- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Kandula Jessie ਦਾ ਜਨਮ ਆਂਧਰਾ ਪ੍ਰਦੇਸ਼ ਦੇ ਬਹੁਤ ਹੀ ਗਰੀਬ ਪਰਿਵਾਰ 'ਚ ਹੋਇਆ ਹੈ। ਜੇਸੀ ਦੇ ਪਿਤਾ ਇਕ ਤਰਖਾਣ ਹਨ। ਘਰ ਦੀ ਮਾਲੀ ਹਾਲਾਤ ਠੀਕ ਨਾ ਹੋਣ ਕਰਕੇ ਜੇਸੀ ਦੇ ਪਿਤਾ ਨੇ ਉਸ ਨੂੰ ਪ੍ਰਾਈਵੇਟ ਸਕੂਲ ਤੋਂ ਕੱਢ ਕੇ ਆਂਧਰਾ ਪ੍ਰਦੇਸ਼ ਦੇ ਧਵਲੇਸ਼ਵਰਮ 'ਚ ਸਥਿਤ ਜ਼ਿਲ੍ਹਾ ਪ੍ਰੀਸ਼ਦ ਗਰਲਜ਼ ਹਾਈ ਸਰਕਾਰੀ ਸਕੂਲ (ZPGHS) 'ਚ ਦਾਖਲਾ ਦਿਵਾਇਆ।

ਕਰੀਅਰ ਡੈਸਕ, ਨਵੀਂ ਦਿੱਲੀ: ਜਮਾਤ 10ਵੀਂ 'ਚ ਜਦੋਂ ਤਮਾਮ ਵਿਦਿਆਰਥੀ ਬੋਰਡ ਪ੍ਰੀਖਿਆ 'ਚ ਚੰਗੇ ਅੰਕ ਲਿਆਉਣ ਲਈ ਦਿਨ-ਰਾਤ ਸਖ਼ਤ ਮਿਹਨਤ ਕਰ ਰਹੇ ਸਨ, ਉਦੋਂ ਆਂਧਰਾ ਪ੍ਰਦੇਸ਼ ਦੀ 14 ਸਾਲਾ ਕੰਡੁਲਾ ਜੇਸੀ (Kandula Jessie) ਬੋਰਡ ਪ੍ਰੀਖਿਆ ਦੇ ਨਾਲ-ਨਾਲ ਦੁਨੀਆ ਦੇ ਪਹਿਲੇ ਆਲ-ਗਰਲਜ਼ ਲੂਨਰ ਕਿਊਬਸੈਟ ਮਿਸ਼ਨ ਯਾਨੀ 'ਸ਼ਕਤੀਸੈਟ' (ShakthiSAT) 'ਚ ਸ਼ਾਮਲ ਹੋਣ ਲਈ ਬਹੁਤ ਹੀ ਸ਼ਿੱਦਤ ਨਾਲ ਤਿਆਰੀ ਕਰ ਰਹੀ ਸੀ।
ਇਕ ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਤਰਖਾਣ ਦੀ ਧੀ ਕੰਡੁਲਾ ਜੇਸੀ ਹੁਣ ਚੰਦਰ ਮਿਸ਼ਨ 'ਚ ਹਿੱਸਾ ਲਵੇਗੀ। ਦੱਸ ਦੇਈਏ, ਇਸ ਮਿਸ਼ਨ ਲਈ ਦੁਨੀਆ ਭਰ ਦੇ ਕਰੀਬ 108 ਦੇਸ਼ਾਂ ਦੀਆਂ 1200 ਤੋਂ ਵੱਧ ਕੁੜੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਪਰ ਇਸ ਮਿਸ਼ਨ ਲਈ ਭਾਰਤ ਤੋਂ ਮਹਿਜ਼ 20 ਕੁੜੀਆਂ ਦੀ ਚੋਣ ਕੀਤੀ ਗਈ ਜਿਸ ਵਿਚ ਆਂਧਰਾ ਪ੍ਰਦੇਸ਼ ਦੀ ਕੰਡੁਲਾ ਜੇਸੀ ਵੀ ਸ਼ਾਮਲ ਹੈ।
ਕੰਡੁਲਾ ਜੇਸੀ ਦਾ ਜਨਮ ਆਂਧਰਾ ਪ੍ਰਦੇਸ਼ ਦੇ ਬਹੁਤ ਹੀ ਗਰੀਬ ਪਰਿਵਾਰ 'ਚ ਹੋਇਆ ਹੈ। ਜੇਸੀ ਦੇ ਪਿਤਾ ਇਕ ਤਰਖਾਣ ਹਨ। ਘਰ ਦੀ ਮਾਲੀ ਹਾਲਾਤ ਠੀਕ ਨਾ ਹੋਣ ਕਰਕੇ ਜੇਸੀ ਦੇ ਪਿਤਾ ਨੇ ਉਸ ਨੂੰ ਪ੍ਰਾਈਵੇਟ ਸਕੂਲ ਤੋਂ ਕੱਢ ਕੇ ਆਂਧਰਾ ਪ੍ਰਦੇਸ਼ ਦੇ ਧਵਲੇਸ਼ਵਰਮ 'ਚ ਸਥਿਤ ਜ਼ਿਲ੍ਹਾ ਪ੍ਰੀਸ਼ਦ ਗਰਲਜ਼ ਹਾਈ ਸਰਕਾਰੀ ਸਕੂਲ (ZPGHS) 'ਚ ਦਾਖਲਾ ਦਿਵਾਇਆ।
ਆਰਥਿਕ ਤੰਗੀ ਕਰਕੇ ਜੇਸੀ ਨੂੰ ਜਿਸ ਸਰਕਾਰੀ ਸਕੂਲ 'ਚ ਦਾਖਲਾ ਦਿਵਾਇਆ ਗਿਆ, ਅੱਗੇ ਚੱਲ ਕੇ ਉਸੇ ਸਰਕਾਰੀ ਸਕੂਲ ਨੇ ਜੇਸੀ ਨੂੰ ਅੰਤਰਰਾਸ਼ਟਰੀ ਪਛਾਣ ਦਿਵਾਈ। ਜੇਸੀ ਸ਼ੁਰੂਆਤ ਤੋਂ ਹੀ ਪੜ੍ਹਾਈ 'ਚ ਇੱਕ ਹੋਣਹਾਰ ਵਿਦਿਆਰਥਣ ਰਹੀ ਹੈ। ਉਸ ਨੂੰ ਵਿਗਿਆਨ ਵਿਸ਼ੇ 'ਚ ਸਭ ਤੋਂ ਵੱਧ ਰੁਚੀ ਹੈ। ਉਸ ਦੀ ਇਸ ਰੁਚੀ ਨੂੰ ਜੇਸੀ ਦੀ ਫਿਜ਼ੀਕਲ ਸਾਇੰਸ ਟੀਚਰ ਤੇ ਅਟਲ ਟਿੰਕਰਿੰਗ ਲੈਬ ਦੀ ਇੰਚਾਰਜ ਮਣੀਮਾਲਾ ਨੇ ਪਛਾਣਿਆ। ਉਨ੍ਹਾਂ ਨੇ ਇਸ ਮਿਸ਼ਨ ਲਈ ਜੇਸੀ ਦੀ ਰਜਿਸਟ੍ਰੇਸ਼ਨ ਕਰਵਾਈ। ਬਾਅਦ 'ਚ ਪਤਾ ਲੱਗਿਆ ਕਿ ਕੋਰਸ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਹਾਲਾਂਕਿ ਅਧਿਆਪਕ ਦੇ ਯਤਨਾਂ ਨਾਲ ਜੇਸੀ ਨੂੰ ਦੁਬਾਰਾ ਮੌਕਾ ਮਿਲਿਆ ਤੇ ਉਸ ਨੇ ਇਸ ਮਿਸ਼ਨ 'ਚ ਚੋਣ ਪ੍ਰਾਪਤ ਕਰਨ ਲਈ ਦਿਨ-ਰਾਤ ਕਰੜੀ ਮਿਹਨਤ ਕੀਤੀ।
ਜੇਸੀ ਲਈ ਇਹ ਸਫ਼ਰ ਬਿਲਕੁਲ ਆਸਾਨ ਨਹੀਂ ਸੀ। ਉਸ ਨੇ ਜਮਾਤ 10ਵੀਂ ਬੋਰਡ ਪ੍ਰੀਖਿਆ ਦੀ ਤਿਆਰੀ ਦੇ ਨਾਲ-ਨਾਲ ਰੋਜ਼ਾਨਾ ਪੂਰੇ ਅਨੁਸ਼ਾਸਨ ਨਾਲ ਆਨਲਾਈਨ ਕਲਾਸ 'ਚ ਹਿੱਸਾ ਲਿਆ। ਇਸ ਪ੍ਰੋਗਰਾਮ 'ਚ ਲਗਪਗ 550 ਸੈਸ਼ਨ ਤੇ 21 ਮੋਡਿਊਲ ਸ਼ਾਮਲ ਸਨ, ਜਿਸ ਵਿਚ ਸੈਟੇਲਾਈਟ ਸਿਸਟਮ ਤੇ ਸਪੇਸ ਟੈਕਨੋਲੋਜੀ ਵਰਗੇ ਵਿਸ਼ਿਆਂ ਬਾਰੇ ਪੜ੍ਹਾਇਆ ਗਿਆ ਸੀ। ਜੇਸੀ ਦੇ ਮੁਤਾਬਕ ਇਹ ਸਾਰੇ ਵਿਸ਼ੇ ਸ਼ੁਰੂਆਤ 'ਚ ਉਸ ਲਈ ਬਹੁਤ ਹੀ ਔਖੇ ਸਾਬਤ ਹੋਏ, ਕਿਉਂਕਿ ਇਹ ਸਾਰੇ ਵਿਸ਼ੇ ਉਸ ਦੇ ਸਕੂਲ ਦੇ ਸਿਲੇਬਸ ਤੋਂ ਕਾਫ਼ੀ ਜ਼ਿਆਦਾ ਐਡਵਾਂਸ ਸਨ। ਪਰ ਜੇਸੀ ਨੇ ਇਨ੍ਹਾਂ ਵਿਸ਼ਿਆਂ ਨੂੰ ਸਮਝਣ ਲਈ ਰੋਜ਼ਾਨਾ ਕਲਾਸ 'ਚ ਹਿੱਸਾ ਲਿਆ ਤੇ ਨਿਰੰਤਰ ਸਿੱਖਣ 'ਤੇ ਧਿਆਨ ਦਿੱਤਾ।
ਕੁੜੀਆਂ ਦੀ ਚੋਣ ਤਿੰਨ ਪੜਾਵਾਂ - ਆਨਲਾਈਨ ਪ੍ਰੀਖਿਆ, ਵਿਗਿਆਨੀਆਂ ਨਾਲ ਇੰਟਰਵਿਊ ਤੇ ਵੀਡੀਓ ਪ੍ਰੈਜ਼ੈਂਟੇਸ਼ਨ ਰਾਹੀਂ ਹੋਣੀ ਸੀ। ਜੇਸੀ ਨੇ ਇੰਟਰਵਿਊ ਤੇ ਵੀਡੀਓ ਪ੍ਰੈਜ਼ੈਂਟੇਸ਼ਨ 'ਚ ਚੰਗਾ ਪ੍ਰਦਰਸ਼ਨ ਕਰਨ ਲਈ ਆਪਣੇ ਅਧਿਆਪਕਾਂ ਅਤੇ ਆਨਲਾਈਨ ਵੀਡੀਓਜ਼ ਦੀ ਮਦਦ ਨਾਲ ਅੰਗਰੇਜ਼ੀ ਵਿਚ ਗੱਲਬਾਤ ਕਰਨ ਲਈ ਨਿਯਮਤ ਰੂਪ 'ਚ ਅਭਿਆਸ ਕੀਤਾ। ਦੱਸ ਦੇਈਏ, ਜੇਸੀ ਦਾ ਸਪਨਾ ਇਸਰੋ (ISRO) 'ਚ ਸਾਇੰਟਿਸਟ ਬਣ ਕੇ ਦੇਸ਼ ਦੇ ਸਪੇਸ ਪ੍ਰੋਗਰਾਮ 'ਚ ਹਿੱਸਾ ਲੈਣਾ ਹੈ।