ਸਿੱਖਿਆ ਮੰਤਰਾਲੇ ਨਾਲ ਜੁੜੇ ਉੱਚ ਅਧਿਕਾਰੀਆਂ ਅਨੁਸਾਰ, ਸੀਬੀਐੱਸਈ ਨੂੰ ਆਨ-ਸਕਰੀਨ ਮਾਰਕਿੰਗ ਦੌਰਾਨ ਸਭ ਤੋਂ ਵੱਧ ਪਾਰਦਰਸ਼ਤਾ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਇਸੇ ਲਈ ਉਹ ਇਕ ਅਜਿਹੀ ਪ੍ਰਣਾਲੀ ’ਤੇ ਕੰਮ ਕਰ ਰਿਹਾ ਹੈ, ਜਿਸ ਨਾਲ ਅਗਲੇ ਸਾਲ ਤੋਂ ਵਿਦਿਆਰਥੀਆਂ ਦੀ ਮਾਰਕਸ਼ੀਟ ਦੇ ਨਾਲ ਉੱਤਰ-ਪੁਸਤਿਕਾ ਵੀ ਡੀਜੀ ਲਾਕਰ ’ਤੇ ਉਪਲਬਧ ਹੋ ਜਾਵੇਗੀ

ਜਾਗਰਣ ਬਿਊਰੋ, ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਦੇ ਆਨ-ਸਕਰੀਨ ਮਾਰਕਿੰਗ ਵਿਵਾਦ ਦੌਰਾਨ ਕੇਂਦਰ ਸਰਕਾਰ ਨੇ ਮੁਲਾਂਕਣ ਪ੍ਰਕਿਰਿਆ ਵਿਚ ਅਗਲੇ ਸਾਲ ਤੋਂ ਵੱਡੀਆਂ ਤਬਦੀਲੀਆਂ ਦੇ ਸੰਕੇਤ ਦਿੱਤੇ ਹਨ। ਮਾਰਕਸ਼ੀਟ ਦੇ ਨਾਲ ਡੀਜੀ ਲਾਕਰ ਰਾਹੀਂ ਵਿਦਿਆਰਥੀਆਂ ਨੂੰ ਉੱਤਰ-ਪੁਸਤਿਕਾ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਕਦਮ ਨੂੰ ਮੁਲਾਂਕਣ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣ ਨਾਲ ਜੋੜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉੱਤਰ-ਪੁਸਤਿਕਾਵਾਂ ਦੀਆਂ ਸਕੈਨ ਕਾਪੀਆਂ ਦੇ ਮਿਕਸ ਹੋਣ ਦੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਸਿੱਖਿਆ ਮੰਤਰਾਲੇ ਨਾਲ ਜੁੜੇ ਉੱਚ ਅਧਿਕਾਰੀਆਂ ਅਨੁਸਾਰ, ਸੀਬੀਐੱਸਈ ਨੂੰ ਆਨ-ਸਕਰੀਨ ਮਾਰਕਿੰਗ ਦੌਰਾਨ ਸਭ ਤੋਂ ਵੱਧ ਪਾਰਦਰਸ਼ਤਾ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਇਸੇ ਲਈ ਉਹ ਇਕ ਅਜਿਹੀ ਪ੍ਰਣਾਲੀ ’ਤੇ ਕੰਮ ਕਰ ਰਿਹਾ ਹੈ, ਜਿਸ ਨਾਲ ਅਗਲੇ ਸਾਲ ਤੋਂ ਵਿਦਿਆਰਥੀਆਂ ਦੀ ਮਾਰਕਸ਼ੀਟ ਦੇ ਨਾਲ ਉੱਤਰ-ਪੁਸਤਿਕਾ ਵੀ ਡੀਜੀ ਲਾਕਰ ’ਤੇ ਉਪਲਬਧ ਹੋ ਜਾਵੇਗੀ। ਇਸ ਨਾਲ ਵਿਦਿਆਰਥੀ ਆਪਣੇ ਅੰਕਾਂ ਦੇ ਨਾਲ-ਨਾਲ ਉੱਤਰ-ਪੁਸਤਿਕਾ ਵੀ ਦੇਖ ਸਕਣਗੇ। ਸੂਤਰਾਂ ਮੁਤਾਬਕ, ਆਨ-ਸਕਰੀਨ ਮਾਰਕਿੰਗ ਸਿਸਟਮ ਦਾ ਮਕਸਦ ਮੁਲਾਂਕਣ ਪ੍ਰਣਾਲੀ ਵਿਚ ਸੁਧਾਰ ਤੇ ਇਸ ਨੂੰ ਗਤੀਸ਼ੀਲ ਬਣਾਉਣਾ ਸੀ ਪਰ ਇਸ ਵਿਚ ਕੁਝ ਖਾਮੀਆਂ ਰਹਿ ਗਈਆਂ। ਕਾਪੀਆਂ ਨੂੰ ਰੋਬੋਟਿਕ ਸਕੈਨ ਨਹੀਂ ਕੀਤਾ ਗਿਆ ਸੀ ਕਿਉਂਕਿ ਇਹ ਸਹੂਲਤ ਹਾਲੇ ਦੇਸ਼ ਵਿਚ ਉਪਲਬਧ ਨਹੀਂ ਹੈ। ਹਾਲਾਂਕਿ ਮੁਲਾਂਕਣ ਲਈ ਓਐੱਸਐੱਮ ਸਿਸਟਮ ਅੱਗੇ ਵੀ ਜਾਰੀ ਰਹੇਗਾ ਜਾਂ ਨਹੀਂ, ਇਸ ਬਾਰੇ ਮੰਤਰਾਲੇ ਵਿਚ ਵਿਚਾਰ-ਚਰਚਾ ਜਾਰੀ ਹੈ।
ਸੂਤਰਾਂ ਮੁਤਾਬਕ, ਵਿਦਿਆਰਥੀ ਵੇਦਾਂਤ ਵਾਂਗ ਉੱਤਰ-ਪੁਸਤਿਕਾਵਾਂ ਦੇ ਮਿਕਸ ਹੋਣ ਦੇ 20 ਮਾਮਲੇ ਹੁਣ ਤੱਕ ਸਾਹਮਣੇ ਆਏ ਹਨ। ਇਨ੍ਹਾਂ ਸਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਨ੍ਹਾਂ ਵਿਚੋਂ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਛੱਡਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਸੀਬੀਐੱਸਈ ਨੇ ਲਗਪਗ ਦੋ ਹਜ਼ਾਰ ਪੁਰਾਣੀਆਂ ਸਕੈਨ ਕਾਪੀਆਂ ਦੇ ਧੁੰਦਲੇ ਹੋਣ ਦੀ ਜਾਣਕਾਰੀ ਦਿੱਤੀ ਹੈ। 12ਵੀਂ ਦੀ ਪ੍ਰੀਖਿਆ ਵਿਚ ਸ਼ਾਮਲ ਹੋਏ 17 ਲੱਖ ਵਿਦਿਆਰਥੀਆਂ ਦੀਆਂ ਲਗਪਗ 90 ਹਜ਼ਾਰ ਉੱਤਰ-ਪੁਸਤਿਕਾਵਾਂ ਦਾ ਓਐੱਸਐੱਮ ਰਾਹੀਂ ਮੁਲਾਂਕਣ ਕਰਵਾਇਆ ਗਿਆ ਸੀ। ਇਸ ਦੌਰਾਨ ਲਗਪਗ 40 ਕਰੋੜ ਸ਼ੀਟਾਂ ਸਕੈਨ ਕੀਤੀਆਂ ਗਈਆਂ ਸਨ। ਇਨ੍ਹਾਂ ਵਿਚੋਂ 68 ਹਜ਼ਾਰ ਵਿਚ ਕੁਝ ਗੜਬੜੀਆਂ ਮਿਲਣ ਤੋਂ ਬਾਅਦ ਦੁਬਾਰਾ ਸਕੈਨ ਕੀਤਾ ਗਿਆ। ਇਨ੍ਹਾਂ ਵਿਚੋਂ 13 ਹਜ਼ਾਰ ਦੁਬਾਰਾ ਸਕੈਨ ਨਹੀਂ ਹੋ ਸਕੀਆਂ। ਬਾਅਦ ਵਿਚ ਇਨ੍ਹਾਂ ਦੀ ਮੈਨੁਅਲ ਜਾਂਚ ਕੀਤੀ ਗਈ।
ਹੈਕਿੰਗ ਕਾਰਨ ਆਈ ਦਿੱਕਤ
ਓਐੱਸਐੱਮ ਮੁਲਾਂਕਣ ਵਿਵਾਦ ਤੋਂ ਬਾਅਦ ਵੱਡੀ ਗਿਣਤੀ ਵਿਚ ਵਿਦਿਆਰਥੀ ਜਦੋਂ ਦੁਬਾਰਾ ਮੁਲਾਂਕਣ ਅਤੇ ਇਸ ਲਈ ਭੁਗਤਾਨ ਕਰ ਰਹੇ ਸਨ, ਉਸੇ ਸਮੇਂ ਸੀਬੀਐੱਸਈ ਦੀ ਵੈੱਬਸਾਈਟ ਨੂੰ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਕਾਬਕ, ਵੈੱਬਸਾਈਟ ਨਾਲ ਜੁੜੀਆਂ ਦਿੱਕਤਾਂ ਦੀ ਜਾਂਚ ਇਸ ਕੋਣ ਤੋਂ ਵੀ ਕੀਤੀ ਜਾ ਰਹੀ ਹੈ। ਸੀਬੀਐੱਸਈ ਦਾ ਦਾਅਵਾ ਹੈ ਕਿ ਇਸ ਦੀ ਵੈੱਬਸਾਈਟ 17 ਲੱਖ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਨੂੰ ਇਕੱਠੇ ਸੰਬੋਧਨ ਕਰ ਸਕਦੀ ਹੈ।
ਪੁਨਰ ਮੁਲਾਂਕਣ ਦਾ ਕੰਮ ਇਕ ਜੂਨ ਤੋਂ
ਤਕਨੀਕੀ ਦਿੱਕਤਾਂ ਕਾਰਨ ਸੀਬੀਐੱਸਈ ਨੇ ਹੁਣ ਆਪਣੇ ਪੁਨਰ ਮੁਲਾਂਕਣ ਦੇ ਕੰਮ ਨੂੰ ਇਕ ਜੂਨ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਇਸ ਨੂੰ 29 ਮਈ ਤੋਂ ਸ਼ੁਰੂ ਕਰਨ ਦੀ ਤਿਆਰੀ ਸੀ। ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਦਿੱਕਤਾਂ ਨੂੰ ਦੂਰ ਕਰਨ ਵਿਚ ਲੱਗ ਰਹੇ ਸਮੇਂ ਕਾਰਨ ਇਸ ਦੀ ਤਰੀਕ ਅੱਗੇ ਵਧਾਈ ਗਈ ਹੈ। ਇਹ ਕੰਮ ਤੇਜ਼ੀ ਨਾਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਤਾਂ ਜੋ ਇਨ੍ਹਾਂ ਬੱਚਿਆਂ ਦਾ ਜਲਦੀ ਨਤੀਜਾ ਆ ਜਾਵੇ ਜਿਸ ਨਾਲ ਉਨ੍ਹਾਂ ਨੂੰ ਗ੍ਰੈਜੂਏਟ ਕੋਰਸਾਂ ਵਿਚ ਦਾਖ਼ਲਾ ਲੈਣ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਹੋਵੇ।