- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇ ਕੋਈ ਵਿਦਿਆਰਥੀ ਅਜਿਹਾ ਕਰੀਅਰ ਚੁਣਨਾ ਚਾਹੁੰਦਾ ਹੈ, ਜਿਸ ਵਿਚ ਘੱਟ ਸਮਾਂ ਲੱਗੇ, ਤਾਂ ਉਸ ਲਈ ਸਕਿੱਲ ਆਧਾਰਿਤ ਤੇ ਡਿਪਲੋਮਾ ਕੋਰਸ ਬਹੁਤ ਵਧੀਆ ਬਦਲ ਹੁੰਦੇ ਹਨ। ਇਹ ਕੋਰਸ ਛੋਟੀ ਮਿਆਦ ’ਚ ਪ੍ਰਯੋਗਿਕ ਗਿਆਨ ਦਿੰਦੇ ਹਨ ਤੇ ਜਲਦੀ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਂਦੇ ਹਨ।

ਅੱਜ ਤੇਜ਼ੀ ਨਾਲ ਬਦਲ ਰਹੇ ਦੌਰ ’ਚ ਕਰੀਅਰ ਦੀ ਚੋਣ ਕਰਨਾ ਬਿਲਕੁਲ ਵੀ ਸੌਖਾ ਨਹੀਂ ਰਿਹਾ। ਵਿਦਿਆਰਥੀਆਂ ਸਾਹਮਣੇ ਬੇਹਿਸਾਬ ਬਦਲ ਹਨ ਪਰ ਸਹੀ ਜਾਣਕਾਰੀ ਤੇ ਦਿਸ਼ਾ ਦੀ ਕਮੀ ਕਾਰਨ ਫ਼ੈਸਲਾ ਕਰਨਾ ਔਖਾ ਹੋ ਜਾਂਦਾ ਹੈ। ਮੁਕਾਬਲਾ, ਸਮਾਜਿਕ ਦਬਾਅ ਤੇ ਭਵਿੱਖ ਦੀ ਚਿੰਤਾ ਇਸ ਚੋਣ ਨੂੰ ਹੋਰ ਵੀ ਜਟਿਲ ਬਣਾ ਦਿੰਦੇ ਹਨ। ਇਸ ਲਈ ਸੋਚ-ਵਿਚਾਰ ਤੇ ਸਹੀ ਮਾਰਗ-ਦਰਸ਼ਨ ਨਾਲ ਕਰੀਅਰ ਚੁਣਨਾ ਅੱਜ ਦੇ ਸਮੇਂ ਦੀ ਵੱਡੀ ਲੋੜ ਬਣ ਚੁੱਕੀ ਹੈ। ਜੇ ਕੋਈ ਵਿਦਿਆਰਥੀ ਅਜਿਹਾ ਕਰੀਅਰ ਚੁਣਨਾ ਚਾਹੁੰਦਾ ਹੈ, ਜਿਸ ਵਿਚ ਘੱਟ ਸਮਾਂ ਲੱਗੇ, ਤਾਂ ਉਸ ਲਈ ਸਕਿੱਲ ਆਧਾਰਿਤ ਤੇ ਡਿਪਲੋਮਾ ਕੋਰਸ ਬਹੁਤ ਵਧੀਆ ਬਦਲ ਹੁੰਦੇ ਹਨ। ਇਹ ਕੋਰਸ ਛੋਟੀ ਮਿਆਦ ’ਚ ਪ੍ਰਯੋਗਿਕ ਗਿਆਨ ਦਿੰਦੇ ਹਨ ਤੇ ਜਲਦੀ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਂਦੇ ਹਨ।
ਦਸਵੀਂ ਤੋਂ ਬਾਅਦ ਪੈਰਾਮੈਡੀਕਲ ਡਿਪਲੋਮਾ ਕੋਰਸ ਉਨ੍ਹਾਂ ਵਿਦਿਆਰਥੀਆਂ ਲਈ ਬਿਹਤਰ ਬਦਲ ਹਨ, ਜੋ ਘੱਟ ਸਮੇਂ ’ਚ ਰੋਜ਼ਗਾਰ ਪ੍ਰਾਪਤ ਕਰਨਾ ਚਾਹੁੰਦੇ ਹਨ। ਇਨ੍ਹਾਂ ਕੋਰਸਾਂ ਦੀ ਸਭ ਤੋਂ ਵਧੀਆ ਗੱਲ ਇਹੀ ਹੈ ਕਿ ਇਨ੍ਹਾਂ ਦੀ ਪੜ੍ਹਾਈ ਦੀ ਮਿਆਦ ਸਿਰਫ਼ ਇਕ ਤੋਂ ਤਿੰਨ ਸਾਲਾਂ ਦੀ ਹੁੰਦੀ ਹੈ। ਇਨ੍ਹਾਂ ਦਾ ਫ਼ਾਇਦਾ ਇਹ ਹੈ ਕਿ ਵਿਦਿਆਰਥੀ ਘੱਟ ਸਮੇਂ ’ਚ ਤਕਨੀਕੀ ਤੇ ਪ੍ਰਯੋਗਿਕ ਹੁਨਰ ਹਾਸਿਲ ਕਰ ਕੇ ਸਿੱਧਾ ਰੁਜ਼ਗਾਰ ਦੇ ਖੇਤਰ ’ਚ ਕਦਮ ਰੱਖ ਸਕਦੇ ਹਨ। ਪੈਰਾਮੈਡੀਕਲ ਕੋਰਸ ਉਹ ਹੁੰਦੇ ਹਨ, ਜੋ ਮੈਡੀਕਲ ਖੇਤਰ ਵਿਚ ਡਾਕਟਰਾਂ ਦੀ ਸਹਾਇਤਾ ਕਰਨ ਲਈ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਕੋਰਸਾਂ ਰਾਹੀਂ ਵਿਦਿਆਰਥੀਆਂ ਨੂੰ ਬਿਮਾਰੀਆਂ ਦੀ ਜਾਂਚ, ਮਰੀਜ਼ਾਂ ਦੀ ਦੇਖਭਾਲ, ਮੈਡੀਕਲ ਟੈਸਟ, ਐਮਰਜੈਂਸੀ ਸੇਵਾਵਾਂ ਤੇ ਹਸਪਤਾਲ ਨਾਲ ਸਬੰਧਿਤ ਤਕਨੀਕੀ ਕੰਮ ਸਿਖਾਏ ਜਾਂਦੇ ਹਨ। ਪੈਰਾਮੈਡੀਕਲ ਕਰਮਚਾਰੀ ਡਾਕਟਰ ਤੇ ਮਰੀਜ਼ ਵਿਚਕਾਰ ਮਹੱਤਵਪੂਰਨ ਕੜੀ ਵਜੋਂ ਕੰਮ ਕਰਦੇ ਹਨ। ਆਮ ਭਾਸ਼ਾ ’ਚ ਕਿਹਾ ਜਾਵੇ ਤਾਂ ਪੈਰਾਮੈਡੀਕਲ ਕੋਰਸ ਉਹ ਕੋਰਸ ਹਨ, ਜੋ ਮੈਡੀਕਲ ਸੇਵਾਵਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਿਚ ਮਦਦ ਕਰਦੇ ਹਨ। ਡਾਕਟਰਾਂ ਦੇ ਇਲਾਜ ਨੂੰ ਸਫਲ ਬਣਾਉਣ ’ਚ ਪੈਰਾਮੈਡੀਕਲ ਸਟਾਫ ਦੀ ਭੂਮਿਕਾ ਬਹੁਤ ਜ਼ਰੂਰੀ ਹੁੰਦੀ ਹੈ, ਇਸ ਲਈ ਅੱਜ ਦੇ ਸਮੇਂ ਵਿਚ ਇਹ ਕੋਰਸ ਰੋਜ਼ਗਾਰ ਦੇ ਚੰਗੇ ਮੌਕੇ ਪ੍ਰਦਾਨ ਕਰਦੇ ਹਨ।
ਡਿਪਲੋਮਾ ਇਨ ਮੈਡੀਕਲ ਲੈਬੋਰਟਰੀ ਤਕਨਾਲੋਜੀ
ਡਿਪਲੋਮਾ ਇਨ ਮੈਡੀਕਲ ਲੈਬੋਰਟਰੀ ਤਕਨਾਲੋਜੀ ਬਹੁਤ ਵਧੀਆ ਪੈਰਾਮੈਡੀਕਲ ਕੋਰਸ ਹੈ। ਇਸ ਕੋਰਸ ’ਚ ਵਿਦਿਆਰਥੀਆਂ ਨੂੰ ਖ਼ੂਨ, ਯੂਰਿਨ ਅਤੇ ਹੋਰ ਬਾਡੀ ਸੈਂਪਲਾਂ ਦੀ ਜਾਂਚ ਕਰਨੀ ਸਿਖਾਈ ਜਾਂਦੀ ਹੈ, ਜਿਸ ਨਾਲ ਬਿਮਾਰੀਆਂ ਦੀ ਪਛਾਣ ਕੀਤੀ ਜਾਂਦੀ ਹੈ। ਲੈਬ ਤਕਨੀਸ਼ੀਅਨ ਡਾਕਟਰ ਲਈ ਰਿਪੋਰਟ ਤਿਆਰ ਕਰਦਾ ਹੈ, ਜੋ ਇਲਾਜ ’ਚ ਮਹੱਤਵਪੂਰਨ ਹੁੰਦੀ ਹੈ। ਇਸ ਕੋਰਸ ਤੋਂ ਬਾਅਦ ਵਿਦਿਆਰਥੀ ਮੈਡੀਕਲ ਲੈਬ ਤਕਨੀਸ਼ੀਅਨ, ਪੈਥੋਲੋਜੀ ਲੈਬ ਅਸਿਸਟੈਂਟ ਜਾਂ ਡਾਇਗਨੋਸਟਿਕ ਲੈਬ ਸਟਾਫ ਵਜੋਂ ਕੰਮ ਕਰ ਸਕਦੇ ਹਨ। ਸਰਕਾਰੀ ਤੇ ਨਿੱਜੀ ਹਸਪਤਾਲਾਂ, ਡਾਇਗਨੋਸਟਿਕ ਸੈਂਟਰਾਂ ਤੇ ਬਲੱਡ ਬੈਂਕਾਂ ’ਚ ਇਸ ਦੀ ਮੰਗ ਕਾਫ਼ੀ ਹੈ। ਭਾਰਤ ਵਿਚ ਇਸ ਕੋਰਸ ਤੋਂ ਬਾਅਦ ਸਾਲਾਨਾ ਤਨਖ਼ਾਹ ਲਗਪਗ ਦੋ ਲੱਖ ਤੋਂ ਪੰਜ ਲੱਖ ਤਕ ਹੁੰਦੀ ਹੈ, ਜੋ ਅਨੁਭਵ ਨਾਲ ਵੱਧ ਸਕਦੀ ਹੈ।
ਡਿਪਲੋਮਾ ਇਨ ਐਕਸ-ਰੇ ਤੇ ਰੇਡੀਓਲੋਜੀ ਤਕਨਾਲੋਜੀ
ਇਹ ਕੋਰਸ ਮੈਡੀਕਲ ਇਮੇਜਿੰਗ ਨਾਲ ਜੁੜਿਆ ਹੋਇਆ ਹੈ। ਇਸ ’ਚ ਵਿਦਿਆਰਥੀਆਂ ਨੂੰ ਐਕਸ-ਰੇ, ਸੀਟੀ ਸਕੈਨ, ਐੱਮਆਰਆਈ ਤੇ ਅਲਟ੍ਰਾਸਾਊਂਡ ਵਰਗੀਆਂ ਮਸ਼ੀਨਾਂ ਚਲਾਉਣ ਤੇ ਮਰੀਜ਼ਾਂ ਦੀ ਸੁਰੱਖਿਅਤ ਇਮੇਜਿੰਗ ਕਰਨੀ ਸਿਖਾਈ ਜਾਂਦੀ ਹੈ। ਰੇਡੀਓਲੋਜੀ ਤਕਨੀਸ਼ੀਅਨ ਡਾਕਟਰ ਦੀ ਦੇਖ-ਰੇਖ ਹੇਠ ਕੰਮ ਕਰਦਾ ਹੈ ਤੇ ਬਿਮਾਰੀਆਂ ਦੀ ਅੰਦਰੂਨੀ ਜਾਂਚ ’ਚ ਮਦਦ ਕਰਦਾ ਹੈ। ਇਸ ਡਿਪਲੋਮਾ ਤੋਂ ਬਾਅਦ ਵਿਦਿਆਰਥੀ ਐਕਸ-ਰੇ ਤਕਨੀਸ਼ੀਅਨ ਜਾਂ ਰੇਡੀਓਲੋਜੀ ਤਕਨਾਲੋਜਿਸਟ ਵਜੋਂ ਹਸਪਤਾਲਾਂ ਅਤੇ ਡਾਇਗਨੋਸਟਿਕ ਇਮੇਜਿੰਗ ਸੈਂਟਰਾਂ ਵਿਚ ਨੌਕਰੀ ਕਰ ਸਕਦੇ ਹਨ। ਇਸ ਖੇਤਰ ’ਚ ਤਕਨਾਲੋਜੀ ਦੇ ਵਿਕਾਸ ਨਾਲ ਰੁਜ਼ਗਾਰ ਦੇ ਮੌਕੇ ਲਗਾਤਾਰ ਵੱਧ ਰਹੇ ਹਨ।
ਡਿਪਲੋਮਾ ਇਨ ਆਪਰੇਸ਼ਨ ਥੀਏਟਰ ਤਕਨੀਸ਼ੀਅਨ
ਓਪਰੇਸ਼ਨ ਥੀਏਟਰ ਤਕਨੀਸ਼ੀਅਨ ਕੋਰਸ ਉਨ੍ਹਾਂ ਵਿਦਿਆਰਥੀਆਂ ਲਈ ਹੈ, ਜੋ ਸਰਜਰੀ ਨਾਲ ਜੁੜੇ ਕੰਮ ਕਰਨਾ ਚਾਹੁੰਦੇ ਹਨ। ਇਸ ਕੋਰਸ ਵਿਚ ਓਪਰੇਸ਼ਨ ਥੀਏਟਰ ਦੀ ਤਿਆਰੀ, ਸਰਜਰੀ ਉਪਕਰਨਾਂ ਦੀ ਸਟੇਰਲਾਈਜ਼ੇਸ਼ਨ ਅਤੇ ਓਪਰੇਸ਼ਨ ਦੌਰਾਨ ਡਾਕਟਰਾਂ ਦੀ ਸਹਾਇਤਾ ਕਰਨੀ ਸਿਖਾਈ ਜਾਂਦੀ ਹੈ। ਇਹ ਕੋਰਸ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਓਟੀ ਤਕਨੀਸ਼ੀਅਨ ਜਾਂ ਸਰਜੀਕਲ ਅਸਿਸਟੈਂਟ ਵਜੋਂ ਕੰਮ ਕਰ ਸਕਦੇ ਹਨ। ਵੱਡੇ ਹਸਪਤਾਲਾਂ, ਟਰੋਮਾ ਸੈਂਟਰਾਂ ਤੇ ਨਿੱਜੀ ਸਰਜੀਕਲ ਕਲੀਨਿਕਾਂ ’ਚ ਇਸ ਦੀ ਲੋੜ ਹੁੰਦੀ ਹੈ। ਇਨ੍ਹਾਂ ਦੀ ਸਾਲਾਨਾ ਤਨਖ਼ਾਹ ਲਗਪਗ 2.5 ਲੱਖ ਤੋਂ 4.5 ਲੱਖ ਤਕ ਹੁੰਦੀ ਹੈ।
ਡਿਪਲੋਮਾ ਇਨ ਨਰਸਿੰਗ ਅਸਿਸਟੈਂਟ/ਕੇਅਰ ਅਸਿਸਟੈਂਟ
ਇਹ ਕੋਰਸ ਮਰੀਜ਼ ਦੀ ਬੁਨਿਆਦੀ ਦੇਖਭਾਲ ’ਤੇ ਕੇਂਦਰਿਤ ਹੁੰਦਾ ਹੈ। ਇਸ ਵਿਚ ਮਰੀਜ਼ਾਂ ਨੂੰ ਦਵਾਈ ਦੇਣ, ਬਿਸਤਰ ਦੀ ਦੇਖਭਾਲ, ਵਾਇਟਲ ਸਾਈਨਜ਼ ਚੈੱਕ ਕਰਨਾ ਤੇ ਰੋਜ਼ਾਨਾ ਦੀ ਸਿਹਤ ਸਹਾਇਤਾ ਪ੍ਰਦਾਨ ਕਰਨੀ ਸਿਖਾਈ ਜਾਂਦੀ ਹੈ। ਇਹ ਕੋਰਸ ਖ਼ਾਸ ਕਰਕੇ ਉਨ੍ਹਾਂ ਲਈ ਉਚਿਤ ਹੈ, ਜੋ ਸੇਵਾ ਭਾਵ ਨਾਲ ਸਿਹਤ ਖੇਤਰ ਵਿਚ ਕੰਮ ਕਰਨਾ ਚਾਹੁੰਦੇ ਹਨ। ਇਸ ਡਿਪਲੋਮੇ ਤੋਂ ਬਾਅਦ ਵਿਦਿਆਰਥੀ ਨਰਸਿੰਗ ਅਸਿਸਟੈਂਟ, ਪੇਸ਼ੈਂਟ ਕੇਅਰ ਅਟੈਂਡੈਂਟ ਜਾਂ ਹੋਮ ਹੈਲਥ ਕੇਅਰ ਵਰਕਰ ਵਜੋਂ ਕੰਮ ਕਰ ਸਕਦੇ ਹਨ। ਹਸਪਤਾਲਾਂ, ਨਰਸਿੰਗ ਹੋਮਾਂ ਤੇ ਘਰੇਲੂ ਸਿਹਤ ਸੇਵਾਵਾਂ ’ਚ ਇਸ ਦੀ ਮੰਗ ਕਾਫ਼ੀ ਹੈ। ਭਾਰਤ ਵਿਚ ਇਸ ਕੋਰਸ ਤੋਂ ਬਾਅਦ ਸਾਲਾਨਾ ਤਨਖ਼ਾਹ ਆਮ ਤੌਰ ’ਤੇ 2 ਲੱਖ ਤੋਂ 3.5 ਲੱਖ ਦੇ ਦਰਮਿਆਨ ਹੁੰਦੀ ਹੈ।
ਡਿਪਲੋਮਾ ਇਨ ਡਾਇਲਸਿਸ ਤਕਨਾਲੋਜੀ
ਡਾਇਲਸਿਸ ਤਕਨੋਲੋਜੀ ਕੋਰਸ ਗੁਰਦਿਆਂ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਦੀ ਦੇਖਭਾਲ ਲਈ ਤਿਆਰ ਕੀਤਾ ਗਿਆ ਹੈ। ਇਸ ਵਿਚ ਵਿਦਿਆਰਥੀਆਂ ਨੂੰ ਡਾਇਲਿਸਿਸ ਮਸ਼ੀਨ ਚਲਾਉਣ, ਮਰੀਜ਼ ਦੇ ਇਲਾਜ ਦੌਰਾਨ ਸੁਰੱਖਿਆ ਉਪਾਅ ਸਿਖਾਏ ਜਾਂਦੇ ਹਨ। ਇਸ ਕੋਰਸ ਤੋਂ ਬਾਅਦ ਡਾਇਲਸਿਸ ਤਕਨੀਸ਼ੀਅਨ ਵਜੋਂ ਹਸਪਤਾਲਾਂ ਤੇ ਡਾਇਲਸਿਸ ਸੈਂਟਰਾਂ ਵਿਚ ਨੌਕਰੀ ਮਿਲ ਸਕਦੀ ਹੈ। ਗੁਰਦਿਆਂ ਦੀਆਂ ਬਿਮਾਰੀਆਂ ਵਧਣ ਕਾਰਨ ਇਸ ਖੇਤਰ ਵਿਚ ਰੁਜ਼ਗਾਰ ਦੀ ਸੰਭਾਵਨਾ ਚੰਗੀ ਹੈ।
ਡਿਪਲੋਮਾ ਇਨ ਫਿਜ਼ੀਓਥੈਰੇਪੀ ਅਸਿਸਟੈਂਟ
ਇਹ ਕੋਰਸ ਵਿਚ ਵਿਦਿਆਰਥੀਆਂ ਨੂੰ ਕਸਰਤਾਂ, ਥੈਰੇਪੀ ਉਪਕਰਨਾਂ ਤੇ ਮਰੀਜ਼ਾਂ ਦੀ ਸਰੀਰਕ ਮੁੜ-ਸੁਧਾਰ ਪ੍ਰਕਿਰਿਆ ਬਾਰੇ ਸਿਖਾਇਆ ਜਾਂਦਾ ਹੈ।
ਇਸ ਡਿਪਲੋਮਾ ਤੋਂ ਬਾਅਦ ਵਿਦਿਆਰਥੀ ਫਿਜ਼ੀਓਥੈਰੇਪੀ ਅਸਿਸਟੈਂਟ ਵਜੋਂ ਹਸਪਤਾਲਾਂ, ਰੀਹੈਬਿਲੀਟੇਸ਼ਨ ਸੈਂਟਰਾਂ ਤੇ ਸਪੋਰਟਸ ਕਲੀਨਿਕਾਂ ਵਿਚ ਕੰਮ ਕਰ ਸਕਦੇ ਹਨ। ਭਾਰਤ ’ਚ ਇਸ ਕੋਰਸ ਤੋਂ ਬਾਅਦ ਸਾਲਾਨਾ ਤਨਖ਼ਾਹ ਲਗਪਗ 2.5 ਲੱਖ ਤੋਂ 4 ਲੱਖ ਤਕ ਹੁੰਦੀ ਹੈ।
ਪੰਜਾਬ ’ਚ ਪ੍ਰਮੁੱਖ ਪੈਰਾਮੈਡੀਕਲ ਡਿਪਲੋਮਾ ਕਾਲਜ
ਅਜੋਕੇ ਸਮੇਂ ’ਚ ਬਹੁਤ ਸਾਰੇ ਕਾਲਜ ਪੰਜਾਬ ’ਚ ਪੈਰਾਮੈਡੀਕਲ ਕੋਰਸ ਦੀ ਪੜ੍ਹਾਈ ਲਈ ਮੁਹੱਈਆ ਹਨ।
- ਕ੍ਰਿਸਚਨ ਮੈਡੀਕਲ ਕਾਲਜ, ਲੁਧਿਆਣਾ।
- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ।
- ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ।
- ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ।
- ਅਦੇਸ਼ ਕਾਲਜ ਆਫ ਪੈਰਾਮੈਡੀਕਲ ਸਾਇੰਸਜ਼, ਬਠਿੰਡਾ।
- ਡੀਏਵੀ ਯੂਨੀਵਰਸਿਟੀ, ਜਲੰਧਰ।
- ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਜਲੰਧਰ।
- ਰਿਜ਼ਨਲ ਇੰਸਟੀਚਿਊਟ ਆਫ ਪੈਰਾਮੈਡੀਕਲ ਸਾਇੰਸਜ਼, ਹੁਸ਼ਿਆਰਪੁਰ।
- ਏਸ਼ੀਆ ਪੈਰਾਮੈਡੀਕਲ ਇੰਸਟੀਚਿਊਟ, ਬਟਾਲਾ।
ਅੰਤ ’ਚ ਇਹ ਕਿਹਾ ਜਾ ਸਕਦਾ ਹੈ ਕਿ ਪੈਰਾਮੈਡੀਕਲ ਕੋਰਸ ਵਿਦਿਆਰਥੀਆਂ ਲਈ ਪ੍ਰਯੋਗਿਕ, ਕਿੱਤਾਮੁਖੀ ਤੇ ਸਨਮਾਨਜਨਕ ਕਰੀਅਰ ਦਾ ਰਾਹ ਖੋਲ੍ਹਦੇ ਹਨ। ਘੱਟ ਸਮੇਂ ਵਿੱਚ ਪੂਰੇ ਹੋਣ ਵਾਲੇ ਇਹ ਕੋਰਸ ਸਿਹਤ ਖੇਤਰ ਵਿਚ ਸਥਿਰ ਭਵਿੱਖ ਦੀ ਸੰਭਾਵਨਾ ਪ੍ਰਦਾਨ ਕਰਦੇ ਹਨ। ਸਹੀ ਜਾਣਕਾਰੀ, ਰੁਚੀ ਅਤੇ ਮਾਨਤਾ ਪ੍ਰਾਪਤ ਸੰਸਥਾ ਦੀ ਚੋਣ ਕਰ ਕੇ ਵਿਦਿਆਰਥੀ ਆਪਣਾ ਕਰੀਅਰ ਸੁਚੱਜੇ ਢੰਗ ਨਾਲ ਤਿਆਰ ਕਰ ਸਕਦੇ ਹਨ।
- ਪਰਜਿੰਦਰ ਕੌਰ ਕਲੇਰ