- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਰਫ਼ ਹੁਨਰ ਹੀ ਜਿੱਤ ਦੀ ਗਾਰੰਟੀ ਨਹੀਂ ਹੁੰਦਾ। ਕਈ ਵਾਰ ਦੁਨੀਆ ਦੇ ਸਭ ਤੋਂ ਤਾਕਤਵਰ ਲੋਕ ਵੀ ਸਥਿਰ ਮਾਨਸਿਕਤਾ (Fixed Mindset) ਕਾਰਨ ਮਾਤ ਖਾ ਜਾਂਦੇ ਹਨ। ਮਾਈਕ ਟਾਇਸਨ ਵਰਗੇ ਦਿੱਗਜਾਂ ਦੀ ਹਾਰ ਤੇ ਵਿਗਿਆਨੀਆਂ ਦੀ ਸਫਲਤਾ ਤੋਂ ਸਿੱਖੋ ਕਿ ਕਿਵੇਂ ‘ਵਿਕਾਸਸ਼ੀਲ ਮਾਨਸਿਕਤਾ’ ਤੁਹਾਡੇ ਕਰੀਅਰ ਅਤੇ ਜੀਵਨ ਦੀ ਨੁਹਾਰ ਬਦਲ ਸਕਦੀ ਹੈ।

ਸਿਰਫ਼ ਹੁਨਰ ਹੀ ਜਿੱਤ ਦੀ ਗਾਰੰਟੀ ਨਹੀਂ ਹੁੰਦਾ। ਕਈ ਵਾਰ ਦੁਨੀਆ ਦੇ ਸਭ ਤੋਂ ਤਾਕਤਵਰ ਲੋਕ ਵੀ ਸਥਿਰ ਮਾਨਸਿਕਤਾ (Fixed Mindset) ਕਾਰਨ ਮਾਤ ਖਾ ਜਾਂਦੇ ਹਨ। ਮਾਈਕ ਟਾਇਸਨ ਵਰਗੇ ਦਿੱਗਜਾਂ ਦੀ ਹਾਰ ਤੇ ਵਿਗਿਆਨੀਆਂ ਦੀ ਸਫਲਤਾ ਤੋਂ ਸਿੱਖੋ ਕਿ ਕਿਵੇਂ ‘ਵਿਕਾਸਸ਼ੀਲ ਮਾਨਸਿਕਤਾ’ ਤੁਹਾਡੇ ਕਰੀਅਰ ਅਤੇ ਜੀਵਨ ਦੀ ਨੁਹਾਰ ਬਦਲ ਸਕਦੀ ਹੈ। ਨਿਊਜ਼ੀਲੈਂਡ ਦੇ ਮਸ਼ਹੂਰ ਮਨੋਵਿਗਿਆਨੀ ਕੈਰੋਲ ਡਵੈਕ ਨੇ ਦੁਨੀਆ ਨੂੰ ਦੋ ਸ਼ਬਦ ਸਥਿਰ ਮਾਨਸਿਕਤਾ (Fixed Mindset) ਤੇ ਵਿਕਾਸਸ਼ੀਲ ਮਾਨਸਿਕਤਾ (Growth Mindset) ਦਿੱਤੇ। ਅੱਜ ਦੇ ਤੇਜ਼ੀ ਨਾਲ ਬਦਲਦੇ ਕਰੀਅਰ ਦੇ ਦੌਰ ਵਿਚ ਇਹ ਸਿਰਫ਼ ਮਨੋਵਿਗਿਆਨਿਕ ਸ਼ਬਦ ਨਹੀਂ ਹਨ ਸਗੋਂ ਸਫਲਤਾ ਤੇ ਅਸਫਲਤਾ ਦੇ ਵਿਚਕਾਰ ਮਹੀਨ ਰੇਖਾ ਹਨ। ਕਈ ਵਾਰ ਅਸੀਂ ਸੋਚਦੇ ਹਾਂ ਕਿ ਕੁਝ ਲੋਕ ਜਨਮ ਤੋਂ ਹੀ ਹੁਸ਼ਿਆਰ ਹੁੰਦੇ ਹਨ ਜਾਂ ਉਨ੍ਹਾਂ ਕੋਲ ਕੋਈ ਜਾਦੂਈ ਸ਼ਕਤੀ ਹੁੰਦੀ ਹੈ। ਇਹ ਸਥਿਰ ਮਾਨਸਿਕਤਾ ਦੀ ਨਿਸ਼ਾਨੀ ਹੈ। ਦੂਜੇ ਪਾਸੇ ਵਿਕਾਸਸ਼ੀਲ ਮਾਨਸਿਕਤਾ ਵਾਲੇ ਲੋਕ ਮੰਨਦੇ ਹਨ ਕਿ ਮਿਹਨਤ, ਸਹੀ ਰਣਨੀਤੀ ਤੇ ਲਗਾਤਾਰ ਸਿੱਖਣ ਨਾਲ ਕੋਈ ਵੀ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ।
ਵਿਕਾਸਸ਼ੀਲ ਮਾਨਸਿਕਤਾ
ਖੇਡਾਂ ਦੀ ਦੁਨੀਆ ਵਿਚ ਇਸ ਦੀ ਸਭ ਤੋਂ ਵੱਡੀ ਉਦਾਹਰਨ 1990 ਵਿਚ ਵੇਖਣ ਨੂੰ ਮਿਲੀ। ਮਾਈਕ ਟਾਇਸਨ, ਜਿਸ ਨੂੰ ਉਸ ਸਮੇਂ ਅਜੇਤੂ ਮੰਨਿਆ ਜਾਂਦਾ ਸੀ, ਦਾ ਮੁਕਾਬਲਾ ਬਸਟਰ ਡਗਲਸ ਨਾਲ ਹੋਇਆ। ਟਾਇਸਨ ਕੋਲ ਬੇਅੰਤ ਹੁਨਰ ਸੀ ਪਰ ਉਸ ਸਮੇਂ ਉਹ ਆਪਣੀ ਸਿਖ਼ਰ ’ਤੇ ਹੋਣ ਕਾਰਨ ਸਥਿਰ ਮਾਨਸਿਕਤਾ ਦਾ ਸ਼ਿਕਾਰ ਹੋ ਚੁੱਕਿਆ ਸੀ। ਉਸ ਨੇ ਸਿਖਲਾਈ ਨੂੰ ਹਲਕੇ ’ਚ ਲਿਆ। ਦੂਜੇ ਪਾਸੇ ਡਗਲਸ ਨੇ ਉਸ ਮੈਚ ਲਈ ਆਪਣੀ ਪੂਰੀ ਜਾਨ ਲਗਾ ਦਿੱਤੀ ਸੀ। ਜਦੋਂ ਟਾਇਸਨ ਨੇ ਉਸ ਨੂੰ ਮੁੱਕਾ ਮਾਰ ਕੇ ਸੁੱਟ ਦਿੱਤਾ ਤਾਂ ਦੁਨੀਆ ਨੂੰ ਲੱਗਿਆ ਕਿ ਮੈਚ ਖ਼ਤਮ ਹੋ ਗਿਆ ਪਰ ਡਗਲਸ ਕੋਲ ਵਿਕਾਸਸ਼ੀਲ ਮਾਨਸਿਕਤਾ ਸੀ। ਉਹ ਉੱਠਿਆ ਤੇ ਉਸ ਨੇ ਉਹ ਕਰ ਦਿਖਾਇਆ, ਜੋ ਕਿਸੇ ਨੇ ਸੋਚਿਆ ਵੀ ਨਹੀਂ ਸੀ ਤੇ ਉਸ ਨੇ ਟਾਇਸਨ ਨੂੰ ਹਰਾ ਦਿੱਤਾ। ਇਹ ਜਿੱਤ ਹੁਨਰ ਦੀ ਨਹੀਂ ਸਗੋਂ ਲੜਨ ਦੀ ਇੱਛਾ ਅਤੇ ਮਾਨਸਿਕਤਾ ਦੀ ਜਿੱਤ ਸੀ।
ਵਿਕਾਸਸ਼ੀਲ ਮਾਨਸਿਕਤਾ (Growth Mindset) ਦਾ ਮਤਲਬ ਇਹ ਵਿਸ਼ਵਾਸ ਰੱਖਣਾ ਹੈ ਕਿ ਮਿਹਨਤ ਤੇ ਸਿੱਖਣ ਨਾਲ ਅਸੀਂ ਆਪਣੀਆਂ ਕਾਬਲੀਅਤਾਂ ਨੂੰ ਬਦਲ ਸਕਦੇ ਹਾਂ ਪਰ ਇਸ ਵਿਕਾਸ ਦੇ ਪਿੱਛੇ ਸਭ ਤੋਂ ਵੱਡੀ ਤਾਕਤ ਤੁਹਾਡੀ ਕਿਉਂ (Why) ਹੁੰਦੀ ਹੈ। ਜਦੋਂ ਤੁਹਾਡੇ ਕੋਲ ਕੋਈ ਵੱਡਾ ਮਕਸਦ ਹੁੰਦਾ ਹੈ, ਤਾਂ ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਬਸਟਰ ਡਗਲਸ ਨੇ ਉਸ ਸਮੇਂ ਦੇ ਅਜੇਤੂ ਮੁੱਕੇਬਾਜ਼ ਮਾਈਕ ਟਾਇਸਨ ਨੂੰ ਹਰਾ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਕੋਈ ਵੀ ਨਹੀਂ ਮੰਨਦਾ ਸੀ ਕਿ ਡਗਲਸ ਜਿੱਤ ਸਕਦਾ ਹੈ ਪਰ ਉਸ ਕੋਲ ਬਹੁਤ ਮਜ਼ਬੂਤ ‘ਕਿਉਂ’ ਸੀ। ਲੜਾਈ ਤੋਂ ਕੁਝ ਦਿਨ ਪਹਿਲਾਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਪੁੱਤਰ ਵਿਸ਼ਵ ਚੈਂਪੀਅਨ ਬਣੇ। ਆਪਣੀ ਮਾਂ ਦੇ ਉਸ ਸੁਪਨੇ ਨੂੰ ਪੂਰਾ ਕਰਨ ਦੀ ਚਾਹਤ ਨੇ ਡਗਲਸ ਨੂੰ ਉਹ ਮਾਨਸਿਕ ਸ਼ਕਤੀ ਦਿੱਤੀ, ਜਿਸ ਨੇ ਸਾਰੀਆਂ ਰੁਕਾਵਟਾਂ ਤੋੜ ਦਿੱਤੀਆਂ।
ਸਿੱਖਿਆ
ਮਕਸਦ ਦੀ ਤਾਕਤ: ਜਦੋਂ ਤੁਹਾਡਾ ਉਦੇਸ਼ ਨਿੱਜੀ ਸਵਾਰਥ ਤੋਂ ਵੱਡਾ ਹੁੰਦਾ ਹੈ, ਤਾਂ ਤੁਹਾਡੀ ਸਿੱਖਣ ਤੇ ਲੜਨ ਦੀ ਸਮਰੱਥਾ ਵੱਧ ਜਾਂਦੀ ਹੈ।
ਲਚਕਤਾ : ਮਜ਼ਬੂਤ ‘ਕਿਉਂ’ ਤੁਹਾਨੂੰ ਹਾਰ ਮੰਨਣ ਨਹੀਂ ਦਿੰਦਾ, ਚਾਹੇ ਹਾਲਾਤ ਕਿੰਨੇ ਵੀ ਔਖੇ ਹੋਣ।
ਜੇ ਤੁਸੀਂ ਆਪਣੇ ਜ਼ਿੰਦਗੀ ਵਿਚ ਅੱਗੇ ਵਧਣਾ ਚਾਹੁੰਦੇ ਹੋ, ਤਾਂ ਆਪਣੇ ਕੰਮ ਦੇ ਪਿੱਛੇ ਦਾ ‘ਕਿਉਂ’ ਲੱਭੋ। ਇਹ ਤੁਹਾਡੀ ਵਿਕਾਸਸ਼ੀਲ ਮਾਨਸਿਕਤਾ ਨੂੰ ਨਵੀਂ ਉਚਾਈ ’ਤੇ ਲਿਜਾਵੇਗੀ।
ਫੇਲ੍ਹ ਹੋਣਾ ਅੰਤ ਨਹੀਂ
ਦੁਨੀਆ ਦੇ ਵੱਡੇ ਉਦਯੋਗਪਤੀਆਂ ਦੀਆਂ ਜੀਵਨੀਆਂ ਪੜ੍ਹੀਏ ਤਾਂ ਤੁਹਾਡੀ ਵਿਕਾਸਸ਼ੀਲ ਮਾਨਸਿਕਤਾ ਹਰ ਥਾਂ ਨਜ਼ਰ ਆਉਂਦੀ ਹੈ।
- ਥਾਮਸ ਐਡੀਸਨ : ਬਲਬ ਬਣਾਉਣ ਵੇਲੇ ਉਹ ਹਜ਼ਾਰਾਂ ਵਾਰ ਫੇਲ੍ਹ ਹੋਏ। ਜੇ ਉਹ ਸਥਿਰ ਮਾਨਸਿਕਤਾ ਵਾਲੇ ਹੁੰਦੇ, ਤਾਂ ਉਹ ਪਹਿਲੀਆਂ ਦਸ ਕੋਸ਼ਿਸ਼ਾਂ ਵਿਚ ਹੀ ਹਾਰ ਮੰਨ ਲੈਂਦੇ। ਉਨ੍ਹਾਂ ਕਿਹਾ, ‘ਮੈਂ ਫੇਲ੍ਹ ਨਹੀਂ ਹੋਇਆ, ਮੈਂ 10,000 ਅਜਿਹੇ ਤਰੀਕੇ ਲੱਭੇ ਹਨ, ਜੋ ਕੰਮ ਨਹੀਂ ਕਰਦੇ।’
- ਸਟੀਵ ਜੌਬਸ: ਆਪਣੀ ਹੀ ਬਣਾਈ ਐਪਲ ਕੰਪਨੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਉਨ੍ਹਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਨਵੀਆਂ ਕੰਪਨੀਆਂ NeXT ਤੇ Pixar ਖੜ੍ਹੀਆਂ ਕੀਤੀਆਂ ਅਤੇ ਆਖ਼ਰ ਦੁਬਾਰਾ ਐਪਲ ਨੂੰ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣਾਇਆ।
ਅਮਲ ’ਚ ਕਿਵੇਂ ਲਿਆਈਏ?
ਜੇ ਤੁਸੀਂ ਆਪਣੇ ਕਰੀਅਰ ਵਿਚ ਖੜੋਤ ਮਹਿਸੂਸ ਕਰ ਰਹੇ ਹੋ, ਤਾਂ ਇਹ ਕੁਝ ਕਦਮ ਤੁਹਾਡੀ ਸੋਚ ਬਦਲ ਸਕਦੇ ਹਨ। ਵਿਕਾਸਸ਼ੀਲ ਮਾਨਸਿਕਤਾ ਨੂੰ ਮਜ਼ਬੂਤ ਕਰਨ ਲਈ ਕੁਝ ਪ੍ਰਭਾਵਸ਼ਾਲੀ ਰੋਜ਼ਾਨਾ ਅਭਿਆਸ ਹਨ, ਜੋ ਤੁਹਾਡੀ ‘ਕਿਉਂ’ ਨੂੰ ਸਪੱਸ਼ਟ ਕਰਨ ਵਿੱਚ ਮਦਦ ਕਰਨਗੇ।
- ਆਰਾਮਦਾਇਕ ਖੇਤਰ ਨੂੰ ਤਿਆਗੋ: ਨਵੇਂ ਪ੍ਰਾਜੈਕਟ ਹੱਥ ’ਚ ਲਓ, ਭਾਵੇਂ ਉਹ ਤੁਹਾਨੂੰ ਮੁਸ਼ਕਲ ਲੱਗਣ। ਗ਼ਲਤੀਆਂ ਹੋਣਗੀਆਂ ਪਰ ਉਹ ਗ਼ਲਤੀਆਂ ਹੀ ਤੁਹਾਡੇ ਤਜਰਬੇ ਦਾ ਹਿੱਸਾ ਬਣਨਗੀਆਂ।
ਅਜੇ ਨਹੀਂ ਦੀ ਵਰਤੋਂ
ਜਦੋਂ ਵੀ ਤੁਸੀਂ ਕਿਸੇ ਕੰਮ ਵਿਚ ਅਸਫਲ ਹੁੰਦੇ ਹੋ ਜਾਂ ਕੁਝ ਸਿੱਖਣ ਵਿਚ ਮੁਸ਼ਕਲ ਆਉਂਦੀ ਹੈ, ਤਾਂ ਇਹ ਨਾ ਕਹੋ ਕਿ ਮੈਂ ਇਹ ਨਹੀਂ ਕਰ ਸਕਦਾ। ਇਸ ਦੀ ਬਜਾਏ ਕਹੋ, ਮੈਂ ਇਹ ‘ਅਜੇ’ ਨਹੀਂ ਕਰ ਸਕਦਾ। ਇਹ ਛੋਟਾ ਜਿਹਾ ਸ਼ਬਦ ਤੁਹਾਡੇ ਦਿਮਾਗ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਭਵਿੱਖ ਵਿਚ ਸੁਧਾਰ ਦੀ ਸੰਭਾਵਨਾ ਹੈ।
ਰਾਤ ਨੂੰ ਸਵੈ-ਪੜਚੋਲ
ਸੌਣ ਤੋਂ ਪਹਿਲਾਂ ਖ਼ੁਦ ਨੂੰ ਇਹ ਤਿੰਨ ਸਵਾਲ ਪੁੱਛੋ।
- ਅੱਜ ਮੈਂ ਆਪਣੀ ਗ਼ਲਤੀ ਤੋਂ ਕੀ ਸਿੱਖਿਆ?
- ਅੱਜ ਮੈਂ ਕਿਸ ਕੰਮ ’ਚ ਸਭ ਤੋਂ ਵੱਧ ਮਿਹਨਤ ਕੀਤੀ?
- ਮੇਰਾ ਅੱਜ ਦਾ ਕੰਮ ਮੇਰੇ ਵੱਡੇ ਮਕਸਦ (ਕਿਉਂ) ਦੇ ਕਿੰਨਾ ਨੇੜੇ ਹੈ?
ਨਤੀਜੇ ਦੀ ਬਜਾਏ ਕੋਸ਼ਿਸ਼ ਦੀ ਕਰੋ ਤਾਰੀਫ਼
ਜੇ ਤੁਸੀਂ ਕਿਸੇ ਬੱਚੇ ਜਾਂ ਖ਼ੁਦ ਦੀ ਤਾਰੀਫ਼ ਕਰਨੀ ਹੈ ਤਾਂ ਤੁਸੀਂ ਬਹੁਤ ਹੁਸ਼ਿਆਰ ਹੋ ਕਹਿਣ ਦੀ ਬਜਾਏ ਤੁਹਾਡੀ ਮਿਹਨਤ ਅਤੇ ਰਣਨੀਤੀ ਬਹੁਤ ਵਧੀਆ ਸੀ, ਕਹੋ। ਇਹ ਪ੍ਰਕਿਰਿਆ ’ਤੇ ਧਿਆਨ ਕੇਂਦਰਿਤ ਕਰਨ ਵਿਚ ਮਦਦ ਕਰਦਾ ਹੈ।
ਰੋਜ਼ਾਨਾ 5 ਮਿੰਟ ਸ਼ਾਂਤ ਬੈਠ ਕੇ ਕਰੋ ਕਲਪਨਾ
ਰੋਜ਼ਾਨਾ 5 ਮਿੰਟ ਸ਼ਾਂਤ ਬੈਠ ਕੇ ਕਲਪਨਾ ਕਰੋ ਕਿ ਤੁਸੀਂ ਆਪਣੇ ਮਕਸਦ ਨੂੰ ਕਿਉਂ ਪ੍ਰਾਪਤ ਕਰਨਾ ਚਾਹੁੰਦੇ ਹੋ। ਆਪਣੀ ‘ਕਿਉਂ’ ਨੂੰ ਯਾਦ ਕਰੋ (ਜਿਵੇਂ ਡਗਲਸ ਲਈ ਉਸ ਦੀ ਮਾਂ ਦਾ ਸੁਪਨਾ ਸੀ)। ਇਹ ਭਾਵਨਾਤਮਿਕ ਸਾਂਝ ਤੁਹਾਨੂੰ ਔਖੇ ਸਮੇਂ ਵਿਚ ਹਾਰ ਨਹੀਂ ਮੰਨਣ ਦੇਵੇਗੀ।
ਕਰੀਅਰ ਦੀ ਦੌੜ ਵਿਚ ਡਿਗਰੀਆਂ ਸਿਰਫ਼ ਰਸਤਾ ਖੋਲ੍ਹਦੀਆਂ ਹਨ ਪਰ ਅੱਗੇ ਵਧਣ ਲਈ ਵਿਕਾਸਸ਼ੀਲ ਮਾਨਸਿਕਤਾ ਦਾ ਇੰਜਣ ਚਾਹੀਦਾ ਹੈ। ਯਾਦ ਰੱਖੋ ਕਿ ਮਾਈਕ ਟਾਇਸਨ ਵਰਗੇ ਦਿੱਗਜ ਨੂੰ ਹਰਾਉਣ ਲਈ ਕਿਸੇ ਸੁਪਰਮੈਨ ਦੀ ਲੋੜ ਨਹੀਂ ਸੀ ਸਗੋਂ ਅਜਿਹੇ ਇਨਸਾਨ ਦੀ ਲੋੜ ਸੀ, ਜੋ ਡਿੱਗ ਕੇ ਉੱਠਣਾ ਜਾਣਦਾ ਸੀ। ਅੱਜ ਹੀ ਆਪਣੀ ਸੋਚ ਬਦਲੋ, ਤੁਹਾਡਾ ਭਵਿੱਖ ਆਪਣੇ ਆਪ ਬਦਲ ਜਾਵੇਗਾ।
- ਪ੍ਰਿੰ. ਮਨਿੰਦਰ ਕੌਰ