- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਕਰਯੋਗ ਹੈ ਕਿ ਕੋਐਂਪਟ ਦੀ ਭੂਮਿਕਾ ਅਜਿਹੇ ਸਮੇਂ ਬਣੀ ਹੋਈ ਹੈ ਜਦ ਸੀਬੀਐੱਸਈ ਦੀਆਂ ਉੱਤਰ ਕਾਪੀ ਵੈਰੀਫਕੇਸ਼ਨ, ਫੋਟੋਕਾਪੀ ਤੇ ਮੁੜ ਮੁਲਾਂਕਣ ਦੀਆਂ ਸੇਵਾਵਾਂ ਲਈ ਇਸਤੇਮਾਲ ਹੋਣ ਵਾਲੀ ਓਐੱਸਐੱਮ ਪ੍ਰਣਾਲੀ ’ਚ ਖਾਮੀਆਂ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ।

ਨਵੀਂ ਦਿੱਲੀ (ਏਐੱਨਆਈ) : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ ਵਿਵਾਦਾਂ ’ਚ ਘਿਰੀ ਕੋਐਂਪਟ ਐਜੂਟੈੱਕ ’ਤੇ ਇਕ ਵਾਰ ਮੁੜ ਭਰੋਸਾ ਪ੍ਰਗਟਾਉਂਦੇ ਹੋਏ 12ਵੀਂ ਬੋਰਡ ਪ੍ਰੀਖਿਆ ਦੀਆਂ ਉੱਤਰ ਕਾਪੀਆਂ ਦੇ ਮੁੜ ਮੁਲਾਂਕਣ ਨਾਲ ਜੁੜੀ ਸਕੈਨਿੰਗ ਦਾ ਕੰਮ ਉਸੇ ਕੰਪਨੀ ਨੂੰ ਸੌਂਪਿਆ ਹੈ। ਹਾਲਾਂਕਿ, ਬੋਰਡ ਨੇ ਸੁਰੱਖਿਆ ਸਬੰਧੀ ਚਿੰਤਾਵਾਂ ਨੂੰ ਦੇਖਦੇ ਹੋਏ ਆਨਲਾਈਨ ਸਕ੍ਰੀਨ ਮਾਰਕਿੰਗ (ਓਐੱਸਐੱਮ) ਪ੍ਰਣਾਲੀ ਨਾਲ ਜੁੜਿਆ ਪੂਰਾ ਡਾਟਾ ਤੇ ਰਿਕਾਰਡ ਕੰਪਨੀ ਦੇ ਸਰਵਰ ਤੋਂ ਆਪਣੇ ਕੰਟਰੋਲ ਵਾਲੇ ਸਰਵਰ ’ਤੇ ਤਬਦੀਲ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਕੋਐਂਪਟ ਦੀ ਭੂਮਿਕਾ ਅਜਿਹੇ ਸਮੇਂ ਬਣੀ ਹੋਈ ਹੈ ਜਦ ਸੀਬੀਐੱਸਈ ਦੀਆਂ ਉੱਤਰ ਕਾਪੀ ਵੈਰੀਫਕੇਸ਼ਨ, ਫੋਟੋਕਾਪੀ ਤੇ ਮੁੜ ਮੁਲਾਂਕਣ ਦੀਆਂ ਸੇਵਾਵਾਂ ਲਈ ਇਸਤੇਮਾਲ ਹੋਣ ਵਾਲੀ ਓਐੱਸਐੱਮ ਪ੍ਰਣਾਲੀ ’ਚ ਖਾਮੀਆਂ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ।
ਪੂਰੇ ਮਾਮਲੇ ਦੀ ਸੁਰੱਖਿਆ ਜਾਂਚ ’ਚ ਸ਼ਾਮਲ ਆਈਆਈਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁੜ ਮੁਲਾਂਕਣ ਪ੍ਰਕਿਰਿਆ ’ਚ ਕੋਐਂਪਟ ਦੇ ਓਐੱਸਐੱਮ ਪਲੇਟਫਾਰਮ ਦੀ ਵਰਤੋਂ ਜਾਰੀ ਰਹੇਗੀ। ਕੰਪਨੀ ਮੁੜ ਮੁਲਾਂਕਣ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਦੀਆਂ ਉੱਤਰ ਕਾਪੀਆਂ ਦੀ ਸਕੈਨਿੰਗ ਕਰੇਗੀ।
ਕੰਪਨੀ ਦੀ ਭਰੋਸੇਯੋਗਤਾ ’ਤੇ ਉੱਠ ਰਹੇ ਸਵਾਲਾਂ ਦੇ ਬਾਰੇ ਪੁੱਛੇ ਜਾਣ ’ਤੇ ਅਧਿਕਾਰੀ ਨੇ ਕਿਹਾ ਕਿ ਕੋਐਂਪਟ ਹੁਣ ਤੱਕ ਲਗਪਗ 40 ਕਰੋੜ ਪੰਨਿਆਂ ਦੀ ਸਕੈਨਿੰਗ ਕਰ ਚੁੱਕੀ ਹੈ, ਜਿਨ੍ਹਾਂ ’ਚੋਂ ਸਿਰਫ਼ ਲਗਪਗ 30 ਹਜ਼ਾਰ ਪੰਨਿਆਂ ’ਚ ਹੀ ਤਕਨੀਕੀ ਗੜਬੜੀ ਪਾਈ ਗਈ। ਉਨ੍ਹਾਂ ਮੁਤਾਬਕ ਇਹ ਅਨੁਪਾਤ ਬਹੁਤ ਘੱਟ ਹੈ ਤੇ ਹੁਣ ਸਿਰਫ਼ ਉਨ੍ਹਾਂ ਸੀਮਤ ਸਮੱਸਿਆ ਵਾਲੇ ਪੰਨਿਆਂ ਨੂੰ ਦੁਬਾਰਾ ਸਕੈਨ ਕੀਤਾ ਜਾਣਾ ਹੈ, ਜਿਸ ਨੂੰ ਕੰਪਨੀ ਆਸਾਨੀ ਨਾਲ ਪੂਰਾ ਕਰ ਸਕਦੀ ਹੈ।
ਸੀਬੀਐੱਸਈ ਮੁਤਾਬਕ ਚਾਰ ਜੂਨ ਤੱਕ ਨਤੀਜੇ ਤੋਂ ਬਾਅਦ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੇ ਤਹਿਤ ਕੁੱਲ 70,433 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ’ਚ 7314 ਅਰਜ਼ੀਆਂ ਅੰਕਾਂ ਦੀ ਵੈਰੀਫਿਕੇਸ਼ਨ ਤੇ 63,119 ਅਰਜ਼ੀਆਂ ਮੁੜ ਮੁਲਾਂਕਣ ਲਈ ਹਨ।
ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਸਕੈਨ ਕੀਤੀਆਂ ਗਈਆਂ ਉੱਤਰ ਕਾਪੀਆਂ ਅਤੇ ਸਬੰਧਤ ਡਾਟਾ ਵੈਂਡਰ ਦੇ ਸਰਵਰ ’ਤੇ ਹੋਸਟ ਕੀਤੇ ਗਏ ਸਨ। ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਪੂਰੇ ਡਾਟਾ ਨੂੰ ਸੀਬੀਐੱਸਈ ਦੇ ਸਰਵਰ ’ਤੇ ਤਬਦੀਲ ਕੀਤਾ ਗਿਆ ਹੈ। ਨਾਲ ਹੀ ਓਐੱਸਐੱਮ ਕੋਡ ਦੀ ਸਮੀਖਿਆ ਤੇ ਜ਼ਰੂਰੀ ਸੁਧਾਰ ਕਰ ਕੇ ਇਸ ਨੂੰ ਬੋਰਡ ਦੇ ਆਪਣੇ ਡਿਜੀਟਲ ਢਾਂਚੇ ’ਤੇ ਸੰਚਾਲਿਤ ਕਰਨ ਯੋਗ ਬਣਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸੁਰੱਖਿਆ ਦੇ ਨਜ਼ਰੀਏ ਨਾਲ ਕਿਸੇ ਬਾਹਰਲੇ ਸਰਵਰ ’ਤੇ ਨਿਰਭਰ ਰਹਿਣ ਦੀ ਥਾਂ ਸਿਸਟਮ ਦਾ ਸੀਬੀਐੱਸਈ ਦੇ ਕੰਟਰੋਲ ’ਚ ਹੋਣਾ ਬਿਹਤਰ ਹੈ।
ਇਹ ਹੈ ਕੋਐਂਪਟ ਓਐੱਸਐੱਮ ਵਿਵਾਦ :
ਸੀਬੀਐੱਸਈ ਨੇ 12ਵੀਂ ਬੋਰਡ ਪ੍ਰੀਖਿਆ ਦੀਆਂ ਉੱਤਰ ਕਾਪੀਆਂ ਦੇ ਮੁਲਾਂਕਣ, ਵੈਰੀਫਿਕੇਸ਼ਨ ਤੇ ਪੁਨਰ ਮੁਲਾਂਕਣ ਲਈ ਕੋਐਂਪਟ ਐਜੂਟੈੱਕ ਦੇ ਆਨਲਾਈਨ ਸਕ੍ਰੀਨ ਮਾਰਕਿੰਗ (ਓਐੱਸਐੱਮ) ਪਲੇਟਫਾਰਮ ਦੀ ਵਰਤੋਂ ਕੀਤੀ ਸੀ। ਨਤੀਜਾ ਐਲਾਨ ਹੋਣ ਤੋਂ ਬਾਅਦ ਇਸ ਪੋਰਟਲ ’ਚ ਕਈ ਤਕਨੀਕੀ ਤੇ ਸੁਰੱਖਿਆ ਸਬੰਧੀ ਖਾਮੀਆਂ ਦੇ ਦੋਸ਼ ਸਾਹਮਣੇ ਆਏ। ਕੁਝ ਸਕੈਨ ਕੀਤੇ ਗਏ ਪੰਨੇ ਅਧੂਰੇ ਜਾਂ ਅਸਪੱਸ਼ਟ ਦਿਖਾਈ ਦੇਣ ਦੀਆਂ ਸ਼ਿਕਾਇਤਾਂ ਮਿਲੀਆਂ। ਕੁਝ ਮਾਮਲਿਆਂ ’ਚ ਪੰਨਿਆਂ ਦੇ ਨੰਬਰ ਬਦਲਣ ਦੀਆਂ ਵੀ ਸ਼ਿਕਾਇਤਾਂ ਮਿਲੀਆਂ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਉਪਲਬਧ ਕਰਵਾਈਆਂ ਗਈਆਂ ਉੱਤਰ ਕਾਪੀਆਂ ਦੀ ਡਿਜੀਟਲ ਕਾਪੀ ਤੇ ਮੂਲ ਉੱਤਰ ਕਾਪੀ ’ਚ ਫ਼ਰਕ ਹੈ। ਵੱਡੇ ਪੱਧਰ ’ਤੇ ਅੰਕ ਬਦਲਣ ਜਾਂ ਮੁਲਾਂਕਣ ’ਚ ਗੜਬੜੀ ਦੇ ਸ਼ੱਕ ਕਾਰਨ ਵਿਦਿਆਰਥੀਆਂ ਨੇ ਸੀਬੀਐੱਸਈ ਦੇ ਪੋਰਟਲ ’ਤੇ ਅੰਕਾਂ ਦੀ ਵੈਰੀਫਿਕੇਸ਼ਨ ਤੇ ਮੁੜ ਮੁਲਾਂਕਣ ਲਈ ਵੱਡੀ ਗਿਣਤੀ ’ਚ ਅਰਜ਼ੀਆਂ ਦਿੱਤੀਆਂ।