- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗ੍ਰੈਜੂਏਸ਼ਨ ਦੇ ਨਤੀਜਿਆਂ ਤੋਂ ਬਾਅਦ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਅਨੇਕਾਂ ਮਹੱਤਵਪੂਰਨ ਫ਼ੈਸਲੇ ਕਰਨ ਦੇ ਮੋੜ ’ਤੇ ਖੜ੍ਹੇ ਹੁੰਦੇ ਹਨ। ਉੱਚ ਸਿੱਖਿਆ, ਰੁਜ਼ਗਾਰ ਜਾਂ ਹੋਰ ਪੇਸ਼ੇਵਰ ਮੌਕਿਆਂ ਦੀ ਚੋਣ ਕਰਦਿਆਂ ਉਨ੍ਹਾਂ ਨੂੰ ਆਪਣੀਆਂ ਰੁਚੀਆਂ, ਯੋਗਤਾਵਾਂ ਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ।

ਅੱਜ-ਕੱਲ੍ਹ ਦੇਸ਼ ਭਰ ਦੀਆਂ ਉੱਚ ਸਿੱਖਿਆ ਸੰਸਥਾਵਾਂ ’ਚ ਨਵੇਂ ਅਕਾਦਮਿਕ ਸੈਸ਼ਨ ਲਈ ਦਾਖ਼ਲਿਆਂ ਦੀ ਪ੍ਰਕਿਰਿਆ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਲੱਖਾਂ ਵਿਦਿਆਰਥੀ ਆਪਣੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਤੇ ਬਿਹਤਰ ਕਰੀਅਰ ਦੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਲਈ ਵੱਖ-ਵੱਖ ਕੋਰਸਾਂ ਤੇ ਸਿੱਖਿਆ ਸੰਸਥਾਵਾਂ ਦੀ ਚੋਣ ਕਰ ਰਹੇ ਹਨ। ਗ੍ਰੈਜੂਏਸ਼ਨ ਦੇ ਨਤੀਜਿਆਂ ਤੋਂ ਬਾਅਦ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਅਨੇਕਾਂ ਮਹੱਤਵਪੂਰਨ ਫ਼ੈਸਲੇ ਕਰਨ ਦੇ ਮੋੜ ’ਤੇ ਖੜ੍ਹੇ ਹੁੰਦੇ ਹਨ। ਉੱਚ ਸਿੱਖਿਆ, ਰੁਜ਼ਗਾਰ ਜਾਂ ਹੋਰ ਪੇਸ਼ੇਵਰ ਮੌਕਿਆਂ ਦੀ ਚੋਣ ਕਰਦਿਆਂ ਉਨ੍ਹਾਂ ਨੂੰ ਆਪਣੀਆਂ ਰੁਚੀਆਂ, ਯੋਗਤਾਵਾਂ ਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ। ਇਸ ਸਮੇਂ ਇਕ ਸਵਾਲ ਅਕਸਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਮਨਾਂ ’ਚ ਉੱਠਦਾ ਹੈ ਕਿ ਬੱਚੇ ਨੂੰ ਇੰਨਾ ਪੜ੍ਹਾ-ਲਿਖਾ ਲਿਆ ਹੈ, ਹੁਣ ਅੱਗੇ ਮਾਸਟਰਜ਼ ਕਰਵਾਉਣ ਦਾ ਕੀ ਲਾਭ ਹੋਵੇਗਾ? ਕੀ ਮਾਸਟਰਜ਼ ਦੀ ਡਿਗਰੀ ਅੱਜ ਦੇ ਸਮੇਂ ਵਿਚ ਰੁਜ਼ਗਾਰ ਤੇ ਕਰੀਅਰ ਲਈ ਕੋਈ ਵਾਧੂ ਮਹੱਤਤਾ ਰੱਖਦੀ ਹੈ ਜਾਂ ਫਿਰ ਇਹ ਸਿਰਫ਼ ਇਕ ਹੋਰ ਅਕਾਦਮਿਕ ਯੋਗਤਾ ਬਣ ਕੇ ਰਹਿ ਗਈ ਹੈ?
ਬਦਲਿਆ ਹੈ ਸੰਦਰਭ ਤੇ ਉਦੇਸ਼
ਇਹ ਸਵਾਲ ਇਸ ਲਈ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਦੇ ਮੁਕਾਬਲੇ ਵਾਲੇ ਯੁੱਗ ’ਚ ਸਿੱਖਿਆ ਅਤੇ ਰੁਜ਼ਗਾਰ ਦੇ ਰਵਾਇਤੀ ਸਮੀਕਰਨ ਕਾਫ਼ੀ ਹੱਦ ਤੱਕ ਬਦਲ ਚੁੱਕੇ ਹਨ। ਇਕ ਸਮਾਂ ਸੀ, ਜਦੋਂ ਮਾਸਟਰਜ਼ ਦੀ ਡਿਗਰੀ ਨੂੰ ਬਿਹਤਰ ਨੌਕਰੀ, ਆਰਥਿਕ ਸਥਿਰਤਾ ਤੇ ਸਮਾਜਿਕ ਸਨਮਾਨ ਦੀ ਲਗਪਗ ਗਾਰੰਟੀ ਮੰਨਿਆ ਜਾਂਦਾ ਸੀ ਪਰ ਅੱਜ ਦੇ ਬਦਲਦੇ ਆਰਥਿਕ, ਤਕਨੀਕੀ ਤੇ ਸਿੱਖਿਆਤਮਕ ਮਾਹੌਲ ਵਿਚ ਇਸ ਦੀ ਭੂਮਿਕਾ ਨੂੰ ਨਵੇਂ ਸੰਦਰਭਾਂ ’ਚ ਸਮਝਣ ਦੀ ਲੋੜ ਹੈ। ਅੱਜ ਜਦੋਂ ਹੁਨਰ-ਆਧਾਰਿਤ ਸਿੱਖਿਆ, ਸ਼ਾਰਟ ਟਰਮ ਕੋਰਸ, ਆਨਲਾਈਨ ਸਰਟੀਫਿਕੇਟ ਕੋਰਸ ਤੇ ਤਕਨੀਕੀ ਯੋਗਤਾਵਾਂ ਨੂੰ ਵੱਧ ਤਰਜੀਹ ਦਿੱਤੀ ਜਾ ਰਹੀ ਹੈ, ਤਾਂ ਇਹ ਸਵਾਲ ਸੁਭਾਵਿਕ ਹੈ ਕਿ ਕੀ ਮਾਸਟਰਜ਼ ਦੀ ਡਿਗਰੀ ਦੀ ਮਹੱਤਤਾ ਅਜੇ ਵੀ ਪਹਿਲਾਂ ਵਾਂਗ ਬਰਕਰਾਰ ਹੈ? ਇਸ ਸਵਾਲ ਦਾ ਜਵਾਬ ਸਿੱਧਾ ‘ਹਾਂ’ ਜਾਂ ‘ਨਾ’ ਵਿਚ ਨਹੀਂ ਦਿੱਤਾ ਜਾ ਸਕਦਾ। ‘ਆਲ ਇੰਡੀਆ ਸਰਵੇ ਆਨ ਹਾਇਰ ਐਜੂਕੇਸ਼ਨ 2021–22’ ਦੀ ਰਿਪੋਰਟ ਅਨੁਸਾਰ ਅੱਜ ਵੀ ਲੱਖਾਂ ਨੌਜਵਾਨ ਆਪਣੇ ਕਰੀਅਰ, ਖੋਜ ਤੇ ਵਿਅਕਤੀਗਤ ਵਿਕਾਸ ਲਈ ਮਾਸਟਰਜ਼ ਦੀ ਡਿਗਰੀ ਨੂੰ ਮਹੱਤਵਪੂਰਨ ਮੰਨਦੇ ਹਨ। ਹਕੀਕਤ ਇਹ ਹੈ ਕਿ ਮਾਸਟਰਜ਼ ਦੀ ਡਿਗਰੀ ਦੀ ਮਹੱਤਤਾ ਖ਼ਤਮ ਨਹੀਂ ਹੋਈ ਸਗੋਂ ਇਸ ਦਾ ਸੰਦਰਭ ਤੇ ਉਦੇਸ਼ ਬਦਲਿਆ ਹੈ।
ਖੋਜ ਦੀ ਯੋਗਤਾ ਕਰਦੀ ਪ੍ਰਦਾਨ
ਅੱਜ ਦੇ ਮੁਕਾਬਲੇ ਵਾਲੇ ਯੁੱਗ ’ਚ ਸਿਰਫ਼ ਡਿਗਰੀ ਪ੍ਰਾਪਤ ਕਰ ਲੈਣਾ ਹੀ ਸਫਲਤਾ ਦੀ ਗਾਰੰਟੀ ਨਹੀਂ ਹੈ ਪਰ ਉੱਚ ਸਿੱਖਿਆ ਵਿਅਕਤੀ ਨੂੰ ਵਿਸ਼ੇ ਦੀ ਡੂੰਘੀ ਸਮਝ, ਵਿਸ਼ਲੇਸ਼ਣਾਤਮਕ ਸੋਚ ਤੇ ਖੋਜ ਦੀ ਯੋਗਤਾ ਪ੍ਰਦਾਨ ਕਰਦੀ ਹੈ। ਖ਼ਾਸ ਤੌਰ ’ਤੇ ਅਧਿਆਪਨ, ਖੋਜ ਤੇ ਅਕਾਦਮਿਕ ਖੇਤਰਾਂ ਵਿਚ ਮਾਸਟਰਜ਼ ਦੀ ਡਿਗਰੀ ਅਜੇ ਵੀ ਲਾਜ਼ਮੀ ਯੋਗਤਾ ਹੈ। ਯੂਜੀਸੀ-ਨੈੱਟ, ਪੀਐੱਚ.ਡੀ., ਖੋਜ ਪ੍ਰੋਜੈਕਟਾਂ ਤੇ ਕਾਲਜਾਂ-ਯੂਨੀਵਰਸਿਟੀਆਂ ’ਚ ਅਧਿਆਪਨ ਨਾਲ ਜੁੜੇ ਮੌਕਿਆਂ ਲਈ ਮਾਸਟਰਜ਼ ਦੀ ਡਿਗਰੀ ਬੁਨਿਆਦੀ ਸ਼ਰਤ ਹੈ। ਇਸ ਤੋਂ ਇਲਾਵਾ ਕਈ ਉੱਚ ਪੱਧਰੀ ਪ੍ਰਤੀਯੋਗੀ ਪ੍ਰੀਖਿਆਵਾਂ ਤੇ ਵਿਸ਼ੇਸ਼ ਖੇਤਰਾਂ ’ਚ ਕਰੀਅਰ ਬਣਾਉਣ ਲਈ ਵੀ ਇਹ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਕਈ ਸਰਕਾਰੀ ਵਿਭਾਗਾਂ ਤੇ ਸੰਸਥਾਵਾਂ ’ਚ ਲੋਕ ਸੰਪਰਕ ਅਫ਼ਸਰ ਜਾਂ ਇਸ ਨਾਲ ਸਬੰਧਿਤ ਅਹੁਦਿਆਂ ਲਈ ਪੱਤਰਕਾਰੀ ਤੇ ਜਨ ਸੰਚਾਰ, ਲੋਕ ਸੰਪਰਕ ਜਾਂ ਸਬੰਧਿਤ ਵਿਸ਼ਿਆਂ ਵਿਚ ਮਾਸਟਰਜ਼ ਡਿਗਰੀ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਸਿੱਖਿਆ ਦਾ ਮੂਲ ਉਦੇਸ਼
ਸਿੱਖਿਆ ਦਾ ਮੂਲ ਉਦੇਸ਼ ਕੇਵਲ ਰੁਜ਼ਗਾਰ ਪ੍ਰਾਪਤ ਕਰਨਾ ਨਹੀਂ ਹੁੰਦਾ ਸਗੋਂ ਵਿਅਕਤੀ ਦੇ ਬੌਧਿਕ, ਨੈਤਿਕ ਤੇ ਵਿਅਕਤੀਗਤ ਵਿਕਾਸ ਨੂੰ ਯਕੀਨੀ ਬਣਾਉਣਾ ਵੀ ਹੁੰਦਾ ਹੈ। ਇਸ ਸੰਦਰਭ ’ਚ ਮਾਸਟਰਜ਼ ਦੀ ਪੜ੍ਹਾਈ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਹ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਦੀ ਡੂੰਘੀ ਸਮਝ ਵਿਕਸਿਤ ਕਰਨ, ਨਵੇਂ ਵਿਚਾਰਾਂ ਤੇ ਸਿਧਾਂਤਾਂ ਦਾ ਵਿਸ਼ਲੇਸ਼ਣ ਕਰਨ ਤੇ ਸਮਾਜ ਦੇ ਜਟਿਲ ਮੁੱਦਿਆਂ ਪ੍ਰਤੀ ਸੰਵੇਦਨਸ਼ੀਲ ਦ੍ਰਿਸ਼ਟੀਕੋਣ ਅਪਣਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ। ਉੱਚ ਸਿੱਖਿਆ ਰਾਹੀਂ ਵਿਦਿਆਰਥੀ ਵਿਚ ਆਲੋਚਨਾਤਮਕ ਸੋਚ, ਖੋਜ ਦੀ ਰੁਚੀ ਤੇ ਤਰਕਸੰਗਤ ਫ਼ੈਸਲੇ ਲੈਣ ਦੀ ਸਮਰੱਥਾ ਦਾ ਵਿਕਾਸ ਹੁੰਦਾ ਹੈ। ਇਹ ਗੁਣ ਨਾ ਸਿਰਫ਼ ਵਿਅਕਤੀ ਦੀ ਸਫਲਤਾ ਲਈ ਸਗੋਂ ਮਜ਼ਬੂਤ, ਲੋਕਤੰਤਰੀ ਤੇ ਗਿਆਨ-ਆਧਾਰਿਤ ਸਮਾਜ ਦੀ ਸਿਰਜਣਾ ਲਈ ਵੀ ਬਹੁਤ ਜ਼ਰੂਰੀ ਹਨ।
ਰਾਸ਼ਟਰੀ ਸਿੱਖਿਆ ਨੀਤੀ
ਭਾਰਤ ਦੀ ਉੱਚ ਸਿੱਖਿਆ ਪ੍ਰਣਾਲੀ ਵੀ ਇਸ ਸਮੇਂ ਵੱਡੇ ਪਰਿਵਰਤਨ ਵਿੱਚੋਂ ਲੰਘ ਰਹੀ ਹੈ। ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ-2020) ਦੇ ਲਾਗੂ ਹੋਣ ਤੋਂ ਬਾਅਦ ਮਾਸਟਰਜ਼ (ਪ੍ਰੋਸਟ ਗ੍ਰੈਜੂਏਟ) ਸਿੱਖਿਆ ਦੀ ਬਣਤਰ, ਪਾਠਕ੍ਰਮ ਅਤੇ ਉਦੇਸ਼ਾਂ ਵਿਚ ਮਹੱਤਵਪੂਰਨ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਕ ਸਮਾਂ ਸੀ, ਜਦੋਂ ਐੱਮਏ, ਐੱਮਐੱਸਸੀ ਜਾਂ ਐੱਮਕਾਮ ਆਦਿ ਡਿਗਰੀਆਂ ਆਪਣੇ ਆਪ ਵਿਚ ਰੁਜ਼ਗਾਰ ਦਾ ਮਜ਼ਬੂਤ ਆਧਾਰ ਮੰਨੀਆਂ ਜਾਂਦੀਆਂ ਸਨ ਪਰ ਅਜੋਕੇ ਮੁਕਾਬਲੇ ਵਾਲੇ ਦੌਰ ਵਿਚ ਸਿਰਫ਼ ਡਿਗਰੀ ਕਾਫ਼ੀ ਨਹੀਂ ਹੈ ਕਿਉਂਕਿ ਸਰਕਾਰੀ ਤੇ ਨਿੱਜੀ ਦੋਵੇਂ ਖੇਤਰਾਂ ’ਚ ਨੌਕਰੀ ਲਈ ਵਿਦਿਆਰਥੀਆਂ ਤੋਂ ਵਿਸ਼ੇ ਦੇ ਗਿਆਨ ਦੇ ਨਾਲ-ਨਾਲ ਡਿਜੀਟਲ ਹੁਨਰ, ਸੰਚਾਰ ਸਮਰੱਥਾ, ਖੋਜ ਯੋਗਤਾ, ਇੰਟਰਨਸ਼ਿਪ ਤੇ ਵਿਹਾਰਕ ਤਜਰਬੇ ਦੀ ਵੀ ਉਮੀਦ ਕੀਤੀ ਜਾਂਦੀ ਹੈ। ਰਾਸ਼ਟਰੀ ਸਿੱਖਿਆ ਨੀਤੀ ਅਧੀਨ ਚਾਰ ਸਾਲਾ ਬੈਚਲਰ ਵਿਦਿਆਰਥੀਆਂ ਲਈ ਇਕ ਸਾਲਾ ਮਾਸਟਰਜ਼ ਤੇ ਤਿੰਨ ਸਾਲਾ ਬੈਚਲਰ ਵਿਦਿਆਰਥੀਆਂ ਲਈ ਦੋ ਸਾਲਾ ਮਾਸਟਰਜ਼ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਹੁ-ਵਿਸ਼ਿਆਂ ਵਾਲੀ ਸਿੱਖਿਆ, ਖੋਜ ਤੇ ਲਚਕਦਾਰ ਪਾਠਕ੍ਰਮ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਹਾਲਾਂਕਿ ਦੇਸ਼ ਦੇ ਸਾਰੀਆਂ ਯੂਨੀਵਰਸਿਟੀਆਂ ’ਚ ਇਹ ਪ੍ਰਣਾਲੀ ਅਜੇ ਇਕਸਾਰ ਤਰੀਕੇ ਨਾਲ ਲਾਗੂ ਨਹੀਂ ਹੋਈ ਤੇ ਕਈ ਸੰਸਥਾਵਾਂ ਅਜੇ ਵੀ ਰਵਾਇਤੀ ਢਾਂਚੇ ਅਨੁਸਾਰ ਹੀ ਮਾਸਟਰਜ਼ ਪ੍ਰੋਗਰਾਮ ਚਲਾ ਰਹੀਆਂ ਹਨ।
ਯੂਨੀਵਰਸਿਟੀਆਂ ਲਈ ਚੁਣੌਤੀਆਂ
ਇਸ ਦੇ ਨਾਲ ਹੀ ਯੂਨੀਵਰਸਿਟੀਆਂ ਸਾਹਮਣੇ ਕਈ ਮਹੱਤਵਪੂਰਨ ਚੁਣੌਤੀਆਂ ਵੀ ਮੌਜੂਦ ਹਨ। ਪਾਠਕ੍ਰਮ ਨੂੰ ਉਦਯੋਗ ਤੇ ਸਮਾਜ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਢਾਲਣਾ, ਖੋਜ ਦੀ ਗੁਣਵੱਤਾ ਵਿਚ ਨਿਰੰਤਰ ਸੁਧਾਰ ਕਰਨਾ, ਅਧਿਆਪਕਾਂ ਦੀ ਪੇਸ਼ੇਵਰ ਸਮਰੱਥਾ ਨੂੰ ਮਜ਼ਬੂਤ ਕਰਨਾ ਤੇ ਵਿਦਿਆਰਥੀਆਂ ਲਈ ਬਿਹਤਰ ਰੁਜ਼ਗਾਰ ਦੇ ਮੌਕੇ ਯਕੀਨੀ ਬਣਾਉਣਾ ਸਮੇਂ ਦੀਆਂ ਮੁੱਖ ਲੋੜਾਂ ਹਨ। ਜੇ ਮਾਸਟਰਜ਼ ਪ੍ਰੋਗਰਾਮਾਂ ਨੂੰ ਹੁਨਰ ਵਿਕਾਸ, ਨਵੀਨਤਾ ਤੇ ਖੋਜ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੋੜਿਆ ਜਾਵੇ, ਤਾਂ ਇਹ ਭਾਰਤ ਦੀ ਉੱਚ ਸਿੱਖਿਆ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਅੱਜ ਦੇ ਯੁੱਗ ਵਿਚ ਸਫਲਤਾ ਸਿਰਫ਼ ਡਿਗਰੀ ਪ੍ਰਾਪਤ ਕਰਨ ਤੱਕ ਹੀ ਸੀਮਤ ਨਹੀਂ ਰਹੀ ਸਗੋਂ ਉਸ ਡਿਗਰੀ ਨੂੰ ਵਿਹਾਰਕ ਗਿਆਨ, ਖੋਜ-ਸੋਚ ਤੇ ਪੇਸ਼ੇਵਰ ਹੁਨਰਾਂ ਨਾਲ ਜੋੜਨ ਵਿਚ ਹੈ। ਇਹੀ ਦ੍ਰਿਸ਼ਟੀਕੋਣ ਅਤੇ ਬਦਲਾਅ ਭਵਿੱਖ ਦੀ ਉੱਚ ਸਿੱਖਿਆ ਦੀ ਅਸਲ ਪਛਾਣ ਬਣੇਗਾ।
- ਡਾ. ਹਰਗੁਣਪ੍ਰੀਤ ਸਿੰਘ