
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੱਖੜ ਪੁੰਨਿਆ ਦੇ ਪਵਿੱਤਰ ਮੌਕੇ ’ਤੇ ਬਾਬਾ ਬਕਾਲਾ ਸਾਹਿਬ ਤੋਂ ਭਾਜਪਾ ਨੇ ਪੰਜਾਬ ਦੀ ਸਿਆਸਤ ਨੂੰ ਇਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਹੁਣ ਉਹ ਸਿਰਫ਼ ਕਿਸੇ ਗੱਠਜੋੜ ਦੀ ਸਹਿਯੋਗੀ ਨਹੀਂ ਰਹਿਣਾ ਚਾਹੁੰਦੀ, ਸਗੋਂ ਆਪਣੀ ਸਿਆਸੀ ਪਛਾਣ ਤੇ ਤਾਕਤ ਦੇ ਬਲਬੂਤੇ ਪੰਜਾਬ ’ਚ ਥਾਂ ਬਣਾਉਣ ਲਈ ਤਿਆਰ ਹੈ।

ਰੱਖੜ ਪੁੰਨਿਆ ਦੇ ਪਵਿੱਤਰ ਮੌਕੇ ’ਤੇ ਬਾਬਾ ਬਕਾਲਾ ਸਾਹਿਬ ਤੋਂ ਭਾਜਪਾ ਨੇ ਪੰਜਾਬ ਦੀ ਸਿਆਸਤ ਨੂੰ ਇਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਹੁਣ ਉਹ ਸਿਰਫ਼ ਕਿਸੇ ਗੱਠਜੋੜ ਦੀ ਸਹਿਯੋਗੀ ਨਹੀਂ ਰਹਿਣਾ ਚਾਹੁੰਦੀ, ਸਗੋਂ ਆਪਣੀ ਸਿਆਸੀ ਪਛਾਣ ਤੇ ਤਾਕਤ ਦੇ ਬਲਬੂਤੇ ਪੰਜਾਬ ’ਚ ਥਾਂ ਬਣਾਉਣ ਲਈ ਤਿਆਰ ਹੈ। ਪਹਿਲੀ ਵਾਰ ਆਪਣੀ ਵੱਖਰੀ ਸਿਆਸੀ ਕਾਨਫਰੰਸ ਕਰਨਾ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਵਿਸ਼ੇਸ਼ ਤੌਰ ’ਤੇ ਲਿਆਉਣਾ ਇਸੇ ਬਦਲਦੀ ਰਣਨੀਤੀ ਦਾ ਸੰਕੇਤ ਹੈ। ਅਕਾਲੀ-ਭਾਜਪਾ ਗੱਠਜੋੜ ਦੇ ਦੌਰ ’ਚ ਬਾਬਾ ਬਕਾਲਾ ਦੀ ਸਿਆਸੀ ਸਟੇਜ ਅਕਾਲੀ ਦਲ ਦੀ ਪਛਾਣ ਰਹੀ ਹੈ। ਇਸ ਵਾਰ ਉਸੇ ਧਰਤੀ ’ਤੇ ਭਾਜਪਾ ਵੱਲੋਂ ਆਪਣਾ ਮੰਚ ਖੜ੍ਹਾ ਕਰਨਾ ਸਿਰਫ਼ ਪ੍ਰੋਗਰਾਮਾਂ ਦੀ ਵੰਡ ਨਹੀਂ, ਸਗੋਂ ਸਿਆਸੀ ਖੇਤਰ ਦੀ ਨਵੀਂ ਵੰਡ ਦਾ ਸੰਕੇਤ ਹੈ। ਉੱਪਰੋਂ ਸ਼ਿਵਰਾਜ ਚੌਹਾਨ ਵੱਲੋਂ ਹਰ ਸਾਲ ਭਾਜਪਾ ਦੀ ਸਟੇਜ ਲਾਉਣ ਦਾ ਐਲਾਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਪਾਰਟੀ ਪੰਜਾਬ ’ਚ ਆਪਣੀ ਮੌਜੂਦਗੀ ਨੂੰ ਹੁਣ ਆਰਜ਼ੀ ਨਹੀਂ, ਸਥਾਈ ਬਣਾਉਣਾ ਚਾਹੁੰਦੀ ਹੈ। ਚੌਹਾਨ ਨੂੰ ਅੱਗੇ ਕਰਨ ਦਾ ਆਪਣਾ ਸਿਆਸੀ ਮਤਲਬ ਹੈ। ਪੰਜਾਬ ’ਚ ਕਿਸਾਨ ਸਭ ਤੋਂ ਸੰਵੇਦਨਸ਼ੀਲ ਤੇ ਪ੍ਰਭਾਵਸ਼ਾਲੀ ਵੋਟਰ ਵਰਗ ਹੈ। ਕਿਸਾਨ ਚੌਪਾਲ ਤੋਂ ਲੈ ਕੇ ਬਾਬਾ ਬਕਾਲਾ ਦੀ ਸਿਆਸੀ ਸਟੇਜ ਤੱਕ ਕੇਂਦਰੀ ਖੇਤੀ ਮੰਤਰੀ ਦੀ ਮੌਜੂਦਗੀ ਰਾਹੀਂ ਭਾਜਪਾ ਨੇ ਕਿਸਾਨਾਂ ਨਾਲ ਸਿੱਧਾ ਸੰਵਾਦ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਇਹੀ ਹੈ ਕਿ ਸ਼ਹਿਰੀ ਆਧਾਰ ਤੋਂ ਅੱਗੇ ਵਧ ਕੇ ਪੇਂਡੂ ਪੰਜਾਬ ’ਚ ਆਪਣੀ ਸਵੀਕਾਰਤਾ ਕਿਵੇਂ ਬਣਾਈ ਜਾਵੇ। ਇੱਥੇ ਸਿਆਸਤ ਹੋਰ ਦਿਲਚਸਪ ਹੋ ਜਾਂਦੀ ਹੈ। ਇਕ ਪਾਸੇ ਭਾਜਪਾ ਦਾ ਕੇਂਦਰੀ ਸੰਗਠਨ 117 ਸੀਟਾਂ ’ਤੇ ਇਕੱਲਿਆਂ ਚੋਣ ਲੜਨ ਦੀ ਗੱਲ ਕਰ ਰਿਹਾ ਹੈ, ਦੂਜੇ ਪਾਸੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਸੰਭਾਵੀ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਆਪਾ-ਵਿਰੋਧ ਨੂੰ ਸਮਝਣ ਦੀ ਲੋੜ ਹੈ। ਭਾਜਪਾ ਲਈ ਅਕਾਲੀ ਦਲ ਨਾਲ ਤੁਰੰਤ ਸਮਝੌਤਾ ਕਰਨਾ ਉਸ ਦੇ ਆਪਣੇ ਵਿਸਥਾਰ ਦੇ ਟੀਚੇ ਨੂੰ ਸੀਮਤ ਕਰ ਸਕਦਾ ਹੈ। ਦੂਜੇ ਪਾਸੇ, ਅਕਾਲੀ ਦਲ ਲਈ ਭਾਜਪਾ ਨਾਲ ਮੁੜ ਹੱਥ ਮਿਲਾਉਣਾ ਹਿੰਦੂ ਸ਼ਹਿਰੀ ਵੋਟ ਤੇ ਕੇਂਦਰ ਸਰਕਾਰ ਨਾਲ ਸਿਆਸੀ ਤਾਲਮੇਲ ਪੱਖੋਂ ਲਾਹੇਵੰਦ ਹੋ ਸਕਦਾ ਹੈ। ਇਸੇ ਤਰ੍ਹਾਂ ਭਾਜਪਾ ਲਈ ਅਕਾਲੀ ਦਲ ਦੀ ਪੇਂਡੂ ਤੇ ਸਿੱਖ ਵੋਟਰਾਂ ਵਿਚ ਬਣੀ ਹੋਈ ਪਹੁੰਚ ਅਣਦੇਖੀ ਕਰਨ ਵਾਲੀ ਚੀਜ਼ ਨਹੀਂ। ਇਸੇ ਲਈ ਦੋਵੇਂ ਧਿਰਾਂ ਜਨਤਕ ਤੌਰ ’ਤੇ ਆਪੋ-ਆਪਣੇ ਪੈਰ ਮਜ਼ਬੂਤ ਦਿਖਾਉਂਦੀਆਂ ਹੋਈਆਂ ਵੀ ਭਵਿੱਖ ਦੇ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਨਹੀਂ ਕਰਨਾ ਚਾਹੁੰਦੀਆਂ। ਤਾਜ਼ਾ ਰਿਪੋਰਟਾਂ ਵਿਚ ਸੀਟਾਂ ਦੀ ਵੰਡ ਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਵੀ ਸੰਭਾਵੀ ਗੱਠਜੋੜ ਦੀਆਂ ਮੁਸ਼ਕਲਾਂ ਦਾ ਜ਼ਿਕਰ ਹੈ। ਇਸ ਪੱਖੋਂ ਬਾਬਾ ਬਕਾਲਾ ਵਿਚ ਭਾਜਪਾ ਦੀ ਆਪਣੀ ਸਟੇਜ ਨੂੰ ਅਕਾਲੀ ਦਲ ਵਿਰੁੱਧ ਅੰਤਿਮ ਫ਼ੈਸਲਾ ਮੰਨਣਾ ਵੀ ਜਲਦਬਾਜ਼ੀ ਹੋਵੇਗੀ। ਇਸ ਨੂੰ ਭਾਜਪਾ ਦੀ ਸੌਦੇਬਾਜ਼ੀ ਵਾਲੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵੀ ਸਮਝਿਆ ਜਾ ਸਕਦਾ ਹੈ। ਜੇ ਭਾਜਪਾ ਇਹ ਸਿੱਧ ਕਰ ਸਕੇ ਕਿ ਉਹ ਪੰਜਾਬ ’ਚ ਆਪਣੇ ਦਮ ’ਤੇ ਵੱਡਾ ਵੋਟ ਹਿੱਸਾ ਹਾਸਲ ਕਰਨ ਦੀ ਸਮਰੱਥਾ ਰੱਖਦੀ ਹੈ ਤਾਂ ਅਕਾਲੀ ਦਲ ਨਾਲ ਗੱਲਬਾਤ ਦੀ ਮੇਜ਼ ’ਤੇ ਉਸ ਦੀ ਮੰਗ ਵੀ ਵੱਡੀ ਹੋਵੇਗੀ। ਅਕਾਲੀ ਦਲ ਲਈ ਵੀ ਸਥਿਤੀ ਘੱਟ ਚੁਣੌਤੀਪੂਰਨ ਨਹੀਂ ਹੈ। ਜੇ ਗੱਠਜੋੜ ਮੁੜ ਬਣਦਾ ਹੈ ਤਾਂ ਸੀਟਾਂ ਦੀ ਵੰਡ, ਮੁੱਖ ਮੰਤਰੀ ਦਾ ਚਿਹਰਾ ਤੇ ਦੋਵਾਂ ਧਿਰਾਂ ਦੇ ਰਵਾਇਤੀ ਵੋਟ ਬੈਂਕ ਸਭ ਤੋਂ ਵੱਡੇ ਸਵਾਲ ਹੋਣਗੇ। ਜੇ ਗੱਠਜੋੜ ਨਹੀਂ ਹੁੰਦਾ ਤਾਂ ਭਾਜਪਾ ਵੱਲੋਂ ਅਕਾਲੀ ਦਲ ਦੇ ਰਵਾਇਤੀ ਪ੍ਰਭਾਵ ਵਾਲੇ ਖੇਤਰਾਂ ਵਿਚ ਦਾਖ਼ਲਾ ਇਕ ਨਵੀਂ ਸਿਆਸੀ ਲੜਾਈ ਨੂੰ ਜਨਮ ਦੇ ਸਕਦਾ ਹੈ। ਸੋ, ਬਾਬਾ ਬਕਾਲਾ ਦੀ ਕਾਨਫਰੰਸ ਨੂੰ ਸਿਰਫ਼ ਭੀੜ ਜਾਂ ਭਾਸ਼ਣਾਂ ਦੇ ਪੈਮਾਨੇ ’ਤੇ ਨਹੀਂ ਤੋਲਿਆ ਜਾਣਾ ਚਾਹੀਦਾ। ਇਸ ਦਾ ਅਸਲ ਮਹੱਤਵ ਇਹ ਹੈ ਕਿ ਭਾਜਪਾ ਨੇ ਪੰਜਾਬ ਵਿਚ ਆਪਣੀ ਸਟੇਜ ਲਾ ਕੇ ਆਪਣਾ ਦਾਅ ਖੇਡ ਦਿੱਤਾ ਹੈ। ਹੁਣ ਦੇਖਣਾ ਇਹ ਹੈ ਕਿ ਇਹ ਦਾਅ ਇਕੱਲੀ ਚੁਣਾਵੀ ਲੜਾਈ ਵੱਲ ਜਾਂਦਾ ਹੈ ਜਾਂ ਅਕਾਲੀ ਦਲ ਨਾਲ ਮੁੜ ਸਮਝੌਤੇ ਦੀ ਮੇਜ਼ ’ਤੇ ਭਾਜਪਾ ਨੂੰ ਹੋਰ ਮਜ਼ਬੂਤ ਸਥਿਤੀ ਦਿਵਾਉਂਦਾ ਹੈ।