍ਹਾਂ ਨੇ ਅੱਜ ਦੇ ਨੌਜਵਾਨਾਂ ਦੀ ਸਮਰੱਥਾ 'ਤੇ ਚਾਨਣਾ ਪਾਇਆ। ਇਸ ਦੇ ਨਾਲ ਹੀ ਦੱਸਿਆ ਕਿ ਤਕਨਾਲੋਜੀ ਦੀ ਵਰਤੋਂ ਗੜਬੜੀਆਂ ਨੂੰ ਚੁਣੌਤੀ ਦੇਣ ਅਤੇ ਦੁਨੀਆ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਕਿਵੇਂ ਕੀਤੀ ਜਾ ਸਕਦੀ ਹੈ।
OSM ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ CBSE ਦੀ ਆਨਲਾਈਨ ਮੁਲਾਂਕਣ ਪ੍ਰਣਾਲੀ ਬਾਰੇ ਉਨ੍ਹਾਂ ਦੀ ਜਾਂਚ ਕਿਵੇਂ ਸਿੱਖਿਆ ਪ੍ਰਣਾਲੀ 'ਤੇ ਦੇਸ਼ ਪੱਧਰੀ ਬਹਿਸ 'ਚ ਬਦਲ ਗਈ ਅਤੇ ਆਖ਼ਰਕਾਰ ਇਸ ਕਾਰਨ ਸਰਕਾਰ ਨੂੰ ਜਾਂਚ ਦੇ ਹੁਕਮ ਦੇਣੇ ਪਏ। ਵੱਕਾਰੀ ਹਸਤੀਆਂ ਵਿਚਕਾਰ ਆਪਣਾ ਨਾਂ ਦੇਖ ਕੇ ਉਨ੍ਹਾਂ ਦੀ ਮਾਂ ਸਰੋਜ ਪ੍ਰਿਆ ਮਾਣ ਅਤੇ ਖੁਸ਼ੀ ਨਾਲ ਭਰ ਗਈ। ਫਿਲਹਾਲ ਸਾਰਥਕ ਬੈਂਗਲੁਰੂ ਦੇ ਇਕ ਵੱਕਾਰੀ ਕਾਲਜ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ।
ਕੀ ਹੈ CBSE ਦਾ OSM ਵਿਵਾਦ?
CBSE ਦੀ ਨਵੀਂ ਆਨ-ਸਕ੍ਰੀਨ ਮਾਰਕਿੰਗ (OSM) ਇਕ ਡਿਜੀਟਲ ਮੁਲਾਂਕਣ ਪ੍ਰਣਾਲੀ ਹੈ। ਇਸ ਤਹਿਤ ਪ੍ਰੀਖਿਆਕਰਤਾ ਕਾਗਜ਼ 'ਤੇ ਲਿਖੀਆਂ ਉੱਤਰ ਪੁਸਤਕਾਂ ਦੀ ਜਾਂਚ ਕਰਨ ਦੀ ਬਜਾਏ ਸਕੈਨ ਕੀਤੀਆਂ ਉੱਤਰ ਪੁਸਤਕਾਂ ਦਾ ਡਿਜੀਟਲ ਤਰੀਕੇ ਨਾਲ ਮੁਲਾਂਕਣ ਕਰਦੇ ਹਨ। ਇਸ ਪ੍ਰਣਾਲੀ ਤਹਿਤ ਵਿਦਿਆਰਥੀ ਪਹਿਲਾਂ ਵਾਂਗ ਰਵਾਇਤੀ ਉੱਤਰ ਪੁਸਤਕਾਂ 'ਚ ਹੀ ਪ੍ਰੀਖਿਆ ਦਿੰਦੇ ਹਨ। ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਉੱਤਰ ਪੁਸਤਕਾਂ ਨੂੰ ਸਕੈਨ ਕਰਕੇ ਇਕ ਸੁਰੱਖਿਅਤ ਡਿਜੀਟਲ ਪਲੇਟਫਾਰਮ 'ਤੇ ਗੁਪਤ ਤਰੀਕੇ ਨਾਲ ਅਪਲੋਡ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਜਾਂਚ ਲਈ ਪ੍ਰੀਖਿਆਕਰਤਾਵਾਂ ਨੂੰ ਸੌਂਪ ਦਿੱਤਾ ਜਾਂਦਾ ਹੈ। OSM ਪ੍ਰਣਾਲੀ ਰਾਹੀਂ ਉੱਤਰ ਪੁਸਤਕਾਂ ਦਾ ਡਿਜੀਟਲ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਉਸੇ ਮੁਤਾਬਕ ਅੰਕ ਦਿੱਤੇ ਜਾਂਦੇ ਹਨ।
OSM ਪ੍ਰਣਾਲੀ 'ਤੇ ਸਵਾਲ ਉਦੋਂ ਉੱਠਣੇ ਸ਼ੁਰੂ ਹੋਏ, ਜਦੋਂ ਵਿਦਿਆਰਥੀਆਂ ਨੇ ਮੁਲਾਂਕਣ 'ਚ ਗੜਬੜੀਆਂ, ਤਕਨੀਕੀ ਸਮੱਸਿਆਵਾਂ, ਧੁੰਦਲੀਆਂ ਉੱਤਰ ਪੁਸਤਕਾਂ ਅਤੇ ਕੁਝ ਪੰਨੇ ਗਾਇਬ ਹੋਣ ਵਰਗੀਆਂ ਸਮੱਸਿਆਵਾਂ ਦੇਖਣੀਆਂ ਸ਼ੁਰੂ ਕੀਤੀਆਂ। ਵਿਦਿਆਰਥੀਆਂ ਅਤੇ ਮਾਪਿਆਂ ਨੇ ਇਸ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਲੈ ਕੇ ਚਿੰਤਾ ਜਤਾਈ ਅਤੇ ਸਹੀ ਮੁਲਾਂਕਣ ਯਕੀਨੀ ਬਣਾਉਣ ਲਈ ਨਿਯਮਿਤ ਸੁਰੱਖਿਆ ਉਪਾਵਾਂ ਦੀ ਮੰਗ ਕੀਤੀ।
ਹੈਦਰਾਬਾਦ ਸਥਿਤ ਕੰਪਨੀ Coempt EduTeck ਨੂੰ OSM ਪ੍ਰਣਾਲੀ ਨੂੰ ਸੁਚਾਰੂ ਬਣਾਉਣ ਦਾ ਠੇਕਾ ਦਿੱਤੇ ਜਾਣ ਨੂੰ ਲੈ ਕੇ ਵੀ ਇਕ ਹੋਰ ਵਿਵਾਦ ਖੜ੍ਹਾ ਹੋ ਗਿਆ। ਸਿਧਾਂਤ ਨੇ ਦੋਸ਼ ਲਗਾਇਆ ਕਿ CBSE ਨੇ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਟੈਂਡਰ ਦੀਆਂ ਸ਼ਰਤਾਂ 'ਚ ਬਦਲਾਅ ਕੀਤਾ ਸੀ।
ਜਨਤਕ ਸਰਕਾਰੀ ਖਰੀਦ ਪੋਰਟਲ ਕੀਤਾ ਲਾਂਚ
ਕੇਂਦਰ ਸਰਕਾਰ ਦੇ ਸੈਂਟਰਲ ਪਬਲਿਕ ਪ੍ਰੋਕਿਓਰਮੈਂਟ (CPP) ਪੋਰਟਲ ਤੋਂ ਲਗਪਗ 1.66 ਕਰੋੜ ਰਿਕਾਰਡ ਇਕੱਠੇ ਕਰਨ ਤੋਂ ਬਾਅਦ ਸਿਧਾਂਤ ਨੇ ਜੂਨ 2026 'ਚ ਇਕ ਜਨਤਕ ਸਰਕਾਰੀ ਖਰੀਦ ਪੋਰਟਲ ਲਾਂਚ ਕੀਤਾ। ਉਨ੍ਹਾਂ ਨੇ ਆਪਣੇ X ਅਕਾਊਂਟ 'ਤੇ ਇਸ ਪਹਿਲ ਦੀ ਘੋਸ਼ਣਾ ਕਰਦਿਆਂ ਲਿਖਿਆ, 'ਪਿਛਲੇ 2 ਹਫ਼ਤਿਆਂ ਦੌਰਾਨ ਸਰਕਾਰ ਦੇ CPP ਪੋਰਟਲ ਤੋਂ ਲਗਪਗ 1 ਕਰੋੜ 66 ਲੱਖ ਰਿਕਾਰਡ ਸਕ੍ਰੈਪ ਕੀਤੇ ਗਏ ਹਨ। ਦੇਸ਼ ਦਾ ਖਰੀਦ ਡੇਟਾਬੇਸ ਹੁਣ ਸਾਰੇ ਲੋਕਾਂ ਲਈ ਜਨਤਕ ਤੌਰ 'ਤੇ ਉਪਲਬਧ ਹੈ।'
ਵਿਦਿਆਰਥੀਆਂ ਨੇ ਤੁਰੰਤ ਇਸ ਜਾਣਕਾਰੀ ਨੂੰ ਡਾਊਨਲੋਡ ਕੀਤਾ ਅਤੇ ਖ਼ੁਦ ਰਿਕਾਰਡਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਅੱਗੇ ਲਿਖਿਆ, 'ਡੇਟਾਬੇਸ ਡਾਊਨਲੋਡ ਕਰੋ ਅਤੇ ਇਸ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰੋ। ਇਹ ਸਿਰਫ਼ ਸ਼ੁਰੂਆਤ ਹੈ। ਅਜੇ ਹੋਰ ਵੀ ਬਹੁਤ ਕੁਝ ਸਾਹਮਣੇ ਆਉਣਾ ਬਾਕੀ ਹੈ।' ਸੋਸ਼ਲ ਮੀਡੀਆ 'ਤੇ ਚਰਚਾ ਤੋਂ ਇਸ ਮਾਮਲੇ ਨੂੰ ਰਸਮੀ ਸੰਸਦੀ ਮੰਚ ਤਕ ਲਿਜਾਂਦਿਆਂ ਸਿਧਾਂਤ ਨੇ ਬਾਅਦ 'ਚ OSM 'ਚ ਸਾਹਮਣੇ ਆਈਆਂ ਗੜਬੜੀਆਂ ਨਾਲ ਜੁੜਿਆ ਪੂਰਾ ਡੇਟਾ ਅਤੇ ਜਾਣਕਾਰੀ ਸਿੱਖਿਆ ਸਬੰਧੀ ਸੰਸਦੀ ਸਥਾਈ ਕਮੇਟੀ ਦੇ ਸਾਹਮਣੇ ਵੀ ਪੇਸ਼ ਕੀਤੀ।