- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰੀਖਿਆ ਦੇ ਢੰਗ ਬਾਰੇ ਇਹ ਅਸਮੰਜਸ ਉਸ ਵੇਲੇ ਬਣਿਆ ਹੋਇਆ ਹੈ, ਜਦੋਂ ਫਰਵਰੀ 2027 ਤੋਂ ਇਸ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਵੀ ਨੀਟ-ਯੂਜੀ ਲਈ ਅਰਜ਼ੀਆਂ ਅੱਠ ਫਰਵਰੀ ਤੋਂ ਸ਼ੁਰੂ ਹੋਈਆਂ ਸਨ। ਅਜਿਹੇ ਵਿਚ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਪ੍ਰੀਖਿਆ ਪ੍ਰਣਾਲੀ ਬਾਰੇ ਸਪੱਸ਼ਟ ਜਾਣਕਾਰੀ ਮਿਲਣੀ ਅਹਿਮ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਮੈਡੀਕਲ ਦੇ ਗ੍ਰੈਜੂਏਟ ਕੋਰਸਾਂ ਵਿਚ ਦਾਖ਼ਲੇ ਲਈ ਕਰਵਾਈ ਜਾਣ ਵਾਲੀ ਰਾਸ਼ਟਰੀ ਯੋਗਤਾ-ਕਮ-ਦਾਖ਼ਲਾ ਪ੍ਰੀਖਿਆ (ਨੀਟ-ਯੂਜੀ) ਦੇ ਅਗਲੇ ਇਮਤਿਹਾਨ ਨੂੰ ਲੈ ਕੇ ਬਣੀ ਦੁਚਿੱਤੀ ਛੇਤੀ ਹੀ ਦੂਰ ਹੋ ਸਕਦੀ ਹੈ। ਕੇਂਦਰੀ ਸਿੱਖਿਆ ਮੰਤਰੀ ਪ੍ਰਲਹਾਦ ਜੋਸ਼ੀ ਨੇ ਬੁੱਧਵਾਰ ਨੂੰ ਸੰਕੇਤ ਦਿੱਤਾ ਕਿ ਪ੍ਰੀਖਿਆ ਕਿਸ ਪ੍ਰਣਾਲੀ ਤਹਿਤ ਕਰਵਾਈ ਜਾਵੇਗੀ, ਇਸ ਬਾਰੇ ਅਗਲੇ ਤਿੰਨ ਤੋਂ ਚਾਰ ਦਿਨਾਂ ਵਿਚ ਸਥਿਤੀ ਸਪੱਸ਼ਟ ਹੋ ਜਾਵੇਗੀ। ਇਸ ਨਾਲ ਲੱਖਾਂ ਮੈਡੀਕਲ ਉਮੀਦਵਾਰਾਂ ਨੂੰ ਛੇਤੀ ਪਤਾ ਲੱਗ ਸਕੇਗਾ ਕਿ ਨੀਟ-ਯੂਜੀ 2027 ਕੰਪਿਊਟਰ-ਆਧਾਰਤ ਪ੍ਰੀਖਿਆ (ਸੀਬੀਟੀ) ਹੋਵੇਗੀ ਜਾਂ ਪਹਿਲਾਂ ਵਾਂਗ ਪੈੱਨ-ਪੇਪਰ ਰਾਹੀਂ ਕਰਵਾਈ ਜਾਵੇਗੀ।
ਪ੍ਰੀਖਿਆ ਦੇ ਢੰਗ ਬਾਰੇ ਇਹ ਅਸਮੰਜਸ ਉਸ ਵੇਲੇ ਬਣਿਆ ਹੋਇਆ ਹੈ, ਜਦੋਂ ਫਰਵਰੀ 2027 ਤੋਂ ਇਸ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਵੀ ਨੀਟ-ਯੂਜੀ ਲਈ ਅਰਜ਼ੀਆਂ ਅੱਠ ਫਰਵਰੀ ਤੋਂ ਸ਼ੁਰੂ ਹੋਈਆਂ ਸਨ। ਅਜਿਹੇ ਵਿਚ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਪ੍ਰੀਖਿਆ ਪ੍ਰਣਾਲੀ ਬਾਰੇ ਸਪੱਸ਼ਟ ਜਾਣਕਾਰੀ ਮਿਲਣੀ ਅਹਿਮ ਹੈ।
ਜ਼ਿਕਰਯੋਗ ਹੈ ਕਿ ਨੀਟ-ਯੂਜੀ ਵਿਚ ਪੇਪਰ ਲੀਕ ਦੀ ਘਟਨਾ ਤੋਂ ਬਾਅਦ ਤਤਕਾਲੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅਗਲੇ ਸਾਲ ਤੋਂ ਪ੍ਰੀਖਿਆ ਸੀਬੀਟੀ ਪ੍ਰਣਾਲੀ ਤਹਿਤ ਕਰਵਾਉਣ ਦਾ ਐਲਾਨ ਕੀਤਾ ਸੀ। ਬਾਅਦ ਵਿਚ ਸਿਹਤ ਮੰਤਰਾਲੇ ਨੇ ਵੀ ਇਸ ਤਜਵੀਜ਼ ਨਾਲ ਸਹਿਮਤੀ ਜਤਾਈ ਸੀ। ਇਸ ਦੇ ਬਾਵਜੂਦ ਸਿੱਖਿਆ ਮੰਤਰਾਲੇ, ਸਿਹਤ ਮੰਤਰਾਲੇ ਅਤੇ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਵੱਲੋਂ ਹਾਲੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਪ੍ਰੀਖਿਆ ਕਿਸ ਪ੍ਰਣਾਲੀ ਤਹਿਤ ਹੋਵੇਗੀ।
ਐੱਨਟੀਏ ਵਿਚ ਸੁਧਾਰਾਂ ਲਈ ਬਣਾਈ ਗਈ ਡਾ. ਰਾਧਾਕ੍ਰਿਸ਼ਨਨ ਕਮੇਟੀ ਨੇ ਵੀ ਨੀਟ-ਯੂਜੀ ਕੰਪਿਊਟਰ-ਆਧਾਰਤ ਪ੍ਰਣਾਲੀ ਰਾਹੀਂ ਕਰਵਾਉਣ ਦੀ ਸਿਫ਼ਾਰਸ਼ ਕੀਤੀ ਸੀ। ਹਾਲਾਂਕਿ, ਕਮੇਟੀ ਦਾ ਸੁਝਾਅ ਸੀ ਕਿ ਜਦੋਂ ਤੱਕ ਲੋੜੀਂਦੇ ਪ੍ਰਬੰਧ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਜਾਂਦੇ, ਉਦੋਂ ਤੱਕ ਪ੍ਰੀਖਿਆ ਹਾਈਬ੍ਰਿਡ ਢੰਗ ਨਾਲ ਕਰਵਾਈ ਜਾਵੇ।
ਕਮੇਟੀ ਨੇ ਇਹ ਵੀ ਕਿਹਾ ਸੀ ਕਿ ਪ੍ਰਸ਼ਨ-ਪੱਤਰ ਪਹਿਲਾਂ ਹੀ ਛਪਵਾ ਕੇ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਉਣ ਦੀ ਬਜਾਏ, ਪ੍ਰੀਖਿਆ ਸ਼ੁਰੂ ਹੋਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਈਮੇਲ ਰਾਹੀਂ ਕੇਂਦਰਾਂ ਨੂੰ ਭੇਜੇ ਜਾਣ। ਇਸ ਤੋਂ ਬਾਅਦ ਕੇਂਦਰਾਂ ਵਿਚ ਹੀ ਪ੍ਰਿੰਟਰ ਰਾਹੀਂ ਪ੍ਰਸ਼ਨ-ਪੱਤਰ ਛਾਪ ਕੇ ਵਿਦਿਆਰਥੀਆਂ ਨੂੰ ਦਿੱਤੇ ਜਾਣ। ਇਸ ਨਾਲ ਬੇਨਿਯਮੀਆਂ ਨੂੰ ਰੋਕਣ ਵਿਚ ਮਦਦ ਮਿਲ ਸਕਦੀ ਹੈ।
ਨੀਟ-ਯੂਜੀ ਦੀ ਪ੍ਰੀਖਿਆ ਪ੍ਰਣਾਲੀ ਬਾਰੇ ਫ਼ੈਸਲਾ ਲੈਂਦੇ ਸਮੇਂ ਸਰਕਾਰ ਸਾਹਮਣੇ ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਵਿਚ ਰਹਿੰਦੇ ਵਿਦਿਆਰਥੀਆਂ ਦੀ ਸਹੂਲਤ ਯਕੀਨੀ ਬਣਾਉਣਾ ਵੀ ਵੱਡੀ ਚੁਣੌਤੀ ਹੈ। ਪੇਪਰ ਲੀਕ ਮਾਮਲੇ ਤੋਂ ਬਾਅਦ ਸੰਸਦੀ ਕਮੇਟੀ ਨੇ ਐੱਨਟੀਏ ਦੇ ਨਾਲ-ਨਾਲ ਸਿੱਖਿਆ ਅਤੇ ਸਿਹਤ ਮੰਤਰਾਲਿਆਂ ਦੇ ਅਧਿਕਾਰੀਆਂ ਨੂੰ ਤਲਬ ਕਰ ਕੇ ਪ੍ਰੀਖਿਆ ਪ੍ਰਬੰਧਾਂ ਬਾਰੇ ਸਵਾਲ ਕੀਤੇ ਸਨ। ਇਸ ਦੌਰਾਨ ਪੇਂਡੂ ਪਿਛੋਕੜ ਵਾਲੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਨੂੰ ਧਿਆਨ ਵਿਚ ਰੱਖਦਿਆਂ ਹਾਈਬ੍ਰਿਡ ਪ੍ਰਣਾਲੀ ਅਪਣਾਉਣ ਦਾ ਸੁਝਾਅ ਵੀ ਦਿੱਤਾ ਗਿਆ ਸੀ। ਇਸ ਤਹਿਤ ਸ਼ਹਿਰੀ ਇਲਾਕਿਆਂ ਵਿਚ ਸੀਬੀਟੀ ਅਤੇ ਪੇਂਡੂ ਤੇ ਦੂਰ-ਦੁਰਾਡੇ ਖੇਤਰਾਂ ਵਿਚ ਪੈੱਨ-ਪੇਪਰ ਰਾਹੀਂ ਪ੍ਰੀਖਿਆ ਕਰਵਾਉਣ ਦੀ ਗੱਲ ਆਖੀ ਗਈ ਸੀ। ਕੁਝ ਮਾਹਿਰਾਂ ਨੇ ਜੇਈਈ ਮੇਨ ਦੀ ਤਰਜ਼ ’ਤੇ ਨੀਟ-ਯੂਜੀ ਵੀ ਵੱਖ-ਵੱਖ ਸ਼ਿਫ਼ਟਾਂ ਵਿਚ ਕਰਵਾਉਣ ਦਾ ਸੁਝਾਅ ਦਿੱਤਾ ਸੀ।
ਨੀਲੇਕਣੀ ਕਮੇਟੀ ਦੀ ਰਿਪੋਰਟ ਦੀ ਵੀ ਉਡੀਕ
ਪ੍ਰੀਖਿਆ ਪ੍ਰਣਾਲੀ ਬਾਰੇ ਫ਼ੈਸਲੇ ਵਿਚ ਦੇਰੀ ਦਾ ਇਕ ਵੱਡਾ ਕਾਰਨ ਨੰਦਨ ਨੀਲੇਕਣੀ ਦੀ ਅਗਵਾਈ ਹੇਠ ਬਣੀ ਉੱਚ-ਪੱਧਰੀ ਕਮੇਟੀ ਨੂੰ ਵੀ ਮੰਨਿਆ ਜਾ ਰਿਹਾ ਹੈ। ਜੁਲਾਈ 2026 ਵਿਚ ਬਣਾਈ ਗਈ ਇਸ ਕਮੇਟੀ ਨੂੰ ਅਕਤੂਬਰ ਤੱਕ ਆਪਣੀ ਰਿਪੋਰਟ ਸੌਂਪਣੀ ਸੀ, ਪਰ ਹੁਣ ਇਸ ਵੱਲੋਂ ਜਨਵਰੀ 2027 ਵਿਚ ਰਿਪੋਰਟ ਦੇਣ ਦੀ ਸੰਭਾਵਨਾ ਹੈ। ਇਸ ਕਰ ਕੇ ਸਰਕਾਰ ਅਤੇ ਐੱਨਟੀਏ ਕੋਈ ਆਖ਼ਰੀ ਫ਼ੈਸਲਾ ਲੈਣ ਤੋਂ ਪਹਿਲਾਂ ਕਮੇਟੀ ਦੀਆਂ ਸਿਫ਼ਾਰਸ਼ਾਂ ਦੀ ਉਡੀਕ ਕਰ ਸਕਦੇ ਹਨ। ਸੂਤਰਾਂ ਮੁਤਾਬਕ, ਕਮੇਟੀ ਆਪਣੀ ਅੰਤਰਿਮ ਰਿਪੋਰਟ ਇਸ ਤੋਂ ਪਹਿਲਾਂ ਵੀ ਸੌਂਪ ਸਕਦੀ ਹੈ।
ਜ਼ਿਕਰਯੋਗ ਹੈ ਕਿ ਨੰਦਨ ਨੀਲੇਕਣੀ ਨੇ ਹਾਲ ਹੀ ਵਿਚ ਇਕ ਸਮਾਗਮ ਦੌਰਾਨ ਪ੍ਰੀਖਿਆ ਤੋਂ ਕੁਝ ਘੰਟੇ ਪਹਿਲਾਂ ਪ੍ਰਸ਼ਨ-ਪੱਤਰ ਤਿਆਰ ਕਰਨ ਦੀ ਪ੍ਰਣਾਲੀ ਦੀ ਵਕਾਲਤ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਪ੍ਰਸ਼ਨ-ਪੱਤਰ ਪਹਿਲਾਂ ਤੋਂ ਤਿਆਰ ਹੀ ਨਾ ਹੋਵੇ, ਤਾਂ ਇਸ ਦੇ ਲੀਕ ਹੋਣ ਦੀ ਸੰਭਾਵਨਾ ਵੀ ਕਾਫ਼ੀ ਘੱਟ ਹੋ ਜਾਵੇਗੀ। ਇਸ ਮਕਸਦ ਲਈ ਉਨ੍ਹਾਂ ਨੇ ਸਵਾਲਾਂ ਦਾ ਇਕ ਵਿਸ਼ਾਲ ਭੰਡਾਰ ਤਿਆਰ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਸੀ।