ਆਟੋ ਚਾਲਕ ਦੀ ਧੀ ਨੇ ITI 'ਚ ਦੇਸ਼ ਭਰ 'ਚ ਕੀਤਾ ਟਾਪ, ਸੰਸਕ੍ਰਿਤ 'ਚ ਵੀ ਗੋਲਡ ਮੈਡਲਿਸਟ; PM ਮੋਦੀ ਕਰਨਗੇ ਸਨਮਾਨਿਤ
ITI 'ਚ ਦੇਸ਼ ਭਰ 'ਚ ਟਾਪ ਕਰਨ ਤੋਂ ਬਾਅਦ ਸੁਪ੍ਰੀਤੀ ਅਧਿਆਪਕ ਬਣ ਕੇ ਦੇਸ਼ ਦੇ ਨੌਜਵਾਨਾਂ ਨੂੰ ਤਕਨੀਕੀ ਖੇਤਰ ਲਈ ਸਿਖਲਾਈ ਦੇਣਾ ਚਾਹੁੰਦੀ ਹੈ। ਮੀਡੀਆ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਦੱਸਿਆ ਕਿ ਉਹ ਅਸਿਸਟੈਂਟ ਟ੍ਰੇਨਿੰਗ ਅਫ਼ਸਰ ਬਣ ਕੇ ITI ਦੇ ਵਿਦਿਆਰਥੀਆਂ ਨੂੰ ਸਿਖਲਾਈ ਦੇਣਾ ਚਾਹੁੰਦੀ ਹੈ। ਸੁਪ੍ਰੀਤੀ ਦਾ ਕਹਿਣਾ ਹੈ ਕਿ ਤਕਨੀਕੀ ਖੇਤਰ ਸਿਰਫ਼ ਮੁੰਡਿਆਂ ਲਈ ਹੈ, ਇਹ ਇਕ ਪੁਰਾਣੀ ਸੋਚ ਹੈ।
Publish Date: Fri, 20 Nov 2026 03:02 PM (IST)
Updated Date: Fri, 20 Nov 2026 03:13 PM (IST)
ਕਰੀਅਰ ਡੈਸਕ, ਨਵੀਂ ਦਿੱਲੀ : ਜੇਕਰ ਤੁਹਾਡੇ ਅੰਦਰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਜਜ਼ਬਾ ਹੈ ਤਾਂ ਤੁਸੀਂ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਨੂੰ ਪਾਰ ਕਰਕੇ ਆਪਣੀ ਮੰਜ਼ਿਲ ਹਾਸਲ ਕਰ ਸਕਦੇ ਹੋ। ਓਡੀਸ਼ਾ ਦੀ ਸੁਪ੍ਰੀਤੀ ਮਹਾਪਾਤਰਾ ਇਸ ਦੀ ਜਿਉਂਦੀ-ਜਾਗਦੀ ਮਿਸਾਲ ਹੈ। ਭਾਰਤ 'ਚ ਜਿਸ ਆਟੋਮੋਬਾਈਲ ਖੇਤਰ ਨੂੰ ਆਮ ਤੌਰ 'ਤੇ ਮਰਦਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਉਸੇ ਖੇਤਰ 'ਚ ਸੁਪ੍ਰੀਤੀ ਮਹਾਪਾਤਰਾ ਨੇ ਪੂਰੇ ਦੇਸ਼ 'ਚ ਪਹਿਲਾ ਸਥਾਨ ਹਾਸਲ ਕਰਕੇ ਸਾਬਤ ਕਰ ਦਿੱਤਾ ਹੈ ਕਿ ਔਰਤਾਂ ਵੀ ਤਕਨੀਕੀ ਖੇਤਰ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਸਕਦੀਆਂ ਹਨ।
ਸੁਪ੍ਰੀਤੀ ਮਹਾਪਾਤਰਾ ਨੂੰ ਇਸ ਪ੍ਰਾਪਤੀ ਲਈ 22 ਨਵੰਬਰ ਨੂੰ ਇਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੀ ਇਸ ਕਾਮਯਾਬੀ ਨਾਲ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ।
ਕੌਣ ਹੈ ਸੁਪ੍ਰੀਤੀ ਮਹਾਪਾਤਰਾ?
ਸੁਪ੍ਰੀਤੀ ਮਹਾਪਾਤਰਾ ਓਡੀਸ਼ਾ ਦੇ ਪੁਰੀ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਪਿਤਾ ਆਟੋ ਚਾਲਕ ਹਨ। ਸੁਪ੍ਰੀਤੀ ਨੇ ਓਡੀਸ਼ਾ ਦੇ ਸਰਕਾਰੀ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਤੋਂ ਆਟੋਮੋਬਾਈਲ ਕੋਰਸ 'ਚ ਦੋ ਸਾਲਾ ITI ਦੀ ਪੜ੍ਹਾਈ ਕੀਤੀ ਹੈ। ਇਸ ਕੋਰਸ 'ਚ ਉਨ੍ਹਾਂ ਨੇ ਕੁੱਲ 1200 'ਚੋਂ 1194 ਅੰਕ ਹਾਸਲ ਕਰਕੇ ਪੂਰੇ ਦੇਸ਼ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
PM ਮੋਦੀ ਕਰਨਗੇ ਸਨਮਾਨਿਤ
ਸੁਪ੍ਰੀਤੀ ਮਹਾਪਾਤਰਾ ਨੂੰ ਇਸ ਪ੍ਰਾਪਤੀ ਲਈ 22 ਨਵੰਬਰ ਨੂੰ ਉੱਤਰ ਪ੍ਰਦੇਸ਼ 'ਚ ਹੋਣ ਵਾਲੇ ਇਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸੁਪ੍ਰੀਤੀ ਨੇ ITI ਕੋਰਸ ਕਰਨ ਤੋਂ ਪਹਿਲਾਂ ਸੰਸਕ੍ਰਿਤ ਆਚਾਰੀਆ ਵਿਸ਼ੇ 'ਚ ਪੋਸਟ ਗ੍ਰੈਜੂਏਸ਼ਨ ਕੀਤੀ ਸੀ। ਇਸ ਦੌਰਾਨ ਉਹ ਗੋਲਡ ਮੈਡਲ ਵੀ ਹਾਸਲ ਕਰ ਚੁੱਕੀ ਹੈ। ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਪੁਰਸਕਾਰ ਵੀ ਮਿਲ ਚੁੱਕਾ ਹੈ।
ਭਰਾ ਤੋਂ ਮਿਲੀ ITI 'ਚ ਦਾਖ਼ਲਾ ਲੈਣ ਦੀ ਪ੍ਰੇਰਣਾ
ਸੁਪ੍ਰੀਤੀ ਇਕ ਬੇਹੱਦ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੀ ਹੈ। ਪੋਸਟ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਕੋਰੋਨਾ ਮਹਾਮਾਰੀ ਆ ਗਈ। ਇਸ ਦੌਰਾਨ ਪਰਿਵਾਰ ਦੀ ਆਰਥਿਕ ਹਾਲਤ ਪਹਿਲਾਂ ਨਾਲੋਂ ਵੀ ਜ਼ਿਆਦਾ ਖ਼ਰਾਬ ਹੋ ਗਈ। ਅਜਿਹੇ ਹਾਲਾਤ 'ਚ ਸੁਪ੍ਰੀਤੀ ਨੂੰ ਇਕ ਸਾਲ ਤੱਕ ਆਪਣੀ ਪੜ੍ਹਾਈ ਵੀ ਛੱਡਣੀ ਪਈ। ਇਸ ਦੌਰਾਨ ਉਨ੍ਹਾਂ ਦੇ ਭਰਾ ਨੇ ਵੈਲਡਰ ਟਰੇਡ 'ਚ ਇਕ ਸਾਲ ਦਾ ਸਰਟੀਫਿਕੇਟ ਕੋਰਸ ਕੀਤਾ ਅਤੇ ਉਸ ਨੂੰ ਤੁਰੰਤ ਨੌਕਰੀ ਮਿਲ ਗਈ। ਭਰਾ ਦੀ ਇਸ ਕਾਮਯਾਬੀ ਤੋਂ ਪ੍ਰੇਰਿਤ ਹੋ ਕੇ ਅਤੇ ਅਧਿਆਪਕਾਂ ਦੇ ਮਾਰਗਦਰਸ਼ਨ ਨਾਲ ਸੁਪ੍ਰੀਤੀ ਨੇ ITI ਕਰਨ ਦਾ ਫ਼ੈਸਲਾ ਲਿਆ।
ਅਸਿਸਟੈਂਟ ਟ੍ਰੇਨਿੰਗ ਅਫ਼ਸਰ ਬਣਨ ਦਾ ਸੁਪਨਾ
ITI 'ਚ ਦੇਸ਼ ਭਰ 'ਚ ਟਾਪ ਕਰਨ ਤੋਂ ਬਾਅਦ ਸੁਪ੍ਰੀਤੀ ਅਧਿਆਪਕ ਬਣ ਕੇ ਦੇਸ਼ ਦੇ ਨੌਜਵਾਨਾਂ ਨੂੰ ਤਕਨੀਕੀ ਖੇਤਰ ਲਈ ਸਿਖਲਾਈ ਦੇਣਾ ਚਾਹੁੰਦੀ ਹੈ। ਮੀਡੀਆ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਦੱਸਿਆ ਕਿ ਉਹ ਅਸਿਸਟੈਂਟ ਟ੍ਰੇਨਿੰਗ ਅਫ਼ਸਰ ਬਣ ਕੇ ITI ਦੇ ਵਿਦਿਆਰਥੀਆਂ ਨੂੰ ਸਿਖਲਾਈ ਦੇਣਾ ਚਾਹੁੰਦੀ ਹੈ। ਸੁਪ੍ਰੀਤੀ ਦਾ ਕਹਿਣਾ ਹੈ ਕਿ ਤਕਨੀਕੀ ਖੇਤਰ ਸਿਰਫ਼ ਮੁੰਡਿਆਂ ਲਈ ਹੈ, ਇਹ ਇਕ ਪੁਰਾਣੀ ਸੋਚ ਹੈ। ਅੱਜਕੱਲ੍ਹ ਤਕਨੀਕੀ ਖੇਤਰ 'ਚ ਆਧੁਨਿਕ ਤਕਨੀਕ ਦੀ ਵਰਤੋਂ ਹੋ ਰਹੀ ਹੈ ਅਤੇ ਇਸ 'ਚ ਕੁੜੀਆਂ ਲਈ ਵੀ ਬਿਹਤਰ ਮੌਕੇ ਮੌਜੂਦ ਹਨ। ਕੁੜੀਆਂ ਵੀ ਇਸ ਖੇਤਰ 'ਚ ਵਧੀਆ ਪ੍ਰਦਰਸ਼ਨ ਕਰ ਸਕਦੀਆਂ ਹਨ।