- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਪੁਲਾੜ ਖੋਜ ਸੰਗਠਨ ‘ਇਸਰੋ’ ਸਿਰਫ਼ ਇਕ ਸੰਸਥਾ ਨਹੀਂ ਸਗੋਂ ਭਾਰਤ ਦੇ ਵਿਗਿਆਨਕ ਅਭਿਮਾਨ, ਨੌਜਵਾਨਾਂ ਦੇ ਸੁਪਨਿਆਂ ਤੇ ਦੇਸ਼ ਦੀ ਤਕਨੀਕੀ ਸ਼ਕਤੀ ਦਾ ਚਮਕਦਾ ਪ੍ਰਤੀਕ ਹੈ। ਜਦੋਂ ਭਾਰਤ ਦਾ ਸੈਟੇਲਾਈਟ ਪੁਲਾੜ ’ਚ ਜਾਂਦਾ ਹੈ, ਜਦੋਂ ਚੰਦਰਯਾਨ ਤੇ ਮੰਗਲਯਾਨ ਵਰਗੀਆਂ ਕਾਮਯਾਬੀਆਂ ਦੁਨੀਆ ਨੂੰ ਹੈਰਾਨ ਕਰਦੀਆਂ ਹਨ ਤਾਂ ਹਰ ਵਿਦਿਆਰਥੀ ਦੇ ਮਨ ’ਚ ਇਕ ਸਵਾਲ ਜ਼ਰੂਰ ਜਨਮ ਲੈਂਦਾ ਹੈ ਕਿ ਕੀ ਮੈਂ ਵੀ ਇਸਰੋ ਦਾ ਹਿੱਸਾ ਬਣ ਸਕਦਾ ਹਾਂ?

ਭਾਰਤੀ ਪੁਲਾੜ ਖੋਜ ਸੰਗਠਨ ‘ਇਸਰੋ’ ਸਿਰਫ਼ ਇਕ ਸੰਸਥਾ ਨਹੀਂ ਸਗੋਂ ਭਾਰਤ ਦੇ ਵਿਗਿਆਨਕ ਅਭਿਮਾਨ, ਨੌਜਵਾਨਾਂ ਦੇ ਸੁਪਨਿਆਂ ਤੇ ਦੇਸ਼ ਦੀ ਤਕਨੀਕੀ ਸ਼ਕਤੀ ਦਾ ਚਮਕਦਾ ਪ੍ਰਤੀਕ ਹੈ। ਜਦੋਂ ਭਾਰਤ ਦਾ ਸੈਟੇਲਾਈਟ ਪੁਲਾੜ ’ਚ ਜਾਂਦਾ ਹੈ, ਜਦੋਂ ਚੰਦਰਯਾਨ ਤੇ ਮੰਗਲਯਾਨ ਵਰਗੀਆਂ ਕਾਮਯਾਬੀਆਂ ਦੁਨੀਆ ਨੂੰ ਹੈਰਾਨ ਕਰਦੀਆਂ ਹਨ ਤਾਂ ਹਰ ਵਿਦਿਆਰਥੀ ਦੇ ਮਨ ’ਚ ਇਕ ਸਵਾਲ ਜ਼ਰੂਰ ਜਨਮ ਲੈਂਦਾ ਹੈ ਕਿ ਕੀ ਮੈਂ ਵੀ ਇਸਰੋ ਦਾ ਹਿੱਸਾ ਬਣ ਸਕਦਾ ਹਾਂ? ਇਸ ਸਵਾਲ ਦਾ ਜਵਾਬ ਹੈ, ਹਾਂ ਬਿਲਕੁਲ। ਜੇ ਸੁਪਨੇ ਵੱਡੇ ਹੋਣ, ਮਿਹਨਤ ਸੱਚੀ ਹੋਵੇ ਤੇ ਰਾਹ ਚੁਣਨ ਦੀ ਹਿੰਮਤ ਹੋਵੇ, ਤਾਂ ਪਿੰਡ, ਸ਼ਹਿਰ, ਸਕੂਲ ਜਾਂ ਕਾਲਜ ਕੋਈ ਰੁਕਾਵਟ ਨਹੀਂ ਬਣ ਸਕਦਾ। ਅੱਜ ਦੇ ਯੁੱਗ ’ਚ ਵਿਦਿਆਰਥੀਆਂ ਲਈ ਕਰੀਅਰ ਦੇ ਬੇਹੱਦ ਬਦਲ ਹਨ ਪਰ ਜੇ ਗੱਲ ਰਾਸ਼ਟਰ ਨਿਰਮਾਣ, ਵਿਗਿਆਨਕ ਸੋਚ, ਨਵੀਂ ਖੋਜ ਤੇ ਤਕਨੀਕੀ ਉਡਾਣ ਦੀ ਹੋਵੇ ਤਾਂ ਇਸਰੋ ਸਭ ਤੋਂ ਪ੍ਰੇਰਕ ਮੰਜ਼ਿਲਾਂ ਵਿੱਚੋਂ ਇਕ ਹੈ। ਇਹ ਉਹ ਜਗ੍ਹਾ ਹੈ, ਜਿੱਥੇ ਵਿਗਿਆਨ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ ਰਹਿੰਦਾ ਸਗੋਂ ਧਰਤੀ ਤੋਂ ਪੁਲਾੜ ਤੱਕ ਦੇਸ਼ ਦੀ ਪਛਾਣ ਬਣ ਜਾਂਦਾ ਹੈ।
ਨੌਕਰੀ ਦੇ ਮੌਕੇ
ਇਸਰੋ ’ਚ ਕਰੀਅਰ ਬਣਾਉਣਾ ਸਿਰਫ਼ ਨੌਕਰੀ ਪ੍ਰਾਪਤ ਕਰਨਾ ਨਹੀਂ ਸਗੋਂ ਦੇਸ਼ ਦੇ ਭਵਿੱਖ ’ਚ ਆਪਣਾ ਯੋਗਦਾਨ ਪਾਉਣਾ ਹੈ। ਇੱਥੇ ਵਿਦਿਆਰਥੀਆਂ ਲਈ ਇੰਜੀਨੀਅਰਿੰਗ, ਫ਼ਿਜ਼ਿਕਸ, ਮੈਥੇਮੈਟਿਕਸ, ਕੰਪਿਊਟਰ ਸਾਇੰਸ, ਇਲੈਕਟ੍ਰਾਨਿਕਸ, ਮਕੈਨਿਕਲ, ਏਅਰੋਸਪੇਸ, ਡਾਟਾ ਸਾਇੰਸ ਤੇ ਅਨੇਕ ਖੇਤਰਾਂ ’ਚ ਮੌਕੇ ਹਨ। ਇੰਜੀਨੀਅਰਿੰਗ ਦੇ ਵਿਦਿਆਰਥੀ ਸਪੇਸ ਮਿਸ਼ਨ, ਰਾਕੇਟ ਤਕਨਾਲੋਜੀ, ਸੈਟੇਲਾਈਟ ਡਿਜ਼ਾਇਨ, ਟ੍ਰੈਕਿੰਗ ਸਿਸਟਮ ਤੇ ਰਿਸਰਚ ਪ੍ਰੋਜੈਕਟਾਂ ਦਾ ਹਿੱਸਾ ਬਣ ਸਕਦੇ ਹਨ। ਇਸ ਦੇ ਨਾਲ-ਨਾਲ ਵਿਗਿਆਨਕ ਰੁਚੀ ਵਾਲੇ ਵਿਦਿਆਰਥੀਆਂ ਲਈ ਰਿਸਰਚ, ਅਧਿਐਨ, ਡਾਟਾ ਵਿਸ਼ਲੇਸ਼ਣ ਤੇ ਨਵੀਨਤਾ ਦੇ ਰਸਤੇ ਵੀ ਖੁੱਲ੍ਹੇ ਹਨ।
ਲਗਨ ਤੇ ਮਿਹਨਤ ਨਾਲ ਬਣਦਾ ਰਸਤਾ
ਇਸ ਸੰਦਰਭ ’ਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸਰੋ ਤੱਕ ਪਹੁੰਚਣ ਲਈ ਸਿਰਫ਼ ਮਹਾਨ ਸ਼ਹਿਰਾਂ ਦੇ ਵੱਡੇ ਸਕੂਲਾਂ ਜਾਂ ਕੋਚਿੰਗ ਸੈਂਟਰਾਂ ਦੀ ਲੋੜ ਨਹੀਂ ਹੁੰਦੀ। ਜੇ ਕਿਸੇ ਵਿਦਿਆਰਥੀ ਵਿਚ ਜਗਿਆਸਾ ਹੈ, ਨਿਯਮਿਤ ਪੜ੍ਹਾਈ ਦੀ ਆਦਤ ਹੈ, ਗਣਿਤ ਤੇ ਵਿਗਿਆਨ ’ਚ ਰੁਚੀ ਹੈ ਤੇ ਮੁਸ਼ਕਲਾਂ ਦਾ ਸਾਹਮਣਾ ਕਰਨ ਦਾ ਹੌਸਲਾ ਹੈ ਤਾਂ ਉਹ ਵੀ ਇਸ ਉਚਾਈ ਤੱਕ ਪਹੁੰਚ ਸਕਦਾ ਹੈ। ਅਸਲ ’ਚ ਇਸਰੋ ਵਰਗੀਆਂ ਸੰਸਥਾਵਾਂ ਵਿਚ ਪਹੁੰਚਣ ਵਾਲਾ ਰਸਤਾ ਪ੍ਰਤਿਭਾ, ਅਨੁਸ਼ਾਸਨ ਤੇ ਲਗਨ ਨਾਲ ਬਣਦਾ ਹੈ। ਅੱਜ ਦੇ ਸਮੇਂ ’ਚ ਵਿਦਿਆਰਥੀਆਂ ਲਈ ਇੰਟਰਨਸ਼ਿਪ, ਪ੍ਰੋਜੈਕਟ ਆਧਾਰਿਤ ਸਿੱਖਿਆ ਤੇ ਖੋਜ ਆਧਾਰਿਤ ਮੌਕੇ ਵੀ ਬਹੁਤ ਮਹੱਤਵਪੂਰਨ ਹਨ। ਜੇ ਕੋਈ ਵਿਦਿਆਰਥੀ ਸਕੂਲ ਜਾਂ ਕਾਲਜ ਦੌਰਾਨ ਹੀ ਪ੍ਰੋਜੈਕਟਾਂ ਨਾਲ ਜੁੜਦਾ ਹੈ, ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਲੈਂਦਾ ਹੈ, ਵਿਗਿਆਨ ਮੇਲਿਆਂ ’ਚ ਭਾਗ ਲੈਂਦਾ ਹੈ ਤੇ ਆਪਣੇ ਵਿਚਾਰਾਂ ਨੂੰ ਅਮਲੀ ਰੂਪ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਸੋਚ ਹੋਰ ਮਜ਼ਬੂਤ ਹੁੰਦੀ ਹੈ। ਇਸਰੋ ਵਰਗੀਆਂ ਸੰਸਥਾਵਾਂ ਨੌਜਵਾਨਾਂ ਨੂੰ ਸਿਰਫ਼ ਡਿਗਰੀ ਦੇ ਆਧਾਰ ’ਤੇ ਨਹੀਂ ਸਗੋਂ ਕਾਬਲੀਅਤ, ਸਮਝ ਅਤੇ ਸਮਰਪਣ ਦੇ ਆਧਾਰ ’ਤੇ ਵੀ ਪਛਾਣਦੀਆਂ ਹਨ।
ਲਗਾਤਾਰ ਸਿੱਖਣ ਦੀ ਆਦਤ
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਕਰੀਅਰ ਦਾ ਰਸਤਾ ਕੇਵਲ ਰਟਣ ਨਾਲ ਨਹੀਂ ਬਣਦਾ। ਪੁਲਾੜ ਵਿਗਿਆਨ ਵਿਚ ਤਰਕਸ਼ੀਲ ਸੋਚ, ਸਮੱਸਿਆ ਹੱਲ ਕਰਨ ਦੀ ਸਮਰੱਥਾ, ਟੀਮ ਵਰਕ, ਸਹੀ ਸੰਚਾਰ ਤੇ ਲਗਾਤਾਰ ਸਿੱਖਣ ਦੀ ਆਦਤ ਸਭ ਤੋਂ ਵੱਡੇ ਹਥਿਆਰ ਹਨ। ਜਿਹੜਾ ਵਿਦਿਆਰਥੀ ਸਵਾਲ ਪੁੱਛਦਾ ਹੈ, ਤਜਰਬੇ ਕਰਦਾ ਹੈ ਤੇ ਨਿਰਾਸ਼ ਹੋਏ ਬਿਨਾਂ ਮੁੜ ਕੋਸ਼ਿਸ਼ ਕਰਦਾ ਹੈ, ਉਹੀ ਅੱਗੇ ਚੱਲ ਕੇ ਵਿਗਿਆਨ ਦੀ ਦੁਨੀਆ ਵਿੱਚ ਆਪਣੀ ਨਿਸ਼ਾਨੀ ਛੱਡ ਸਕਦਾ ਹੈ। ਇਸਰੋ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਸੁਪਨੇ ਛੋਟੇ ਨਹੀਂ ਹੋਣੇ ਚਾਹੀਦੇ। ਕਿਸੇ ਪਿੰਡ ਦੇ ਆਮ ਘਰ ਤੋਂ ਨਿਕਲਿਆ ਵਿਦਿਆਰਥੀ ਵੀ ਆਪਣੀ ਮਿਹਨਤ ਨਾਲ ਪੁਲਾੜੀ ਮਿਸ਼ਨ ਦਾ ਹਿੱਸਾ ਬਣ ਸਕਦਾ ਹੈ। ਇਹ ਸੰਸਥਾ ਹਰ ਉਸ ਨੌਜਵਾਨ ਲਈ ਪ੍ਰੇਰਣਾ ਹੈ, ਜੋ ਅਸਮਾਨ ਵੱਲ ਤੱਕ ਕੇ ਸੋਚਦਾ ਹੈ ਕਿ ਇੰਨਾ ਉੱਪਰ ਵੀ ਪਹੁੰਚਿਆ ਜਾ ਸਕਦਾ ਹੈ? ਜਵਾਬ ਹੈ ਹਾਂ, ਜੇ ਚਾਲੇ ਮਜ਼ਬੂਤ ਹੋਣ, ਨਜ਼ਰ ਸਪਸ਼ਟ ਹੋਵੇ ਤੇ ਦਿਲ ’ਚ ਦੇਸ਼ ਲਈ ਕੁਝ ਕਰਨ ਦੀ ਅੱਗ ਹੋਵੇ।
ਅਸਮਾਨ ਨੂੰ ਛੂਹਣ ਦਾ ਜੋਸ਼
ਅੱਜ ਲੋੜ ਇਸ ਗੱਲ ਦੀ ਹੈ ਕਿ ਸਕੂਲਾਂ ਤੇ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਇਸਰੋ, ਇੰਡੀਅਨ ਸਪੇਸ ਪ੍ਰੋਗਰਾਮ ਤੇ ਸਾਇੰਸ ਤਕਨਾਲੋਜੀ ਨਾਲ ਜੁੜੇ ਕਰੀਅਰ ਬਾਰੇ ਵਧੇਰੇ ਜਾਣਕਾਰੀ ਦਿੱਤੀ ਜਾਵੇ। ਕਰੀਅਰ ਕਾਊਂਸਲਿੰਗ, ਵਿਗਿਆਨਕ ਪ੍ਰੇਰਕ ਭਾਸ਼ਣ, ਰੋਡਮੈਪ, ਸਕਾਲਰਸ਼ਿਪ ਜਾਣਕਾਰੀ ਅਤੇ ਸਾਇੰਸ ਕੈਂਪ ਇਹ ਸਭ ਨੌਜਵਾਨਾਂ ਦੀ ਸੋਚ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ। ਜਿਨ੍ਹਾਂ ਵਿਦਿਆਰਥੀਆਂ ਵਿਚ ਅਸਮਾਨ ਨੂੰ ਛੂਹਣ ਦਾ ਜੋਸ਼ ਹੈ, ਉਨ੍ਹਾਂ ਨੂੰ ਸਹੀ ਰਾਹਦਾਰੀ ਮਿਲੇ, ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਧੀਨ ਕੰਮ ਕਰ ਰਹੇ ਇੰਡੀਅਨ ਇੰਸਟੀਚਿਊਟ ਆਫ਼ ਰਿਮੋਰਟ ਸੈਂਸਿੰਗ, ਦੇਹਰਾਦੂਨ ਵੱਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕੇ ਦਿੱਤੇ ਜਾ ਰਹੇ ਹਨ।
ਕਿਸ ਨੂੰ ਮਿਲਦਾ ਹੈ ਮੌਕਾ?
- ਐਕਸਟਰਨਲ ਸਟੂਡੈਂਟ ਇੰਟਰਨਸ਼ਿਪ ਤੇ ਸਟੂਡੈਂਟ ਪ੍ਰੋਜੈਕਟ ਟਰੇਨੀ ਸਕੀਮ ਤਹਿਤ ਮਾਨਤਾ ਪ੍ਰਾਪਤ ਸੰਸਥਾਵਾਂ ਵਿਚ ਪੜ੍ਹ ਰਹੇ ਜਾਂ ਆਪਣੀ ਡਿਗਰੀ ਪੂਰੀ ਕਰ ਚੁੱਕੇ ਪੀਐੱਚ.ਡੀ ਅੰਡਰਗ੍ਰੈਜੂਏਟ, ਪੋਸਟ ਗ੍ਰੈਜੁਏਟ ਦੇ ਵਿਦਿਆਰਥੀ ਅਪਲਾਈ ਕਰ ਸਕਦੇ ਹਨ।
ਯੋਗਤਾ: ਇਨ੍ਹਾਂ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਵਿਦਿਆਰਥੀਆਂ ਦੇ ਘੱਟੋ-ਘੱਟ 60 ਪ੍ਰਤੀਸ਼ਤ ਅੰਕ ਜਾਂ 10 ਵਿੱਚੋਂ 6.32 ਸੀਜੀਪੀਏ ਹੋਣੇ ਲਾਜ਼ਮੀ ਹਨ।
ਸਿੱਖਣ ਦਾ ਤਜਰਬਾ: ਇਸ ਇੰਟਰਨਸ਼ਿਪ ਦੀ ਮਿਆਦ 45 ਦਿਨਾਂ ਤੋਂ ਲੈ ਕੇ ਕੁਝ ਪ੍ਰੋਜੈਕਟਾਂ ਵਿਚ ਇਕ ਸਾਲ ਤੱਕ ਹੋ ਸਕਦੀ ਹੈ। ਭਾਵੇਂ ਇਸ ਦੌਰਾਨ ਕੋਈ ਸਟਾਈਪੈਂਡ ਜਾਂ ਰਿਹਾਇਸ਼ ਦੀ ਸਹੂਲਤ ਨਹੀਂ ਦਿੱਤੀ ਜਾਂਦੀ ਪਰ ਇਸਰੋ ਵਰਗੇ ਮਹਾਨ ਤੇ ਵੱਕਾਰੀ ਅਦਾਰੇ ਵਿਚ ਦੇਸ਼ ਦੇ ਚੋਟੀ ਦੇ ਵਿਗਿਆਨਕਾਂ ਦੇ ਮਾਰਗਦਰਸ਼ਨ ਹੇਠ ਕੰਮ ਕਰਨ ਦਾ ਤਜਰਬਾ ਵਿਦਿਆਰਥੀ ਦੇ ਭਵਿੱਖ ਨੂੰ ਨਵੀਂ ਦਿਸ਼ਾ ਦਿੰਦਾ ਹੈ।
ਅਪਲਾਈ ਕਰਨ ਦੀ ਪ੍ਰਕਿਰਿਆ: ਵਿਦਿਆਰਥੀ ਆਨਲਾਈਨ ਪੋਰਟਲ ਰਾਹੀਂ ਆਪਣੇ ਕਾਲਜ ਦੇ ਐੱਨਓਸੀ, ਸਿਫ਼ਾਰਸ਼ ਪੱਤਰ ਤੇ ਜ਼ਰੂਰੀ ਦਸਤਾਵੇਜ਼ਾਂ ਨਾਲ ਅਪਲਾਈ ਕਰ ਸਕਦੇ ਹਨ। ਇਸ ਦੀ ਆਖ਼ਰੀ ਮਿਤੀ 30 ਅਕਤੂਬਰ 2026 ਤੱਕ ਨਿਰਧਾਰਤ ਕੀਤੀ ਜਾਂਦੀ ਹੈ।
ਇਹ ਮੌਕੇ ਸਿਰਫ਼ ਸਰਟੀਫਿਕੇਟ ਹਾਸਿਲ ਕਰਨ ਲਈ ਨਹੀਂ ਹਨ ਸਗੋਂ ਇਹ ਵਿਕਾਸਸ਼ੀਲ ਸੋਚ ਦਾ ਅਮਲੀ ਰੂਪ ਹਨ, ਜਿੱਥੇ ਵਿਦਿਆਰਥੀ ਕਿਤਾਬਾਂ ਤੋਂ ਬਾਹਰ ਨਿਕਲ ਕੇ ਵਿਹਾਰਕ ਦੁਨੀਆ ’ਚ ਕੁਝ ਨਵਾਂ ਸਿੱਖਦੇ ਹਨ। ਇਸਰੋ ’ਚ ਕਰੀਅਰ ਬਣਾਉਣਾ ਕੇਵਲ ਇਕ ਪੇਸ਼ਾ ਨਹੀਂ, ਇਹ ਰਾਸ਼ਟਰ ਸੇਵਾ ਦਾ ਵਿਗਿਆਨਕ ਰੂਪ ਹੈ। ਇਹ ਉਹ ਯਾਤਰਾ ਹੈ, ਜਿਸ ਵਿਚ ਇਕ ਵਿਦਿਆਰਥੀ ਆਪਣੀ ਮਿਹਨਤ ਨਾਲ ਪਰਿਵਾਰ, ਸਕੂਲ, ਆਪਣੀ ਮਿੱਟੀ ਤੇ ਆਪਣੇ ਦੇਸ਼ ਦਾ ਮਾਣ ਵਧਾਉਂਦਾ ਹੈ। ਇਸ ਲਈ ਆਓ ਆਪਣੇ ਬੱਚਿਆਂ, ਵਿਦਿਆਰਥੀਆਂ, ਨੌਜਵਾਨਾਂ ਨੂੰ ਇਹ ਵਿਸ਼ਵਾਸ ਦੇਈਏ ਕਿ ਇਸਰੋ ਦੂਰ ਨਹੀਂ ਸਗੋਂ ਸਹੀ ਤਿਆਰੀ ਨਾਲ ਉਨ੍ਹਾਂ ਦਾ ਅਗਲਾ ਪੜਾਅ ਹੈ। ਸੁਪਨੇ ਵੇਖੋ, ਵਿਗਿਆਨ ਨਾਲ ਜੁੜੋ, ਮਿਹਨਤ ਕਰੋ ਤੇ ਅਸਮਾਨ ਨੂੰ ਆਪਣੀ ਮੰਜ਼ਿਲ ਬਣਾਓ।
- ਪ੍ਰਿੰ. ਮਨਿੰਦਰ ਕੌਰ