ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਸਾਫਟਵੇਅਰ ਅਤੇ ਹਾਰਡਵੇਅਰ ਪ੍ਰਕਿਰਿਆਵਾਂ ਦੇ ਡਿਜ਼ਾਈਨ, ਲਾਗੂ ਕਰਨ ਤੇ ਪ੍ਰਬੰਧਨ ਨਾਲ ਸਬੰਧਿਤ ਹੁੰਦਾ ਹੈ। ਕੰਪਿਊਟਰ ਦਾ ਡਿਜ਼ਾਈਨ, ਨਿਰਮਾਣ, ਪ੍ਰੋਗਰਾਮਿੰਗ ਤੇ ਦੇਖਭਾਲ ਕਰਨਾ ਕੰਪਿਊਟਰ ਇੰਜੀਨੀਅਰ ਦਾ ਮੁੱਖ ਕੰਮ ਹੁੰਦਾ ਹੈ। ਕੰਪਿਊਟਰ ’ਚ ਪ੍ਰੋਗਰਾਮਿੰਗ ਜਿਵੇਂ ਪਾਈਥਨ, ਜਾਵਾ, ਡਾਟਾ ਸਟਰੱਕਚਰ, ਐਲਗੋਰਿਦਮ ਅਤੇ ਸਾਫਟਵੇਅਰ ਵਿਕਾਸ ਸ਼ਾਮਿਲ ਹੁੰਦੇ ਹਨ।

ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਸਾਫਟਵੇਅਰ ਅਤੇ ਹਾਰਡਵੇਅਰ ਪ੍ਰਕਿਰਿਆਵਾਂ ਦੇ ਡਿਜ਼ਾਈਨ, ਲਾਗੂ ਕਰਨ ਤੇ ਪ੍ਰਬੰਧਨ ਨਾਲ ਸਬੰਧਿਤ ਹੁੰਦਾ ਹੈ। ਕੰਪਿਊਟਰ ਦਾ ਡਿਜ਼ਾਈਨ, ਨਿਰਮਾਣ, ਪ੍ਰੋਗਰਾਮਿੰਗ ਤੇ ਦੇਖਭਾਲ ਕਰਨਾ ਕੰਪਿਊਟਰ ਇੰਜੀਨੀਅਰ ਦਾ ਮੁੱਖ ਕੰਮ ਹੁੰਦਾ ਹੈ। ਕੰਪਿਊਟਰ ’ਚ ਪ੍ਰੋਗਰਾਮਿੰਗ ਜਿਵੇਂ ਪਾਈਥਨ, ਜਾਵਾ, ਡਾਟਾ ਸਟਰੱਕਚਰ, ਐਲਗੋਰਿਦਮ ਅਤੇ ਸਾਫਟਵੇਅਰ ਵਿਕਾਸ ਸ਼ਾਮਿਲ ਹੁੰਦੇ ਹਨ।
ਕੋਰਸ
ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ : ਇਹ ਕੋਰਸ ਇਕ ਸਾਲ ਦਾ ਹੁੰਦਾ ਹੈ। 10ਵੀਂ ਪਾਸ ਉਮੀਦਵਾਰ ਦਾਖ਼ਲਾ ਲੈਣ ਦੇ ਯੋਗ ਹੁੰਦੇ ਹਨ। ਇਹ ਕੋਰਸ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈਟੀਆਈਜ਼) ਵਿਚ ਉਪਲਬਧ ਹੁੰਦਾ ਹੈ।
ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਜ਼ (ਡੀਸੀਏ) : ਦਾਖ਼ਲੇ ਦੀ ਯੋਗਤਾ ਕਿਸੇ ਵੀ ਸਟ੍ਰੀਮ ਵਿਚ 10+2 ਪਾਸ ਹੋਣਾ ਲਾਜ਼ਮੀ ਹੈ। ਕੋਰਸ ਦੀ ਮਿਆਦ 6 ਤੋਂ 12 ਮਹੀਨੇ ਹੁੰਦੀ ਹੈ।
ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨਜ਼ (ਬੀਸੀਏ) : ਇਹ ਤਿੰਨ ਸਾਲ ਅਰਸੇ ਦਾ ਕੋਰਸ ਹੁੰਦਾ ਹੈ, ਜਿਸ ਵਿਚ ਕਿਸੇ ਵੀ ਸਟ੍ਰੀਮ ਵਿਚ 10+2 ਪਾਸ ਦਾਖ਼ਲਾ ਲੈ ਸਕਦੇ ਹਨ। ਮੈਥ/ਕੰਪਿਊਟਰ ਵਿਸ਼ਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪੋਲੀਟੈਕਨਿਕ ਡਿਪਲੋਮਾ ਪਾਸ ਉਮੀਦਵਾਰ ਬੀਸੀਏ ਦੂਜੇ ਸਾਲ ਵਿਚ ਸਿੱਧਾ ਦਾਖ਼ਲਾ (ਲੇਟਰਲ ਐਂਟਰੀ) ਲੈਣ ਦੇ ਯੋਗ ਹੁੰਦੇ ਹਨ।
ਬੀਐੱਸਸੀ ਕੰਪਿਊਟਰ ਸਾਇੰਸ/ਇਨਫਰਮੇਸ਼ਨ ਤਕਨਾਲੋਜੀ : ਇਸ ਤਿੰਨ ਸਾਲਾ ਕੋਰਸ ਵਿਚ ਦਾਖ਼ਲੇ ਦੀ ਯੋਗਤਾ 10+2 ਸਾਇੰਸ ਸਟ੍ਰੀਮ ਹੈ।
ਪੰਜ ਸਾਲਾ ਐੱਮਸੀਏ ਇੰਟੀਗ੍ਰੇਟਿਡ ਕੋਰਸ : ਅਨੇਕਾਂ ਯੂਨੀਵਰਸਿਟੀਆਂ ਵਿਚ ਮੁਹੱਈਆ ਇਸ ਕੋਰਸ ਵਿਚ 10+2 ਪਾਸ ਕਰਨ ਤੋਂ ਬਾਅਦ ਦਾਖ਼ਲਾ ਲਿਆ ਜਾ ਸਕਦਾ ਹੈ।
ਐੱਮਸੀਏ: ਇਹ ਕੋਰਸ 2 ਸਾਲ ਦੀ ਮਿਆਦ ਦਾ ਹੁੰਦਾ ਹੈ।ਇਸ ਕੋਰਸ ਵਿਚ ਦਾਖ਼ਲੇ ਦੀ ਯੋਗਤਾ ਬੈਚਲਰ ਡਿਗਰੀ (ਬੀਸੀਏ, ਬੀਐੱਸਸੀ, ਬੀਏ ਜਾਂ ਬੀਕਾਮ, ਬੀਈ/ਬੀਟੈੱਕ) ਹੈ। 10+ 2 ਜਾਂ ਗ੍ਰੈਜੂਏਸ਼ਨ ਪੱਧਰ ’ਤੇ ਗਣਿਤ ਲਾਜ਼ਮੀ ਹੁੰਦਾ ਹੈ।
ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਜ਼ (ਪੀਜੀਡੀਸੀਏ) : ਕਿਸੇ ਵੀ ਸਟ੍ਰੀਮ ਵਿਚ ਗ੍ਰੈਜੂਏਟ ਇਸ ਇਕ ਸਾਲਾ ਕੋਰਸ ਵਿਚ ਦਾਖ਼ਲਾ ਲੈ ਸਕਦੇ ਹਨ।
ਓ-ਲੈਵਲ, ਏ-ਲੈਵਲ ਕੋਰਸ : ਇਕ ਸਾਲਾ ਇਨ੍ਹਾਂ ਕੋਰਸਾਂ ਵਿਚ 12ਵੀਂ ਪਾਸ ਦਾਖ਼ਲਾ ਲੈ ਸਕਦੇ ਹਨ।
ਕੰਪਿਊਟਰ ਸਾਇੰਸ ਇੰਜੀਨੀਅਰਿੰਗ ’ਚ ਡਿਪਲੋਮਾ : ਪੋਲੀਟੈਕਨਿਕ ਕਾਲਜਾਂ ਵਿਚ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਤਿੰਨ ਸਾਲਾ ਡਿਪਲੋਮਾ ਕੋਰਸ ਉਪਲੱਬਧ ਹੁੰਦੇ ਹਨ। ਪਹਿਲੇ ਸਾਲ ਵਿਚ ਦਾਖ਼ਲੇ ਦੀ ਯੋਗਤਾ ਦਸਵੀਂ ਪਾਸ ਹੈ। ਦੋ ਸਾਲਾ ਆਈਟੀਆਈ ਪਾਸ ਜਾਂ 10+2 ਸਾਇੰਸ/ਵੋਕੇਸ਼ਨਲ ਪਾਸ ਉਮੀਦਵਾਰ ਲੇਟਰਲ ਐਂਟਰੀ ਰਾਹੀਂ ਦੂਜੇ ਸਾਲ ਵਿਚ ਸਿੱਧਾ ਦਾਖ਼ਲਾ ਲੈਣ ਦੇ ਯੋਗ ਹੁੰਦੇ ਹਨ। ਦਾਖ਼ਲਾ ਯੋਗਤਾ ਇਮਤਿਹਾਨ ’ਚੋਂ ਪ੍ਰਾਪਤ ਅੰਕਾਂ ਦੀ ਮੈਰਿਟ ਦੇ ਆਧਾਰ ’ਤੇ ਕੀਤਾ ਜਾਂਦਾ ਹੈ।
ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਬੀਈ/ਬੀਟੈੱਕ ਕੋਰਸ
ਆਈਆਈਟੀਜ਼,ਟੈਕਨੀਕਲ ਤੇ ਦੂਜੀਆਂ ਯੂਨੀਵਰਸਿਟੀਆਂ, ਐੱਨਆਈਟੀਜ਼, ਇੰਜੀਨੀਅਰਿੰਗ ਕਾਲਜਾਂ, ਪੀਆਈਟੀਜ਼ ਵਿਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ 4 ਸਾਲਾ ਬੀਈ/ਬੀਟੈੱਕ ਕੋਰਸਾਂ ਵਿਚ ਦਾਖ਼ਲਾ ਫਿਜ਼ੀਕਸ, ਕੈਮਿਸਟਰੀ, ਮੈਥੇਮੈਟਿਕਸ ਵਿਸ਼ਿਆਂ ਨਾਲ ਪਾਸ 10+2 (ਨਾਨ-ਮੈਡੀਕਲ) ਤੋਂ ਬਾਅਦ ਜੇਈਈ (ਮੇਨ) ਪ੍ਰਵੇਸ਼ ਪ੍ਰੀਖਿਆ ਰਾਹੀਂ ਹੁੰਦਾ ਹੈ। ਆਈਆਈਟੀਜ਼ ਵਿਚ ਜੇਈਈ (ਐਡਵਾਂਸ) ਪ੍ਰਵੇਸ਼ ਪ੍ਰੀਖਿਆ ਰਾਹੀਂ ਦਾਖ਼ਲਾ ਲਿਆ ਜਾ ਸਕਦਾ ਹੈ। ਤਿੰਨ ਸਾਲਾ ਡਿਪਲੋਮਾ/ਬੀਐੱਸਸੀ ਨਾਨ-ਮੈਡੀਕਲ/ਬੀ.ਵੋਕ. ਪਾਸ ਉਮੀਦਵਾਰ ਲੇਟਰਲ ਐਂਟਰੀ ਰਾਹੀਂ ਬੀਈ/ਬੀਟੈੱਕ ਦੇ ਦੂਜੇ ਸਾਲ ਵਿਚ ਸਿੱਧਾ ਦਾਖ਼ਲਾ ਲੈਣ ਦੇ ਯੋਗ ਹੁੰਦੇ ਹਨ।
ਉੱਭਰਦੀਆਂ ਤਕਨਾਲੋਜੀਆਂ
ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਮਸ਼ੀਨ ਲਰਨਿੰਗ, ਇੰਟਰਨੈੱਟ ਆਫ ਥਿੰਗਜ਼, ਡਾਟਾ ਸਾਇੰਸ, ਸਾਈਬਰ ਸਕਿਓਰਿਟੀ, ਕਲਾਊਡ ਕੰਪਿਊਟਿੰਗ, ਨੈੱਟਵਰਕਿੰਗ, ਸਾਫਟਵੇਅਰ ਇੰਜੀਨੀਅਰਿੰਗ ਵਿਚ ਸਪੈਸ਼ਲਾਈਜੇਸ਼ਨ ਨਾਲ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਬੀਈ/ਬੀਟੈੱਕ ਕੋਰਸ ਉਪਲੱਬਧ ਹਨ। ਇਨ੍ਹਾਂ ਉੱਭਰਦੀਆਂ ਤਕਨਾਲੋਜੀਆਂ ਦਾ ਭਵਿੱਖ ਵਿਚ ਬਹੁਤ ਸਕੋਪ ਹੈ।
ਪੋਸਟ ਗ੍ਰੈਜੂਏਟ ਡਿਪਲੋਮਾ
ਐਡਵਾਂਸ ਕੰਪਿਊਟਿੰਗ, ਡਾਟਾ ਐਨਾਲਿਟਿਕਸ, ਇੰਬੈਡਿਡ ਸਿਸਟਮ ਡਿਜ਼ਾਈਨ, ਆਈਟੀ ਇਨਫਰਾਸਟੱਕਚਰ ਸਿਸਟਮਜ਼ ਐਂਡ ਸਕਿਓਰਿਟੀ, ਆਰਟੀਫੀਸ਼ੀਅਲ ਇੰਟੈਲੀਜੈਂਸ, ਇੰਟਰਨੈੱਟ ਆਫ਼ ਥਿੰਗਜ਼ ਆਦਿ ਵਿਚ ਇੰਜੀਨੀਅਰਿੰਗ ਗ੍ਰੈਜੂਏਟਾਂ/ਐਮਸੀਏ/ਚੋਣਵੇਂ ਵਿਸ਼ਿਆਂ ਨਾਲ ਪੋਸਟ ਗ੍ਰੈਜੂਏਟਾਂ ਲਈ 900 ਘੰਟੇ ਦਾ ਰੁਜ਼ਗਾਰਮੁਖੀ ਪੋਸਟ ਗ੍ਰੈਜੂਏਟ ਡਿਪਲੋਮਾ ਵਿਚ ਕਾਮਨ ਅਡਮਿਸ਼ਨ ਟੈਸਟ ਰਾਹੀਂ ਦਾਖ਼ਲਾ ਕੀਤਾ ਜਾਂਦਾ ਹੈ।
ਮਾਨਤਾ
ਬੀਸੀਏ ਐੱਮਸੀਏ ਕੋਰਸਾਂ ਲਈ ਏਆਈਸੀਟੀਈ, ਨਵੀਂ ਦਿੱਲੀ ਤੋਂ ਮਾਨਤਾ ਲਾਜ਼ਮੀ ਕੀਤੀ ਗਈ ਹੈ।
ਰੁਜ਼ਗਾਰ ਦੇ ਮੌਕੇ
ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਅਜਿਹਾ ਕਿੱਤਾਮੁਖੀ ਕੋਰਸ ਹੈ, ਜਿਸ ਨੂੰ ਕਰਨ ਉਪਰੰਤ ਵਿਦਿਆਰਥੀ ਸਰਕਾਰੀ, ਅਰਧ-ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਵਿਚ ਕੰਮ ਕਰ ਸਕਦੇ ਹਨ, ਜਿਵੇਂ ਬੈਂਕ, ਸਕੂਲ, ਕਾਲਜ, ਬੀਐੱਸਐੱਨਐੱਲ, ਸੁਵਿਧਾ/ਸੇਵਾ ਕੇਂਦਰ, ਹਸਪਤਾਲ ਅਤੇ ਮਲਟੀਨੈਸ਼ਨਲ ਕੰਪਨੀਆਂ, ਜਿਵੇਂ ਵਿਪਰੋ, ਐੱਚਸੀਐੱਲ, ਟੀਸੀਐੱਸ, ਇੰਫੋਸਿਸ ਡੈੱਲ ਆਦਿ। ਕੰਪਿਊਟਰ ਇੰਜੀਨੀਅਰਾਂ ਕੋਲ ਆਈਟੀ ਕੰਪਨੀਆਂ ਵਿਚ ਕੰਮ ਕਰਨ ਦੇ ਬਹੁਤ ਸਾਰੇ ਬਦਲ ਹਨ, ਜਿਵੇਂ ਡਿਜ਼ਾਈਨ, ਵਿਕਾਸ ਅਸੈਂਬਲੀ, ਨਿਰਮਾਣ ਅਤੇ ਦੇਖਭਾਲ ਆਦਿ। ਪ੍ਰੋਗਰਾਮਰ ਵਜੋਂ ਕੰਮ ਕਰਨਾ, ਵੈੱਬ ਡਿਵੈਲਪਰ, ਦੂਰ ਸੰਚਾਰ ਕੰਪਨੀਆਂ, ਆਟੋਮੋਟਿਵ ਕੰਪਨੀਆਂ ਦੇ ਨਾਲ-ਨਾਲ ਈ-ਕਾਮਰਸ ਮਾਹਿਰ, ਏਅਰੋਸਪੇਸ ਕੰਪਨੀਆਂ ਆਦਿ ਵੀ ਲਾਭਕਾਰੀ ਕਰੀਅਰ ਬਦਲ ਹੋ ਸਕਦੀਆਂ ਹਨ। ਸਾਫਟਵੇਅਰ ਇੰਜੀਨੀਅਰਾਂ ਦੀ ਲਗਾਤਾਰ ਵੱਧ ਰਹੀ ਮੰਗ ਨੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਨੂੰ ਬਹੁਤ ਹਰਮਨਪਿਆਰਾ ਅਤੇ ਸੁਰੱਖਿਅਤ ਰੂਪ ਵਿਚ ਵਿਕਲਪ ਬਣਾ ਦਿੱਤਾ ਹੈ। ਸਾਫਟਵੇਅਰ ਇੰਜੀਨੀਅਰਿੰਗ ਕਰ ਕੇ ਵਿਦਿਆਰਥੀਆਂ ਨੂੰ ਗੂਗਲ,ਮਾਈਕ੍ਰੋਸਾਫ਼ਟ,ਐਪਲ,ਐਮਾਜ਼ੋਨ ਵਰਗੀਆਂ ਮਲਟੀਨੈਸ਼ਨਲ ਕੰਪਨੀਆਂ ਵਿਚ ਕੰਮ ਕਰਨ ਦਾ ਮੌਕਾ ਮਿਲਦਾ ਹੈ। ਮਲਟੀ ਮੀਡੀਆ ਐਨੀਮੇਸ਼ਨ ਗੇਮਿੰਗ, ਵੈੱਬ ਡਿਵੈਲਪਮੈਂਟ ’ਚ ਵੀ ਭਵਿੱਖ ਸਿਰਜਿਆ ਜਾ ਸਕਦਾ ਹੈ।
ਸੰਸਥਾਵਾਂ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
ਪੰਜਾਬੀ ਯੂਨੀਵਰਸਿਟੀ,ਪਟਿਆਲਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ।
ਆਈਕੇਜੀਪੀਟੀਯੂ, ਜਲੰਧਰ।
ਐੱਮਆਰਐੱਸ ਪੀਟੀਯੂ,ਬਠਿੰਡਾ।
- ਬਲਵਿੰਦਰ ਸਿੰਘ ਦੌਲਤਪੁਰਾ