- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖੀ ਇਤਿਹਾਸ ’ਚ ਜਦੋਂ ਵੀ ਕੋਈ ਨਵੀਂ ਤਕਨਾਲੋਜੀ ਆਈ ਹੈ, ਉਸ ਨੇ ਸਮਾਜ ਦੇ ਕੰਮ ਕਰਨ ਦੇ ਢੰਗ, ਸੋਚ, ਜੀਵਨਸ਼ੈਲੀ ਤੇ ਸਮੁੱਚੇ ਵਿਸ਼ਵ ਅਰਥਚਾਰੇ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਉਦਯੋਗਿਕ ਕ੍ਰਾਂਤੀ ਦੀ ਆਮਦ ਨਾਲ ਇਨਸਾਨੀ ਸਰੀਰਕ ਮਿਹਨਤ ਦੀ ਥਾਂ ਮਸ਼ੀਨਾਂ ਨੂੰ ਦੇ ਕੇ ਉਤਪਾਦਨ ਦੇ ਖੇਤਰ ਵਿਚ ਵਾਧਾ ਹੋਇਆ। ਕੰਪਿਊਟਰ ਤੇ ਇੰਟਰਨੈੱਟ ਦੀ ਆਮਦ ਨੇ ਜਾਣਕਾਰੀ ਦੇ ਆਦਾਨ-ਪ੍ਰਦਾਨ, ਸੰਚਾਰ ਤੇ ਵਪਾਰ ਕਰਨ ਦੇ ਤਰੀਕਿਆਂ ਵਿਚ ਇਕ ਯੁੱਗ ਪਲਟਾਊ ਬਦਲਾਅ ਲਿਆਂਦਾ।

ਮਨੁੱਖੀ ਇਤਿਹਾਸ ’ਚ ਜਦੋਂ ਵੀ ਕੋਈ ਨਵੀਂ ਤਕਨਾਲੋਜੀ ਆਈ ਹੈ, ਉਸ ਨੇ ਸਮਾਜ ਦੇ ਕੰਮ ਕਰਨ ਦੇ ਢੰਗ, ਸੋਚ, ਜੀਵਨਸ਼ੈਲੀ ਤੇ ਸਮੁੱਚੇ ਵਿਸ਼ਵ ਅਰਥਚਾਰੇ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਉਦਯੋਗਿਕ ਕ੍ਰਾਂਤੀ ਦੀ ਆਮਦ ਨਾਲ ਇਨਸਾਨੀ ਸਰੀਰਕ ਮਿਹਨਤ ਦੀ ਥਾਂ ਮਸ਼ੀਨਾਂ ਨੂੰ ਦੇ ਕੇ ਉਤਪਾਦਨ ਦੇ ਖੇਤਰ ਵਿਚ ਵਾਧਾ ਹੋਇਆ। ਕੰਪਿਊਟਰ ਤੇ ਇੰਟਰਨੈੱਟ ਦੀ ਆਮਦ ਨੇ ਜਾਣਕਾਰੀ ਦੇ ਆਦਾਨ-ਪ੍ਰਦਾਨ, ਸੰਚਾਰ ਤੇ ਵਪਾਰ ਕਰਨ ਦੇ ਤਰੀਕਿਆਂ ਵਿਚ ਇਕ ਯੁੱਗ ਪਲਟਾਊ ਬਦਲਾਅ ਲਿਆਂਦਾ।
ਵਿਦਿਆਰਥੀਆਂ ਪੇਸ਼ੇਵਰਾਂ ਦੇ ਮਨਾਂ ’ਚ ਖ਼ਦਸ਼ਾ
ਅੱਜ-ਕੱਲ੍ਹ ਅਸੀਂ ਅਜਿਹੀ ਨਵੀਂ ਤੇ ਅਟੱਲ ਕ੍ਰਾਂਤੀ ਦੇ ਸਾਹਮਣੇ ਖੜ੍ਹੇ ਹਾਂ, ਜਿਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਭਾਵ ਬਣਾਉਟੀ ਬੁੱਧੀਮਾਨਤਾ ਕਿਹਾ ਜਾਂਦਾ ਹੈ। ਏਆਈ ਦੀ ਇਹ ਲਹਿਰ ਦੁਨੀਆ ਦੇ ਹਰ ਛੋਟੇ-ਵੱਡੇ ਉਦਯੋਗ, ਸੰਸਥਾ ਤੇ ਮਨੁੱਖੀ ਜੀਵਨ ਦੇ ਹਰ ਪਹਿਲੂ ਨੂੰ ਨਵੇਂ ਸਿਰੇ ਤੋਂ ਘੜ ਰਹੀ ਹੈ। ਜਦੋਂ ਵੀ ਕੋਈ ਨਵੀਂ ਤਕਨਾਲੋਜੀ ਆਉਂਦੀ ਹੈ ਤਾਂ ਉਸ ਨਾਲ ਕੁਦਰਤੀ ਡਰ ਵੀ ਪੈਦਾ ਹੁੰਦਾ ਹੈ। ਅੱਜ ਵੀ ਕਈ ਲੋਕਾਂ, ਵਿਦਿਆਰਥੀਆਂ ਤੇ ਪੇਸ਼ੇਵਰਾਂ ਦੇ ਮਨਾਂ ’ਚ ਇਹ ਖ਼ਦਸ਼ਾ ਹੈ ਕਿ ਏਆਈ ਦੀ ਆਮਦ ਨਾਲ ਮਨੁੱਖੀ ਨੌਕਰੀਆਂ ਖ਼ਤਮ ਹੋ ਜਾਣਗੀਆਂ ਤੇ ਬੇਰੁਜ਼ਗਾਰੀ ਵਧੇਗੀ ਪਰ ਜੇ ਅਸੀਂ ਇਤਿਹਾਸਕ ਤੱਥਾਂ ਤੇ ਮੌਜੂਦਾ ਅੰਕੜਿਆਂ ਦਾ ਗੰਭੀਰਤਾ ਨਾਲ ਵਿਸ਼ਲੇਸ਼ਣ ਕਰੀਏ ਤਾਂ ਸੱਚਾਈ ਇਸ ਡਰ ਤੋਂ ਬਿਲਕੁਲ ਉਲਟ ਨਜ਼ਰ ਆਉਂਦੀ ਹੈ। ਏਆਈ ਪੁਰਾਣੇ ਇੱਕੋ ਜਿਹੇ ਤੇ ਦੁਹਰਾਓ ਵਾਲੇ ਕੰਮਾਂ ਨੂੰ ਸਵੈਚਾਲਿਤ ਕਰ ਕੇ ਜ਼ਰੂਰ ਖ਼ਤਮ ਕਰ ਰਹੀ ਹੈ ਪਰ ਇਸ ਦੇ ਨਾਲ ਹੀ ਇਹ ਲੱਖਾਂ-ਕਰੋੜਾਂ ਨਵੀਆਂ, ਵਧੇਰੇ ਸਮਾਰਟ, ਉੱਚ-ਕੁਸ਼ਲਤਾ ਵਾਲੀਆਂ ਅਤੇ ਬਿਹਤਰ ਤਨਖ਼ਾਹ ਵਾਲੀਆਂ ਨੌਕਰੀਆਂ ਦੇ ਦੁਆਰ ਵੀ ਖੋਲ੍ਹ ਰਹੀ ਹੈ। ਏਆਈ ਖੇਤਰ ’ਚ ਰੁਜ਼ਗਾਰ ਦਾ ਭਵਿੱਖ ਬਹੁਤ ਹੀ ਰੋਸ਼ਨ ਹੈ।
ਸੰਕਲਪ ਨੂੰ ਸਮਝਣਾ ਜ਼ਰੂਰੀ
ਏਆਈ ਦੇ ਸੰਕਲਪ ਨੂੰ ਸਾਧਾਰਨ ਭਾਸ਼ਾ ’ਚ ਸਮਝਣਾ ਬਹੁਤ ਜ਼ਰੂਰੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਵਿਗਿਆਨ ਦੀ ਅਜਿਹੀ ਉੱਨਤ ਸ਼ਾਖਾ ਹੈ, ਜੋ ਮਸ਼ੀਨਾਂ, ਸਾਫਟਵੇਅਰਾਂ ਤੇ ਐਲਗੋਰਿਦਮਾਂ ਨੂੰ ਮਨੁੱਖ ਵਾਂਗ ਸੋਚਣ, ਸਮਝਣ, ਸਿੱਖਣ, ਤਰਕ ਕਰਨ ਤੇ ਫ਼ੈਸਲੇ ਲੈਣ ਦੇ ਯੋਗ ਬਣਾਉਂਦੀ ਹੈ। ਇਸ ਵਿਚ ਵਿਸ਼ਾਲ ਡਾਟਾ ਦਾ ਵਿਸ਼ਲੇਸ਼ਣ ਕਰਨਾ, ਮਨੁੱਖੀ ਭਾਸ਼ਾ ਨੂੰ ਸਮਝਣਾ, ਤਸਵੀਰਾਂ ਤੇ ਵੀਡੀਓਜ਼ ਦੀ ਪਛਾਣ ਕਰਨਾ, ਭਵਿੱਖਬਾਣੀ ਕਰਨਾ ਤੇ ਜਟਿਲ ਸਮੱਸਿਆਵਾਂ ਦਾ ਹੱਲ ਕੱਢਣਾ ਸ਼ਾਮਿਲ ਹੈ। ਅੱਜ ਏਆਈ ਸਾਡੇ ਰੋਜ਼ਾਨਾ ਜੀਵਨ ’ਚ ਅਣਜਾਣੇ ਹੀ ਸ਼ਾਮਲ ਹੋ ਚੁੱਕੀ ਹੈ। ਸਾਡੇ ਸਮਾਰਟਫੋਨ ’ਚ ਮੌਜੂਦ ਵਾਇਸ ਅਸਿਸਟੈਂਟ, ਮਨੋਰੰਜਨ ਪਲੇਟਫਾਰਮਾਂ ’ਤੇ ਸਾਡੀ ਪਸੰਦ ਦੇ ਸੁਝਾਅ, ਈ-ਕਾਮਰਸ ਵੈੱਬਸਾਈਟਾਂ ’ਤੇ ਉਤਪਾਦਾਂ ਦੀਆਂ ਸਿਫ਼ਾਰਸ਼ਾਂ ਤੇ ਚੈਟਜੀਪੀਟੀ ਜਾਂ ਹੋਰ ਜੈਨਰੇਟਿਵ ਟੂਲਜ਼ ਇਸੇ ਤਕਨਾਲੋਜੀ ਦੇ ਪ੍ਰਤੱਖ ਪ੍ਰਮਾਣ ਹਨ।
ਮਾਹਿਰਾਂ ਦੀ ਆਲਮੀ ਪੱਧਰ ’ਤੇ ਵਧੀ ਮੰਗ
ਏਆਈ ਦਾ ਦਾਇਰਾ ਹੁਣ ਸਿਰਫ਼ ਕੰਪਿਊਟਰ ਪ੍ਰੋਗਰਾਮਿੰਗ ਜਾਂ ਆਈਟੀ ਕੰਪਨੀਆਂ ਦੀਆਂ ਲੈਬਾਰਟਰੀਆਂ ਤੱਕ ਸੀਮਤ ਨਹੀਂ ਰਿਹਾ। ਇਹ ਵਿਸ਼ਵ ਦੇ ਹਰ ਖੇਤਰ ’ਚ ਆਪਣਾ ਕਬਜ਼ਾ ਜਮਾ ਚੁੱਕੀ ਹੈ, ਜਿਸ ਕਾਰਨ ਏਆਈ ਮਾਹਿਰਾਂ ਦੀ ਮੰਗ ਗਲੋਬਲ ਪੱਧਰ ’ਤੇ ਵਧਣ ਲੱਗੀ ਹੈ। ਮਸ਼ੀਨ ਲਰਨਿੰਗ ਇੰਜੀਨੀਅਰ ਅਜਿਹੇ ਗਣਿਤਕ ਮਾਡਲ ਅਤੇ ਐਲਗੋਰਿਦਮ ਤਿਆਰ ਕਰਦੇ ਹਨ, ਜੋ ਨਵੇਂ ਡਾਟਾ ਤੋਂ ਆਪਣੇ ਆਪ ਸਿੱਖ ਕੇ ਆਪਣੇ ਕੰਮ ਨੂੰ ਬਿਹਤਰ ਬਣਾਉਂਦੇ ਹਨ। ਇਹ ਭੂਮਿਕਾ ਅੱਜ ਦੇ ਤਕਨਾਲੋਜੀ ਜਗਤ ਵਿਚ ਸਭ ਤੋਂ ਵੱਧ ਮੰਗ ਵਾਲੀਆਂ ਤੇ ਮਹਿੰਗੀਆਂ ਨੌਕਰੀਆਂ ਵਿੱਚੋਂ ਇਕ ਹੈ। ਡਾਟਾ ਨੂੰ ਏਆਈ ਦਾ ਸਭ ਤੋਂ ਵੱਡਾ ਬਦਲ ਮੰਨਿਆ ਜਾਂਦਾ ਹੈ। ਦੁਨੀਆ ਭਰ ’ਚ ਹਰ ਸਕਿੰਟ ਅਰਬਾਂ ਬਾਈਟਸ ਡਾਟਾ ਪੈਦਾ ਹੋ ਰਿਹਾ ਹੈ। ਇਸ ਅਥਾਹ ਡਾਟਾ ਦੇ ਸਮੁੰਦਰ ਵਿੱਚੋਂ ਅਰਥਪੂਰਨ ਜਾਣਕਾਰੀ, ਪੈਟਰਨ ਅਤੇ ਕੰਪਨੀਆਂ ਦੇ ਵਪਾਰਕ ਫ਼ੈਸਲਿਆਂ ਲਈ ਲਾਭਦਾਇਕ ਨਤੀਜੇ ਕੱਢਣਾ ਡਾਟਾ ਵਿਸ਼ਲੇਸ਼ਕਾਂ ਦਾ ਕੰਮ ਹੈ। ਡਾਟਾ ਸਾਇੰਸ ਤੋਂ ਬਿਨਾਂ ਕੋਈ ਵੀ ਏਆਈ ਪ੍ਰਣਾਲੀ ਸਹੀ ਢੰਗ ਨਾਲ ਕੰਮ ਨਹੀਂ ਕਰ ਸਕਦੀ। ਇਸੇ ਤਰ੍ਹਾਂ ਡਾਟਾ ਇੰਜੀਨੀਅਰ ਅਜਿਹੇ ਮਜ਼ਬੂਤ ਆਰਕੀਟੈਕਚਰ ਤੇ ਡਾਟਾ ਪਾਈਪਲਾਈਨਾਂ ਦਾ ਨਿਰਮਾਣ ਕਰਦੇ ਹਨ, ਜੋ ਡਾਟਾ ਨੂੰ ਸੁਰੱਖਿਅਤ, ਸਾਫ਼ ਅਤੇ ਵਰਤੋਂ ਯੋਗ ਬਣਾ ਕੇ ਸਿਸਟਮ ਤੱਕ ਪਹੁੰਚਾਉਂਦੇ ਹਨ। ਸਾਫਟਵੇਅਰ ਤੇ ਐਪਲੀਕੇਸ਼ਨ ਡਿਵੈਲਪਮੈਂਟ ਦੇ ਖੇਤਰ ਵਿਚ ਵੀ ਵੱਡਾ ਬਦਲਾਅ ਆਇਆ ਹੈ। ਹੁਣ ਸਾਧਾਰਨ ਕੋਡਿੰਗ ਦੀ ਥਾਂ ਏਆਈ ਸਾਫਟਵੇਅਰ ਡਿਵੈਲਪਰਾਂ ਦੀ ਮੰਗ ਹੈ, ਜੋ ਏਆਈ ਮਾਡਲਾਂ ਨੂੰ ਮੋਬਾਈਲ ਐਪਲੀਕੇਸ਼ਨਾਂ, ਵੈੱਬਸਾਈਟਾਂ, ਬੈਂਕਿੰਗ ਪ੍ਰਣਾਲੀਆਂ ਤੇ ਉਦਯੋਗਿਕ ਮਸ਼ੀਨਰੀ ਨਾਲ ਜੋੜ ਸਕਣ। ਇਸ ਦੇ ਨਾਲ ਹੀ ਪ੍ਰੋਂਪਟ ਇੰਜੀਨੀਅਰਿੰਗ ਵਜੋਂ ਬਿਲਕੁਲ ਨਵਾਂ ਤੇ ਰੋਮਾਂਚਕ ਕਰੀਅਰ ਸਾਹਮਣੇ ਆਇਆ ਹੈ। ਜੈਨਰੇਟਿਵ ਏਆਈ ਟੂਲਜ਼ ਤੋਂ ਸਹੀ, ਸਟੀਕ ਅਤੇ ਉੱਚ-ਗੁਣਵੱਤਾ ਵਾਲੇ ਨਤੀਜੇ ਪ੍ਰਾਪਤ ਕਰਨ ਲਈ ਸਹੀ ਨਿਰਦੇਸ਼ ਤੇ ਸਵਾਲ ਲਿਖਣ ਵਾਲੇ ਮਾਹਿਰਾਂ ਦੀ ਲੋੜ ਹਰ ਛੋਟੀ-ਵੱਡੀ ਕੰਪਨੀ ਨੂੰ ਪੈ ਰਹੀ ਹੈ।
ਸਾਈਬਰ ਸੁਰੱਖਿਆ ਮਾਹਿਰਾਂ ਦੇ ਪੈਦਾ ਹੋ ਰਹੇ ਮੌਕੇ
ਨੈਚੁਰਲ ਲੈਂਗੂਏਜ ਪ੍ਰੋਸੈਸਿੰਗ ਯਾਨੀ ਐੱਨਐੱਲਪੀ ਦੇ ਮਾਹਿਰਾਂ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੋ ਗਈ ਹੈ। ਇਹ ਮਾਹਿਰ ਅਜਿਹੇ ਸਿਸਟਮ ਤਿਆਰ ਕਰਦੇ ਹਨ, ਜੋ ਮਨੁੱਖੀ ਭਾਸ਼ਾਵਾਂ ਨੂੰ ਕੁਦਰਤੀ ਰੂਪ ਵਿਚ ਸਮਝ, ਲਿਖ, ਬੋਲ ਤੇ ਅਨੁਵਾਦ ਕਰ ਸਕਣ। ਵਾਇਸ ਬੋਟਸ, ਵਰਚੁਅਲ ਅਸਿਸਟੈਂਟਸ ਤੇ ਵੱਖ-ਵੱਖ ਭਾਸ਼ਾਵਾਂ ਦੇ ਆਟੋਮੈਟਿਕ ਅਨੁਵਾਦਕਾਂ ਦੇ ਵਿਕਾਸ ਵਿਚ ਇਨ੍ਹਾਂ ਮਾਹਿਰਾਂ ਦੀ ਕੇਂਦਰੀ ਭੂਮਿਕਾ ਹੁੰਦੀ ਹੈ। ਕੰਪਿਊਟਰ ਵਿਜ਼ਨ ਤੇ ਰੋਬੋਟਿਕਸ ਵੀ ਰੁਜ਼ਗਾਰ ਦੇ ਵੱਡੇ ਕੇਂਦਰ ਬਣ ਕੇ ਉੱਭਰੇ ਹਨ। ਕੰਪਿਊਟਰ ਵਿਜ਼ਨ ਇੰਜੀਨੀਅਰ ਮਸ਼ੀਨਾਂ ਨੂੰ ਤਸਵੀਰਾਂ, ਵੀਡੀਓਜ਼ ਅਤੇ ਵਿਜ਼ੂਅਲ ਡਾਟਾ ਨੂੰ ਵੇਖ ਕੇ ਪਛਾਣਨ ਅਤੇ ਫ਼ੈਸਲਾ ਲੈਣ ਦੇ ਯੋਗ ਬਣਾਉਂਦੇ ਹਨ। ਇਸ ਤਕਨਾਲੋਜੀ ਦੀ ਵਰਤੋਂ ਸੈਲਫ-ਡ੍ਰਾਈਵਿੰਗ ਗੱਡੀਆਂ, ਸੁਰੱਖਿਆ ਕੈਮਰਿਆਂ, ਫੈਕਟਰੀਆਂ ਵਿਚ ਸਾਮਾਨ ਦੀ ਜਾਂਚ ਤੇ ਮੈਡੀਕਲ ਸਕੈਨਿੰਗ ਵਿਚ ਵਿਆਪਕ ਤੌਰ ’ਤੇ ਹੋ ਰਹੀ ਹੈ। ਰੋਬੋਟਿਕਸ ਪ੍ਰੋਗਰਾਮਰ ਅਜਿਹੇ ਬੁੱਧੀਮਾਨ ਰੋਬੋਟ ਤਿਆਰ ਕਰ ਰਹੇ ਹਨ, ਜੋ ਭਾਰੀ ਉਦਯੋਗਾਂ, ਜਟਿਲ ਸਰਜਰੀਆਂ, ਗੋਦਾਮਾਂ ਦੇ ਪ੍ਰਬੰਧਨ ਤੇ ਘਰੇਲੂ ਕੰਮਾਂ ਵਿਚ ਮਨੁੱਖਾਂ ਦਾ ਹੱਥ ਵਟਾ ਰਹੇ ਹਨ। ਜਿਵੇਂ-ਜਿਵੇਂ ਏਆਈ ਦਾ ਪ੍ਰਭਾਵ ਵਧ ਰਿਹਾ ਹੈ, ਇਸ ਦੀ ਵਰਤੋਂ ਨਾਲ ਜੁੜੀਆਂ ਚੁਣੌਤੀਆਂ ਵੀ ਸਾਹਮਣੇ ਆ ਰਹੀਆਂ ਹਨ। ਇਸੇ ਲਈ ‘ਏਆਈ ਐਥਿਕਸ ਆਫ਼ਿਸਰ ਅਤੇ ਸਾਈਬਰ ਸੁਰੱਖਿਆ ਮਾਹਿਰਾਂ ਦੇ ਨਵੇਂ ਅਹੁਦੇ ਪੈਦਾ ਹੋਏ ਹਨ। ਏਆਈ ਐਥਿਕਸ ਮਾਹਿਰ ਇਹ ਯਕੀਨੀ ਬਣਾਉਂਦੇ ਹਨ ਕਿ ਏਆਈ ਪ੍ਰਣਾਲੀਆਂ ਪੱਖਪਾਤ ਰਹਿਤ, ਨਿਆਂਪੂਰਨ, ਪਾਰਦਰਸ਼ੀ ਅਤੇ ਮਾਨਵੀ ਅਧਿਕਾਰਾਂ ਦਾ ਸਤਿਕਾਰ ਕਰਨ ਵਾਲੀਆਂ ਹੋਣ। ਦੂਜੇ ਪਾਸੇ ਏਆਈ-ਆਧਾਰਿਤ ਸਾਈਬਰ ਸੁਰੱਖਿਆ ਮਾਹਿਰ ਜਟਿਲ ਏਆਈ ਮਾਡਲਾਂ ਨੂੰ ਹੈਕਿੰਗ, ਡਾਟਾ ਚੋਰੀ ਅਤੇ ਹੋਰ ਡਿਜੀਟਲ ਹਮਲਿਆਂ ਤੋਂ ਬਚਾਉਣ ਲਈ ਦਿਨ-ਰਾਤ ਕੰਮ ਕਰਦੇ ਹਨ।
ਰਵਾਇਤੀ ਖੇਤਰ ਨੂੰ ਦੇ ਰਹੀ ਨਵਾਂ ਰੂਪ
ਏਆਈ ਕਾਰਨ ਪੈਦਾ ਹੋ ਰਹੇ ਰੁਜ਼ਗਾਰ ਦੇ ਮੌਕੇ ਸਿਰਫ਼ ਆਈਟੀ ਜਾਂ ਕੰਪਿਊਟਰ ਬੈਕਗ੍ਰਾਊਂਡ ਵਾਲੇ ਲੋਕਾਂ ਤੱਕ ਸੀਮਤ ਨਹੀਂ ਹਨ ਸਗੋਂ ਇਹ ਹਰ ਰਵਾਇਤੀ ਖੇਤਰ ਨੂੰ ਨਵਾਂ ਰੂਪ ਦੇ ਰਹੇ ਹਨ। ਸਿਹਤ ਸੰਭਾਲ ਦੇ ਖੇਤਰ ਵਿਚ ਏਆਈ ਦੀ ਵਰਤੋਂ ਬੀਮਾਰੀਆਂ ਦੀ ਸ਼ੁਰੂਆਤੀ ਪੱਧਰ ’ਤੇ ਪਛਾਣ ਕਰਨ, ਐਕਸ-ਰੇ ਅਤੇ ਐੱਮਆਰਆਈ ਸਕੈਨ ਦਾ ਸਟੀਕ ਵਿਸ਼ਲੇਸ਼ਣ ਕਰਨ ਤੇ ਨਵੀਆਂ ਦਵਾਈਆਂ ਦੀ ਖੋਜ ਵਿੱਚ ਲੱਗਣ ਵਾਲੇ ਸਾਲਾਂ ਦੇ ਸਮੇਂ ਨੂੰ ਮਹੀਨਿਆਂ ਵਿਚ ਘਟਾਉਣ ਲਈ ਕੀਤੀ ਜਾ ਰਹੀ ਹੈ। ਜਿਹੜੇ ਡਾਕਟਰ, ਲੈਬ ਟੈਕਨੀਸ਼ੀਅਨ ਅਤੇ ਮੈਡੀਕਲ ਖੋਜਕਰਤਾ ਏਆਈ ਟੂਲਜ਼ ਦੀ ਵਰਤੋਂ ਸਿੱਖ ਰਹੇ ਹਨ, ਉਨ੍ਹਾਂ ਦੀ ਮੰਗ ਅਤੇ ਕੰਮ ਦੀ ਗੁਣਵੱਤਾ ਵਿਚ ਭਾਰੀ ਵਾਧਾ ਹੋ ਰਿਹਾ ਹੈ। ਸਿੱਖਿਆ ਖੇਤਰ ਵਿਚ ਏਆਈ ਨੇ ਵਿਅਕਤੀਗਤ ਸਿੱਖਿਆ ਪ੍ਰਣਾਲੀ ਨੂੰ ਸੰਭਵ ਬਣਾਇਆ ਹੈ। ਹਰ ਵਿਦਿਆਰਥੀ ਦੇ ਸਿੱਖਣ ਦੀ ਗਤੀ ਅਤੇ ਤਰੀਕਾ ਵੱਖਰਾ ਹੁੰਦਾ ਹੈ। ਏਆਈ-ਆਧਾਰਿਤ ਐਡ-ਟੈਕ ਪਲੇਟਫਾਰਮ ਵਿਦਿਆਰਥੀਆਂ ਦੀਆਂ ਕਮਜ਼ੋਰੀਆਂ ਨੂੰ ਪਛਾਣ ਕੇ ਉਨ੍ਹਾਂ ਦੇ ਅਨੁਕੂਲ ਪੜ੍ਹਾਈ ਸਮੱਗਰੀ ਤਿਆਰ ਕਰਦੇ ਹਨ। ਇਸ ਖੇਤਰ ਵਿਚ ਏਆਈ-ਸਮਰੱਥ ਅਧਿਆਪਕਾਂ, ਕੰਟੈਂਟ ਡਿਜ਼ਾਈਨਰਾਂ ਤੇ ਵਿੱਦਿਅਕ ਤਕਨਾਲੋਜੀ ਮਾਹਿਰਾਂ ਲਈ ਨਵੇਂ ਮੌਕੇ ਖੁੱਲ੍ਹ ਰਹੇ ਹਨ।
ਖ਼ੁਦ ਨੂੰ ਅਪਗ੍ਰੇਡ ਕਰਨ ਦੀ ਲੋੜ
ਜੇ ਸਾਡੇ ਸਕੂਲਾਂ, ਕਾਲਜਾਂ, ਪੋਲੀਟੈਕਨਿਕਾਂ ਤੇ ਯੂਨੀਵਰਸਿਟੀਆਂ ਦੇ ਪਾਠਕ੍ਰਮ ਵਿਚ ਏਆਈ, ਕੋਡਿੰਗ ਤੇ ਡਾਟਾ ਸਾਇੰਸ ਨੂੰ ਬੁਨਿਆਦੀ ਪੱਧਰ ’ਤੇ ਹੀ ਸ਼ਾਮਲ ਕਰ ਦਿੱਤਾ ਜਾਵੇ ਤਾਂ ਸਾਡੀ ਨਵੀਂ ਪੀੜ੍ਹੀ ਵਿਸ਼ਵ ਪੱਧਰੀ ਤਕਨਾਲੋਜੀ ਮਾਰਕੀਟ ਦੀ ਅਗਵਾਈ ਕਰ ਸਕਦੀ ਹੈ। ਜਦੋਂ ਦੁਨੀਆ ’ਚ ਕੰਪਿਊਟਰ ਆਏ ਸਨ ਤਾਂ ਟਾਈਪਰਾਈਟਰ ’ਤੇ ਕੰਮ ਕਰਨ ਵਾਲਿਆਂ ਨੇ ਵਿਰੋਧ ਕੀਤਾ ਸੀ ਪਰ ਜਿਨ੍ਹਾਂ ਨੇ ਸਮੇਂ ਦੇ ਹਾਣੀ ਬਣ ਕੇ ਕੰਪਿਊਟਰ ਚਲਾਉਣਾ ਸਿੱਖ ਲਿਆ, ਉਹ ਹੋਰ ਵੀ ਉੱਚੀਆਂ ਪਦਵੀਆਂ ’ਤੇ ਪਹੁੰਚ ਗਏ। ਅੱਜ ਏਆਈ ਦੇ ਮਾਮਲੇ ਵਿਚ ਵੀ ਬਿਲਕੁਲ ਉਹੀ ਸਥਿਤੀ ਹੈ। ਡਰਨ ਦੀ ਥਾਂ ਇਸ ਤਕਨਾਲੋਜੀ ਨੂੰ ਅਪਣਾਉਣ ਤੇ ਖ਼ੁਦ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ।
ਸਮੇਂ ਦਾ ਪਹੀਆ ਕਦੇ ਪਿੱਛੇ ਨਹੀਂ ਘੁੰਮਦਾ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ’ਚ ਆਈ ਇਹ ਕ੍ਰਾਂਤੀ ਰੁਜ਼ਗਾਰ ਦੇ ਅਣਗਿਣਤ, ਅਥਾਹ ਤੇ ਅਸੀਮਤ ਮੌਕੇ ਲੈ ਕੇ ਆਈ ਹੈ। ਇਹ ਅਜਿਹਾ ਲੋਕਤੰਤਰੀ ਖੇਤਰ ਹੈ, ਜਿੱਥੇ ਤੁਹਾਡੀ ਉਮਰ, ਲਿੰਗ, ਵਿੱਦਿਅਕ ਪਿਛੋਕੜ ਜਾਂ ਭੂਗੋਲਿਕ ਸਥਿਤੀ ਨਾਲੋਂ ਜ਼ਿਆਦਾ ਤੁਹਾਡੇ ਹੁਨਰ, ਲਗਨ ਤੇ ਸਿੱਖਣ ਦੀ ਇੱਛਾ ਸ਼ਕਤੀ ਦੀ ਕੀਮਤ ਹੈ। ਅੱਜ ਦਾ ਇਹ ਦੌਰ ਇਸ ਖੇਤਰ ਵਿਚ ਪ੍ਰਵੇਸ਼ ਕਰਨ ਲਈ ਅਤਿ-ਸੁਨਹਿਰੀ ਮੌਕਾ ਹੈ। ਜੋ ਵਿਦਿਆਰਥੀ, ਨੌਜਵਾਨ ਤੇ ਪੇਸ਼ੇਵਰ ਅੱਜ ਹੀ ਸਮੇਂ ਦੀ ਨਬਜ਼ ਨੂੰ ਪਛਾਣ ਕੇ ਏਆਈ ਨੂੰ ਸਿੱਖਣ, ਸਮਝਣ ਅਤੇ ਇਸ ਨਾਲ ਅੱਗੇ ਵਧਣ ਦਾ ਫ਼ੈਸਲਾ ਕਰਨਗੇ, ਉਹ ਨਾ ਸਿਰਫ਼ ਆਪਣੇ ਭਵਿੱਖ ਨੂੰ ਸੁਰੱਖਿਅਤ, ਸਥਿਰ ਤੇ ਰੋਸ਼ਨ ਬਣਾਉਣਗੇ ਸਗੋਂ ਆਉਣ ਵਾਲੇ ਸਮਾਜ ਅਤੇ ਦੁਨੀਆ ਦੀ ਨੁਹਾਰ ਬਦਲਣ ’ਚ ਵੀ ਇਤਿਹਾਸਕ ਅਗਵਾਈ ਪ੍ਰਦਾਨ ਕਰਨਗੇ। ਲੋੜ ਹੈ ਤਾਂ ਸਿਰਫ਼ ਇਕ ਮਨ ਬਣਾਉਣ ਦੀ, ਪਹਿਲ ਕਰਨ ਦੀ, ਨਵਾਂ ਹੁਨਰ ਸਿੱਖਣ ਦੀ ਤੇ ਇਸ ਤਕਨੀਕੀ ਬਦਲਾਅ ਨੂੰ ਪੂਰੇ ਉਤਸ਼ਾਹ ਨਾਲ ਜੀ ਆਇਆਂ ਨੂੰ ਕਹਿਣ ਦੀ।
- ਬਿੰਦਰ ਸਿੰਘ ਖੁੱਡੀ ਕਲਾਂ