16 ਸਾਲ ਦੀ ਉਮਰ 'ਚ ਗੁਆ ਦਿੱਤੀ ਸੁਣਨ ਸਮਰੱਥਾ, 23 ਦੀ ਉਮਰ 'ਚ ਪਹਿਲੀ ਕੋਸ਼ਿਸ਼ 'ਚ ਬਣੀ IAS; ਪੜ੍ਹੋ ਸੌਮਿਆ ਸ਼ਰਮਾ ਦੀ ਪ੍ਰੇਰਨਾਦਾਇਕ ਕਹਾਣੀ
ਸੌਮਿਆ ਦਿੱਲੀ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਅਸ਼ੋਕ ਸ਼ਰਮਾ ਅਤੇ ਮਾਤਾ ਦਾ ਨਾਂ ਲੀਨਾ ਸ਼ਰਮਾ ਹੈ, ਜੋ ਪੇਸ਼ੇ ਤੋਂ ਡਾਕਟਰ ਹਨ। ਸੌਮਿਆ ਨੇ ਮੁੱਢਲੀ ਸਿੱਖਿਆ ਦਿੱਲੀ ਤੋਂ ਹਾਸਲ ਕੀਤੀ ਅਤੇ ਇਸ ਤੋਂ ਬਾਅਦ ਨੈਸ਼ਨਲ ਲਾਅ ਸਕੂਲ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਕਾਨੂੰਨ ਦੀ ਪੜ੍ਹਾਈ ਦੌਰਾਨ ਹੀ ਉਨ੍ਹਾਂ ਨੇ ਸਿਵਲ ਸੇਵਾਵਾਂ 'ਚ ਜਾਣ ਦਾ ਮਨ ਬਣਾ ਲਿਆ ਸੀ।
Publish Date: Sun, 22 Nov 2026 04:02 PM (IST)
Updated Date: Sun, 22 Nov 2026 04:03 PM (IST)
ਕਰੀਅਰ ਡੈਸਕ, ਨਵੀਂ ਦਿੱਲੀ : ਸਫ਼ਲਤਾ ਦੇ ਰਾਹ 'ਚ ਮੁਸ਼ਕਲਾਂ ਭਾਵੇਂ ਕਿੰਨੀਆਂ ਵੀ ਵੱਡੀਆਂ ਕਿਉਂ ਨਾ ਹੋਣ, ਦ੍ਰਿੜ੍ਹ ਇਰਾਦੇ ਅੱਗੇ ਉਹ ਛੋਟੀਆਂ ਪੈ ਜਾਂਦੀਆਂ ਹਨ। ਇਸ ਦੀ ਇਕ ਵੱਡੀ ਮਿਸਾਲ 2018 ਬੈਚ ਦੀ ਆਈਏਐੱਸ ਅਧਿਕਾਰੀ ਸੌਮਿਆ ਸ਼ਰਮਾ ਹਨ। ਜਿੱਥੇ ਯੂਪੀਐੱਸਸੀ (UPSC) ਦੀ ਪ੍ਰੀਖਿਆ ਪਾਸ ਕਰਨ ਲਈ ਉਮੀਦਵਾਰਾਂ ਨੂੰ ਕਈ ਸਾਲ ਲੱਗ ਜਾਂਦੇ ਹਨ, ਉੱਥੇ ਹੀ ਸੌਮਿਆ ਨੇ ਸਿਰਫ਼ ਚਾਰ ਮਹੀਨਿਆਂ ਦੀ ਤਿਆਰੀ ਅਤੇ ਆਪਣੀ ਪਹਿਲੀ ਹੀ ਕੋਸ਼ਿਸ਼ 'ਚ ਆਲ ਇੰਡੀਆ 9ਵਾਂ ਰੈਂਕ ਹਾਸਲ ਕਰ ਕੇ ਨਵਾਂ ਮੁਕਾਮ ਬਣਾਇਆ।
ਕੌਣ ਹਨ ਸੌਮਿਆ ਸ਼ਰਮਾ?
ਸੌਮਿਆ ਦਿੱਲੀ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਅਸ਼ੋਕ ਸ਼ਰਮਾ ਅਤੇ ਮਾਤਾ ਦਾ ਨਾਂ ਲੀਨਾ ਸ਼ਰਮਾ ਹੈ, ਜੋ ਪੇਸ਼ੇ ਤੋਂ ਡਾਕਟਰ ਹਨ। ਸੌਮਿਆ ਨੇ ਮੁੱਢਲੀ ਸਿੱਖਿਆ ਦਿੱਲੀ ਤੋਂ ਹਾਸਲ ਕੀਤੀ ਅਤੇ ਇਸ ਤੋਂ ਬਾਅਦ ਨੈਸ਼ਨਲ ਲਾਅ ਸਕੂਲ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਕਾਨੂੰਨ ਦੀ ਪੜ੍ਹਾਈ ਦੌਰਾਨ ਹੀ ਉਨ੍ਹਾਂ ਨੇ ਸਿਵਲ ਸੇਵਾਵਾਂ 'ਚ ਜਾਣ ਦਾ ਮਨ ਬਣਾ ਲਿਆ ਸੀ।
16 ਸਾਲ ਦੀ ਉਮਰ 'ਚ ਗੁਆ ਦਿੱਤੀ ਸੁਣਨ ਦੀ ਸਮਰੱਥਾ
ਸੌਮਿਆ ਦਾ ਇਹ ਸਫ਼ਰ ਬਿਲਕੁਲ ਵੀ ਆਸਾਨ ਨਹੀਂ ਸੀ। ਜਦੋਂ ਉਹ ਮਹਿਜ਼ 16 ਸਾਲ ਦੀ ਸੀ ਤਾਂ ਇਕ ਬਿਮਾਰੀ ਕਾਰਨ ਉਨ੍ਹਾਂ ਦੀ ਸੁਣਨ ਦੀ ਸਮਰੱਥਾ ਚਲੀ ਗਈ। ਇੰਨੀ ਛੋਟੀ ਉਮਰ 'ਚ ਇਸ ਗੰਭੀਰ ਸਰੀਰਕ ਚੁਣੌਤੀ ਦਾ ਸਾਹਮਣਾ ਕਰਨ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਇਸ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ। ਸਾਲ 2017 'ਚ ਉਨ੍ਹਾਂ ਨੇ ਯੂਪੀਐੱਸਸੀ ਦੀ ਪ੍ਰੀਖਿਆ ਦੇਣ ਦਾ ਫ਼ੈਸਲਾ ਕੀਤਾ ਅਤੇ ਘਰ 'ਚ ਹੀ ਰੋਜ਼ਾਨਾ 10 ਤੋਂ 15 ਘੰਟੇ ਤੱਕ ਸਖ਼ਤ ਮਿਹਨਤ ਕੀਤੀ।
ਤਬੀਅਤ ਖ਼ਰਾਬ ਹੋਣ ਦੇ ਬਾਵਜੂਦ ਨਹੀਂ ਛੱਡੀ ਪੜ੍ਹਾਈ
ਮੁੱਖ ਪ੍ਰੀਖਿਆ ਦੌਰਾਨ ਸੌਮਿਆ ਦੀ ਤਬੀਅਤ ਅਚਾਨਕ ਕਾਫ਼ੀ ਖ਼ਰਾਬ ਹੋ ਗਈ। ਹਾਲਤ ਇੰਨੀ ਗੰਭੀਰ ਹੋ ਗਈ ਸੀ ਕਿ ਉਨ੍ਹਾਂ ਨੂੰ ਇਕ ਹੀ ਦਿਨ 'ਚ ਤਿੰਨ ਵਾਰ ਸਲਾਈਨ (ਡ੍ਰਿਪ) ਚੜ੍ਹਾਉਣੀ ਪਈ, ਪਰ ਇਸ ਹਾਲਤ 'ਚ ਵੀ ਉਨ੍ਹਾਂ ਨੇ ਆਪਣੀ ਤਿਆਰੀ ਨਹੀਂ ਛੱਡੀ। ਉਨ੍ਹਾਂ ਦੇ ਇਸੇ ਜਜ਼ਬੇ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਸੀ ਕਿ 23 ਸਾਲ ਦੀ ਉਮਰ 'ਚ ਉਹ ਆਈਏਐੱਸ ਅਧਿਕਾਰੀ ਬਣ ਗਈ। ਮੌਜੂਦਾ ਸਮੇਂ ਸੌਮਿਆ ਮਹਾਰਾਸ਼ਟਰ ਦੇ ਅਮਰਾਵਤੀ ਮਹਾਨਗਰਪਾਲਿਕਾ 'ਚ ਕਮਿਸ਼ਨਰ ਦੇ ਅਹੁਦੇ 'ਤੇ ਤਾਇਨਾਤ ਹਨ। ਇਸ ਤੋਂ ਪਹਿਲਾਂ ਉਹ ਨਾਗਪੁਰ ਜ਼ਿਲ੍ਹਾ ਪ੍ਰੀਸ਼ਦ ਦੀ ਸੀਈਓ ਅਤੇ ਨਾਂਦੇੜ 'ਚ ਸਹਾਇਕ ਕਲੈਕਟਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੀ ਹਨ।
IPS ਅਰਚਿਤ ਚਾਂਡਕ ਨਾਲ ਕੀਤਾ ਵਿਆਹ
ਸੌਮਿਆ ਦੇ ਪਤੀ ਅਰਚਿਤ ਚਾਂਡਕ ਵੀ 2018 ਬੈਚ ਦੇ ਮਹਾਰਾਸ਼ਟਰ ਕੈਡਰ ਦੇ ਆਈਪੀਐੱਸ ਅਧਿਕਾਰੀ ਹਨ ਅਤੇ ਮੌਜੂਦਾ ਸਮੇਂ 'ਚ ਅਕੋਲਾ ਦੇ ਪੁਲਿਸ ਸੁਪਰਡੈਂਟ (SP) ਹਨ। ਨਾਗਪੁਰ ਦੇ ਰਹਿਣ ਵਾਲੇ ਅਰਚਿਤ ਨੇ ਆਈਆਈਟੀ ਦਿੱਲੀ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ 35 ਲੱਖ ਰੁਪਏ ਸਾਲਾਨਾ ਪੈਕੇਜ ਵਾਲੀ ਨੌਕਰੀ ਛੱਡ ਕੇ ਯੂਪੀਐੱਸਸੀ 'ਚ 184ਵਾਂ ਰੈਂਕ ਹਾਸਲ ਕੀਤਾ ਸੀ। ਇਸ ਜੋੜੇ ਦੀ ਗਿਣਤੀ ਕਾਬਲ ਅਤੇ ਤੇਜ਼-ਤਰਾਰ ਅਧਿਕਾਰੀਆਂ 'ਚ ਹੁੰਦੀ ਹੈ।