- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੋਰਡ ਮੁਤਾਬਕ, ਅਕਾਦਮਿਕ ਸੈਸ਼ਨ 2027-28 ਵਿਚ 10ਵੀਂ ਦੀ ਬੋਰਡ ਪ੍ਰੀਖਿਆ ਲਈ ਪੰਜ ਵਿਸ਼ੇ ਲਾਜ਼ਮੀ ਹੋਣਗੇ। ਇਨ੍ਹਾਂ ਵਿਚ ਪਹਿਲੀ ਭਾਸ਼ਾ (ਆਰ-1), ਦੂਜੀ ਭਾਸ਼ਾ (ਆਰ-2), ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਸ਼ਾਮਲ ਹਨ। ਇਸ ਤੋਂ ਇਲਾਵਾ, ਵਿਦਿਆਰਥੀ ਇਕ ਚੋਣਵਾਂ ਵਿਸ਼ਾ ਵੀ ਲੈ ਸਕਣਗੇ।

ਜਾਸ, ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਵਿਸ਼ਾ ਯੋਜਨਾ ਵਿਚ ਤਬਦੀਲੀ ਕੀਤੀ ਹੈ। ਇਸ ਮੁਤਾਬਕ, ਅਕਾਦਮਿਕ ਸੈਸ਼ਨ 2027-28 ਵਿਚ 10ਵੀਂ ਜਮਾਤ ਵਿਚ ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ ਵਾਤਾਵਰਣ ਸਿੱਖਿਆ ਵਿਸ਼ਾ ਨਹੀਂ ਪੜ੍ਹਨਾ ਪਵੇਗਾ। ਦੂਜੇ ਪਾਸੇ, ਮੌਜੂਦਾ ਅਕਾਦਮਿਕ ਸੈਸ਼ਨ 2026-27 ਵਿਚ 9ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪਾਠਕ੍ਰਮ ਵਿੱਚੋਂ ‘ਇੰਡੀਵਿਜੂਅਲਜ਼ ਇਨ ਸੋਸਾਇਟੀ’ ਵਿਸ਼ਾ ਤੇ ‘ਮੋਡੀਊਲ ਆਫ਼ ਕੰਪਿਊਟੇਸ਼ਨਲ ਥਿੰਕਿੰਗ (ਸੀਟੀ) ਅਤੇ ਏਆਈ’ ਵੀ ਹਟਾ ਦਿੱਤੇ ਗਏ ਹਨ। ਇਸ ਵੇਲੇ 10ਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀਆਂ ਉੱਤੇ ਇਹ ਤਬਦੀਲੀਆਂ ਲਾਗੂ ਨਹੀਂ ਹੋਣਗੀਆਂ। ਉਨ੍ਹਾਂ ਲਈ ਪੁਰਾਣੀ ਵਿਸ਼ਾ ਯੋਜਨਾ ਹੀ ਜਾਰੀ ਰਹੇਗੀ।
ਬੋਰਡ ਮੁਤਾਬਕ, ਅਕਾਦਮਿਕ ਸੈਸ਼ਨ 2027-28 ਵਿਚ 10ਵੀਂ ਦੀ ਬੋਰਡ ਪ੍ਰੀਖਿਆ ਲਈ ਪੰਜ ਵਿਸ਼ੇ ਲਾਜ਼ਮੀ ਹੋਣਗੇ। ਇਨ੍ਹਾਂ ਵਿਚ ਪਹਿਲੀ ਭਾਸ਼ਾ (ਆਰ-1), ਦੂਜੀ ਭਾਸ਼ਾ (ਆਰ-2), ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਸ਼ਾਮਲ ਹਨ। ਇਸ ਤੋਂ ਇਲਾਵਾ, ਵਿਦਿਆਰਥੀ ਇਕ ਚੋਣਵਾਂ ਵਿਸ਼ਾ ਵੀ ਲੈ ਸਕਣਗੇ। ਇਸ ਲਈ 57 ਵਿਸ਼ਿਆਂ ਦੀ ਸੂਚੀ ਵਿੱਚੋਂ ਕਿਸੇ ਇਕ ਦੀ ਚੋਣ ਕੀਤੀ ਜਾ ਸਕਦੀ ਹੈ। ਵਿਦਿਆਰਥੀ ਚੋਣਵੇਂ ਉੱਨਤ ਗਣਿਤ, ਉੱਨਤ ਵਿਗਿਆਨ ਜਾਂ ਕਿੱਤਾਮੁਖੀ ਸਿੱਖਿਆ ਤਹਿਤ ਦਿੱਤੇ 22 ਹੁਨਰ ਵਿਸ਼ਿਆਂ ਵਿੱਚੋਂ ਕਿਸੇ ਇਕ ਨੂੰ ਵੀ ਚੁਣ ਸਕਣਗੇ।
ਸੀਬੀਐੱਸਈ ਨੇ ਕਿੱਤਾਮੁਖੀ, ਯਾਨੀ ਹੁਨਰ ਸਿੱਖਿਆ ਨੂੰ ਲਾਜ਼ਮੀ ਰੱਖਿਆ ਹੈ। ਇਸ ਤਹਿਤ ਵਿਦਿਆਰਥੀ ਹੁਨਰ ਵਿਕਾਸ ਵਿਸ਼ਾ ਜਾਂ ਬੋਰਡ ਵੱਲੋਂ ਨੋਟੀਫਾਈ ਕੀਤੇ 22 ਹੁਨਰ ਵਿਸ਼ਿਆਂ ਵਿੱਚੋਂ ਕਿਸੇ ਇਕ ਦੀ ਚੋਣ ਕਰ ਸਕਣਗੇ। ਹੁਨਰ ਵਿਕਾਸ ਵਿਸ਼ਾ ਲੈਣ ਵਾਲੇ ਵਿਦਿਆਰਥੀਆਂ ਦਾ ਮੁਲਾਂਕਣ ਸਕੂਲ ਪੱਧਰ ’ਤੇ ਹੋਵੇਗਾ ਅਤੇ ਉਨ੍ਹਾਂ ਨੂੰ ਇਸ ਲਈ ਬੋਰਡ ਪ੍ਰੀਖਿਆ ਨਹੀਂ ਦੇਣੀ ਪਵੇਗੀ। ਹਾਲਾਂਕਿ, 22 ਹੁਨਰ ਵਿਸ਼ਿਆਂ ਵਿੱਚੋਂ ਕਿਸੇ ਇਕ ਦੀ ਚੋਣ ਕਰਨ ਵਾਲਿਆਂ ਨੂੰ 10ਵੀਂ ਵਿਚ ਉਸ ਵਿਸ਼ੇ ਦੀ ਬੋਰਡ ਪ੍ਰੀਖਿਆ ਦੇਣੀ ਹੋਵੇਗੀ।
-------
ਵਿਸ਼ਾ ਬਦਲਣ ਦੀ ਵਿਵਸਥਾ ਵੀ ਸਪੱਸ਼ਟ
ਸੀਬੀਐੱਸਈ ਨੇ 10ਵੀਂ ਦੇ ਨਤੀਜੇ ਲਈ ਵਿਸ਼ਾ ਬਦਲਣ ਦੀ ਵਿਵਸਥਾ ਵੀ ਸਪੱਸ਼ਟ ਕੀਤੀ ਹੈ। ਜੇ ਕੋਈ ਵਿਦਿਆਰਥੀ ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ-ਇਨ੍ਹਾਂ ਤਿੰਨ ਵਿਸ਼ਿਆਂ ਵਿੱਚੋਂ ਕਿਸੇ ਇਕ ਵਿਚ 33 ਫ਼ੀਸਦੀ ਅੰਕ ਹਾਸਲ ਨਹੀਂ ਕਰਦਾ, ਪਰ ਚੁਣੇ ਹੋਏ ਹੁਨਰ ਵਿਸ਼ੇ ਵਿਚ ਪਾਸ ਹੋ ਜਾਂਦਾ ਹੈ, ਤਾਂ ਨਿਯਮਾਂ ਮੁਤਾਬਕ ਹੁਨਰ ਵਿਸ਼ੇ ਨੂੰ ਉਸ ਵਿਸ਼ੇ ਦੀ ਥਾਂ ਗਿਣਿਆ ਜਾ ਸਕਦਾ ਹੈ। ਇਸੇ ਤਰ੍ਹਾਂ, ਜੇ ਵਿਦਿਆਰਥੀ ਪਹਿਲੀ ਜਾਂ ਦੂਜੀ ਭਾਸ਼ਾ ਵਿੱਚੋਂ ਕਿਸੇ ਇਕ ਵਿਚ 33 ਫ਼ੀਸਦੀ ਅੰਕ ਨਹੀਂ ਲੈ ਸਕਦਾ, ਪਰ ਚੋਣਵੀਂ ਭਾਸ਼ਾ ਵਿਚ ਪਾਸ ਹੋ ਜਾਂਦਾ ਹੈ, ਤਾਂ ਨਿਰਧਾਰਤ ਸ਼ਰਤਾਂ ਤਹਿਤ ਚੋਣਵੀਂ ਭਾਸ਼ਾ ਨੂੰ ਉਸ ਵਿਸ਼ੇ ਦੀ ਥਾਂ ਲਿਆ ਜਾ ਸਕਦਾ ਹੈ।
-------
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਵੱਖਰੇ ਨਿਯਮ
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਬੋਰਡ ਨੇ ਵੱਖਰੀ ਵਿਵਸਥਾ ਕੀਤੀ ਹੈ। ਉਨ੍ਹਾਂ ਨੂੰ ਇਕ ਲਾਜ਼ਮੀ ਭਾਸ਼ਾ ਪੜ੍ਹਨੀ ਹੋਵੇਗੀ, ਜਿਸ ਦੀ ਬੋਰਡ ਪ੍ਰੀਖਿਆ ਹੋਵੇਗੀ। ਬੋਰਡ ਪ੍ਰੀਖਿਆ ਵਾਲੇ ਬਾਕੀ ਚਾਰ ਵਿਸ਼ਿਆਂ ਦੀ ਚੋਣ ਉਹ ਨਿਰਧਾਰਤ ਨਿਯਮਾਂ ਮੁਤਾਬਕ ਕਰ ਸਕਣਗੇ। ਉਹ ਵੱਧ ਤੋਂ ਵੱਧ ਦੋ ਹੁਨਰ ਵਿਸ਼ੇ ਵੀ ਲੈ ਸਕਦੇ ਹਨ।